Share on Facebook

Main News Page

ਮਾਇਆ ਮਮਤਾ ਮੋਹਣੀ…
-: ਗੁਰਦੇਵ ਸਿੰਘ ਸੱਧੇਵਾਲੀਆ

ਮੋਹਣੀ ਬੜੀ, ਪਿਆਰੀ ਬੜੀ ਲੱਗਦੀ। ਬੰਦਾ ਮੁੜ ਮੁੜ ਖੀਸੇ ਵਿਚ ਹੱਥ ਮਾਰ ਮਾਰ ਦੇਖਦਾ। ਟੋਂਹਦਾ ਕਿ ਵਿਚੇ ਈ ਏ! ਕਿਤੇ ਖਿਲਰ ਤਾਂ ਨਹੀਂ ਗਈ। ਕਿਤੇ ਡਿੱਗ ਨਾ ਜਾਵੇ। ਬੈਂਕ ਜਾਂਦਾ ਹਰੇਕ ਵਾਰੀ ਪੁੱਛਦਾ, ਬੈਲੰਸ ਦੇਣਾ ਪਲੀਜ਼! ਉਸ ਦੀਆਂ ਫਿਰ ਸਿਫਰਾਂ ਦੇਖਦਾ, ਏਕੇ-ਆਠੇ ਦੇਖਦਾ ਨਾਲ ਕਿੰਨੇ ਨੇ! ਫਿਰ ਮਨ ਵਿਚ ਉਨ੍ਹਾਂ ਸਿਫਰਾਂ ਦਾ ਸੁਆਦ ਲੈਂਦਾ! ਮਨ ਉੱਡਣ ਲੱਗਦਾ। ਮਨ ਨੂੰ ਸਕੂਨ ਮਿਲਦਾ। ਪਰ ਉਹੀ ਸਿਫਰਾਂ ਜੇ ਘੱਟਦੀਆਂ ਦਿੱਸਣ ਤਾਂ ਚਿੰਤਾ ਕਰਨ ਲੱਗਦਾ। ਮਨ ਉਪਰ ਫਿਕਰਾਂ ਦੇ ਬਦਲ ਮੰਡਰਾਉਂਣ ਲੱਗਦੇ। ਅੰਦਰ ਇੱਕ ਧੁੱਖ-ਧੁੱਖੀ ਜਿਹੀ ਲੱਗਦੀ। ਆਪੇ ਪੈਸੇ ਵਰਤੇ ਹੁੰਦੇ ਪਰ ਘੱਟਣ ਤੇ ਸੋਚਣ ਲੱਗਦਾ ਕਿਥੇ ਵਰਤੇ? ਇਹ ਇਨੀਆਂ ਸਿਫਰਾਂ ਕਿਧਰ ਗਈਆਂ? ਕਈ ਵਾਰ ਤਾਂ ਬੈਂਕ ਨੂੰ ਫੋਨ ਕਰਦਾ ਕਿ ਮੇਰੇ ਆਹ ਪੈਸੇ ਕਿਧਰ ਗਏ? ਬੈਂਕ ਜਦ ਦੱਸਦੀ ਤਾਂ ਚੇਤਾ ਆਉਂਦਾ!

ਹਾਂਅ! ਹਾਂਅ! ਆ ਗਿਆ ਚੇਤਾ! ਸੌਰੀ!

