Share on Facebook

Main News Page

ਸੁਪਨਿਆਂ ਦੀ ਸੇਲ ?
-: ਗੁਰਦੇਵ ਸਿੰਘ ਸੱਧੇਵਾਲੀਆ

ਕਹਿੰਦੇ ਨੇ ਇੱਕ ਕਵੀ ਨੇ ਬੜੀ ਪਿਆਰੀ ਕਵਿਤਾ ਇੱਕ ਰਾਜੇ ਨੂੰ ਸੁਣਾਈ। ਰਾਜਾ ਇਨਾ ਖੁਸ਼ ਹੋਇਆ ਇਨਾ ਖੁਸ਼ ਹੋਇਆ, ਕਿ ਕਵੀ ਨੂੰ ਕਹਿਣ ਲੱਗਿਆ ਕਿ ਅੱਜ ਤੋਂ ਛੇ ਮਹੀਨੇ ਬਾਅਦ ਮੇਰੇ ਦਰਬਾਰ ਆਈਂ, ਮੈਂ ਦੋ ਮੁਰੱਬੇ ਜਮੀਨ ਤੇਰੇ ਨਾਂ ਆਇਦ ਕਰ ਦਿਆਂਗਾ। ਕਵੀ ਖੁਸ਼, ਉਛਲੇ ਕਵੀ। ਛੇ ਮਹੀਨੇ ਖੁਸ਼ੀ ਵਿਚ ਲੰਘ ਗਏ ਕਿ ਗਰੀਬੀ ਭੁੱਖਮਰੀ ਕੱਟੀ ਜਾਣ ਵਾਲੀ ਹੈ। ਕਈ ਸੁਪਨੇ ਉਸ ਨੇ ਬੁਣੇ, ਕਈ ਢਾਹੇ ਤੇ ਕਈ ਉਸਾਰੇ। ਦਿਨ ਪੂਰੇ ਹੋਏ ਤੇ ਦਰਬਾਰ ਗਿਆ।

ਰਾਜਾ ਕਹਿੰਦਾ ਕਿਵੇਂ ਆਇਆਂ?
ਕਵੀ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਜ਼ਮੀਨ ਦੇਣੀ ਸੀ।
ਰਾਜਾ ਕਹਿੰਦਾ ਕਾਹਦੀ?
ਕਵੀ ਕਹਿੰਦਾ ਮੈਂ ਤੁਹਾਨੂੰ ਕਵਿਤਾ ਸੁਣਾ ਕੇ ਖੁਸ਼ ਜੂ ਕੀਤਾ ਸੀ।
ਰਾਜਾ ਕਹਿੰਦਾ ਕਿੰਨੇ ਚਿਰ ਲਈ?
ਉਹੀ ਕੁਝ ਚਿਰ ਲਈ!
ਪਰ ਮੈਂ ਤੈਨੂੰ ਛੇ ਮਹੀਨੇ ਖੁਸ਼ ਰੱਖੀ ਰੱਖਿਆ! ਜ਼ਮੀਨ ਕਾਹਦੀ?

ਰਾਜਨੀਤਕ ਲੋਕ ਸੁਪਨੇ ਵੇਚਦੇ ਹਨ। ਆਹ ਹੁਣੇ ਹਿੰਦੋਸਤਾਨ ਵਿਚ ਸੁਪਨੇ ਵਿਚੇ ਨੇ। ਭਾਜਪਾ ਵਾਲਿਆਂ ਬੜੇ ਸੁਪਨੇ ਵੇਚੇ ਲੋਕਾਂ ਨੂੰ। ਸਭ ਤੋਂ ਵੱਡਾ ਸੁਪਨਾ ਵੇਚਿਆ ਕਿ ਤੁਹਾਡਾ ਸਾਰਾ ਬਾਹਰ ਗਿਆ ਪੈਸਾ ਯਾਨੀ ਕਾਲਾ ਧਨ ਵਾਪਸ ਮੁੜੇਗਾ ਅਤੇ ਮੁਲਕ ਦੀ ਗਰੀਬੀ ਦਿਨਾ ਵਿਚ ਕੱਟੀ ਜਾਏਗੀ। ਪਰ ਕਿਸੇ ਨਹੀਂ ਪੁੱਛਿਆ ਮੋਦੀ ਨੂੰ ਕਿ ਜਿੰਨਾ ਅੰਬਾਨੀ-ਅਦਾਨੀ ਦੇ ਜਹਾਜਾਂ ਤੇ ਝੂਟੇ ਲੈਂਦਾ, ਫਿਰ ਰਿਹੈਂ ਸਭ ਤੋਂ ਜਿਆਦਾ ਧਨ ਤਾਂ ਉਨ੍ਹਾਂ ਦਾ ਹੀ ਹੈ!! ਪਰ ਸੁਪਨੇ ਵੇਚਣ ਦਾ ਕੀ ਹੈ ਵੇਚੋ ਤੇ ਮੌਜਾਂ ਕਰੋ। ਸੁਪਨੇ ਲੋਕ ਖਰੀਦਦੇ ਬੜੇ ਖੁਸ਼ ਹੋ ਕੇ ਹਨ। ਲੋਕ ਖੁਦ ਜੂ ਸੁਪਨਿਆਂ ਵਿਚ ਤੁਰੇ ਫਿਰ ਰਹੇ ਹਨ।

