ਇਸ ਧਰਤੀ ਉਪਰ ਪਤਾ ਨਹੀਂ ਕਿੰਨੇ ਆਏ ਚਲੇ
ਗਏ! ਧਰਤੀ ਉਪਰ ਕਬਜਿਆਂ ਦੀਆਂ ਲੜਾਈਆਂ ਦਾ ਅੰਤ ਨਹੀਂ। ਮੇਰੀ ਧਰਤੀ, ਮੇਰੀ ਧਰਤੀ
ਕਰਦੀ ਕਿੰਨੀ ਦੁਨੀਆਂ ਮਰ ਖੱਪ ਗਈ, ਪਰ ਇਹ ਧਰਤੀ ਉਥੇ ਦੀ ਉਥੇ ਹੀ ਰਹੀ। ਬਾਬਾ ਜੀ ਜਿਮੀ
ਅਤੇ ਅਸਮਾਨ ਨੂੰ ਗਵਾਹ ਮੰਨਦੇ ਹਨ ਕਿ ਕਿਥੇ ਹਨ ਉਹ ਜਿੰਨਾ ਇਸ ਧਰਤੀ ਦੇ ਟੁਕੜੇ ਖਾਤਰ
ਲਹੂਆਂ ਦੀਆਂ ਨਦੀਆਂ ਵਹਾ ਛੱਡੀਆਂ। ਸਕੰਦਰ, ਗਜਨਵੀ, ਗੌਰੀ,
ਬਾਬਰ, ਹਿਟਲਰ, ਅਬਦਾਲੀ, ਨਾਦਰ, ਇੰਦਰਾਂ, ਰਜੀਵ! ਕਿਥੇ ਹਨ? ਬੁਸ਼ ਵੀ ਚਲਾ ਜਾਵੇਗਾ।
ਉਬਾਮਾ ਵੀ ਨਹੀਂ ਲੱਭਣਾ। ਖੁਮੈਨੀ ਕਿਥੇ ਹੈ। ਸੋਨੇ ਦੀਆਂ ਟੂਟੀਆਂ ਵਾਲਾ ਸੱਦਾਮ ਹਸੈਨ?
ਮੋਦੀ ਕਦ ਰਹਿਣ ਵਾਲਾ?
ਜਦ ਮੈਂ ਕੁੱਲ ਦੁਨੀਆਂ ਦੇ ਝਰੋਖੋ ਵਿਚੋਂ ਆਪਣੀ ਹਸਤੀ ਦੇਖਦਾ ਹਾਂ,
ਤਾਂ ਇਨਾ ਛੋਟਾ ਜਿਹਾ ਜੀਵ ਕਿ ਹੈਰਾਨ ਕਰ ਦੇਣ ਵਾਲਾ। ਪੂਰੀ ਕਾਇਨਾਤ ਵਿਚੋਂ ਮੈਨੂੰ ਅਪਣਾ
ਵਜੂਦ ਕਿਤੇ ਲੱਭਿਆਂ ਵੀ ਨਹੀਂ ਥਿਆਉਂਦਾ। ਪਰ ਜੇ ਕਿਤੇ ਮੇਰੀ ਨਜਰ ਸਮੁੱਚੇ ਬ੍ਰਹਮੰਡ ਤੱਕ
ਪਹੁੰਚਦੀ ਹੋਵੇ ਤਾਂ ਸਿਰ ਚਕਰਾ ਦੇਣ ਵਰਗੀ ਗੱਲ ਮੇਰੇ ਸਮਝ ਵਿਚ ਆਉਂਣ ਨੂੰ ਕਰੇ ਕਿ ਮੈਂ
ਕੀ ਹਾਂ। ਇੱਕ ਖੁਰਦਬੀਨ ਨਾਲ ਵੀ ਚੱਜ ਨਾ ਦੇਖਿਆ ਜਾਣਾ ਵਾਲਾ ਜੀਵ।
ਮੇਰੀ
ਨਜ਼ਰ ਜਿਉਂ ਜਿਉਂ ਉਪਰ ਉੱਠਦੀ ਹੈ ਮੈਂ ਤਿਉਂ ਤਿਉਂ ਨਿੱਕਾ ਹੋਈ ਜਾਂਦਾ ਹਾਂ। ਮੇਰੇ