ਫਿਰ ਮਨ ਨੂੰ ਸ਼ਾਂਤੀ ਮਿਲਦੀ ਕਿ ਮੈਂ ਹੀ ਖਰਚੇ ਸਨ। ਮਨ ਬਿਹਬਲ ਹੋ ਜਾਂਦਾ ਜਦ ਕੋਈ ਸਿਫਰ ਇਧਰ-ਉਧਰ ਹੁੰਦੀ। ਪਿਆਰੀ ਬੜੀ ਨਾ ਮਾਇਆ! ਮੋਹਣੀ ਹੈ! ਠੱਗਣੀ! ਮਨੁੱਖ ਠੱਗਿਆ ਹੀ ਤਾਂ ਜਾਂਦਾ। ਉਸ ਨੂੰ ਪਤਾ ਵੀ ਨਹੀਂ ਲੱਗਦਾ ਕਦ ਠੱਗ ਹੋ ਜਾਂਦਾ। ਮੈਨੂੰ ਜਾਪਦਾ ਮੈਂ ਮਾਇਆ ਠੱਗ ਲਈ। ਕਿਸੇ ਨਾਲ ਘਾਲਾ-ਮਾਲਾ ਕਰਕੇ ਸਿਫਰਾਂ ਜੋੜਦਾ ਤਾਂ ਮੈਨੂੰ ਇੰਝ ਹੀ ਜਾਪਦਾ ਕਿ ਮੈਂ ਮਾਇਆ ਠੱਗ ਲਈ ਪਰ ਮਾਇਆ ਨੇ ਮੈਨੂੰ ਉਸ ਵੇਲੇ ਹੀ ਠੱਗ ਲਿਆ ਹੁੰਦਾ ਜਦ ਮੈਂ ਕਿਸੇ ਨਾਲ ਠੱਗੀ ਮਾਰਨ ਬਾਰੇ ਸੋਚਣਾ ਸ਼ੁਰੂ ਕੀਤਾ! ਇੱਕ ਵਾਰ ਜਦ ਮੈਂ ਠੱਗਿਆ ਗਿਆ ਤਾਂ ਮੁੜ ਨਾ ਸਾਰੀ ਉਮਰ ਮਾਇਆ ਨੇ ਕਾਠੀ ਲਾਹੀ। ਫਿਰ ਮੈਂ ਘੋੜਾ ਤੇ ਉਹ ਸਵਾਰੀ। ਕਈ ਵਾਰ ਸੋਚਦਾਂ ਕਿ ਯਾਰ ਬਹੁਤੀ ਲੰਘ ਗਈ ਰਹਿ ਕੀ ਗਿਆ ਛੱਡ ਪਰ੍ਹੇ ਪਰ ਉਹ ਉਪਰ ਬੈਠੀ ਚਾਬਕ ਮਾਰਦੀ’ ਲਗਾਮ ਖਿੱਚਦੀ, ਰਕਾਬ ਵਾਲਾ ਪੈਰ ਵੱਖੀਆਂ ਵਿਚ ਗੱਡਦੀ ਕਿ

ਉੱਠ! ਦੌੜ! ਦੇਖ ਬਾਕੀ ਕਿਧਰ ਲੰਘ ਗਏ!

ਤੇ ਮੈਂ ਫਿਰ ਦੌੜ ਉੱਠਦਾਂ। ਹਵਾ ਨੂੰ ਗੰਡਾਂ ਦਿੰਦਾਂ ਤੇ ਇੰਝ ਘੋੜਾ ਬਣਿਆ ਕਬਰਾਂ ਵਿਚ ਜਾ ਸੌਂਦਾ ਹਾਂ। ਪਰ ਸਵਾਰ ਦਾ ਕੀ ਹੈ ਉਹ ਘੋੜਾ ਬਦਲ ਲੈਂਦੀ। ਉਹੀ ਲਗਾਮ, ਉਹੀ ਛਾਂਟਾ ਤੇ ਉਹੀ ਕਾਠੀ ਮੇਰੀਆਂ ਅਗਲੀਆਂ ਨਸਲਾਂ ਉਪਰ ਪਾ ਲੈਂਦੀ। ਜਿਥੋਂ ਮੈਂ ਸਿਰ ਕੱਢਿਆ ਹੁੰਦਾ ਉਥੇ ਉਹ ਅੱਗੇ ਮੇਰੇ ਨਿਆਣਿਆਂ ਦਾ ਦੇ ਲੈਂਦੀ। ਇੰਝ ਪੀਹੜੀ-ਦਰ-ਪੀਹੜੀ ਜਦ ਦਾ ਮਨੁੱਖ ਨੇ ਧਰਤੀ ਪੁਰ ਸਾਹ ਲਿਆ ਹੈ ਇਹ ਸਿਲਸਿਲਾ ਜਾਰੀ ਹੈ। ਨਸਲਾਂ ਦੀਆਂ ਨਸਲਾਂ ਖੱਪ ਗਈਆਂ ਮਨੁੱਖ ਦੀਆਂ ਪਰ ਮਾਇਆ ਦੀ ਸ਼ਾਹ-ਸਵਾਰੀ ਉਂਝ ਦੀ ਉਂਝ ਹੀ।

