Share on Facebook

Main News Page

ਕੁੱਤੇ ਦੀ ਜੂਨ
-: ਗੁਰਦੇਵ ਸਿੰਘ ਸੱਧੇਵਾਲੀਆ

ਅਸੀਂ ਇੱਕ ਛੋਟਾ ਜਿਹਾ ‘ਹਸਕੀ’ ਨਸਲ ਦਾ ਕੁੱਤਾ ਲੈ ਕੇ ਆਂਦਾ। ਕਦੇ ਕਦੇ ਅਸੀਂ ਉਸ ਨੂੰ ਪਿੱਛੇ ਯਾਰਡ ਵਿਚ ਖੁਲ੍ਹਾ ਛੱਡਣਾ, ਤਾਂ ਉਹ ਫੈਂਸ ਵਿਚਲੀ ਕਿਸੇ ਮੋਰੀ ਰਾਹੀਂ ਗੁਆਢੀਂ ਗੋਰੇ ਦੇ ਜਾ ਵੜਦਾ ਸੀ। ਦਰਅਸਲ ਅਸੀਂ ਕੁੱਤੇ ਵਾਲੇ ਹੱਥ ਧੋਣ ਵਾਲੀ ਸੋਚ ਰੱਖਣ ਵਾਲੇ, ਪਰ ਗੋਰਾ ਤਾਂ ਉਸ ਅੱਗੇ ਅਪਣਾ ਪੂਰਾ ਮੂੰਹ ਹੀ ਕਰ ਦਿੰਦਾ ਸੀ। ਤੇ ਕੁੱਤਾ ਗੋਰੇ ਦਾ ਮੂੰਹ ਚੱਟ ਚੱਟ ਚਿੱਟਾ ਕਰ ਦਿੰਦਾ ਸੀ। ਅਸੀਂ ਕੁੱਤੇ ਦੀ ਇਸ ‘ਆਜ਼ਾਦੀ’ ਤੋਂ ਅਵਾਜਾਰ ਹੋ ਕੇ ਉਸ ਨੂੰ ਬੰਨ ਕੇ ਰੱਖਣਾ ਸ਼ੁਰੂ ਕਰ ਦਿੱਤਾ। ਉਸ ਨੂੰ ਪਤਾ ਨਹੀਂ ਗੋਰੇ ਦੇ ਮੂੰਹ ਦਾ ਕੀ ਸਵਾਦ ਪੈ ਗਿਆ ਕਿ ਉਹ ਉਸ ਨੂੰ ਪਿੱਛੇ ਦੇਖਦੇ ਸਾਰ ਚਊਂ ਚਊਂ ਕਰਨ ਲੱਗ ਜਾਂਦਾ ਕਿ ਮੈਨੂੰ ਛੱਡੋ! ਪਰ ਉਸ ਦੀ ਲੰਮੀ ਸੰਗਲੀ ਨੇ ਉਸ ਦੀ ‘ਆਜ਼ਾਦੀ’ ਦੀ ਸੀਮਾ ਤੈਅ ਕਰ ਦਿੱਤੀ ਹੋਈ ਸੀ, ਪਰ ਅਸੀਂ ਉਸ ਦੇ ਮੂੰਹ ਦੀ ਤਾਂ ਕੋਈ ਸੀਮਾ ਨਹੀਂ ਨਾ ਤੈਅ ਕਰਦੇ ਸਾਂ, ਉਹ ਰੌਲਾ ਤਾਂ ਪਾ ਹੀ ਸਕਦਾ ਸੀ!

ਮੋਦੀ ਚੋਣਾ ਜਿੱਤ ਗਿਆ! ਕਹਿੰਦੇ ਨੇ ਕਿ 10 ਹਜਾਰ ਕ੍ਰੋੜ ਦਾ ਮੋਦੀ ਨੇ ਮੀਡੀਏ ਨੂੰ ‘ਮੂੰਹ ਚਟਾਇਆ’? ਮੀਡੀਆ ਹਾਲੇ ਤੱਕ ਉਸ ਦਾ ਮੂੰਹ ਚੱਟੀ ਜਾ ਰਿਹੈ। ਮੋਦੀ ਕੀ ਖਾਂਦਾ, ਕੀ ਪੀਂਦਾ, ਮੋਦੀ ਦੀ ਸਵਾਰੀ ਕੀ ਹੋਵੇਗੀ, ਮੋਦੀ ਮਗਰ ਕਿੰਨੀਆਂ ਬੁਲਟ-ਪਰੂਫ ਗੱਡੀਆਂ ਹੋਣਗੀਆਂ, ਮੋਦੀ ਗੁਜਰਾਤ ਵਿਚੋਂ ਕੀ ਕੀ ਲੈ ਕੇ ਆਇਆ, ਡਰਾਇਵਰ ਵੀ ਲਿਆਇਆ, ਵਿਵੇਕਾਨੰਦ ਦੀਆਂ ਕਿਤਾਬਾਂ ਵੀ ਲਿਆਇਆ! ਤੇ ਜੇ ਕਿਤੇ ਕਰਨ ਵਾਲੀ ਗੱਲ ਹੁੰਦੀ ਤਾਂ ਇਨਹੀਂ ਉਸ ਮਗਰ ਟਾਇਲਟ ਵੀ ਜਾ ਵੜਨਾ ਸੀ!

