Share on Facebook

Main News Page

ਵਿਦੇਸ਼ੀ ਸਿੱਖ, ਗ਼ਦਰ ਪਾਰਟੀ ਤੇ ਹਿੰਦੂ ਲੀਡਰਸ਼ਿਪ (2)
- ਡਾ. ਹਰਜਿੰਦਰ ਸਿੰਘ ਦਿਲਗੀਰ

 ਲੜੀ ਦਾ ਪਹਿਲਾ ਲੇਖ ਪੜ੍ਹਨ ਲਈ ਇਥੇ ਕਲਿੱਕ ਕਰੋ --> ਗ਼ਦਰ ਲਹਿਰ ਦਾ ਸੱਚੋ-ਸੱਚ -  "ਗ਼ਦਰ ਲਹਿਰ ਸਿਰਫ਼ ਸਿੱਖ ਇਨਕਲਾਬ ਸੀ"

ਗ਼ਦਰ ਲਹਿਰ ਭਾਰਤ ਨਹੀਂ ਬਲਕਿ ਸਿੱਖ-ਪੰਜਾਬ ਦੀ ਆਜ਼ਾਦੀ ਦੀ ਲਹਿਰ ਸੀ ਤੇ ਉਸ ਦਾ ਪਿਛੋਕੜ ਸਿੱਖ ਰਾਜ ਨੂੰ ਮੁੜ ਲਿਆਉਣਾ ਸੀ; ਉਨ੍ਹਾਂ ਦੇ ਦਿਮਾਗ਼ ਜਾਂ ਦਿਲ ਵਿਚ ਭਾਰਤ ਦਾ ਕੋਈ ਸਿਧਾਂਤ ਨਹੀਂ ਸੀ। ਅਮਰੀਕਾ ਵਿਚ ਵੀ ਗ਼ਦਰ ਪਾਰਟੀ ਨਾਲ ਸਬੰਧਤ ਬਹੁਤੇ ਹਿੰਦੂ ਆਗੂ ਜਾਂ ਤਾਂ ਅੰਗਰੇਜ਼ਾਂ ਦੇ ਏਜੰਟ ਸਨ ਤੇ ਜਾਂ ਫ਼ਿਰਕੂ ਆਰੀਆ ਸਮਾਜੀ ਹਿੰਦੂ।

ਲਾਲਾ ਹਰਦਿਆਲ
ਲਾਲਾ ਹਰਦਿਆਲ ਮਾਥੁਰ ਇਕ ਮੂਲਵਾਦੀ ਬ੍ਰਾਹਮਣ ਪਰਵਾਰ ਵਿਚੋਂ ਸੀ। ਉਹ 17 ਸਾਲ ਦੀ ਉਮਰ ਵਿਚ ਮੂਲਵਾਦੀ ਹਿੰਦੂ ਜਮਾਤ ‘ਭਾਰਤ ਮਾਤਾ ਸੋਸਾਇਟੀ’ ਅਤੇ ਫਿਰ ਆਰੀਆ ਸਮਾਜ ਦਾ ਮੈਂਬਰ ਬਣ ਗਿਆ। ਉਸ ਨੇ ਸੰਸਕ੍ਰਿਤ ਵਿਚ ਐਮ.ਏ. ਪਾਸ ਕੀਤੀ। ਇਸ ਦੌਰਾਨ ਉਸ ਦਾ ਰਾਬਤਾ ਬਰਤਾਨਵੀ ਸਰਕਾਰ ਨਾਲ ਹੋਇਆ ਅਤੇ 1905 ਵਿਚ ਸਰਕਾਰ ਨੇ ਉਸ ਨੂੰ ਵਜ਼ੀਫ਼ਾ ਦੇ ਕੇ ਆਕਸਫ਼ੋਰਡ ਯੂਨੀਵਰਸਿਟੀ ਵਿਚ ਭੇਜ ਦਿੱਤਾ। ਪਰ ਉਥੇ ਜਾ ਕੇ ਵੀ ਉਹ ਆਰੀਆ ਸਮਾਜ ਦਾ ਹੀ ਕੰਮ ਕਰਨ ਲਗ ਪਿਆ ਜਿਸ ਕਰ ਕੇ ਸਰਕਾਰ ਨੇ ਉਸ ਦਾ ਵਜ਼ੀਫ਼ਾ ਬੰਦ ਕਰ ਦਿੱਤਾ ਤੇ ਉਸ ਨੂੰ ਵਾਪਿਸ ਆਉਣਾ ਪੈ ਗਿਆ। ਹੁਣ ਆਰੀਆ ਸਮਾਜੀ ਆਗੂ ਲਾਲਾ ਲਾਜਪਤ ਰਾਏ ਨੇ ਫ਼ਰਾਂਸ ਭੇਜ ਦਿੱਤਾ ਜਿੱਥੇ ਉਹ ਆਰੀਆ ਸਮਾਜ ਦੇ ਅਖ਼ਬਾਰ ‘ਵੰਦੇ ਮਾਤਰਮ’ ਵਾਸਤੇ ਕੰਮ ਕਰਦਾ ਰਿਹਾ। ਪਰ ਆਰੀਆ ਸਮਾਜ ਤੋਂ ਉਸ ਨੂੰ ਕਾਫ਼ੀ ਮਦਦ ਨਹੀਂ ਮਿਲਦੀ ਸੀ ਇਸ ਕਰ ਕੇ ਉਹ ਹੋਰ ਕੰਮ ਲੱਭਣ ਲਗ ਪਿਆ। ਇਸ ਦੌਰਾਨ ਆਰੀਆ ਸਮਾਜ ਨੇ ਪੰਡਤ ਪਰਮਾ ਨੰਦ (ਮਗਰੋਂ ਉਹ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਵੀ ਬਣਿਆ) ਨੂੰ ਉਸ ਵਲ ਭੇਜਿਆ। ਪਰਮਾ ਨੰਦ ਨੇ ਉਸ ਨੂੰ ਫਿਰ ਮਨਾ ਲਿਆ ਅਤੇ ਆਰੀਆ ਮਸਾਜ ਦੇ ਪ੍ਰਚਾਰ ਵਾਸਤੇ ਅਮਰੀਕਾ ਭੇਜ ਦਿੱਤਾ। ਲਾਲਾ ਹਰਦਿਆਲ ਨੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ, ਵੱਖ ਵੱਖ ਜਥੇਬੰਦੀਆਂ ਵਿਚ ਸ਼ਾਮਿਲ ਹੋ ਕੇ ਆਰੀਆ ਸਮਾਜ ਦਾ ਪ੍ਰਚਾਰ ਕੀਤਾ। ਦਸੰਬਰ 1912 ਵਿਚ ਉਸ ਨੇ ਯੁਗਾਂਤਰ ਆਸ਼ਰਮ ਦੀ ਨੀਂਹ ਰੱਖੀ। ਇਸ ਦਾ ਨਿਸ਼ਾਨਾ ਆਰੀਆ ਧਰਮ ਦਾ ਪ੍ਰਚਾਰ ਕਰਨਾ ਸੀ।