ਡੇਰਿਆਂ 'ਤੇ ਚਲੇ ਜਾਉ, ਸਾਧੜੇ ਸਵਰਗਾਂ ਦੇ ਸੁਪਨੇ ਵੇਚੀ ਜਾਂਦੇ ਹਨ। ਲੋਕਾਂ ਨੂੰ ਸੁਪਨਿਆਂ ਵਿਚ ਦਿੱਸਦਾ ਹੀ ਕੱਖ ਨਹੀਂ ਕਿ ਇਹ ਭੜੂਆ ਖੁਦ ਤਾਂ ਇਥੇ ਹੀ ਸਵਰਗ ਦੇ ਬੁੱਲੇ ਲੁੱਟ ਰਿਹੈ, ਪਰ ਮੈਨੂੰ ਕਿਉਂ ਅਗਾਂਹ ਦੇ ਸਵਰਗ ਵਿਚ ਪੁੱਜਦਾ ਕਰਨ ਲਈ ਕਾਹਲਾ ਹੈ। ਪਰ ਫਿਰ ਸੁਪਨਾ ਕੀ ਹੋਇਆ ਜੇ ਬੰਦਾ ਉੱਠ ਕੇ ਪੁੱਛ ਜਾਵੇ। ਜਾਗਦਾ ਹੀ ਪੁੱਛੇਗਾ ਨਾ ਸੁੱਤਾ ਕਿਵੇਂ ਪੁੱਛ ਲਊ! ਪੁੱਛ ਲਊ?

ਚਲੋ ਹੁਣ ਕਨੇਡਾ ਆ ਜਾਓ। ਮੱਤ ਸੋਚਣਾ ਕਿ ਸੁਪਨੇ ਹਿੰਦੋਸਤਾਨ ਵਿਚ ਹੀ ਵਿੱਕਦੇ ਹਨ, ਇਥੇ ਵੀ ਸੁਪਨੇ ਬੜੇ ਮਹਿੰਗੇ ਹਨ। ਤੁਹਾਨੂੰ ਸੁਪਨਾ ਵੇਚਣਾ ਆਉਂਦਾ ਹੋਣਾ ਚਾਹੀਦਾ, ਬੰਦਾ ਭਵੇਂ ਚੰਨ ਉਪਰ ਕਿਉਂ ਨਾ ਚਲਾ ਜਾਵੇ, ਉਹ ਉਥੇ ਵੀ ਖਰੀਦਣ ਲਈ ਤਿਆਰ ਖੜਾ ਹੈ। ਰਾਜਨੀਤਕ ਦੇ ਕੋਈ ਆਮ ਬੰਦੇ ਨਾਲੋਂ ਵੱਖਰੇ ਦੋ ਸਿੰਗ ਤੇ ਪੂਛ ਨਹੀਂ ਲੱਗੀ ਹੁੰਦੀ, ਕਿ ਉਹ ਤੁਹਾਨੂੰ ਹੇਠਾਂ ਛੱਡ ਕੁਰਸੀ ਉਪਰ ਜਾ ਬੈਠਦਾ ਹੈ। ਬੱਅਸ ਉਸ ਕੋਲੇ ਕਲਾ ਹੀ ਹੁੰਦੀ ਕਿ ਉਹ ਸੁਪਨੇ ਕਿੰਨੀ ਹੁਸ਼ਿਆਰੀ ਨਾਲ ਵੇਚ ਸਕਦਾ ਹੈ। ਯਾਨੀ ਹੱਥ ਦੀ ਸਫਾਈ?