ਵੱਡੇ ਹੋਣ ਦਾ ਕਾਰਨ ਹੀ ਮੇਰੀ ਨਜ਼ਰ ਦਾ ਛੋਟਾ ਹੋਣਾ ਹੈ। ਜਦ ਮੈਂ ਬਹੁਤ ਵੱਡਾ ਹੋ ਜਾਂਦਾ
ਤਾਂ ਇਸ ਦਾ ਮੱਤਲਬ ਮੇਰੀ ਨਿਗਾਹ ਬਹੁਤ ਹੇਠਾਂ ਆ ਗਈ ਹੁੰਦੀ ਹੈ।
ਮੇਰੀ ਹਾਲਤ ਉਸ ਬਿੱਲੀ ਵਰਗੀ ਹੁੰਦੀ ਹੈ ਜਿਹੜੀ ਦੁਪਹਿਰੇ ਅਪਣੇ
ਪ੍ਰਛਾਵੇਂ ਨੂੰ ਦੇਖ ਕੇ ਸੋਚਦੀ ਹੈ ਕਿ ਮੇਰਾ ‘ਲੰਚ’ ਊਠ ਹੋਣਾ ਚਾਹੀਦਾ ਪਰ ਸ਼ਾਮ ਢੱਲਦੇ
ਕਹਿੰਦੀ ਕਿ ‘ਡਿਨਰ’ ਚੂਹਾ ਹੀ ਬਹੁਤ ਹੈ! ਦਰਅਸਲ ਮੈਂ ਆਪਣੇ ਹੀ ਪ੍ਰਛਾਵੇਂ ਨੂੰ
ਜਦ ਵੱਡਾ ਕਰਕੇ ਦੇਖਦਾ ਹਾਂ ਤਾਂ ਮੈਨੂੰ ਆਪਣਾ ਵਜੂਦ ਬਹੁਤ ਵੱਡਾ ਜਾਪਣ ਲੱਗਦਾ ਹੈ। ਇਹ
ਨਹੀਂ ਕਿ ਮੈਂ ਸੱਚਮੁੱਚ ਵੱਡਾ ਹੁੰਦਾ ਹਾਂ ਦਰਅਸਲ ਦੁਪਹਿਰ ਦੇ ਪ੍ਰਛਾਵੇਂ ਨੇ ਮੈਨੂੰ ਵੱਡਾ
ਕਰ ਦਿੱਤਾ ਹੁੰਦਾ ਹੈ। ਮੇਰੇ ਦੁਆਲੇ ਪਸਰੀ ਮਾਇਆ ਦੇ ਪ੍ਰਛਾਵੇਂ ਮੈਨੂੰ ਵੱਡਾ ਕਰ ਦਿੰਦੇ
ਹਨ।
ਮੇਰੀਆਂ ਪ੍ਰਾਪਟੀਆਂ, ਮੇਰੇ ਘਰ, ਮੇਰੀਆਂ ਕੋਠੀਆਂ, ਮੇਰੀਆਂ ਜਮੀਨਾਂ,
ਮੇਰੀਆਂ ਕਾਰਾਂ, ਮੇਰੇ ਕਾਰੋਬਾਰ, ਇਹ ਸਭ ਮੇਰੇ ਦੁਪਹਿਰ ਦੇ ਪ੍ਰਛਾਵੇਂ ਹਨ ਕਿ ਦੁਪਹਿਰ
ਨੂੰ ਮੈਨੂੰ ਮੇਰਾ ਆਪਾ ਬਹੁਤ ਵੱਡਾ ਭਾਸਣ ਲੱਗਦਾ ਹੈ। ਮੈਨੂੰ ਜਾਪਦਾ ਊਠ ਨਾਲ ਵੀ ਮੇਰਾ
ਨਹੀਂ ਸਰਨਾ। ਮੈਨੂੰ ਹਾਲੇ ਬਹੁਤ ਕੁਝ ਹੋਰ ਚਾਹੀਦਾ। ਇਨਾ ਵੱਡਾ ਮੈਂ? ਪਰ ਸਭ ਕੁਝ ਛੋਟਾ?