ਇਨ੍ਹੀਂ ਦਿਨੀ ਹੀ ਉਸ ਨੇ ਵੇਖਿਆ ਕਿ ਅਮਰੀਕਾ ਵਿਚ ਸਿੱਖ ਬਹੁਤ ਸੌਖੇ ਹਨ ਅਤੇ ਉਨ੍ਹਾਂ ਕੋਲ ਕਾਫ਼ੀ ਸਰਮਾਇਆ ਵੀ ਹੈ। 1912 ਵਿਚ ਇੱਥੋਂ ਦੇ ਸਿੱਖਾਂ ਨੇ ਪੰਜਾਬ ਦੇ ਸਿੱਖਾਂ ਨੇ ਵਿਦਿਆ ਦੇ ਨਾਲ-ਨਾਲ ਆਜ਼ਾਦੀ ਤੇ ਗ਼ੁਲਾਮੀ ਦਾ ਫ਼ਰਕ ਦਿਖਾਉਣ ਵਾਸਤੇ ਇਕ ਪ੍ਰਾਜੈਕਟ ਸੋਚਿਆ। ਉਨ੍ਹਾਂ ਨੇ ਭਾਈ ਜਵਾਲਾ ਸਿੰਘ ਠੱਠੀਆਂ, ਭਾਈ ਸੰਤੋਖ ਸਿੰਘ, ਬਾਬਾ ਵਿਸਾਖਾ ਸਿੰਘ ਵਗ਼ੈਰਾ ਦੀ ਅਗਵਾਈ ਹੇਠ 15 ਫ਼ਰਵਰੀ 1912 ਦੇ ਦਿਨ ਸਟਾਕਟਨ ਵਿਚ ਮੀਟਿੰਗ ਕੀਤੀ ਤੇ ਇਸ ਜਦੋਜਹਿਦ ਦੇ ਹਿੱਸੇ ਵਲੋਂ ਪੰਜਾਬ ’ਚੋਂ ਕੁੱਝ ਨੌਜਵਾਨਾਂ ਨੂੰ ਅਮਰੀਕਾ ਵਿਚ ਪੜ੍ਹਾਈ ਕਰਨ ਵਾਸਤੇ ਤਿਆਰ ਕਰਨ ਲਈ ਛੇ ਵਜ਼ੀਫੇ ਜਾਰੀ ਕਰਨ ਲਈ ਫ਼ੰਡ ਇਕੱਠਾ ਕੀਤਾ। ਇਸ ਫ਼ੰਡ ਵਿਚ ਸਿਰਫ ਸਿੱਖਾਂ ਨੇ ਹੀ ਹਿੱਸਾ ਪਾਇਆ ਅਤੇ ਕੈਨੇਡਾ ਤੇ ਅਮਰੀਕਾ ਵਿਚ ਬੈਠੇ ਅਮੀਰ ਹਿੰਦੂਆਂ ਨੇ ਕਾਣੀ ਕੌਡੀ ਤੱਕ ਵੀ ਦੇਣੋਂ ਨਾਂਹ ਕਰ ਦਿੱਤੀ। ਉਧਰ ਹਰਦਿਆਲ ਤੇ ਹੋਰ ਹਿੰਦੂਆਂ ਨੇ ਪਿੱਛੇ ਆਰੀਆ ਸਮਾਜੀਆਂ ਨਾਲ ਰਾਬਤਾ ਕਾਇਮ ਕਰ ਕੇ ਇਨ੍ਹਾਂ ਵਜ਼ੀਫ਼ਿਆਂ ਵਾਸਤੇ ਹਿੰਦੂਆਂ ਕੋਲੋਂ ਦਰਖ਼ਾਸਤਾਂ ਦਿਵਾਉਣ ਵਾਸਤੇ ਐਕਸ਼ਨ ਕਰਨ ਵਾਸਤੇ ਕਿਹਾ। ਇਸ ਕਰ ਕੇ ਵਜ਼ੀਫਿਆਂ ਵਾਸਤੇ ਜਿੰਨ੍ਹਾਂ ਦੀਆਂ ਵੀ ਦਰਖ਼ਾਸਤਾਂ ਪੁੱਜੀਆਂ ਉਹ ਸਾਰੇ ਦੇ ਸਾਰੇ ਹਿੰਦੂ ਹੀ ਸਨ।

ਇਸ ਦੇ ਨਾਲ ਹੀ ਹਰਦਿਆਲ ਨੇ ਮਹਿਸੂਸ ਕੀਤਾ ਕਿ ਸਿੱਖਾਂ ਵਿਚ ਮੁਲਕ (ਪੰਜਾਬ) ਦੀ ਆਜ਼ਾਦੀ ਦੀ ਲਹਿਰ ਉਠ ਰਹੀ ਹੈ। ਉਧਰ ਕਨੇਡਾ ਵਿਚ ਗੋਰਿਆਂ ਵੱਲੋਂ ਵਿਤਕਰੇ ਨਾਲ ਵੀ ਸਿੱਖ ਜੱਦੋਜਹਿਦ ਵਿਚੋਂ ਲੰਘ ਰਹੇ ਸਨ।ਇਸ ਸਾਰੇ ਮਾਹੌਲ ਦਾ ਫ਼ਾਇਦਾ ਉਠਾਉਣ ਵਾਸਤੇ ਹਰਦਿਆਲ ਵਰਗਿਆਂ ਨੇ ਇਸ ਤਹਿਰੀਕ ਦੀ “ਹਾਈਜੈਕਿੰਗ” ਕਰਨ ਦੀ ਸਾਜ਼ਿਸ਼ ਘੜੀ। ਉਹ ਇਸ ਲਹਿਰ ਵਿਚ ਸ਼ਾਮਿਲ ਹੋ ਗਿਆ। ਅਤੇ ਕਿਉਂ ਕਿ ਇਸ ਲਹਿਰ ਨਾਲ ਸਬੰਧਤ ਸਾਰੇ ਆਗੂ ਮਜ਼ਦੂਰ ਤੇ ਕਿਸਾਨ ਸਨ, ਅਤੇ ਉਹ ਬਹੁਤ ਵਧ ਪੜ੍ਹਿਆ ਲਿਖਿਆ ਸ਼ਖ਼ਸ ਸੀ ਇਸ ਕਰ ਕੇ ਉਸ ਨੇ ਸਾਰਿਆਂ ਨੂੰ ਅਸਰ-ਅੰਦਾਜ਼ ਕਰ ਕੇ ਸਾਰੀ ਕਮਾਂਡ ਆਪਣੇ ਹੱਥਾਂ ਵਿਚ ਲੈ ਲਈ। ਭੋਲੇ ਪੰਜਾਬੀਆਂ ਨੂੰ ਪਤਾ ਵੀ ਨਾ ਲੱਗਾ ਕਿ ਉਨ੍ਹਾਂ ਦੀ ਲਹਿਰ ਵਿਚ ਹਿੰਦੂ ਮੂਲਵਾਦੀ ਆਰੀਆ ਸਮਾਜ ਦਾ ਪ੍ਰਚਾਰ ਹੋ ਰਿਹਾ ਹੈ। ਹਰਦਿਆਲ ਦਾ ਸਭ ਤੋਂ ਪਹਿਲਾਂ ਕੰਮ ਸੀ ਇਸ ਲਹਿਰ ਦਾ ਗ਼ਲਤ ਨਾਂ ਰੱਖਣਾ। ਗ਼ਦਰ ਦਾ ਮਾਅਨਾ ਹੈ ਗ਼ਦਾਰੀ ਕਰਨਾ, ਨਾ ਕਿ ਆਜ਼ਾਦੀ ਦੀ ਲਹਿਰ ਜਾਂ ਇਨਕਲਾਬ (1857 ਵਿਚ ਵੀ ਅੰਗਰੇਜ਼ਾਂ ਦੀ ਰਾਖੀ ਹੇਠਲੇ ਰਜਵਾੜਿਆਂ ਨੇ ਅੰਗਰੇਜ਼ਾਂ ਨਾਲ ਕੀਤੇ ਅਹਿਦਨਾਮਿਆਂ ਦੇ ਖ਼ਿਲਾਫ਼ ਗ਼ਦਾਰੀ ਕੀਤੀ ਸੀ; ਇਸ ਕਰ ਕੇ ਉਸ ਨੂੰ ਗ਼ਦਰ ਨਾਂ ਦਿੱਤਾ ਗਿਆ ਸੀ)।

