Share on Facebook

Main News Page

ਸ਼ਰਧਾ ਦੀ ਆਪਣੀ ਸੀਮਾਂ ਹੈ
- ਤਰਲੋਕ ਸਿੰਘ ‘ਹੁੰਦਲ’, ਬਰੈੰਮਟਨ, ਕਨੇਡਾ

ਬੀਤੇ ਦਿਨੀਂ ਵੀਰ ਅਵਤਾਰ ਸਿੰਘ ‘ਮਿਸ਼ਨਰੀ’ ਜੀ ਦਾ ਇੱਕ ਲੇਖ "ਭਾੜੇ ਦੇ ਪਾਠ ਕਿਵੇਂ ਅਰੰਭ ਹੋਏ ਅਤੇ ਛੱਡੇ ਕਿਉਂ ਨਹੀਂ ਜਾ ਸਕਦੇ?" ਖਾਲਸਾ ਨੀਉਜ਼.ਔਰਗ’ ਵੈਬਸਾਟੀਟ ਉੱਤੇ ਪੜ੍ਹਨ ਨੂੰ ਮਿਲਿਆ। ਗੁਰਬਾਣੀ ਦੇ ਆਧਾਰ 'ਤੇ ਵੀਰ ਜੀ ਨੇ ਬਹੁਤ ਹੀ ਢੁੱਕਵੀਆਂ ਅਤੇ ਠੋਸ ਦਲੀਲਾਂ ਨਾਲ ਸਿੱਧ ਕਰ ਦਿੱਤਾ ਹੈ ਕਿ ਅਸਾਨੂੰ, ਨਿਜੀ ਹਿੱਤਾਂ ਦੀ ਭਰਪਾਈ ਲਈ ਸਾਡਾ ਹੀ ਪੁਜਾਰੀ ਵਰਗ, ਕਿਵੇਂ ਜਾਣਬੁੱਝ ਕੇ ਗੁਮਰਾਹ ਕਰ ਰਿਹਾ ਹੈ। ਸਾਨੂੰ ਸਭ ਸਿੱਖਾਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਧਾਰਨ ਜਾਂ ਅਖੰਡ ਪਾਠ, ਸਾਡੀ ਕਮ-ਅਕਲੀ ਦਾ ਲਾਭ ਉਠਾ ਕੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਦੀ ਮਿਲੀ-ਭੁਗਤ ਸਦਕਾ, ਪਾਠੀ ਸਿੰਘਾਂ ਵਲੋਂ ਕਿਵੇਂ ਕੀਤੇ ਜਾ ਰਹੇ ਹਨ? ਮਾਨੋ! ਜੁਗੋ-ਜੁਗ ਅਟੱਲ ‘ਸ਼ਬਦ-ਗੁਰੂ’ ਜੀ ਦੀ ਨਿਰਾਦਰੀ ਹੋ ਰਹੀ ਹੈ, ਜਿਹੜੀ ਬਿਆਨ ਤੋਂ ਬਾਹਰ ਹੈ। ਗੁਰੂ ਸਾਹਿਬ ਦੀ ਹੇਠੀ ਵਿੱਚ ਅਸੀਂ ਵੀ ਬਰਾਬਰ ਦੇ ਭਾਗੀਦਾਰ ਹਾਂ। ਸਿੱਖ ਸੰਗਤਾਂ ਨੂੰ ਜਾਗ੍ਰਿਤ ਕਰਨ ਹਿਤ ਅਤੇ ਵੀਰ ਅਵਤਾਰ ਸਿੰਘ ਜੀ ਦੇ ਬਹੁਤ ਸ਼ਲਾਘਾਯੋਗ ਮਰਯਾਦਾ-ਭਰਪੂਰ ਵਿਚਾਰਾਂ ਦੀ ਪੁਸ਼ਟੀ ਲਈ ਇੱਕ ਨਿੰਦਨੀਯ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਹੈ, ਜਿਸ ਕਾਰਨ ਪਛੋਤਾਵੇ ਦੇ ਸੰਤਾਪ ਦਾ ਪ੍ਰਭਾਵ ਅਜੇ ਵੀ ਮੈਂਨੂੰ ਅਕਸਰ ਸਤਾਉਂਦਾ ਰਹਿੰਦਾ ਹੈ।