ਹੁਣ ਕਨੇਡਾ ਦਾ ਸੂਬਾਈ ਚੋਣਾ ਦਾ ਬਿਗਲ ਵੱਜ ਚੁੱਕਾ। ਸੁਪਨਿਆਂ ਦੇ ਸੁਦਾਗਰ ਅਪਣੀਆਂ ਅਪਣੀਆਂ ਰਿਹੜੀਆਂ ਲਾ ਕੇ ਤੁਹਾਡੇ ਗਲੀਆਂ ਮੁਹੱਲਿਆਂ ਵਿੱਚ ਫਿਰਨੇ ਸ਼ੁਰੂ ਹੋ ਗਏ ਹਨ। ਤੁਹਾਡੇ ਘਰਾਂ ਮੂਹਰੇ ਉਨ੍ਹਾਂ ਦੀਆਂ ਰਿਹੜੀਆਂ ਦੇ ਸਾਇਨ ਲਿਸ਼ਕਣ ਲੱਗ ਪਏ ਹਨ। ਹੁਣ ਉਹ ਤੁਹਾਡੇ ਚਾਚੇ, ਤਾਏ, ਮਾਸੜ, ਭੂਆ, ਫੁੱਫੜ, ਨਾਨੀ, ਦਾਦਕੀ ਤੱਕ ਦੀ ਫਰੋਲਾ-ਫਰਾਲੀ ਕਰਨਗੇ। ਤੁਸੀਂ ਮਾਰੇ ਲਿਹਾਜ ਦੇ ਆਲੇ-ਦੁਆਲੇ ਅਪਣੇ ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ ਨੂੰ ਖੂੰਝਿਆਂ ਵਿਚੋਂ ਲੱਭਣਾ-ਝਾੜਨਾ ਸ਼ੁਰੂ ਕਰ ਦਿਉਂਗੇ ਤੇ ਵਗਾਰ ਲੈ ਕੇ ਆਏ ਅਗਾਂਹ ਦੇ ਅਗਾਂਹ ਬੰਦੇ ਨੂੰ ਕਹੋਂਗੇ।

ਬਾਈ ਜੀ ਫਿਕਰ ਨਾ ਕਰੋ ਰੱਬ ਦੀ ਦਇਆ ਨਾਲ ਅਪਣੀਆਂ ਘਰ ਦੀਆਂ ਹੀ ਪੰਜਾਹ ਵੋਟਾਂ ਨੇ! ਤੁਸੀਂ ਸਾਇਨ ਦੱਸੋ ਕਿੰਨੇ ਗੱਡਣੇ, ਅਸੀਂ ਆਪੇ ਗੱਡ ਦਿਆਂਗੇ।

ਤੇ ਜਿੰਨੂੰ ਕਦੇ ਤੁਸੀਂ ਕਵਾਇਆ ਵੀ ਨਾ ਹੋਵੇ, ਉਸ ਦੇ ਬਾਰ ਮੂਹਰੇ ਵੀ ਜਾ ਵੜੋਂਗੇ ਕਿ ਬਾਈ ਇਹ ਬੰਦਾ ‘ਆਪਣਾ’ ਹੈ। ਦਰਅਸਲ ਉਹ ਅਪਣਾ ਉਪਣਾ ਕੋਈ ਨਹੀਂ ਹੁੰਦਾ, ਕਦੇ ਮੱਥੇ ਵੀ ਨਹੀਂ ਲੱਗਾ ਹੁੰਦਾ। ਐਵੇਂ ਦੂਰੋਂ ਜਿਹੇ ਕਿਸੇ ਮਿੱਤਰ ਨੇ ਵਗਾਰ ਪਾਈ ਹੁੰਦੀ ਤੇ ਅਸੀਂ ਜਿਵੇਂ ਫੱਟੇ ਗੱਡਣ ਲਈ ਤਿਆਰ ਹੀ ਹੁੰਦੇ।