ਲਾਲਾ ਹਰਦਿਆਲ ਨੇ ਇਸ ਲਹਿਰ ਵਿਚ ਸਾਰਾ ਕੁਝ ਆਰੀਆ ਸਮਾਜੀ ਭਰਨ ਦੀ ਸੋਚ ਹੇਠ ਇਸ ਦਾ ਤਰਾਨਾ ‘ਵੰਦੇ ਮਾਤਰਮ...’ ਚੁਣਿਆ ਜੋ ਕਿ ਕਾਲਪਨਿਕ ਹਿੰਦੂ ਦੇਵੀ ਦੀ ਅਰਾਧਨਾ ਦਾ ਗੀਤ ਹੈ। ਫਿਰ ਉਸ ਨੇ ਝੰਡੇ ਵਿਚ ਵੀ ਹਿੰਦੂ ਦੇਵੀ ਦਾ ਨਿਸ਼ਾਨ ਰੱਖਿਆ। ਉਸ ਨੇ ਜਮਾਤ ਦਾ ਪਹਿਲਾ ਨਾਂ ਇਸ ਨੂੰ ਹਿੰਦੂ ਰੂਪ ਦੇਣ ਵਾਸਤੇ ‘ਹਿੰਦੂਸਤਾਨੀ ਐਸੋਸੀਏਸ਼ਨ’ ਰੱਖਿਆ ਸੀ।

ਗ਼ਦਰ ਪਾਰਟੀ ਦੇ ਆਗੂਆਂ ਦੀਆਂ ਲਿਖਤਾਂ ਵਿਚ ਹਿੰਦੂਸਤਾਨ ਮੁਲਕ ਦਾ ਨਾਅਰਾ ਸਿਰਫ਼ ਹਰਦਿਆਲ ਵਰਗੇ ਆਰੀਆ ਸਮਾਜੀਆਂ ਦੀ ਸ਼ਮੂਲੀਅਤ ਕਰ ਕੇ ਸੀ। ਅਜੇ ਭਾਰਤ ਇਕ ਮੁਲਕ ਵਾਲਾ ਨੁਕਤਾ ਕਾਇਮ ਹੀ ਨਹੀਂ ਹੋਇਆ ਸੀ। ਉਸ ਵੇਲੇ ਤਕ ਤਾਂ ਹਿੰਦੂਸਤਾਨ ਯੂ.ਪੀ., ਮੱਧ ਪ੍ਰਦੇਸ਼ ਨੂੰ ਹੀ ਕਹਿੰਦੇ ਸਨ। ਸਿਰਫ਼ 50-60 ਸਾਲ ਪਹਿਲਾਂ ਤਾਂ ਹਿੰਦੂਸਤਾਨੀਆਂ ਦੇ ਨਾਲ ਰਲ ਕੇ ਅੰਗਰੇਜ਼ਾਂ ਨੇ ਪੰਜਾਬ ਦੇਸ 'ਤੇ ਕਬਜ਼ਾ ਕੀਤਾ ਸੀ। ਫਿਰ ਗ਼ਦਰ ਪਾਰਟੀ ਆਗੂਆਂ/ਵਰਕਰਾਂ ਦੀਆਂ ਲਿਖਤਾਂ ਵਿਚ ਕਿਸੇ ਅਖੌਤੀ ਭਾਰਤੀ ਹੀਰੋ (ਨਾ ਰਾਣੀ ਝਾਂਸੀ, ਨਾ ਤਾਂਤੀਆ ਟੋਪੇ, ਨਾ ਕਿਸੇ ਹੋਰ) ਦਾ ਜ਼ਿਕਰ ਨਹੀਂ ਸੀ; ਉਹ ਕਿਸੇ ਗ਼ੈਰ ਪੰਜਾਬੀ ਹੀਰੋ ਬਾਰੇ ਕੁਝ ਵੀ ਜਾਣਦੇ ਤਕ ਨਹੀਂ ਸਨ ਤੇ ਇਸ ਕਰ ਕੇ ਉਨ੍ਹਾਂ ਦੇ ਮਨ ਵਿਚ ਅਖੌਤੀ ਭਾਰਤੀ ਵਿਰਸੇ ਜਾਂ ਤਵਾਰੀਖ਼ ਦੀ ਗੱਲ ਆ ਹੀ ਨਹੀਂ ਸਕਦੀ ਸੀ। ਉਹ ਸਿਰਫ਼ ਬੰਦਾ ਸਿੰਘ ਬਹਾਦਰ, ਸੁੱਖਾ ਸਿੰਘ-ਮਹਿਤਾਬ ਸਿੰਘ, ਭਾਈ ਮਨੀ ਸਿੰਘ, ਹਰੀ ਸਿੰਘ ਨਲਵਾ, ਅਕਾਲੀ ਫ਼ੂਲਾ ਸਿੰਘ ਦੀ ਗੱਲ ਕਰਦੇ ਸਨ। ਉਹ ਸਿੱਖ ਹੀਰੋਜ਼ ਵਾਂਙ ਤਨ, ਮਨ-ਮਨ-ਧਨ ਨਾਲ ਕੁਰਬਾਨੀ ਕਰਨ ਦੀ ਗੱਲ ਕਰਦੇ ਸਨ - ਤੇ- ਇਹ ਸਿਧਾਂਤ ਹਿੰਦੂਸਤਾਨ ਵਿਚ ਕਿਤੇ ਮੌਜੂਦ ਨਹੀਂ ਸੀ।