ਮੇਰੇ ਖਾਣ ਤੋਂ ਲੈ ਕੇ ਪਹਿਨਣ ਤੱਕ ਤੇ ਘਰ ਤੋਂ ਲੈ ਕੇ ਕਾਰਾਂ ਤੱਕ!
ਸਭ ਵੱਡਾ! ਬਹੁਤ ਵੱਡਾ! ਮੈਂ ਜੂ ਵੱਡਾ ਹਾਂ!
‘ਫੇਸ ਬੁੱਕ’ ਉਪਰ ਕਿਸੇ ਭਰਾ ਨੇ ਪੋਸਟ ਪਾਈ। ਫਿਲਮੀ ਐਕਟਰ ਹੇਮਾ
ਮਾਲਨੀ ਹੈਲੀ-ਕੈਪਟਰ ਚੋਂ ਉਤਰੀ। ਕਾਰ ਵਿਚ ਬੈਠਣ ਲੱਗੀ ਪਰ ਹੇਠਾਂ ਉੱਤਰ ਆਈ! ਕਹਿੰਦੀ
ਮੈਂ ਨਹੀਂ ਜਾਣਾ ਇਸ ਵਿੱਚ ਇਹ ਕਾਰ ਛੋਟੀ ਹੈ। ਫੌਰਨ ਵੱਡੀ ਕਾਰ ਲਿਆਂਦੀ ਗਈ। ਹਾਲਾਂ ਕਿ
ਕਾਰ ਛੋਟੀ ਨਹੀਂ ਸੀ। ਕਾਰ ਦਾ ਤਾਂ ਮਸਲਾ ਹੀ ਨਹੀਂ ਸੀ। ਕਾਰ ਤਾਂ ਉਹੀ ਸੀ ਜਿਸ ਵਿਚ ਬਾਕੀ
ਬੰਦੇ ਵੀ ਬੈਠਦੇ ਨੇ। ਮਸਲਾ ਉਸ ਦੇ ਵੱਡੇ ਹੋਣ ਦਾ ਸੀ। ਉਸ ਨੂੰ ਸਭ ਛੋਟਾ ਛੋਟਾ ਜਾਪ ਰਿਹਾ
ਸੀ, ਕਿਉਂਕਿ ਉਸ ਦੀ ਦੁਪਹਿਰ ਦਾ ਪ੍ਰਛਾਵਾਂ ਉਸ ਨੂੰ ਵੱਡਾ ਕਰਕੇ ਦਿਖਾ ਰਿਹਾ ਸੀ।
ਪਰ ਜਦ ਮੇਰੇ ਜੀਵਨ ਦੀ ਸ਼ਾਮ ਪੈਂਦੀ ਹੈ ਮੇਰੀ ਦੇਹੀ ਦੀਆਂ ਲੋੜਾਂ
ਅਤੇ ਦੌੜਾਂ ਸਿਮਟ ਜਾਦੀਆਂ ਹਨ ਤਾਂ ਮੈਂ ਸੋਚਦਾਂ ਹੁਣ ਤਾਂ ਚੂਹਾ ਹੀ ਬਹੁਤ ਸੀ। ਐਵੇਂ
ਦੌੜੀ ਗਿਆ? ਊਠ ਤਾਂ ਮੇਰੀ ਖੁਰਾਕ ਕਦੇ ਵੀ ਨਾ ਸੀ। ਊਠ ਬਿੱਲੀ ਦੀ ਕਦੇ ਖੁਰਾਕ ਹੋ ਹੀ ਨਹੀਂ
ਸਕਦਾ, ਉਹ ਤਾਂ ਪ੍ਰਛਾਵੇਂ ਨੇ ਭਰਮ ਪੈਦਾ ਕੀਤਾ ਕਿ ਉਹ ਬਹੁਤ ਵੱਡੀ ਹੈ। ਬਿੱਲੀ ਤਾਂ
ਬਿੱਲੀ ਹੀ ਰਹਿਣੀ ਹੋਈ, ਪਰ ਇਸ ਗੱਲ ਦਾ ਪਤਾ ਉਸ ਨੂੰ ਪ੍ਰਛਾਵਾਂ ਢੱਲਣ ਤੇ ਲੱਗਾ।
