Share on Facebook

Main News Page

ਸਿੱਖ ਸੰਗਤ ਨੂੰ ਅਖੌਤੀ ਦਸਮ ਗ੍ਰੰਥ ਬਾਰੇ ਕੁੱਝ ਸਵਾਲ  ਹੁਣ ਦੱਸੋ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕੌਣ ਹੈ ?

ਨੋਟ: ਇਹ ਲੇਖ ਖ਼ਾਲਸਾ ਨਿਊਜ਼ ਨੂੰ ਈਮੇਲ ਰਾਹੀਂ ਪ੍ਰਾਪਤ ਹੋਇਆ ਹੈ, ਇਸ ਦੇ ਲੇਖਕ ਬਾਰੇ ਕੋਈ ਜਾਣਕਾਰੀ ਨਹੀਂ। ਪਰ ਸਾਰੇ ਸਵਾਲ ਵਾਜਿਬ ਹਨ। ਜੇ ਕਿਸੇ ਕੋਲ਼ ਇਨ੍ਹਾਂ ਦਾ ਜਵਾਬ ਹੈ ਤਾਂ, ਸਭਿਯਕ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ, ਜਵਾਬ ਦਿੱਤੇ ਜਾਣ।

1. ਦਸਮ ਗ੍ਰੰਥ ਦਾ ਲਿਖਾਰੀ ਪੰਨਾ 916 'ਤੇ ਲਿਖਦਾ ਹੈ, ਕਿ ਨਿਆਂਕਾਰ ਜਹਾਂਗੀਰ ਮਰ ਗਿਆ। "ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਿਜਹਾਂ ਹਜਰਤਿ ਜੂ ਭਯੋ॥" ਜੇਕਰ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਕੀ ਉਹ ਆਪਣੇ ਪੜ-ਦਾਦੇ ਦੇ ਕਾਤਲ ਨੂੰ ਨਿਆਂਕਾਰ ਲਿਖ ਸਕਦੇ ਹਨ? ਨਹੀਂ। ਜੇਕਰ ਜਹਾਂਗੀਰ ਨਿਆਂਕਾਰ ਸੀ, ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕੌਣ ਸਨ?

2. ਹੁਣੇ ਹੁਣੇ ਐਲ. ਏ. ਅਮਰੀਕਾ ਵਿਚ ਦਸਮ ਗ੍ਰੰਥ ਸਬੰਧੀ ਕਾਨਫ੍ਰੰਸ ‘ਚ ਬੋਲਦਿਆਂ ਡਾ. ਗੁਰਿੰਦਰ ਸਿੰਘ ਮਾਨ ਨੇ ਇਹ ਸਾਬਤ ਕੀਤਾ ਕਿ ਦਸਮ ਗ੍ਰੰਥ ਗੁਰੂ ਜੀ ਨੇ 1696 ਵਿਚ ਪੂਰਾ ਕੀਤਾ ਸੀ। ਦੂਸਰੇ ਪਾਸੇ ‘ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਵਾਲਾ ਸ਼ਬਦ ਤਾਂ ਸਾਰੇ ਵਿਦਵਾਨ ਤੇ ਪ੍ਰਚਾਰਕ ਇਹ ਮੰਨਦੇ ਹਨ, ਕਿ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲ ਵਿਚ ਬੈਠਿਆਂ ਗੁਰੂ ਜੀ ਨੇ ਉਚਾਰਣ ਕੀਤਾ। ਇਹ ਘਟਨਾ ਤਾਂ 27-28 ਦਸੰਬਰ 1704 ਦੀ ਹੈ। ਹੁਣ ਇਹ ਦੱਸੋ ਕਿ ਇਹ ਗ੍ਰੰਥ ਲਿਖਿਆ ਕਦੋਂ ਗਿਆ

3. ਕੀ ਗੁਰੂ ਜੀ ਨੇ ਆਪਣਾ ਗ੍ਰੰਥ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਪੂਰਾ ਕਰਨਾ ਸੀ? | ਭਾਂਦੋ ਸੁਦੀ 8 ਸੰਮਤ 1753 (25 ਅਗਸਤ 1696 ਯੂਲੀਅਨ) ਨੂੰ ਦਿਨ ਮੰਗਲਵਾਰ ਸੀ, ਜਦੋਂ ਕਿ ਲੇਖਕ ਐਤਵਾਰ ਲਿਖ ਰਿਹਾ ਹੈ।

4. ਇਸ ਗ੍ਰੰਥ ਦੀਆਂ ਅੰਦਰਲੀਆਂ ਗਵਾਹੀਆਂ ਤਾਂ ਹੇਠ ਲਿਖੀਆਂ ਤਰੀਕਾਂ ਦੱਸਦੀਆਂ ਹਨ:-

ਇਸ ਗ੍ਰੰਥ ਦੇ ਸੰਪੂਰਨ ਹੋਣ ਦੀਆਂ ਪੰਜ ਤਰੀਕਾਂ ਇਸੇ ਗ੍ਰੰਥ ਵਿਚੋਂ ਮਿਲਦੀਆਂ ਹਨ। ਕਿਹੜੀ ਤਰੀਕ ਠੀਕ ਹੈ? ਪੰਨਾ 254, 354, 386, 570 ਅਤੇ 1388