ਅਮਰੀਕਾ ਦੇ ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਕਾਲਾ ਸੰਘਾ, ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਲਟਾਲਾ, ਨਿਧਾਨ ਸਿੰਘ ਚੁੱਘਾ, ਜਵਾਲਾ ਸਿੰਘ ਠੱਠੀਆਂ, ਵਿਸਾਖਾ ਸਿੰਘ ਦਦੇਹਰ, ਗੁਰਮੁਖ ਸਿੰਘ ਲਲਤੋਂ, ਊਧਮ ਸਿੰਘ ਕਸੇਲ, ਪਿਆਰਾ ਸਿੰਘ ਲੰਗੇਰੀ , ਸੰਤੋਖ ਸਿੰਘ ਵਗ਼ੈਰਾ; ਸ਼ਿੰਘਾਈ ਦੇ ਸੁੰਦਰ ਸਿੰਘ, ਡਾ: ਮਥਰਾ ਸਿੰਘ, ਵਿਸਾਖਾ ਸਿੰਘ ਦਦੇਹਰ ਤੇ ਸੱਜਣ ਸਿੰਘ; ਹਾਂਗਕਾਂਗ ਦੇ ਡਾ: ਠਾਕਰ ਸਿੰਘ ਇਕੋਲਾਹਾ, ਗਿਆਨੀ ਭਗਵਾਨ ਸਿੰਘ, ਭਾਈ ਹਰਨਾਮ ਸਿੰਘ ਤੇ ਭਾਈ ਬਿਸ਼ਨ ਸਿੰਘ ਵਿਚੋਂ ਇਕ-ਅੱਧ ਨੂੰ ਛੱਡ ਕੇ ਕੋਈ ਵੀ ਅਖੌਤੀ ਭਾਰਤੀ (ਨੈਸ਼ਨਲਿਸਟ), ਕਮਿਊਨਿਸਟ ਜਾਂ ਸਮਾਜਵਾਦੀ ਸੋਚ ਵਾਲਾ ਨਹੀਂ ਸੀ।

ਲਾਲਾ ਹਰਦਿਆਲ ਇਕ ਬੁਜ਼ਦਿਲ ਬੰਦਾ ਵੀ ਸੀ। ਜਦ ਅਮਰੀਕਨ ਸਰਕਾਰ ਨੇ ਵੇਖਿਆ ਕਿ ਇਹ ਅਜੀਬ ਕਿਸਮ ਦੀਆਂ ਸਾਜ਼ਸ਼ਾਂ ਕਰ ਰਿਹਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਿਉਂ ਕਿ ਉਹ ਤਾਂ ਇਸ ਤੇ ਕਬਜ਼ਾ ਕਰਨ ਦੀ ਸੋਚ ਨਾਲ ਇਸ ਲਹਿਰ ਵਿਚ ਸ਼ਾਮਿਲ ਹੋਇਆ ਸੀ ਨਾ ਕਿ ਜੇਲ੍ਹ ਜਾਣ ਵਾਸਤੇ;ਇਸ ਕਰ ਕੇ ਜ਼ਮਾਨਤ ‘ਤੇ ਰਿਹਾ ਹੋਣ ਮਗਰੋਂ ਇਹ ਅਮਰੀਕਾ ਛੱਡ ਕੇ ਜਰਮਨ ਭੱਜ ਗਿਆ। ਇਸ ਤੋਂ ਮਗਰੋਂ ਇਸ ਨੇ ਗ਼ਦਰ ਲਹਿਰ ਵੱਲ ਪਿੱਛੇ ਮੁੜ ਕੇ ਵੀ ਨਾ ਵੇਖਿਆ ਅਤੇ ਇਕ ਗੋਰੇ ਵਾਂਗ ਯੂਰਪ ਵਿਚ ਜ਼ਿੰਦਗੀ ਬਿਤਾਉਣ ਲਗ ਪਿਆ। ਹਾਲਾਂ ਕਿ ਉਹ ਇਸ ਦੋਰਾਨ, ਜਰਮਨ, ਸਵਿਟਜ਼ਰਲੈਂਡ, ਸਵੀਡਨ, ਇੰਗਲੈਂਡ ਤੇ ਅਮਰੀਕਾ ਵੀ ਗਿਆ ਪਰ ਉਸ ਨੇ ਕਿਤੇ ਵੀ ਇਨਕਲਾਬ ਜਾਂ ਸਮਾਜਵਾਦ ਦੀ ਜ਼ਰਾ ਮਾਸਾ ਵੀ ਗੱਲ ਨਾ ਛੇੜੀ। (ਇਕ ਹੋਰ ਵਿਚਾਰ ਮੁਤਾਬਿਕ ਉਹ ਸਰਕਾਰ ਨਾਲ ਮਿਲ ਕੇ ਏਜੰਟ ਬਣ ਚੁਕਾ ਸੀ ਅਤੇ ਉਹ ਗ਼ਦਰ ਲਹਿਰ ਦਾ ਸਾਰਾ ਕੁਝ ਅਖ਼ਬਾਰਾਂ ਵਿਚ ਸ਼ਰੇਆਮ ਐਲਾਨਾਂ ਵਜੋਂ ਛਾਪ ਕੇ ਸਾਰੀ ਜਾਣਕਾਰੀ ਸਰਕਾਰ ਨੂੰ ਦਿਆ ਕਰਦਾ ਸੀ)।
ਅਮਰੀਕਾ ਵਿਚੋਂ ਜਾਣ ਮਗਰੋਂ ਲਾਲਾ ਹਰਦਿਆਲ ਭਾਵੇਂ ਇਕ ਗੋਰੇ ਵਾਂਙ ਪੱਛਮੀ ਜ਼ਿੰਦਗੀ ਜਿਊਂਦਾ ਰਿਹਾ ਪਰ ਉਸ ਦੇ ਮਨ ਦੇ ਅੰਦਰ ਦਾ ਆਰੀਆ ਸਮਾਜੀ ਤੇ ਫ਼ਿਰਕੂ ਬ੍ਰਾਹਮਣ ਹਮੇਸ਼ਾ ਉਸ ਦੀਆਂ ਲਿਖਤਾਂ ਵਿਚ ਕਾਇਮ ਰਿਹਾ।