ਮੋਦੀ ਨੇ ਹਾਲੇ ਕੀਤਾ ਕੀ ਹੈ? ਪਰ ਜੋ ਮੋਦੀ ਨੇ ਕੀਤਾ ਉਹ ਕਾਲੇ ਅੱਖਰ ਤਾਂ ਕੋਈ ਬੋਲਦਾ ਵੀ ਨਹੀਂ। ਮੋਦੀ ਦਾ ਖੂਨੀ ਚਿਹਰਾ ਲੁੱਕਾ ਦਿੱਤਾ ਗਿਆ ਹੈ। ਮੋਦੀ ਦੇ ਖੂਨ ਨਾਲ ਰੰਗੇ ਹੱਥ ਗੰਗਾ ਵਿਚ ਡੋਬ ਕੇ ‘ਪਵਿੱਤਰ’ ਕਰ ਦਿੱਤੇ ਗਏ ਹਨ। ਪਰ 10 ਹਜਾਰ ਕ੍ਰੋੜ ਰੁਪਈਆ ਵੀ ਤਾਂ ਥੋੜਾ ਨਹੀਂ ਹੁੰਦਾ। ਇਨੇ ਪੈਸੇ ਨਾਲ ਹਜਾਰਾਂ ਖੂਨ ਮਾਫ ਹੋ ਸਕਦੇ, ਸੈਂਕੜੇ ਲੋਕਾਂ ਦੇ ਲਹੂ ਦੇ ਦਾਗ ਧੋਤੇ ਜਾ ਸਕਦੇ ਇਨੇ ਪੈਸੇ ਨਾਲ। ਪਰ ਹਿੰਦੋਸਤਾਨ ਵਿਚ! ਰਿਸ਼ੀਆਂ-ਮੁਨੀਆਂ ਦੀ ਧਰਤੀ ਜੂ ਹੋਈ। ਦੱਸੋ ਕਿੰਨੇ ਖੂਨ ਕਰਨੇ ਤੁਸੀਂ?

ਪਰ ਮੀਡੀਏ ਵਲ ਦੇਖ ਮੈਨੂੰ ਅਪਣਾ ‘ਹਸਕੀ’ ਯਾਦ ਆਈ ਜਾਂਦਾ। ਮੋਦੀ ਮੂੰਹ ਚਟਾਈ ਜਾਂਦਾ ਤੇ ਮੀਡੀਆ ਚੱਟੀ ਜਾਂਦਾ ਦੋਵੇਂ ਖੁਸ਼!!! ਪਰ ਪ੍ਰੇਸ਼ਾਨ ਅਸੀਂ ਹੁੰਨੇ ਕਿਉਂਕਿ ਕੁੱਤਾ ਸਾਡਾ ਸੀ, ਮੂੰਹ ਗੁਆਂਢੀ ਦਾ ਚੱਟੀ ਜਾਂਦਾ। ਪਰ ਉਹ ਵੀ ਕਰੇ ਅਸੀਂ ਚਟਾਉਂਦੇ ਹੀ ਨਹੀਂ। ਨਾਲੇ ਗੋਰੇ ਮੂੰਹ ਦਾ ਸਵਾਦ ਵੀ ਤਾਂ ਵੱਖਰਾ ਏ ਨਾ! ਕੇਜਰੀਵਾਲ ਕਹਿੰਦਾ ਮੈਂ ਮੂੰਹ ਨਹੀਂ ਚਟਾਉਂਦਾ, ਉਹ ਕਹਿੰਦੇ ਚਲ ਜ੍ਹੇਲ ਫਿਰ!

‘ਕਰਮਾਵਾਲੇ’ ਕੁੱਤੇ ਹਨ ਬਈ ਜਿਹੜੇ ਏਸ ਜੁੱਗ ਵਿਚ ਪੈਦਾ ਹੋਏ ਤੇ ਹੋਏ ਵੀ ਰਿਸ਼ੀਆਂ ਮੁਨੀਆਂ ਦੀ ਧਰਤੀ 'ਤੇ। ਕੁੱਤੇ ਮਾਲਕਾਂ ਦੇ ਪੈਰ ਤਾਂ ਚੱਟਦੇ ਹੁੰਦੇ ਸ,ਨ ਪਰ ਇਹ ਮੂੰਹ ਚੱਟੀ ਜਾਂਦੇ ਹਨ? ਫਿਰ ਕਹਾਂ 10 ਹਜਾਰ ਕ੍ਰੋੜ ਰੁਪਈਆ ਥੋੜਾ ਨਹੀਂ। ਇਨੇ ਪੈਸੇ ਨਾਲ ਤਾਂ ਗੱਧੇ ਨੂੰ ਪ੍ਰਧਾਨ ਮੰਤਰੀ ਬਣਾ ਦਿਓ। ਮੋਦੀ ਕੁਝ ਨਹੀਂ ਅਪਣੇ ਆਪ ਵਿਚ। ਮਨਮੋਹਨ ਸਿੰਘ ਗੂੰਗਾ ਬਹਿਰਾ ਜੋ ਮਰਜੀ ਸੀ, ਪਰ ਲਿਆਕਤ ਪੱਖੋਂ ਮੋਦੀ ਉਸ ਅੱਗੇ ਕੀ ਹੈਕਿਥੇ ਕੇਜਰੀਵਾਲ ਵਰਗਾ ਤੇਜ਼-ਤਰਾਰ ਤੇ ਈਮਾਨਦਾਰ ਬੰਦਾ ਤੇ ਕਿਥੇ ਮੋਦੀ ਵਰਗਾ ਖੂਨੀ। ਪਰ 10 ਹਜਾਰ ਕ੍ਰੋੜ ਥੋੜਾ ਨਹੀਂ!