ਵਪਾਰੀਆਂ ਨੂੰ ਪਤੈ ਕਿ ਅੱਜ-ਕੱਲ ਸੁਪਨਾ ਕਿਹੜਾ ਜਿਆਦਾ ਵਿੱਕਦਾ। ਹੁਣ ਉਹ ਤੁਹਾਡੀਆਂ ਗੱਡੀਆਂ ਰਾਤੋ ਰਾਤ ਮੁਫਤ ਵਿਚ ਹੀ ਸੜਕਾਂ 'ਤੇ ਨਾ ਚਲਣ ਲਾ ਦੇਣ ਤਾਂ ਉਹ ਵਪਾਰੀ ਕਾਹਦੇ ਹੋਏ। ਇਸ ਸਮੇਂ ਸਭ ਤੋਂ ਮਹਿੰਗਾ ਸੁਪਨਾ ਇੰਨਸ਼ੋਂਰਸ ਦਾ ਹੈ। ਬੜਾ ਮਹਿੰਗਾ ਵਿੱਕਦਾ ਤੇ ਕਈ ਸਾਲ ਯਾਨੀ ਟਰਮਾਂ ਹੋ ਗਈਆਂ ਇਸ ਨੂੰ ਵਿੱਕਦੇ ਨੂੰ। ਕਈ ਵਾਰ ਤੁਹਾਨੂੰ ਜਾਪਦਾ ਨਹੀਂ ਜਿਵੇਂ ਸਾਰੇ ਰਾਜਨੀਤਕ ਲੋਕ ਇੰਸ਼ੋਰੰਸ ਵਾਲਿਆਂ ਨਾਲ ਰਲੇ, ਹੋਣ ਕਿ ਸ਼ਿਕੰਜਾ ਕੱਸ ਕੇ ਰੱਖਣਾ ਲੋਕਾਂ ਦਾ, ਕਿਉਂਕਿ ਇਸ ਨੂੰ ਸਸਤੀ ਕਰਨ ਦਾ ਸੁਪਨਾ ਅਸੀਂ ਵੇਚਣਾ ਹੈ?

ਇਹ ਪਹਿਲਾਂ ਤੁਹਾਡਾ ਸੁਪਨਾ ਜਗਾਉਂਦੇ ਹਨ, ਜਦ ਜਾਗ ਪਵੇ, ਫਿਰ ਉਸ ਨੂੰ ਵੇਚਦੇ ਹਨ। ਚੋਣਾਂ ਤੋਂ ਕੁਝ ਚਿਰ ਪਹਿਲਾਂ ਇਹ ਤੁਹਾਡੇ ਸੁਪਨੇ ਜਗਾਉਂਣਾ ਸ਼ੁਰੂ ਕਰਦੇ ਹਨ ਤੇ ਐਨ ਨੇੜੇ ਆ ਕੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਕਦੋਂ ਵੇਚਕੇ ਕੁਰਸੀ ਉਪਰ ਜਾ ਬੈਠਦੇ ਹਨ। ਚੋਣਾਂ ਤੋਂ ਬਾਅਦ ਸੁਪਨੇ ਤੁਹਾਡੇ ਇੰਝ ਉੱਡਦੇ ਫਿਰਦੇ ਹੁੰਦੇ ਜਿਵੇਂ ਮੇਲਾ ਉਜੜਨ ਤੋਂ ਬਾਅਦ ਜਲੇਬੀਆਂ ਵਾਲੇ ਲਿਫਾਫੇ!! ਤੇ ਇਹ ਅਪਣੇ ਝੰਡੇ ਯਾਨੀ ਸਾਇਨ ਪੁੱਟਣ ਸਮਂੇ ਤੁਹਾਡੇ ਬੂਹੇ ਤੁਹਾਡਾ ਧੰਨਵਾਦ ਵੀ ਨਹੀਂ ਕਰਨ ਆਉਂਦੇ, ਕਿ ਭਾਈ ਤੁਸੀਂ ਸਾਨੂੰ ਅਪਣੀ ‘ਰਿਹੜੀ’ ਲਾਉਂਣ ਲਈ ਥਾਂ ਦਿੱਤੀ। ਹਾਰੇ ਹੋਇਆਂ ਵਿਚ ਤਾਂ ਉਂਝ ਵੀ ਸਤਿਆ ਨਹੀਂ ਹੁੰਦੀ ਕਿ ਉਹ ਅਪਣੇ ਸਾਇਨ ਹੀ ਛੇਤੀ ਪੁੱਟ ਲਿਜਾਣ, ਪਰ ਜਿੱਤੇ ਹੋਇਆਂ ਨੂੰ ਪੱਤਾ ਹੁੰਦਾ ਕਿ ਹੁਣ ਦੱਸੇ ਘਿਉ ‘ਚ ਨੇ ਉਹ ਪੈਸੇ ਦੇ ਕੇ ਪੁਟਵਾ ਲੈਂਦੇ।