ਪਰਮਾ ਨੰਦ
ਗ਼ਦਰ ਲਹਿਰ ਨਾਲ ਸਬੰਧਤ ਹਿੰਦੂਆਂ ਵਿਚ ਦੂਜਾ ਅਹਿਮ ਨਾਂ ਪਰਮਾ ਨੰਦ ਦਾ ਹੈ। ਜਿਵੇਂ ਪਹਿਲਾਂ ਜ਼ਿਕਰ ਆਇਆ ਹੈ, ਉਹ ਇਕ ਆਰੀਆ ਸਮਾਜੀ ਆਗੂ ਸੀ। ਉਹ 1915 ਤਕ ਅਮਰੀਕਾ ਵਿਚ ਰਿਹਾ ਅਤੇ ਲਾਲ ਹਰਦਿਆਲ ਵਾਂਗ ਲਹਿਰ ‘ਤੇ ਕਬਜ਼ਾ ਕਰੀ ਰੱਖਿਆ। ਇਸ ਮਗਰੋਂ ਉਹ ਆਪਣੇ ਵਤਨ ਮੁੜ ਆਇਆ। ਪਰ ਇਥੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੇ 5 ਸਾਲ ਜੇਲ੍ਹ ਕੱਟੀ ਤੇ 1920 ਵਿਚ ਉਸ ਨੂੰ ਆਮ ਮੁਆਫ਼ੀ ਵਿਚ ਰਿਹਾ ਕਰ ਦਿੱਤਾ ਗਿਆ। ਇਸ ਸਾਰੇ ਦੌਰਾਨ ਉਸ ਦਾ ਸਾਰਾ ਜੀਵਨ ਸਿੱਖਾਂ ਦੇ ਖ਼ਿਲਾਫ਼ ਲਿਖਣ ਵਿਚ ਹੀ ਬੀਤਿਆ। ਉਸ ਨੇ ਵੀਰ ਹਕੀਕਤ ਸਿੰਘ ਨੂੰ ਹਿੰਦੂ ਸਾਬਿਤ ਕਰਨ ਦੀ ਕੋਸ਼ਿਸ਼ ਵਿਚ ਹਕੀਕਤ ਰਾਏ ਲਿਖ ਕੇ ਪਰਚਾਰ ਕੀਤਾ। ਫਿਰ ਬਾਬਾ ਬੰਦਾ ਸਿੰਘ ਨੂੰ ‘ਬੈਰਾਗੀ’ ਬਣਾਉਣ ਦੀ ਕੋਸ਼ਿਸ਼ ਵਿਚ ਉਸ ਨੇ ‘ਬੰਦਾ ਬੈਰਾਗੀ’ ਕਿਤਾਬ ਲਿਖੀ। ਇਸ ਦੇ ਜਵਾਬ ਵਿਚ ਕਰਮ ਸਿੰਘ ਹਿਸਟੋਰੀਅਨ ਨੇ ‘ਬੰਦਾ ਕੌਣ ਥਾ’ ਕਿਤਾਬ ਲਿਖ ਕੇ ਪਰਮਾ ਨੰਦ ਦੀ ਸਾਜ਼ਸ ਨੂੰ ਨੰਗਾ ਕੀਤਾ। ਪਰਮਾ ਨੰਦ ਦਸੰਬਰ 1947 ਵਿਚ ਮਰਿਆ ਪਰ ਉਹ ਸਾਰੀ ਉਮਰ ਸਿੱਖਾਂ ਦੇ ਖ਼ਿਲਾਫ਼ ਅਤੇ ਆਰੀਆ ਸਮਾਜ ਦੇ ਹੱਕ ਵਿਚ ਪਰਚਾਰ ਰਕਦਾ ਰਿਹਾ। ਉਸ ਦੀਆਂ ਸੇਵਾਵਾਂ ਨੂੰ ਮੁਖ ਰਖ ਕੇ ਜਨਸੰਘ (ਹੁਣ ਭਾਜਪਾ) ਨੇ ਉਸ ਦੇ ਪੁੱਤਰ ਡਾ: ਭਾਈ ਮਹਾਂਵੀਰ ਨੂੰ ਮੱਧ ਪ੍ਰਦੇਸ਼ ਦਾ ਗਵਰਨਰ (1998-2003) ਬਣਾਇਆ।

ਪਰਮਾ ਨੰਦ ਵੱਲੋਂ ਭਾਈ ਮਤੀ ਦਾਸ ਦੀ ਕੁਲ ਵਿਚੋਂ ਹੋਣ ਦਾ ਫ਼ਰਾਡ

ਪਰਮਾ ਨੰਦ ਨੇ ਸਿੱਖਾਂ ਨੂੰ ਬੇਵਕੂਫ਼ ਬਣਾਉਣ ਦੀ ਕਸਿਸ ਵੀ ਕੀਤੀ। ਉਹ ਆਪਣੇ ਆਪ ਨੂੰ ਭਾਈ ਮਤੀ ਦਾ ਦੀ ਕੁਲ ਵਿਚੋਂ ਦਸਦਾ ਰਿਹਾ ਜਿਹੜਾ ਕਿ ਝੂਠ ਹੈ। ਪਰਮਾ ਨੰਦ ਦਰਅਸਲ ਉਸੇ ਜ਼ਾਤ ਵਿਚੋਂ ਸੀ ਜਿਸ ਵਿਚੋਂ ਭਾਈ ਮਤੀ ਸਨ। ਇਹ ਪਰਮਾ ਨੰਦ ਮੋਹੀਆਲ ਬ੍ਰਾਹਮਣਾਂ ਦੀ ਕੁਲ ਵਿਚੋਂ ਹੈ; ਇਹ ਉਹ ਲੋਕ ਨੇ ਜੋ ਪਹਿਲਾਂ ਤਾਂ ਗੁਰੁ ਸਾਹਿਬ ਤੋਂ ਖਾਂਦੇ ਰਹੇ ਪਰ ਜਦ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਮਗਰੋਂ ਸਿੱਖਾਂ ‘ਤੇ ਜ਼ੁਲਮ ਸ਼ੁਰੂ ਹੋਇਆ ਤਾਂ ਇਹ ਸਿੱਖੀ ਨੂੰ ਛੱਡ ਕੇ ਹਿੰਦੂ ਬਣ ਗਏ ਤੇ ਉਹ ਵੀ ਸਿੱਖਾਂ ਦੇ ਖ਼ਿਲਾਫ਼ ਹਰ ਲਹਿਰ ਵਿਚ ਸ਼ਾਮਿਲ ਰਹੇ।