ਮੇਰੇ ਇੱਕ ਅੱਗੇ ਮਿੱਤਰ ਦਾ ਮਿੱਤਰ ਹੈ। ਬੜਾ ਚੰਗਾ ਮਨੁੱਖ ਤੇ ਚੰਗੇ ਵਿਚਾਰਾਂ ਵਾਲਾ ਸੀ। ਸਾਦੀ ਜਿਹੀ ਉਸ ਦੀ ਪਤਨੀ ਅਤੇ ਦੋ ਬੱਚੇ ਸਨ। ਖੁਸ਼ ਪਰਿਵਾਰ। ਜਦ ਦੇਖੋ ਸਭ ਇਕੱਠੇ ਨਿਕਲਦੇ। ਉਸ ਪਹਿਲਾਂ ਆ ਕੇ ਟੈਕਸੀ ਚਲਾਈ ਫਿਰ ਕਈ ਥਾਈਂ ਹੱਥ ਪੈਰ ਮਾਰਦੇ ਉਸ ਨੇ ‘ਲਾਅ’ ਕਰ ਲਿਆ। ਸਿਆਣੇ ਆਂਹਦੇ ਪੈਸਾ ਕਮਾਉਂਣ ਨਾਲੋਂ ਸਾਂਭਣਾ ਜਿਆਦਾ ਔਖਾ ਹੈ। ਕਮਾਉਂਣਾ ਨਹੀਂ ਬਲਕਿ ਸਾਂਭਣਾ ਇੱਕ ਕਲਾ ਹੈ। ਵਕੀਲ ਬਣਕੇ ਪੈਸਾ ਤਾਂ ਆਉਂਣਾ ਹੀ ਸੀ ਤੇ ਹੁਣ ਯਾਰ ਬੇਲੀ ਪਹਿਲਾਂ ਵਾਲੇ ਕਿਵੇਂ? ਚੰਗੇ ਮਿੱਤਰ ਵੀ ਜਾਂਦੇ ਲੱਗੇ। ‘ਹਾਈ-ਫਾਈ ਸੁਸਾਇਟੀ’ ਨੇ ਕਈ ਕੁਝ ਬਦਲ ਦਿੱਤਾ। 100 ਡਾਲਰ ਬਣਾ ਕੇ ਖੁਸ਼ ਰਹਿਣ ਵਾਲੇ ਬੰਦੇ ਕੋਲੇ ਪੈਸਾ ਠਾਠਾਂ ਮਾਰਦਾ ਆ ਗਿਆ। ਹੁਣ ਉਹ ਇਸ ਪੈਸੇ ਦਾ ਕਰੇ ਕੀ। ਤੇ ਹੁਣ ਉਸ ਨੂੰ ਪਹਿਲੀ ਦੇਸੀ ਘਰਵਾਲੀ ਕੋਲੋਂ ਵੀ ਤੁੜਕਿਆਂ ਦੀ ਸਮੈੱਲ ਆਉਂਣ ਲੱਗ ਪਈ ਉਸ ਨੇ ਉਸ ਨੂੰ ਵੀ ‘ਹਾਈ-ਫਾਈ’ ਬਣਾ ਲਿਆ ਤੇ ਉਹ ਕਿੱਟੀ ਪਾਰਟੀਆਂ, ਕਸੀਨੋ ਅਤੇ ਲੋਕਾਂ ਵਿਚ ਬੈਠ ਵਾਈਨ ਪੀਣ ਲੱਗ ਪਈ। ਖੁਦ ਵੀ ਕੱਛਾ ਪਾ ਕੇ ਸਮੇਤ ਘਰਵਾਲੀ ਯਾਰਾਂ ਨਾਲ ਬੀਚਾਂ 'ਤੇ ਫਿਰਨ ਲੱਗ ਪਿਆ। ਸਿਰ ਤੋਂ ਲੀੜਾ ਨਾ ਲੱਥਣ ਦੇਣ ਵਾਲੀ ਔਰਤ ਯਾਰਾਂ ਬੇਲੀਆਂ ਦੇ ਸਾਹਵੇਂ ਹੀ ਬੀਚਾਂ ਤੇ…ਤੇ ਖੁਦ ਆਪ ਉਹ ਡਾਊਨ-ਟਾਊਨ ਦੀਆਂ ਹਨੇਰੀਆਂ ਗਲੀਆਂ ਵਲ ਹੋ ਤੁਰੀਆਂ! ਉਸ ਦੇ ਅੰਦਰਲਾ ਚੰਗਾ ਮਨੁੱਖ ਖਾਧਾ ਗਿਆ! ਕੇਵਲ ਉਹ ਹੀ ਨਹੀਂ ਉਸ ਦੀ ਅਗਲੀ ਨਸਲ ਵੀ ਖਾਧੀ ਗਈ ਤੇ ਪੀਹੜੀ ਦਰ ਪੀਹੜੀ ਮਾਇਆ ਨੇ ਉਸ ਨੂੰ ਖਾ ਲਿਆ। ਉਸ ਨੂੰ ਜਦ ਪੁਰਾਣੇ ਮਿੱਤਰ ਕਿਤੇ ਰਾਹ ਖੇੜੇ ਮਿਲਦੇ ਤਾਂ ਕਹਿੰਦਾ ਬੜਾ ਅਨੰਦ ਹੈ। ਨਜਾਰੇ ਲਈ ਦੇ ਨੇ! ਉਹ ਅਪਣੀ ਅਤੇ ਘਰਵਾਲੀ ਦੀ ਸ਼ਰਮ-ਹਯਾ ਲਾਹ ਦੇਣ ਨੂੰ ਹੀ ਅਨੰਦ ਮੰਨੀ ਬੈਠਾ! ਠੱਗਿਆ ਹੋਇਆ ਮਨੁੱਖ ਗੱਲਾਂ ਫਿਰ ਬੜੀਆਂ ਅਗਾਂਹ ਵਧੂ ਕਰਦਾ। ਦੂਜੇ ਮਨੁੱਖਾਂ ਉਪਰ ਫਿਰ ਉਹ ਹੱਸਦਾ। ਉਸ ਨੂੰ ਬਾਕੀ ਸਭ ਕੀੜੇ-ਮਕੌੜੇ ਜਾਪਦੇ।