ਪੰਨਾ 254|| ਸੰਮਤ ਸੱਤ੍ਰਹ ਸਹਸ ਪਚਾਵਨ ਹਾੜ ਵਦੀ ਪ੍ਰਿਥਮੈ ਸੁਖ ਦਾਵਨ। ਜਾਣ ਬੁੱਝ ਕੇ ਹਫਤੇ ਦਾ ਦਿਨ ਨਹੀਂ ਦਿੱਤਾ ਗਿਆ ਤਾਂਕਿ ਗਲਤੀ ਨਾ ਫੜੀ ਜਾ ਸਕੇ। ਐਸੀ ਗਲਤੀ ਗੁਰੂ ਜੀ ਨਹੀਂ ਕਰਨਗੇ।

ਪੰਨਾ 354|| ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥ ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ॥ ਇੱਥੇ ਮਹੀਨਾ, ਹਫਤਾਵਾਰੀ ਦਿੱਨ ਤੇ ਵਦੀ ਸੁਦੀ ਲਿਖਾਰੀ ਸੱਭ ਛੱਡ ਗਿਆ। ਇਹ ਵੀ ਬਹੁਤ ਭਾਰੀ ਚਲਾਕੀ ਹੈ ਆਪਣੀ ਗਲਤੀ ਨੂੰ ਛਪਾਉਣ ਲਈ। ਐਸੀ ਗਲਤੀ ਗੁਰੂ ਜੀ ਨਹੀਂ ਕਰਨਗੇ।

ਪੰਨਾ 386|| ਦੋਹਰਾ॥ ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਿਵਾਰ॥ ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ॥ 983|| ਖੜਗਪਾਨ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ॥ ਭੂਲ ਹੋਇ ਜਹਂ ਤਹਿਂ ਸੁ ਕਬਿ ਪੜੀਅਹੁ ਸਭੈ ਸੁਧਾਰ॥ 984॥

ਦ.ਗ੍ਰੰ.ਪੰਨਾ 570|| ਦੋਹਰਾ॥ ਸੱਤ੍ਰਹ ਸੈ ਪਤਾਲ ਮਹਿ ਸਾਵਨ ਸੁਦਿ ਥਿਤਿ ਦੀਪ॥ ਨਗਰ ਪਾਂਵਟਾ ਸੁਭ ਕਰਨ ਜਮਨਾ ਬਹੈ ਸਮੀਪ॥॥2490|| ਦਸਮ ਕਥਾ ਭਗਾਉਤ ਕੀ ਭਾਖਾ ਕਰੀ ਬਨਾਇ॥ ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ॥2491॥

ਪੰਨਾ 1388: ਸੰਬਤ ਸੱਤ੍ਰਹ ਸਹਸ ਭਣਿਜੈ॥ ਅਰਧ ਸਹਸ ਫੁਨਿ ਤੀਨਿ ਕਹਿੱਜੈ। ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ। ਤੀਰ ਸਤੁੱਸ੍ਰਵ ਗ੍ਰੰਥ ਸੁਧਾਰਾ॥ ਸੰਮਤ 1753 ਭਾਦ੍ਰਵ ਸੁਦੀ ਅਸ਼ਟਮੀ ਨੂੰ ਰਵੀਵਾਰ ਨਹੀਂ ਸੀ ਬਲਕਿ ਮੰਗਲਵਾਰ ਸੀ।

5. ਕੀ ਗੁਰੂ ਗੋਬਿੰਦ ਸਿੰਘ ਜੀ ਭੁੱਲੜ ਤੇ ਡਰੂ ਲਿਖਾਰੀ ਸਨ?

ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥ ਚੂਕ ਹੋਇ ਜਹਤਹ ਸੁ ਕਬਿ ਲੀਜਹੁ ਸਕਲ ਸੁਧਾਰ॥ ਦ. ਗ੍ਰੰ .ਪੰਨਾ 354॥

ਤਾਤੇ ਕਹੀ ਨ ਰੁਦ੍ਰ ਕਹਾਨੀ॥ ਗ੍ਰੰਥ ਬਢਨ ਕੀ ਚਿੰਤ ਪਛਾਨੀ॥ ਤਾ ਤੇ ਕਥਾ ਥੋਰ ਹੀ ਭਾਸੀ॥ ਨਿਰਖ ਭੂਲਿ ਕਬਿ ਕਰੋ ਨ ਹਾਸੀ॥ ਦ. ਗ੍ਰੰ. ਪੰਨਾ 181॥

6. ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦਾ ਪੁਜਾਰੀ ਹੈ ਤੇ ਉਸਦੇ ਸਿੱਖ ਬਣਾਉਣ ਦਾ ਤਰੀਕਾ ਹੈ ਸ਼ਰਾਬ ਅਫੀਮ ਭੰਗ ਪਿਆ ਕੇ ਨਾ ਕੇ ਖੰਡੇ-ਬਾਟੇ ਦੀ ਪਾਹੁਲ ਪਿਆ ਕੇ। ਦ. ਗ੍ਰੰ. ਪੰਨਾ 1210, ਚਰਿਤ੍ਰ 266 ਅਖੀਰਲਾ ਬੰਦ।

ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ। ਮਹਾਕਾਲ ਕੋ ਸਿੱਖਯ ਕਰ ਮਦਰਾ ਭਾਂਗ ਪਵਾਇ॥

7. ਕੀ ਗੁਰੂ ਜੀ ਦੇਵੀ ਦੇ ਪੁਜਾਰੀ ਸਨ?