ਭਾਈ ਮਤੀ ਦਾਸ ਕੌਣ ਸਨ: ਆਪ ਭਾਈ ਹੀਰਾ ਨੰਦ ਦੇ ਸਪੁੱਤਰ, ਭਾਈ ਦਵਾਰਕਾ ਦਾਸ ਦੇ ਪੋਤੇ ਤੇ ਸ਼ਹੀਦ ਭਾਈ ਪਰਾਗ ਦਾਸ (ਪਰਾਗਾ) ਦੇ ਪੜਪੋਤੇ ਸਨ। ਭਾਈ ਮਤੀ ਦਾਸ ਦਾ ਇਕ ਪੁੱਤਰ ਸਾਹਿਬ ਸਿੰਘ 8 ਅਕਤੂਬਰ 1700 ਦੇ ਦਿਨ ਨਿਰਮੋਹਗੜ੍ਹ ਵਿਚ ਸ਼ਹੀਦ ਹੋਇਆ ਸੀ ਤੇ ਦੂਜਾ ਮੁਕੰਦ ਸਿੰਘ ਚਮਕੌਰ ਵਿਚ 7 ਦਸੰਬਰ 1705 ਦੇ ਦਿਨ। ਇਸ ਦਾ ਪੁੱਤਰ ਚਰਨ ਸਿੰਘ ਸੀ ਜੋ ਸਾਧੂ ਬਣ ਗਿਆ ਤੇ ਭਦੌੜ ਵਿਚ ਇਸ ਨੇ ਡੇਰਾ ਬਣਾ ਲਿਆ। ਇਸ ਨੇ ਵਿਆਹ ਨਹੀਂ ਕਰਵਾਇਆ। ਇੰਞ ਭਾਈ ਮਤੀ ਦਾਸ ਦੀ ਕੁਲ ਇੱਥੇ ਹੀ ਖ਼ਤਮ ਹੋ ਗਈ। ਇਸ ਖ਼ਾਨਦਾਨ ਵਿਚ ਪਰਮਾ ਨੰਦ ਦਾ ਕੋਈ ਵੱਡਾ-ਵਡੇਰਾ ਨਜ਼ਰ ਨਹੀਂ ਆਉਂਦਾ।

ਪੰਡਤ ਪਰਮਾ ਨੰਦ ਦਾ ਅਸਲ ਕੁਰਸੀਨਾਮਾ ਇੰਞ ਹੈ: ਪਰਮਾ ਨੰਦ ਪੁੱਤਰ ਤਾਰਾ ਚੰਦ ਪੁੱਤਰ ਅਮੀਰ ਚੰਦ ਪੁੱਤਰ ਮੇਹਰਾ ਪੁੱਤਰ ਰਾਜੂ ਪੁੱਤਰ ਜੈ ਭਾਨ ਸਿੰਘ ਪੁੱਤਰ ਰਾਇ ਸਿੰਘ ਪੁੱਤਰ ਜੰਤੀ ਦਾਸ ਪੁੱਤਰ ਕਬੂਲਾ ਪੁੱਤਰ ਦਵਾਰਕਾ ਦਾਸ। ਇਨ੍ਹਾਂ ਵਿਚ ਭਾਈ ਮਤੀ ਦਾਸ ਕਿੱਥੇ ਹੈ?

ਪਰਮਾ ਨੰਦ ਦਾ ਪੂਰਾ ਕੁਰਸੀਨਾਮਾ ਇੰਞ ਹੈ: {ਭਾਈ ਰਾਇ ਸਿੰਘ ਦੇ ਤਿੰਨ ਬੇਟੇ ਸਨ : ਭਾਈ ਹਰਿਜਸ ਸਿੰਘ, ਭਾਈ ਧਰਮਜਸ ਸਿੰਘ ਤੇ ਭਾਈ ਜੈਭਾਨ ਸਿੰਘ। ਇਨ੍ਹਾਂ ਵਿਚੋਂ ਵਿਚਕਾਰਲੇ, ਭਾਈ ਧਰਮਜਸ ਸਿੰਘ ਦੀ ਅੱਗੋਂ ਔਲਾਦ ਚਲੀ ਸੀ। ਉਹ ਇਕ ਮੁਗ਼ਲਾਂ ਦੇ ਜ਼ੁਲਮ ਤੋਂ ਡਰ ਕੇ ਅਤੇ ਦੂਜਾ ਬ੍ਰਾਹਮਣੀ-ਪੁਜਾਰੀ ਕਿੱਤਾ ਜਾਰੀ ਰੱਖਣ ਕਰ ਕੇ ਸਿੱਖ ਧਰਮ ਛੱਡ ਕੇ ਹਿੰਦੂ ਬਣ ਗਏ। ਭਾਈ ਧਰਮਜਸ ਸਿੰਘ ਦਾ ਪੁੱਤਰ ਰਾਮ ਕਿਸ਼ਨ ਸਿੰਘ ਤੋਂ ਰਾਮ ਕਿਸ਼ਨ ਬਣ ਗਿਆ। ਇੰਞ ਹੀ ਭਾਈ ਰਾਇ ਸਿੰਘ ਦੇ ਤੀਜੇ ਤੇ ਸਭ ਤੋਂ ਛੋਟੇ ਪੁੱਤਰ ਭਾਈ ਜੈਭਾਨ ਸਿੰਘ ਦੇ ਬੱਚੇ ਵੀ ਸਿੱਖ ਧਰਮ ਛੱਡ ਗੇ ਅਤੇ ਹਿੰਦੂ ਬਣ ਗਏ। ਭਾਈ ਜੈਭਾਨ ਸਿੰਘ ਦੇ ਪੰਜ ਪੁੱਤਰ ਸਨ: ਰਾਜੂ, ਰਾਮ ਦਿਆਲ, ਹਰਿ ਦਿਆਲ, ਉਤਮ ਚੰਦ ਅਤੇ ਮੰਗਲ ਸੈਨ। ਇਨ੍ਹਾਂ ਵਿਚੋਂ ਰਾਜੂ ਦਾ ਪੁੱਤਰ ਮੇਹਰ ਸੀ। ਮੇਹਰੇ ਦੇ ਅੱਗੋਂ ਸੱਤ ਪੁੱਤਰ ਸਨ। ਇਨ੍ਹਾਂ ਵਿਚੋਂ ਤੀਜੇ ਥਾਂ ’ਤੇ ਅਮੀਰ ਚੰਦ ਸੀ ਇਸ ਦੇ ਅੱਗੋਂ ਤਿੰਨ ਪੁੱਤਰ ਸਨ। ਇਨ੍ਹਾਂ ਵਿਚੋਂ ਸਭ ਤੋਂ ਛੋਟਾ ਤਾਰਾ ਚੰਦ ਸੀ। ਤਾਰਾ ਚੰਦ ਦੇ ਅੱਗੋਂ ਦੋ ਪੁੱਤਰ ਸਨ : ਪਰਮਾ ਨੰਦ ਅਤੇ ਬਾਲ ਮੁਕੰਦ। ਭਾਈ ਪਰਮਾ ਨੰਦ ਦੇ ਭਰਾ ਬਾਲ ਮੁਕੰਦ ਦੇ ਤਿੰਨਾਂ ਵਿਚੋਂ ਸਭ ਤੋਂ ਛੋਟੇ ਬੇਟੇ ਭਾਈ ਕੁੰਦਨ ਲਾਲ ਦਾ। ਭਾਈ ਕੁੰਦਨ ਲਾਲ ਦੇ ਚਾਰ ਬੇਟੇ ਸਨ। ਇਹ ਚਾਰੇ ਸਿੰਘ ਸਜੇ ਸਨ। ਇਹ ਸਨ : ਭਾਈ ਪਰਮਜੀਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਭਾਰਤਦੀਪ ਸਿੰਘ ਤੇ ਭਾਈ ਅਸ਼ੋਕ ਸਿੰਘ । ਇਹ ਸਾਰੇ ਮਧੂਬਨ (ਨੇੜੇ ਕਰਨਾਲ), ਹਰਿਆਣਾ ਵਿਚ ਰਹਿੰਦੇ ਰਹੇ ਹਨ।}