ਮੈਂ ਰੱਬ ਅੱਗੇ ਦੁਆ ਕਰਾਂ ਕਿ ਜੇ ਮੈਨੂੰ ਪੈਸਾ ਵਰਤਣਾ ਨਹੀਂ ਆਉਂਦਾ ਤਾਂ ਇਹ ਮੇਰੇ ਕੋਲੇ ਆਵੇ ਵੀ ਨਾ। ਵਰਤਣ ਦੀ ਜਾਚ ਤੋਂ ਬਿਨਾ ਜਿਸ ਕੋਲੇ ਵੀ ਪੈਸਾ ਆਇਆ ਉਹ ਖਾਧਾ ਗਿਆ। ਉਹ ਠੱਗਿਆ ਗਿਆ। ਸਮਝੋ ਰੱਬ ਨੇ ਉਸ ਕੋਲੋਂ ਮਨੁੱਖ ਹੋਣ ਦੇ ਸਾਰੇ ਹੱਕ ਖੁਦ ਆਪ ਖੋਹੇ ਜਿਸ ਨੂੰ ਪੈਸਾ ਤਾਂ ਦਿੱਤਾ ਪਰ ਵਰਤਣ ਦੀ ਜਾਚ ਨਾ ਦਿੱਤੀ।

ਬਾਹਰਲੇ ਮਨੁੱਖ ਦੀ ਲਾਸ਼ ਉਪਰ ਚੰਗੇ, ਮਹਿੰਗੇ ਅਤੇ ਬਰੈਂਡ ਵਾਲੇ ਕੱਪੜੇ ਪਾਉਣ ਨਾਲ ਮਨੱਖ ਹੋਣ ਦਾ ਦੂਰ ਦਾ ਵੀ ਵਾਸਤਾ ਨਹੀਂ। ਇਹ ਨਹੀਂ ਕਿ ਮੈਨੂੰ ਚੰਗੇ ਕੱਪੜੇ ਨਹੀਂ ਪਾਉਣੇ ਚਾਹੀਦੇ ਪਰ ਜੇ ਚੰਗੇ ਕੱਪੜੇ ਅਪਣੇ ਅੰਦਰਲੇ ਮਰ ਚੁੱਕੇ ਮਨੁੱਖ ਦੀ ਲਾਸ਼ ਢੱਕਣ ਲਈ ਮੈਂ ਪਾ ਰਿਹਾ ਹਾਂ ਤਾਂ ਇਹ ਪਹਿਲਾਂ ਨਾਲੋਂ ਵੀ ਵੱਡਾ ਦੁਖਾਂਤ ਹੈ ਮੇਰੇ ਜੀਵਨ ਦਾ ਕਿਉਂਕਿ ਖੁਲ੍ਹੀ ਲਾਸ਼ ਨੂੰ ਤਾਂ ਫਿਰ ਵੀ ਹਵਾ ਫਿਰ ਜਾਂਦੀ ਪਰ ਟਾਈਆਂ-ਕੋਟਾਂ ਹੇਠ ਤਾਂ ਇਹ ਹੋਰ ਬਦਬੂ ਮਾਰਨ ਲੱਗ ਜਾਂਦੀ ਅਤੇ ਮੈਂ ਇਸੇ ਭੁਲੇਖੇ ਵਿਚ ਹੀ ਮਰ ਜਾਂਦਾ ਹਾਂ ਕਿ ਲੈ ਮੈਂ ਚੰਗਾ ਭਲਾ ਤਾਂ ਹਾਂ!

ਮਨੁੱਖ ਕੋਟਾਂ-ਟਾਈਆਂ ਅਤੇ ਮਹਿੰਗੇ ‘ਬ੍ਰੈਂਡਾਂ’ ਹੇਠ ਤੁਰੀ ਫਿਰਦੀ ਲਾਸ਼ ਬਣ ਕੇ ਰਹਿ ਗਿਆ ਹੈ। ਉਹ ਮੋਹਣੀ ਹੱਥੋਂ ਠੱਗਿਆ ਗਿਆ ਹੈ। ਰਿਸ਼ਤਿਆਂ ਦੀ ਪਵਿੱਤਰਤਾ ਬੇਮਾਇਨਾ ਹੋ ਕੇ ਰਹਿ ਗਈ। ਪਤੀ ਦਾ ਪਤਨੀ ਉਪਰ ਅਤੇ ਪਤਨੀ ਦਾ ਪਤੀ ਉਪਰ ਕੋਈ ਭਰੋਸਾ ਨਹੀਂ ਰਿਹਾ। ਦੋਵੇਂ ਇੱਕ ਦੂਏ ਤੋਂ ਅਪਣੀਆਂ ਸਿਫਰਾਂ ਲੁਕਾ ਕੇ ਰੱਖਦੇ। ਅਪਣੇ ਕਾਰਡ-ਬੁੱਕਾਂ ਘੁੱਟ ਘੁੱਟ!

ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥

ਮਾਇਆ ਮੋਹਣੀ, ਠੱਗਣੀ! ਮਿੱਠੀ ਬੜੀ ਹੈ। ਬਾਬਾ ਜੀ ਅਪਣੇ ਪਰ ਕਹਿੰਦੇ ਇਸ ਦੇ ਦੰਦ ਨਹੀਂ ਹਨ। ਬਿਨਾ ਦੰਦਾਂ ਜੱਗ ਖਾ ਗਈ! ਮਨੁੱਖਾਂ ਵਿਚੋਂ ਮਨੁੱਖ ਨੂੰ ਖਾ ਗਈ। ਮਨੁੱਖ ਵਿਚਲਾ ਮਨੁੱਖ ਨਿਗਿਲਿਆ ਗਿਆ। ਮਨੁੱਖ ਵਿਚਲਾ ਮਨੁੱਖ ਮਰ ਗਿਆ। ਮਨੁੱਖ ਦੇ ਅੰਦਰਲਾ ਮਨੁੱਖ ਤਾਂ ਇਸ ਰਹਿਣ ਹੀ ਨਾ ਦਿੱਤਾ! ਮਨੁੱਖ ਨੇ ਅਪਣੇ ਖਾਧੇ ਜਾ ਚੁੱਕੇ ਮਨੁੱਖ ਦੀ ਲਾਸ਼ ਉਪਰ ਕੋਟਾਂ-ਟਾਈਆਂ ਦੇ ਪੜਦੇ ਪਾ ਲਏ। ਬਾਹਰ ਨਿਕਲੋ ਟੈਂਨ-ਸ਼ੈਂਨ ਹੋ ਕੇ! ਮਾਅਰ ਪਰਫਿਊਮਾ ਦੀਆਂ ਮਹਿਕਾਂ ਪਈਆਂ ਆਉਣ! ਇਸ ਉਪਰਲੀ ਮਹਿਕ ਨੇ ਮਨੁੱਖ ਦੀ ਲਾਸ਼ ਦੀ ਬਦਬੂ ਨੂੰ ਕੱਜ ਲਿਆ। ਹਾਈ-ਫਾਈ ਲੋਕਾਂ ਵਿਚ ਜਾ ਕੇ ਗੁਆਚਾ ਮਨੁੱਖ ਅਪਣੇ ਅੰਦਰਲਿਆਂ ਰੋਣਿਆਂ ਨੂੰ ਕੱਜਣ ਲਈ ਮੁਸਕਾਹਾਰਟਾਂ ਬਖੇਰਦਾ ਫਿਰ ਰਿਹਾ ਹੈ। ਨਕਲੀ ਫੁੱਲਾਂ ਵਰਗੀ ਮੁਸਕੁਰਾਹਟ। ਦੇਖਣ ਨੂੰ ਸੋਹਣਾ ਵਿਚ ਕੱਖ ਵੀ ਨਹੀਂ। ਨਾ ਕੂਲਾ-ਪਨ ਨਾ ਮਹਿਕ! ਤਾੜੀ ਮਾਰਕੇ ਹੱਸਣਾ ਤਾਂ ਭੁੱਲ ਹੀ ਗਿਆ। ਇਹ ਤਾਂ ਅਸਿਭਯਕ ਹੈ ਨਾ। ‘ਹਾਈ-ਫਾਈ’ ਵਿਚ ਨਹੀਂ ਨਾ ਇਹ ਹੋ ਸਕਦਾ। ਮੋਹਣੀ ਬੜੀ ਹੈ, ਪਿਆਰੀ ਲੱਗਦੀ, ਮਿੱਠੀ ਵੀ ਪਰ ਹਾਸੇ, ਖੁਸ਼ੀਆਂ, ਜੀਵਨ ਦੀ ਖੂਭਸੂਰਤੀ, ਰਿਸ਼ਤੇ, ਉਨ੍ਹਾਂ ਦੀ ਪਵਿੱਤਰਤਾ, ਸ਼ਰਮ, ਹਯਾ, ਸਵੈਮਾਨ ਸਭ ਖੋਹ ਲੈਂਦੀ ਮਨੁੱਖ ਕੋਲੋਂ ਜੇ ਇਸ ਨੂੰ ਵਰਤਣ ਦੀ ਜਾਚ ਨਾ ਹੋਵੇ ਤਾਂ!!!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top