ਆਖਰ ਅਸੀਂ ਕੁੱਤਾ ਅਪਣਾ ਬੰਨ ਦਿੱਤਾ, ਪਰ ਮੂੰਹ ਤਾਂ ਨਹੀਂ ਨਾ ਅਸੀਂ ਉਸ ਦਾ ਬੰਨ ਸਕਦੇ। ਉਹ ਜਦ ਵੀ ਚਉਂ ਚਉਂ ਕਰਦਾ, ਸਾਨੂੰ ਪਤਾ ਲੱਗ ਜਾਂਦਾ ਕਿ ਗੋਰਾ ਬਾਹਰ ਨਿਕਲਿਆ ਹੈ। ਸਾਨੂੰ ਤੁਹਾਨੂੰ ਮੋਦੀ ਦੇ ਬਾਹਰ ਨਿਕਲੇ ਦਾ ਪਤਾ ਲੱਗ ਜਾਂਦਾ ਹੈ। ਮੋਦੀ ਕਿਧਰ ਆ ਰਿਹਾ, ਮੋਦੀ ਕਿਧਰ ਜਾ ਰਿਹਾ, ਮੋਦੀ ਮਾਂ ਅਪਣੀ ਕੋਲੋਂ 101 ਰੁਪਈਆ ਤੇ ਅਸ਼ੀਰਵਾਦ ਲੈ ਰਿਹਾ, ਮੋਦੀ ਮੱਕੀ ਦੀ ਰੋਟੀ ਖਾ ਰਿਹਾ, ਮੋਦੀ ਕਾਰ 'ਤੇ ਚੜ੍ਹ ਰਿਹੈ ਤੇ ਕਿਹੜੀ ਕਾਰ ਤੇ ਚੜ੍ਹ ਰਿਹੈ, ਹੁਣ ਮੋਦੀ ਦੀਆਂ ਅੱਖਾਂ ਵਿਚ ਹੰਝੂ ਹਨ, ਹੁਣ ਮੋਦੀ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਹੈ! ਜਲੇ, ਥਲੇ, ਉਪਰ, ਤਲੇ ਮੋਦੀ! ਯਾਨੀ ਜਿਧਰ ਦੇਖੋ ਮੋਦੀ ਹੀ ਮੋਦੀ। ਮੀਡੀਏ ਦੇ ਮੂੰਹ ਵਿਚ ਮੋਦੀ ਹੀ ਮੋਦੀ।

ਨਿਆਣੇ ਕਹਿੰਦੇ ਪਾਪਾ ਆਪਾਂ ਅਪਣੇ ‘ਹਸਕੀ’ ਨੂੰ ਕੋਈ ਬਾਜੀ ਲਿਆ ਦਈਏ, ਇਹ ਰੌਲਾ ਪਾਉਂਣੋਂ ਹੱਟ ਜਾਊ। ਅਸੀਂ ਇੱਕ ਚਿੱਥਣ ਵਾਲੀ ਰਬੜ ਦੀ ਹੱਡੀ ਜਿਹੀ ਲਿਆ ਦਿੱਤੀ। ਹੁਣ ਜਦ ਦੇਖੋ ਉਹ ਮੂੰਹ ਵਿਚ ਹੱਡੀ ਫਸਾਈ ਰੱਖਦਾ, ਚਿੱਥੀ ਜਾਂਦਾ, ਚੱਬੀ ਜਾਂਦਾ ਤੇ ਆਹਰੇ ਲੱਗਾ ਰਹਿੰਦਾ। ਮੀਡੀਏ ਦੇ ਮੂੰਹ ਕਿਸੇ ਨੇ ਜਾਪਦਾ ਮੋਦੀ ਫਸਾ ਦਿੱਤਾ, ਉਹ ਸਾਰਾ ਦਿਨ ਉਸ ਨੂੰ ਚਿੱਥਦੇ ਰਹਿੰਦੇ, ਚੱਬਦੇ ਰਹਿੰਦੇ ਅਤੇ ਆਹਰੇ ਲੱਗੇ ਰਹਿੰਦੇ। ਉਨ੍ਹਾਂ ਨੂੰ ਮੋਦੀ ਤੋਂ ਬਿਨਾ ਹੁਣ ਦਿੱਸਦਾ ਹੀ ਕੱਖ ਨਹੀਂ! ਕਿ ਦਿੱਸਦਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top