ਸਰਬਕਾਲ ਹੈ ਪਿਤਾ ਹਮਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ ਦ. ਗ੍ਰੰ. ਪੰਨਾ 73|| ਇਸਨੂੰ ਯੁਗਲ ਭਗਤੀ ਕਹਿੰਦੇ ਹਨ ਜੋ ਹਿੰਦੂ ਮੱਤ ਵਿਚ ਪ੍ਰਵਾਨ ਹੈ। ਜਿਵੇਂ: ਰਾਧੇ ਸ਼ਾਮ, ਸੀਤਾ ਰਾਮ, ਬਿਸ਼ਨੂੰ ਲੱਛਮੀ, ਮਹਾਂਕਾਲ ਤੇ ਕਾਲਕਾ॥

ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥ ਦ.ਗ੍ਰੰ. ਪੰਨਾ 55|| ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲਬਿਖ ਸਕਲ ਦੇਹ ਕੋ ਹਰਤਾ। ਦੁਸਟ ਦੋਖਿਯਨ ਕੋ ਛੈ ਕਰਤਾ।402| ਪੰਨਾ 1388॥

ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆ॥ ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ॥55|| ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ॥ ਦ.ਗ੍ਰੰ. ਪੰਨਾ 127|| ਇਸ ਦੁਰਗਾ ਦੀ ਵਾਰ ਵਿਚੋਂ ਹੀ ਸਾਡੀ ਅਰਦਾਸ ਆਈ ਹੈ, ਦਸਮ ਗ੍ਰੰਥ ਦੇ ਪੰਨਾ 119 ਤੋਂ।

8. ਦਸਮ ਗ੍ਰੰਥ ਦਾ ਰੱਬ ਕਿਹੋ ਜਿਹਾ ਹੈ?

ਚਤੁਰ ਬਾਂਹ ਚਾਰੰ॥ ਨਿਜੂਟ ਸੁਧਾਰੰ॥ ਗਦਾ ਪਾਸ ਸੋਹੰ॥ ਜਮੰ ਮਾਨ ਮੋਹੰ॥32|| ਸੁਭੰ ਜੀਭ ਹੁਆਲੰ॥ ਸੁ ਦਾੜ੍ਹਾ ਕਰਾਲੰ॥ ਦ.ਗ੍ਰੰ. ਪੰਨਾ 41|| ਇਸਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1359 ਤੇ ਦਰਜ਼ ਸਲੋਕ ਗਦਾ ਤੇ ਸੰਖ ਆਦਿ ਹੋਣ ਦੀ ਗੱਲ ਨੂੰ ਰੱਦ ਕਰਦਾ ਹੈ॥ ਨ ਸੰਖੰ ਨਾ ਚਕ੍ਰੰ ਨ ਗਦਾ ਨ ਸਿਅਮੰ॥ ਅਸਰਜ ਰੂਪੰ ਰਹੰਤ ਜਨਮੰ॥ ਨੇਤ ਨੇਤ ਕਥੰਤਿ ਬੇਦਾ॥ ਊਚ ਮੂਚ ਅਪਾਰ ਗੋਬੰਦਹ॥

9. ਦਸਮ ਗ੍ਰੰਥ ਦਾ ਰੱਬ ਸ਼ਰਾਬ ਵੀ ਪੀਦਾ ਹੈ।

ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥ ਦ.ਗ੍ਰੰ. ਪੰਨਾ 42॥

10. ਦਸਮ ਗ੍ਰੰਥ ਵਿਚ ਸ੍ਰਿਸ਼ਟੀ ਸਾਜਣ ਦਾ ਢੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਪਰੀਤ ਹੈ।

ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੁ ਕੀਟਬ ਤਨ ਧਾਰਾ॥ ਦੁਤੀਯ ਕਾਨ ਤੇ ਮੈਲੁ ਨਿਕਾਰੀ॥ ਤਾ ਤੇ ਭਈ ਸ੍ਰਿਸ਼ਟ ਇਹ ਸਾਰੀ॥ ਦ. ਗ੍ਰੰ. ਪੰਨਾ 47|| ਜਦੋਂ ਦੂਜੇ ਕੰਨ ਤੋਂ ਮੈਲ ਨਿਕਾਲਣ ਤੋਂ ਬਾਅਦ ਹੀ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਤਾਂ ਫਿਰ ਪਹਿਲੇ ਕੰਨ ਦੀ ਮੈਲ ਤੋਂ ਬਣਾਏ ਗਏ ਕੀੜੇ ਮਕੌੜੇ ਕਿਥੇ ਰੱਖੇ? ਜਪੁ ਬਾਣੀ ਸ੍ਰਿਸ਼ਟੀ ਸਾਜਣ ਬਾਰੇ ਕੀ ਫੁਰਮਾਣ ਕਰਦੀ ਹੈ। ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥

11. ਦ.ਗ੍ਰੰ. ਪੰਨਾ 901 ਤੇ ਚਰਿਤ੍ਰ ਨੰਬਰ 71 ਵਿਚ ਇਹ ਲਿਖਿਆ ਹੈ। ਗੁਰੂ ਜੀ ਪਾਉਂਟਾ ਨਗਰ ਪਹੁੰਚ ਕੇ ਆਪਣੇ ਸਿਪਾਹੀਆਂ ਨੂੰ ਪੱਗਾਂ ਦੇਣ ਦੀ ਇੱਛਾ ਜ਼ਾਹਰ ਕਰਦੇ ਹਨ, ਪਰ ਬਜ਼ਾਰ ਵਿਚ ਮਲਮਲ ਦੀ ਇਕ ਪੱਗ ਵੀ ਉਪਲੱਬਧ ਨਹੀਂ। ਗੁਰੂ ਜੀ ਨੇ ਇਕ ਦਿਨ ਕਪਾਲ ਮੋਚਨ ਤੀਰਥ 'ਤੇ ਜਾ ਕੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਇਸ ਤੀਰਥ ਤੇ ਪਿਸ਼ਾਬ ਕਰਨ ਵਾਲਿਆਂ ਦੀਆਂ ਪੱਗਾਂ ਉਤਾਰ ਲਈਆਂ ਜਾਣ। ਇਕ ਦਿਨ ਵਿਚ 800 ਪੱਗਾਂ ਉਤਾਰ ਕੇ, ਧੁਆ ਕੇ, ਆਪਣੇ ਸਿਪਾਹੀਆਂ ਵਿਚ ਵੰਡ ਦੇਣ ਤੋਂ ਬਾਅਦ, ਜੋ ਬਚੀਆਂ ਬਜ਼ਾਰ ਵਿਚ ਵੇਚ ਦਿਤੀਆਂ ਗਈਆਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕੀ ਲੋਕਾਂ ਦੇ ਸਿਰ ਪੱਗਾਂ ਬੰਨਵਾਉਂਦੇ ਸਨ ਜਾਂ ਉਤਵਾਉਂਦੇ ਸਨ?

12. ਕੀ ਗੁਰੂ ਜੀ ਜੰਗ ਵਿਚ ਹਾਰੇ ਕਿਸੇ ਮਨੁੱਖ ਦਾ ਸਿਰ ਮੁੰਨ ਕੇ ਸ਼ਹਿਰ ਵਿਚ ਗੇੜੇ ਕੱਢਵਾਉਣਗੇ? ਮੂੰਡ ਮੂੰਡ ਕਰ ਸਹਿਰ ਫਿਰਾਏ॥ ਕਾਰ ਭੇਟ ਜਨੁ ਲੈਨ ਸਿਧਾਏ॥19॥ ਦ.ਗ੍ਰੰ. ਪੰਨਾ 72॥

13. ਦਸਮ ਗ੍ਰੰਥ ਦਾ ਲਿਖਾਰੀ ਨੇ ਥਾਂ-ਥਾਂ ਆਪਣਾ ਨਾਮ ਲਿਖਿਆ ਹੈ।

ਸੁਨੀਅਹੁ ਸੰਤ ਸਭੈ ਚਿਤ ਲਾਈ॥ ਬਰਨਤ ਸ੍ਯਾਮ ਜਥਾ ਮਤ ਭਾਈ॥ (ਪੰਨਾ 155)

ਮਿਲਿ ਦੇਵ ਅਦੇਵਨ ਸਿੰਧ ਮਥ੍ਯੋ॥ ਕਬ ਸ੍ਯਾਮ ਕਵਿੱਤਨ ਮੱਧ ਕਥ੍ਯੋ॥ (ਪੰਨਾ 160)

ਮਾਰ ਚਮੂੰ ਸੁ ਬਿਦਰ ਦਈ ਕਬਿ ਰਾਮ ਕਹੈ ਬਲ ਸੋ ਨ੍ਰਿਪ ਗਾਜ੍ਯੋ॥ (ਪੰਨਾ 408)

ਕਥਾ ਸਤ੍ਰਵੀ ਰਾਮ ਕਬਿ ਉਚਾਰਿ ਹਿਤ ਚਿਤ ਲਾਇ॥ (ਪੰਨਾ 835)

ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸਮਗ॥੧੦॥ (ਪੰਨਾ 1355)

ਇਹ ਸਾਬਤ ਕਰਨ ਲਈ ਕਿ ਦਸਮ ਗ੍ਰੰਥ ਕਵੀ ਰਾਮ ਅਤੇ ਸ੍ਯਾਮ ਦੀ ਰਚਨਾ ਹੈ, ਦਸਮ ਗ੍ਰੰਥ ‘ਚ ਅਜੇਹੇ ਸੈਂਕੜੇ ਹਵਾਲੇ ਦਿੱਤੇ ਜਾ ਸਕਦੇ ਹਨ। ਮਹਾਨ ਕੋਸ਼ ਦੇ ਪੰਨਾ 845 ਤੇ ਗੁਰੂ ਜੀ ਦੇ ਬਵੰਜਾ ਕਵੀਆਂ ਨਾਮ ਦਰਜ਼ ਹਨ। ਸ਼ਯਾਮ ਕਵੀ ਦਾ ਨੰਬਰ 13 ਤੇ ਰਾਮ ਕਵੀ ਦਾ ਨੰਬਰ 49 ਹੈ।

14. ਕੀ ਗੁਰੂ ਜੀ ਦਸਮ ਗ੍ਰੰਥ ਵਿਚ ਅੰਗਰੇਜੀ ਅੱਖਰ ਵੀ ਵਰਤਦੇ ਸਨ? ਏਕ ਮਾਰਗ ਦੂਰ ਹੈ ਇਕ ਨੀਅਰ ਹੈ ਸੁਨਿ ਰਾਮ॥ ਰਾਹ ਮਾਰਤ ਰਾਛਮੀ ਜਿਹ ਤਾਰਕਾ ਗਨਿ ਨਾਮ॥ ਦ. ਗ੍ਰੰ. ਪੰਨਾ 194, ਉਪਰੋਂ ਤੀਸਰੀ ਸਤਰ॥ ਨੀਅਰ-ਨੇੜੇ॥ । ਦਸਮ ਗ੍ਰੰਥ ਕਿਸ ਨੇ ਲਿਖਿਆ ਫੈਸਲਾ ਤੁਸੀਂ ਕਰੋ? ਪੰਨਾ 166: ਕੰਪਾਈਸਟਾ ਸਿੰਘ ਗਰਜਯੋ ਕਰੂਰ, ਪੰਨਾ 288: ਹਾਰਨ ਬਨਾਇਬੇ, ਪੰਨਾ 248; ਐਂਚ ਐਂਚ, ਪੰਨਾ 369: ਪਿਚਕਾਰਨ ਲੈ ਕਰਿ, ਪੰਨਾ 572: ਐਂਡ ਬੈਂਡ ਫਿਰੈ ਸਭੈ ॥ ਲਾਲ ਰੰਗ ਵਾਲੇ ਮੋਟੇ ਅੱਖਰ ਅੰਗਰੇਜੀ ਦੇ ਹਨ।

15. ਸਿਵਾ:- ਕਈ ਗਿਆਨੀ ਜਾਂ ਅਗਿਆਨੀ ਲੋਕ ਸਿਵਾ ਦਾ ਅਰਥ ਵਾਹਿਗੁਰੂ ਕਰਦੇ ਹਨ, ਪਰ ਇਹ ਸਬਦ ਨਿਰ-ਵਿਵਾਦ ਰੂਪ ਵਿਚ ਦੇਵੀ ਦੁਰਗਾ, ਕਾਲੀ ਜਾਂ ਕਲਿਕਾ ਦਾ ਪ੍ਰਯਾਯ ਹੈ। ਜਿਵੇਂ:- ਚਰਿਤ੍ਰੋਪਾਖਿਆਨ ਦੇ ਪਹਿਲੇ ਮੰਗਲ ਵਿਚ ਹੀ ਇਹ ਗੱਲ ਸਾਫ ਹੋ ਜਾਂਦੀ ਹੈ॥

ਦੁਰਗਾ ਤੂ ਛਿਮਾ ਤੂ ਸਿਵਾ ਰੂਪ ਤੇਰੋ। ਤੂ ਧਾਤ੍ਰੀ ਸਵਾਹਾ ਨਮਸਕਾਰ ਮੇਰੋ॥12॥ ਦ.ਗ੍ਰੰ. ਪੰਨਾ 810 ਚੰਡੀ ਚਰਿਤ੍ਰ (2) ਵਿਚ ਦੇਵੀ ਦੀ ਉਸਤਤਿ ਕਰਨ ਵੇਲੇ ਉਸਦਾ ਨਾਮ ਸਿਵਾ ਵੀ ਗਿਣਿਆ ਗਿਆ ਹੈ। ਜਿਵੇਂ:- ਨਮੋ ਹਿੰਗੁਲਾ ਪਿੰਗੁਲਾ ਤੋਤਲਾਯੋ। ਨਮੋ ਕਰਤਿਕਯਾਨੀ ਸਿਵਾ ਸੀਤਲਾਯੰ॥229॥ (ਦ.ਗ੍ਰੰ. ਪੰਨਾ 116)

ਕੀ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ?