ਮਨੁੱਖ ਨੂੰ ਪਤਾ ਲੱਗਦਾ ਜਦ ਉਸ ਦੇ ਜੀਵਨ ਦਾ ਪ੍ਰਛਾਵਾਂ ਢਲ ਜਾਂਦਾ।
ਫਿਰ ਮੈਂ ਸੋਚਦਾਂ ਯਾਰ ਐਵੇਂ ਹੀ? ਐਵੇਂ ਹੀ ਝੱਖ ਮਾਰੀ? ਮੇਰੀ ਕੁੱਲ ਦੁਨੀਆਂ ਮੰਜੇ ਤੱਕ
ਸਿਮਟ ਜਾਂਦੀ ਹੈ। ਵੱਡੇ ਦਿੱਸਣ ਵਾਲੇ ਪ੍ਰਛਾਵੇਂ ਢਲ ਜਾਂਦੇ ਹਨ। ਤੇ ਮੈਂ ਬਹੁਤ ਛੋਟਾ
ਜਿਹਾ ਜੀਵ ਰਹਿ ਜਾਂਦਾ ਹਾਂ। ਦੁਨੀਆਂ ਤਾਂ ਦੁਨੀਆਂ ਮੇਰੀ ਦੇਹੀ ਵੀ ਨਿਚੋੜੇ ਕੱਪੜੇ ਵਾਂਗ
‘ਸ਼ਰਿੰਕ’ ਹੋ ਜਾਂਦੀ ਹੈ। ਮਾਅਰ ਛੇ ਫੁੱਟ ਦਿੱਸਣ ਵਾਲਾ ਲੰਮਾ ਚੌੜਾ ਜਵਾਨ ਬੰਦਾ, ਕੁੱਬਾ
ਜਿਹਾ ਹੋ ਕੇ ਅੱਧਾ ਵੀ ਨਹੀਂ ਰਹਿ ਜਾਂਦਾ। ਦੇਹ ਉਹੀ ਸੀ ਪਰ ਪ੍ਰਛਾਵਾਂ ਢਲ ਚੁੱਕਾ ਸੀ।
ਮੰਜਾ ਮੇਰੀ ਦੁਨੀਆਂ, ਦੋ ਘੁੱਟ ਪਾਣੀ, ਦੋ ਦਾਣੇ ਅੰਨ ਦੇ! ਉਹ ਵੀ ਇੱਜਤ ਨਾਲ ਨਹੀਂ ਮਿਲਦੇ।
ਬੇਇੱਜਤ ਹੋ ਕੇ। ਜਲੀਲ ਹੋ ਕੇ! ਕੁਰਲਾ ਕੇ! ਬਹੁੜੀਆਂ ਪਾ ਕੇ। ਊਠ ਖਾ ਜਾਣ ਵਾਲੀ ਬਿੱਲੀ
ਤੋਂ ਹੁਣ ਚੂਹਾ ਵੀ ਨਹੀਂ ਫੜ ਹੁੰਦਾ! ਬਹੁਤੀ ਚੁੱਕੀ ਹੋਈ ਫਨ ਫਿਸ ਜਾਂਦੀ ਹੈ। ਵੱਟ ਖਾਧੇ
ਸੱਪ ਵਾਂਗ ਬੰਦਾ ਅੰਦਰੇ ਅੰਦਰ ਜ਼ਹਿਰ ਘੋਲਦਾ ਹੈ, ਪਰ ਡੰਗ ਕਿਸੇ ਨੂੰ ਮਾਰ ਨਹੀਂ ਸਕਦਾ।
ਬਾਬਾ ਫਰੀਦ ਜੀ ਕਹਿੰਦੇ, ‘ਫਰੀਦਾ ਖੇਵਟ
ਕਿੰਨ ਗਏ’। "ਖੇਵਟ" ਹੁੰਦਾ ਮਲਾਹ, ਵੱਡੇ ਆਗੂ!