ਤੁਸੀਂ ਅਸੀਂ ਸੁਪਨੇ ਖਰੀਦਦੇ ਹੋਂ ਇਹ ਵੇਚਦੇ ਹਨ। ਹੁਣ ਬ੍ਰੈਂਪਟਨ ਦਾ ਪੁਰਾਣਾ ਬੰਦ ਪਿਆ ਹਸਪਤਾਲ ਖੁਲ੍ਹਣ ਦਾ ਸੁਪਨਾ, ਐਂਮਰਜੈਂਸੀ ਵਿਚ ਘੱਟ ਸਮਾਂ ਲੱਗਣ ਦਾ ਸੁਪਨਾ, ਇੰਸ਼ੋਰਂਸ ਘੱਟ ਜਾਣ ਦਾ ਸੁਪਨਾ, ਟੈਕਸ ਘਟਣ ਦਾ ਸੁਪਨਾ, ਪਤਾ ਨਹੀਂ ਕਿਥੋਂ ਕੱਢ ਕੱਢ ਲਈ ਆਉਂਦੇ ਸੁਪਨੇ! ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੇ ਆਹ ਆਹ ਸੁਪਨੇ ਹਨ। ਇਹ ਦੱਸਦੇ ਸਾਨੂੰ ਆ ਆ ਕਿ ਤੁਹਾਡੇ ਆਹ ਆਹ ਸੁਪਨੇ ਨੇ ਜਿਹੜੇ ਪਹਿਲੀ ਪਾਰਟੀ ਨੇ ਪੂਰੇ ਨਹੀਂ ਸਨ ਕੀਤੇ, ਪਰ ਧੂੜਾਂ ਹੁਣ ਅਸੀਂ ਪੱਟਾਂਗੇ ਸੁਪਨਿਆਂ ਦੀਆਂ! ਪਤਾ ਨਹੀਂ ਕਿੰਨੇ ਸੁਪਨੇ ਇਹ ਜਗਾਉਂਦੇ ਤੇ ਚੋਣਾਂ ਜਿੱਤਣ ਤੋਂ ਬਾਅਦ ਤੁਸੀਂ ਤਾਂ ਕੀ ਸੌਣਾ ਹੁੰਦਾ ਤੁਹਾਡੇ ਤਾਂ ਗਲ ਪਈ ਪੰਜਾਲੀ ਤੇ ਵੱਧ ਰਹੀ ਮਹਿੰਗਾਈ ਅਤੇ ਟੈਕਸਾਂ ਦਾ ਭਾਰ ਕਿਥੇ ਸੌਣ ਦਿੰਦਾ, ਪਰ ਲੀਡਰ ਜ਼ਰੂਰ ਅਗਲੀਆਂ ਚੋਣਾਂ ਤੱਕ ਤੁਹਾਨੂੰ ਨਹੀਂ ਲੱਭਦੇ ਯਾਨੀ ਸੌਂ ਚੁੱਕੇ ਹੁੰਦੇ ਹਨ। ਤੇ ਅਸੀਂ ਤੁਸੀਂ ਸੁਪਨੇ ਲੈਣੇ ਹੀ ਭੁੱਲ ਜਾਂਦੇ ਹਾਂ। ਟੈਕਸਾਂ ਦੇ ਬੋਝ ਅਤੇ ਮਾਰਗੇਜਾਂ ਦੇ ਭਾਰ ਹੇਠ ਨੀਂਦ ਆਵੇ ਤਾਂ ਸੁਪਨਾ ਦੇਖੋਂ, ਪਰ ਕੋਈ ਨਾ ਅਗਲੇ ਚਾਰ ਸਾਲ ਫਿਰ ਸਹੀਂ ਸੁਦਾਗਰ ਤੁਹਾਡੇ ਬੂਹੇ ਮੂਹਰੇ ਹੋਣਗੇ ਅਤੇ ਤੁਸੀਂ ਪਿੱਛਲੇ ਲਏ ਸੁਪਨੇ ਭੁੱਲ ਕੇ ਅਗਲੇ ਨਵਿਆਂ ਸੁਪਨਿਆਂ ਦੀ ਤਿਆਰੀ ਅਰੰਭ ਲਵੋਂਗੇ। ਰਾਜਨੀਤਕਾਂ ਅਤੇ ਲੋਕਾਂ ਦਾ ਬੱਅਸ ਇਹੀ ਰਿਸ਼ਤਾ ਹੈ, ਸੁਪਨੇ ਵੇਚਣੇ ਅਤੇ ਸੁਪਨੇ ਖਰੀਦਣੇ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top