16. ਗੁਰੂ ਤੇਗ ਬਹਾਦਰ ਜੀ ਮਾਖੌਵਾਲ ਦੀ ਜ਼ਮੀਨ ਕਹਿਲੂਰ ਦੀ ਰਾਣੀ ਕੋਲੋਂ ਆਪਣੇ ਹੱਥੀਂ ਖਰੀਦ ਕੇ ਅਨੰਦਪੁਰ ਦੀ ਨੀਂਹ ਰੱਖਦੇ ਹਨ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦਿਆਂ ਅਨੰਦਪੁਰ ਦਾ ਰਾਜਾ ਕੋਈ ਹੋ ਹੀ ਨਹੀਂ ਸਕਦਾ। ਪਰ

ਚਰਿਤ੍ਰ 95 ਦਾ ਲਿਖਾਰੀ/ਕਵੀ ਤੇ ਅਨੰਦਪੁਰ ਦਾ ਰਾਇ ਦੋਵੇਂ ਵੱਖ ਵੱਖ ਵਿਆਕਤੀ ਹਨ। ਬਿੰਦੋ ਨਾਮ ਦੀ ਜਾਟ ਪੁੱਤਰੀ ਭਿਖਾਰਣ ਪਿੰਡ ਵਿਚ ਆਉਂਦੀ ਹੈ ਤੇ ਉਸਦੇ ਟੂਣਾ ਕਰਨ ਤੇ ਨੌਕਰਾਨੀ ਨੂੰ ਸਜਾ ਅਨੰਦਪੁਰ ਦੇ ਰਾਇ ਕੋਲੋਂ ਦਵਾਈ ਗਈ। ਮਤਲਬ ਲਿਖਾਰੀ ਤੇ ਰਾਇ ਦੋ ਵੱਖ ਵੱਖ ਸ਼ਖਸ਼ੀਅਤਾਂ ਹਨ। ਜੇ ਲਿਖਾਰੀ ਨੂੰ ਦਸਮ ਪਿਤਾ ਮੰਨ ਲਿਆ ਜਾਇ ਤਾਂ ਅਨੰਪੁਰ ਦਾ ਰਾਇ ਕੋਈ ਹੋਰ ਹੈ ਜਿਸ ਨੂੰ ਇਤਹਾਸ ਸਵੀਕਾਰ ਨਹੀਂ ਕਰਦਾ। ਸਿੱਟਾ ਇਹ ਨਿਕਲਦਾ ਹੈ, ਕਿ ਕਵੀ ਅਨੰਦਪੁਰ ਦਾ ਵਾਸੀ ਨਾ ਹੋ ਕੇ ਕਿਸੇ ਹੋਰ ਨਗਰ ਦੇ ਰਹਿਣ ਵਾਲਾ ਹੈ।

17. ਚਰਿਤ੍ਰ 4 ਦਾ ਕਵੀ ਵੀ ਅਜਿਹੇ ਇਲਾਕੇ ਜਾਂ ਨਗਰ ਦਾ ਹੈ ਜਿਥੋਂ ਦੇ ਰਹਿਣ ਵਾਲੇ ਮਹਾਂਨੰਦ ਦੀ ਪਤਨੀ ਨਾਲ ਹਿੰਦੂ ਅਤੇ ਮੁਸਲਮਾਨ ਦੋਵੇਂ ਰਤੀ ਮਨਾਉਂਦੇ ਸਨ (ਛੰਦ2)| ਕਵੀ ਦੇ ਘਰ ਅਜਿਹੇ ਆਚਰਣ ਵਾਲੇ ਵਿਆਕਤੀ ਸਦਾ ਪਏ ਰਹਿੰਦੇ ਸਨ।(ਛੰਦ 8)| ਅਜਿਹੇ ਵਾਤਾਵਰਣ ਅਤੇ ਸੰਬੰਧਾਂ ਵਾਲਾ ਕਵੀ ਦਸਮ ਗੁਰੂ ਤੋਂ ਕੋਈ ਵੱਖਰਾ ਹੀ ਹੋ ਸਕਦਾ ਹੈ ਦਸਮ ਪਿਤਾ ਨਹੀਂ। ਚਰਿਤ੍ਰ 49 ਦਾ ਕਵੀ ਅਨੰਦਪੁਰ ਦੇ ਰਹਿਣ ਵਾਲਾ ਹੈ। ਇਸ ਚਰਿਤ੍ਰ ਦੀ ਨਾਇਕਾ ਵੇਸਵਾ ਰੁਚੀਆਂ ਵਾਲੀ ਨੰਦਮਤੀ ਨਾਇਣ ਦੇ ਪਤੀ ਦਾ ਕਵੀ ਦੇ ਘਰ ਪਿਆ ਰਹਿਣਾ ਲਿਖਿਆ ਹੈ।