ਵੱਡੇ ਖੱਬੀ-ਖਾਨ! ਕਹਿੰਦੇ ਕਹਾਉਂਦੇ। ਜਾਣੇ ਪਹਿਚਾਣੇ! ਜਿੰਨਾ ਨੂੰ ਦੁਨੀਆਂ ਪੁੱਛ ਕੇ
ਚਲਦੀ ਸੀ। ਬਾਬਾ ਜੀ ਦਾ ਇਹ ਇਸ਼ਾਰਾ ਮੇਰੀ ਸਮੁੱਚੀ ਹਉਂ ਨੂੰ
ਵੱਡਾ ਸਵਾਲ ਹੈ, ਕਿ ਭਾਈ ਉਹ ਨਾ ਰਹੇ ਤਾਂ ਤੂੰ ਕੀ ਹੈ? ਜਦ ਉਹ ਮੈਨੂੰ ਰਾਵਣ ਅਤੇ
ਰਾਮ ਦੇ ਚਲੇ ਜਾਣ ਦੀ ਗੱਲ ਦੱਸਦੇ ਹਨ, ਤਾਂ ਉਸ ਪਿੱਛੇ ਭਾਵ ਇਹੀ ਹੁੰਦਾ ਕਿ ਕਮਲਿਆ ਤੂੰ
ਉਨ੍ਹਾਂ ਨਾਲੋਂ ਤਾਂ ਵੱਡਾ ਹੋਣੋ ਰਿਹਾ, ਤਾਂ ਫਿਰ ਤੇਰੀ ਕੀ ਔਕਾਤ ਹੈ। ਤੂੰ ਕਿਉਂ ਮੇਰੀ
ਮੇਰੀ ਕਰ ਰਿਹਾ ਹੈਂ?
ਜਿਮੀ ਅਮਸਾਨ ਉਨ੍ਹਾਂ ਲੋਕਾਂ ਦੇ ਗਵਾਹ
ਹਨ ਜਿਹੜੇ ਵੱਡੇ, ਕਹਿੰਦੇ ਕਹਾਉਂਦੇ, ਮਾਅਰ ਲਾ ਲਾ ਲਾ ਲਾ ਕਰਦੇ, ਜੰਗਾ ਜਿੱਤਦੇ, ਧਰਤੀਆਂ
ਪੁਰ ਕਬਜੇ ਕਰਦੇ, ਘੋੜੇ ਭਜਾਉਂਦੇ, ਲੋਕਾਂ ਦਾ ਲਹੂ ਵਹਾਉਂਦੇ, ਲਾਸ਼ਾਂ ਵਛਾਉਂਦੇ, ਪਰ ਅੱਜ
ਖਮੋਸ਼ ਕਬਰਾਂ ਵਿਚ ਸੁੱਤੇ ਪਏ ਹਨ। ਲੱਭ ਕਿਥੇ ਹਨ ਉਹ?
ਤੇ ਫਿਰ ਉਨ੍ਹਾਂ ਨਾਲ ਅਪਣੀ ਹਸਤੀ ਦਾ ਮੁਕਾਬਲਾ ਤਾਂ ਕਰ!
ਬਚਦਾ ਕੁੱਝ?