ਸੋ ਪਰਮਾ ਨੰਦ ਮਤੀ ਦਾਸ ਦੀ ਕੁਲ ਵਿਚੋਂ ਨਹੀਂ ਬਲਕਿ ਰਾਇ ਸਿੰਘ ਦੱਤ ਦੀ ਕੁਲ ਵਿਚੋਂ ਸੀ।

ਲਾਲਾ ਲਾਜਪਤ ਰਾਏ
ਲਾਲਾ ਲਾਜਪਤ ਰਾਏ ਆਰੀਆ ਸਾਮਜ ਦਾ ਤੀਜਾ ਆਗੂ ਸੀ ਜੋ ਸਿੱਖਾਂ ਵਿਚ ਸ਼ਾਮਿਲ ਹੋਇਆ। (ਇਹ ਅਗਰਵਾਲ ਬਾਨੀਆਂ ਬਰਾਦਰੀ ਵਿਚੋਂ ਸੀ। ਇਹ ਪਹਿਲਾਂ ਸਿੱਖ ਸਰੂਪ ਵਿਚ ਸੀ; ਕੇਸ ਤੇ ਦਾੜ੍ਹੀ ਸਾਬਿਤ ਰੱਖੇ ਹੋਏ ਸਨ ਪਰ 1907 ਵਿਚ ਜ ਦਇਸ ਨੂੰ ਬਰਮਾ ਜਲਾਵਤਨ ਕਤਿਾ ਗਿਆ ਤਾਂ ਇਸ ਨੇ ਕੇਸ ਕਟਾ ਲਏ ਤੇ ਕੱਟ ੜਫ਼ਿਰਕੂ ਹਿੰਦੂ ਬਣ ਗਿਆ ਤੇ ਸਿੱਖਾਂ ਦੁੇਖ਼ਿਲਾਫ਼ ਪਰਚਾਰ ਕਰਨ ਲਗ ਪਿਆ। ਇਸ ਦੀ ਮਾਂ ਗੁਲਾਬ ਦੇਵੀ ਨੂੰ ਇਸ ਦੀ ਇਸ ਹਰਕਤ ਦਾ ਬਹੁਤ ਸਦਮਾ ਲੱਗਾ ਤੇ ਉਹ ਬੀਮਾਰ ਪੈ ਗਈ ਤੇ ਅਖ਼ੀਰ ਇੰਞ ਹੀ ਉਹ ਦੁਨੀਆਂ ਤੋਂ ਟੁਰ ਗਈ)। ਜਦ ਬਹੁਤੇ ਗ਼ਦਰੀ ਆਗੂ ਗ੍ਰਿਫ਼ਤਾਰ ਹੋ ਗਏ ਤਟ ਜੇਲ੍ਹਾਂ ਵਿਚ ਸੁੱਟੇ ਗਏ ਤਾਂ ਲਾਲਾ ਲਾਜਪਤ ਰਾਏ ਨੇ ਇਨ੍ਹਾਂ ਕੇਦੀਆਂ ਦੇ ਪਰਵਾਰਾਂ ਦੀ ਮਦਦ ਵਾਸਤੇ ਕਨੇਡਾ ਤੇ ਅਮਰੀਕਾ ਦੇ ਸਿੱਖਾਂ ਤੋਂ 70 ਹਜ਼ਾਰ ਰੁਪੈ (ਜੋ ਉਦੋਂ ਬਹੁਤ ਵੱਡੀ ਰਕਮ ਸੀ) ਇਕੱਠ ਕੀਤੇ ਅਤੇ ਉਹ ਸਾਰੀ ਰਕਮ ਉਸ ਨੇ ਆਰੀਆ ਮਸਾਜ ਦੇ ਸਿੱਖ ਵਿਰੋਧੀ ਪਰਚਾਰ ਵਾਸਤੇ ਖਰਚੀ। ਯਾਨਿ ਸਿੱਖਾਂ ਦੀਆਂ ਜੁੱਤੀਆਂ ਸਿੱਖਾਂ ਦੇ ਹੀ ਸਿਰ।