ਤਾਕੇ ਧਾਮ ਬਹੁਤ ਜਨ ਆਵੈ। ਨਿਸਦਿਨ ਤਾਸੌ ਭੋਗ ਕਮਾਵੈ॥2॥ ਦ. ਗ੍ਰੰ. ਪੰਨਾ 872॥

ਹੁਣ ਜੇ ਲਿਖਾਰੀ ਗੁਰੂ ਜੀ ਨੂੰ ਮੰਨ ਲਾਈਏ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਗੁਰੂ ਜੀ ਦੇ ਆਪਣੇ ਘਰ ਦਾ ਵਾਤਾਵਰਣ ਐਸਾ ਹੋ ਸਕਦਾ ਹੈ? ਅਨੰਦਪੁਰ ਝੂਜਾਰੂਆਂ ਦੀ ਨਗਰੀ, ਜਾਨ ਤਲੀ ਤੇ ਰੱਖ ਕੇ ਕੌਮ ਲਈ ਕੁਰਬਾਨ ਹੋਣ ਵਾਲਿਆਂ ਦਾ ਸ਼ਹਿਰ, ਜਿਉਂਦੇ ਸਹੀਦਾਂ ਦੀ ਛਾਉਣੀ ਤੇ ਆਮ ਲੋਕਾਂ ਲਈ ਗੁਰੂ ਜੀ ਦਾ ਘਰ ਕਾਮ ਤ੍ਰਿਪਤੀ ਦਾ ਸਥਾਨ ਬਣਿਆ ਹੋਵੇ ਸੰਭਵ ਨਹੀਂ।

18. ਚਰਿਤ੍ਰ 217 ਵਿਚ ਸਿਕੰਦਰ ਦਾ ਵਰਨਣ ਕੀਤਾ ਗਿਆ ਹੈ ਜੋ ਅਸਲੀਅਤ ਤੋਂ ਕੋਹਾਂ ਦੂਰ ਹੈ। ਜਿਵੇ ਤਿਬਤ ਚੀਨ ਮਚੀਨ ਰੂਸ ਆਦਿ ਦੇ ਇਲਾਕੇ ਵਿਚ ਸਿਕੰਦਰ ਗਿਆ ਹੀ ਨਹੀਂ। ਇਸਦਾ ਕਵੀ ‘ਕਾਲ’ ਕੋਈ ਬਹੁਤਾ ਪੜ੍ਹਿਆ ਲਿਖਿਆ ਨਹੀਂ ਜਾਪਦਾ। ਕੀ ਐਸੀਆਂ ਗਲਤੀਆਂ ਗੁਰੂ ਜੀ ਦੇ ਨਾਮ ਮੜ੍ਹਨੀਆਂ ਚੰਗੀ ਗੱਲ ਹਨ?

19. ਮਹਾਂਕਾਲ ਜਾਂ ਕਾਲਿਕਾ ਵਾਲੇ ਅੰਤਲੇ ਚਰਿਤ੍ਰ ਵਿਚ ਸਤਿਯੁਗੀ ਕਥਾ ਨਾਲ ਮੁਸਲਮਾਨਾਂ ਦਾ ਸੰਬੰਧ ਜੋੜਨਾ ਵੀ ‘ਕਾਲ ਦੋਸ਼’ ਤੋਂ ਮੁਕਤ ਨਹੀਂ ਕਿਉਂਕਿ ਹਿੰਦੂ ਮੱਤ ਅਨੁਸਾਰ ਜਦੋਂ ਸੱਤਯੁੱਗ ਸੀ ਉਦੋਂ ਮੁਸਲਮਾਨ ਮੱਤ ਇਸ ਧਰਤੀ ਹੈ ਹੀ ਨਹੀਂ ਸੀ? ਕੀ ਗੁਰੂ ਜੀ ਇਤਹਾਸ ਤੋਂ ਨਾ ਵਾਕਫ ਸਨ?

20. ਦਸਮ ਗ੍ਰੰਥ ਦੇ ਰਾਮ ਅਵਤਾਰ ਤੇ ਕ੍ਰਿਸ਼ਨ ਅਵਤਾਰ ਵਿਚੋਂ ਲਈਆਂ ਗਈਆਂ ਅੱਗੇ ਲਿਖੀਆਂ ਪੰਗਤੀਆਂ ਇਹ ਦੱਸਦੀਆਂ ਹਨ ਕਿ ਲਿਖਾਰੀ ਕੋਈ ਮਰਾਸੀ ਕਿਸਮ ਦਾ ਹੈ ਜੋ ਦਰਬਾਰੀਆਂ ਨੂੰ ਖੁਸ਼ ਕਰਕੇ ਪੈਸੇ ਕਮਾਉਣੇ ਚਾਹੁੰਦਾ ਹੈ।

ੳ. ਬਾਤ ਪੁਰਾਤਨ ਭਾਖ ਸੁਨਾਊਂ॥ ਜਾ ਤੇ ਕਬ ਕੁਲ ਸਰਬ ਰਿਝਾਊਂ॥1॥ (ਚੰਦਰ ਅਵਤਾਰ)

ਅ. ਤਾਂ ਛਬਿ ਕੀ ਕਵਿਤਾ ਕਰਿਕੈ ਕਬਿ ਰਾਮ ਨਰੇਸ਼ਨ ਜਾਇ ਰਿਝੈ ਹੈ। ਜੋ ਬਲ ਪੈ ਕਹਿ ਹੈ ਕਥ ਪੰਡਿਤ ਰੀਝ ਘਨੋ ਤਿਹ ਕੋ ਧਨ ਦੇਹੈ॥1177॥ (ਕ੍ਰਿਸਨ ਅਵਤਾਰ)

ੲ. ਸਯਾਮ ਕਥਾ ਹਵੈ ਹੈ ਮੈ ਕੈਹਉ। ਸ੍ਰੋਤਨ ਭਲੀ ਭਾਂਤ ਰਿਝਵੈਹਉਂ॥2183॥ (ਕ੍ਰਿਸ਼ਨ ਅਵਤਾਰ)

ਰਿਝਾਊਂ, ਰੀਝ ਘਨੋ, ਰਿਝਵੈਹਉਂ ਇਹ ਤਿਨੋ ਲਫਜ਼ ਇਹ ਦੱਸਦੇ ਹਨ ਕਿ ਲਿਖਾਰੀ ਕਿਸੇ ਨੂੰ ਖੁਸ਼ ਕਰਕੇ ਧਨ ਪ੍ਰਾਪੱਤ ਕਰਨਾ ਚਾਹੁੰਦਾ ਹੈ। ਕੀ ਗੁਰੂ ਜੀ ਐਸੀਆਂ ਲਿਖਤਾਂ ਲਿਖ ਸਕਦੇ ਹਨ?

21. ਦ. ਗ੍ਰੰ.ਪੰਨਾ 571:- ਨਿਹਕਲੰਕੀ ਚੌਬੀਸਵੌ ਅਵਤਾਰ ਕਥਨੰ॥ ਭਾਂਤ ਭਾਂਤਤਨ ਹੋ ਉਤਪਾਤਾ॥ ਪੁਤ੍ਰਹ ਸੇਜ ਸੋਵਤ ਲੈ ਮਾਤਾ॥2|| ਸੁਤਾ ਪਿਤਾ ਤਮ ਰਮਤ ਨਿਸ਼ੰਕਾ॥ ਭਗਨੀ ਭਰਤ ਭ੍ਰਾਤ ਕਹ ਅੰਕਾ॥ ਭ੍ਰਾਤ ਬਹਿਨ ਤਨ ਕਰਤ ਬਿਹਾਰਾ॥ ਇਸਤ੍ਰੀ ਤਜੀ ਸਕਲ ਸੰਸਾਰਾ॥3|| ….|| ਜਹ ਤਹ ਹੋਨ ਲਗੇ ਉਤਪਾਤਾ॥ ਭੋਗਤ ਪੂਤ ਸੇਜ ਚੜਿ ਮਾਤਾ॥5॥

ਮਾਂ ਨਾਲ ਪੁੱਤ, ਭੈਣ ਨਾਲ ਭਰਾ ਅਤੇ ਪਿਓ ਪੁਤ ਨਾਲ ਸਰੀਰਕ ਸਬੰਧ ਬਣਾ ਰਹੇ ਹਨ ਤੇ ਆਪਣੀ ਇਸਤ੍ਰੀ ਸਾਰੇ ਸੰਸਾਰ ਨੇ ਤਜੀ ਹੋਈ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੇ ਲਿਖਾਰੀ ਹਨ ਤਾਂ ਮੈਂ ਉਨ੍ਹਾਂ ਨੂੰ ਸਵਾਲ ਕਰਨਾ ਚਾਹੁੰਗਾ। ਗੁਰੂ ਜੀ ਜੋ ਕੁੱਝ ਵੀ ਤੁਸੀਂ ਲਿਖਿਆ ਹੈ ਕੀ ਇਹ ਸੱਚ ਹੈ?

ਇਸ ਤਰ੍ਹਾਂ ਦੇ ਸੈਂਕੜੇ ਹੋਰ ਸਵਾਲ ਇਸ ਗ੍ਰੰਥ ਵਿਚੋਂ ਕੀਤੇ ਜਾ ਸਕਦੇ ਹਨ ਤੇ ਇਮਾਨਦਾਰੀ ਨਾਲ ਕੋਈ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਕ੍ਰਿਪਾ ਕਰੋ, ਗੰਦਗੀ ਦੇ ਇਸ ਗ੍ਰੰਥ ਨੂੰ ਜਿਨ੍ਹਾਂ ਨੇ ਲਿਖਿਆ ਤੇ ਲਿਖਵਾਇਆ ਹੈ, ਉਨ੍ਹਾਂ ਦੇ ਘਰ ਹੀ ਸੁਟ ਦਿਓ। ਸਿੱਖ ਕੌਮ ਨੂੰ ਬਚਾਉਣ ਲਈ ਤੇ ਮੁੜ ਸੁਰਜੀਤ ਕਰਨ ਲਈ ‘ਇਕ ਗ੍ਰੰਥ ਇਕ ਪੰਥ’ ਦਾ ਹੋਕਾ ਦੇਣਾ ਹੀ ਕਾਫੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top