ਸਾਵਰਕਰ
ਸਿੱਖਾਂ ਵਿਚ ਵੜ ਕੇ ਉਨ੍ਹਾਂ ਨੂੰ ਵਰਤਣ ਦੀ ਕੋਸ਼ਿਸ਼ ਕਰਨ ਵਾਲਾ ਇਕ ਹੋਰ ਫ਼ਿਰਕੂ ਹਿੰਦੂ ਸਾਵਰਕਰ ਸੀ। ਉਹ ਸਿੱਖਾਂ ਹੀ ਨਹੀਂ ਪੰਜਾਬੀਆਂ ਨਾਲ ਵੀ ਖਾਰ ਕਾਂਦਾ ਸੀ। ਜੂਨ 1909 ਵਿਚ ਗਣੇਸ਼ ਵੀਰ ਸਾਵਰਕਰ ਨੇ ਲੰਡਨ ਵਿਚ ਇੰਜਨੀਅਰਿੰਗ ਦਾ ਕੋਰਸ ਮੁਕਾ ਕੇ ਪੰਜਾਬ ਪਰਤਣ ਵਾਲੇ ਇਕ ਨੌਜਵਾਨ ਮਦਨ ਲਾਲ ਢੀਂਗਰਾ ਨੂੰ ਭੜਕਾ ਕੇ ਅੰਗਰੇਜ਼ਾਂ ਤੋਂ ਬਦਲਾ ਲੈਣ ਵਾਸਤੇ ਤਿਆਰ ਕੀਤਾ। ਢੀਂਗਰਾ ਨੇ ਇੰਡੀਆ ਆਫ਼ਿਸ ਦੇ ਸੀਨੀਅਰ ਅਫ਼ਸਰ ਸਰ ਵਿਲੀਅਮ ਕਰਜ਼ਨ ਵਾਹਿਲੀ ਨੂੰ ਪਹਿਲੀ ਜੁਲਾਈ 1909 ਦੇ ਦਿਨ ਗੋਲੀ ਮਾਰ ਕੇ ਮਾਰ ਦਿਤਾ (ਤੇ ਇਸ ਦੋਸ਼ ਵਿਚ ਉਸ ਨੂੰ ਫ਼ਾਂਸੀ ਦੀ ਸਜ਼ਾ ਦਿਤੀ ਗਈ)। ਸਾਵਰਕਰ ਨੂੰ ਵੀ 1910 ਵਿਚ ਕੈਦ ਕੀਤਾ ਗਿਆ ਸੀ। ਪਰ ਉਸ ਕੋਲੋਂ ਕੈਦ ਨਾ ਕੱਟੀ ਗਈ ਤੇ ਉਸ ਨੇ 1921 ਵਿਚ ਲਿਖਤੀ ਮੁਆਫ਼ੀ ਮੰਗ ਕੇ ਰਿਹਾਈ ਲੈ ਲਈ (ਕਮਾਲ ਹੈ ਕਿ ਉਸ ਦੇ ਚੇਲੇ ਉਦ ਨੂੰ ਫਿਰ ਵੀ “ਵੀਰ” ਸਵਾਰਕਰ ਲਿਖਦੇ ਹਨ)। ਇਸ ਮਗਰੋਂ ਉਸ ਨੇ ਅੰਗਰੇਜ਼ਾਂ ਨਾਲ ਪੂਰੀ ਵਫ਼ਾਦਾਰੀ ਨਿਭਾਈ ਅਤੇ 1942 ਵਿਚ ‘ਅੰਗਰੇਜ਼ੋ ਭਾਰਤ ਛੱਡੋ’ ਲਹਿਰ ਦੀ ਜ਼ੋਰਦਾਰ ਮੁਖ਼ਾਲਫ਼ਤ ਕੀਤੀ। ਇਸ ਮਗਰੋਂ ਉਸ ਨੇ ਸਾਰੀ ਜ਼ਿੰਦਗੀ ਸਿਰਫ਼ ਹਿੰਦੂਤਵ ਦਾ ਪ੍ਰਚਾਰ ਕੀਤਾ।ਉਹ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਵੀ ਬਣਿਆ।

ਕਨੇਡਾ ਦੀ ਤਸਵੀਰ
ਕਨੇਡਾ ਵਿਚ ਵੀ ਵਿਤਕਰਿਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਸਿਰਫ਼ ਸਿੱਖਾਂ ਨੂੰ ਕਰਨਾ ਪਿਆ, ਜਦ ਕਿ ਹਿੰਦੂ ਜਾਂ ਤਾਂ ਸਰਕਾਰ ਦੇ ਟਾਊਟ ਸਨ ਜਾਂ ਸਿੱਖਾਂ ਦੇ ਦੁਸ਼ਮਣ ਤੇ ਜਾਂ ਫਿਰ ਸਰਕਾਰ ਨਾਲ ਹਰ ਗੱਲ ਵਿਚ ਮਿਲਵਰਤਣ ਕਰਨ ਵਾਲੇ।

ਗ਼ਦਾਰ ਬੇਲਾ ਸਿੰਘ ਜਿਆਣ ਦੇ ਮੁਖ ਸਾਥੀ ਤਕਰੀਬਨ ਸਾਰੇ ਹੀ ਹਿੰਦੂ ਸਨ। ਉਸ ਵੱਲੋਂ 5 ਅਕਤੂਬਰ 19194 ਦੇ ਦਿਨ ਗੁਰਦੁਆਰੇ ਵਿਚ ਕੀਤੇ, ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ, ਦੇ ਕਤਲਾਂ ਸਬੰਧੀ ਮੁਕੱਦਮੇ ਵਿਚ ਸਾਰੇ ਹਿੰਦੂ ਉਸ ਦੇ ਹੱਕ ਵਿਚ ਭੁਗਤੇ ਸਨ; ਮਿਸਾਲ ਵਜੋਂ ਬੇਲਾ ਸਿੰਘ ਦੇ ਹੱਕ ਵਿਚ ਮੁਕਾਮੀ ਹਿੰਦੂਆਂ ਠਾਕਰ, ਬਾਬੂ, ਸੇਵਾ, ਅਮਰ, ਨੱਥਾ, ਗੰਗੂ ਰਾਮ ਤੇ ਡਾ: ਰਘੂ ਨਾਥ (ਕਾਮਾਗਾਟਾ ਜਹਾਜ਼ ਵਿਚ ਅੰਗਰੇਜ਼ਾਂ ਵਾਸਤੇ ਸੀ.ਆਈ.ਡੀ. ਕਰਨ ਵਾਲਾ) ਵਗ਼ੈਰਾ। ਇੰਞ ਹੀ ਵੈਨਕੂਵਰ ਵਿਚ ਇਕ ਹੋਰ ਹਿੰਦੂ ਰਾਮ ਚੰਦ (ਜੋ ਕਿ ਗੋਰੇ ਹਾਕਮਾਂ ਦਾ ਟਾਊਟ ਸੀ ਅਤੇ ਸਿੱਖਾਂ ਦੇ ਖ਼ਿਲਾਫ਼ ਰਿਪੋਰਟਾਂ ਪੁਲੀਸ ਕੋਲ ਪਹੁੰਚਾਇਆ ਕਰਦਾ ਸੀ) ਨੂੰ ਰਾਮ ਸਿੰਘ ਨਾਂ ਦੇ ਇਕ ਸਿੱਖ ਨੇ 23 ਅਪਰੈਲ 1915 ਦੇ ਦਿਨ ਅਦਾਲਤ ਵਿਚ ਗੋਲੀ ਮਾਰ ਕੇ ਮਾਰ ਦਿੱਤਾ । ਮਗਰੋਂ ਰਾਮ ਸਿੰਘ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ।

ਯਾਨਿ ਸਾਰੇ ਹਿੰਦੂ ਸਿੱਖਾਂ ਦੇ ਦੁਸ਼ਮਣ ਤੇ ਸਰਕਾਰ ਦੇ ਟਾਊਟ ਸਨ। ਇੰਞ ਹੀ 21 ਅਕਤੂਬਰ 1914 ਦੇ ਦਿਨ ਜਦ ਮੇਵਾ ਸਿੰਘ ਲੋਪੋਕੇ ਨੇ ਹਾਪਕਿਨਸਨ ਨੂੰ ਕਤਲ ਕੀਤਾ ਤਾਂ 25 ਤਾਰੀਖ਼ ਨੂੰ ਹਿੰਦੂਆਂ ਨੇ ਉਸ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ (ਵੈਨਕੂਵਰ ਸਨ, 26.101914)

ਇਹ ਸੀ ਅਸਲ ਚਿਹਰਾ ਗ਼ਦਰ ਪਾਰਟੀ ਨਾਲ ਸਬੰਧਤ ਹਿੰਦੂ ਆਗੂਆਂ ਦਾ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top