ਸੰਨ 2012 ਈਂ ਦਾ ਵਾਕਿਆ ਹੈ। ਹੋਇਆ ਇੰਞ, ਕਿ “ਆਪਣ ਹਥੀਂ ਆਪਣਾ ਆਪੇ ਹੀ ਕਾਜੁ ਸਵਾਰੀਐ॥” ਗੁਰੂ ਹੁਕਮ ਅਨੁਸਾਰ ਕਈ ਬਾਰ ਸਮਝਾਉਂਣ ਦੇ ਬਾਵਜੂਦ ਮੇਰੇ ਇੱਕ ਕਰੀਬੀ ਸੱਜਣ ਨੇ ਦੁਆਬੇ ਦੀ ਧਰਤੀ ਉੱਤੇ ਸਥਿਤ ‘ਗੁਰਦੁਆਰਾ ਪੰਜ ਤੀਰਥ’ ਵਿਖੇ, ਆਪਣੇ ਨਵ-ਜੰਮੇ ਪੋਤਰੇ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਧਾਰਨ ਪਾਠ ਕਰਵਾਉਂਣ ਦੀ ਵਿਉਂਤ ਬਣਾ ਲਈ। ਸਾਡਾ ਕੁਝ ਪਰਿਵਾਰਕ ਸਬੰਧ ਹੀ ਐਸਾ ਸੀ ਕਿ ਨਾਂਹ-ਨੁਕਰ ਕਰਨ ਤੇ ਵੀ ਮਜਬੂਰੀ ਵੱਸ, ਪਾਠ ਦੀ ਬੁਕਿੰਗ ਲਈ ਉਸ ਦੇ ਨਾਲ ਗੁਰਦੁਆਰਾ ਸਾਹਿਬ ਜਾਣਾ ਪਿਆ। ਇਸ ਇਤਿਹਾਸਕ ਮੰਨੇ ਜਾਂਦੇ ਧਾਰਮਿਕ ਅਸਥਾਨ ਦਾ ਪਤਾ ਗੁਰਦੁਆਰਾ ਸਾਹਿਬ ਪੰਜ ਤੀਰਥ (ਛੇਵੀਂ ਪਾਤਸ਼ਾਹੀ) ਪਿੰਡ ਲੜੋਆ ਵਾਇਆ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ) ਪੰਜਾਬ ਹੈ।

ਅਗਾਂਹ ਤੁਰਨ ਤੋਂ ਪਹਿਲਾਂ ਇਸ ਅਸਥਾਨ ਦੇ ਇਤਿਹਾਸਕ ਹੋਣ ਦੇ ਪੱਖ ਦੀ ਜਾਣਕਾਰੀ ਸਾਂਝੀ ਕਰਨੀ ਠੀਕ ਸਮਝਦਾ ਹਾਂ। ਇਸ ਅਸਥਾਨ ਉੱਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਸਬੰਧੀ ਲਿਖਿਆ ਮਿਲਦਾ ਹੈ ਕਿ ‘ਲੜੋਆ ਨਗਰ, ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਨਗਰ ਹੈ।ਕਰਤਾਰ ਪੁਰ ਦੀ ਜੰਗ ਫਤਹਿ ਕਰਕੇ, ਛੇਵੇਂ ਸਤਿਗੁਰੂ, ਬੰਦੀ ਛੋੜ ਦਾਤਾ, ਹਰਿਗੋਬਿੰਦ ਸਿੰਘ (ਇਥੇ ਸਿੰਘ ਸ਼ਬਦ ਗਲਤ ਜੋੜਿਆ ਗਿਆ ਹੈ) ਜੀ ਬੰਗਾ ਸ਼ਹਿਰ ਠਹਿਰੇ। ਦੁਪਹਿਰ ਤੋਂ ਬਾਂਅਦ ਨਗਰ ਲੜੋਆ ਪਹੁੰਚੇ। ਲੜੋਆ ਅਤੇ ਇਲਾਕੇ ਦੀ ਸੰਗਤ ਨੇ ਗੁਰੂ ਸਾਹਿਬ ਜੀ ਦਾ ਬਹੁਤ ਹੀ ਸ਼ਰਧਾ-ਪੂਰਵਕ, ਖ਼ੁਸ਼ੀ ਅਤੇ ਇੱਕ ਮਨ ਹੋ ਕੇ ਸਤਿਕਾਰ ਅਤੇ ਸੇਵਾ ਕੀਤੀ। ਮਹਾਰਾਜ ਜੀ ਨੂੰ ਜਲ-ਪਾਣੀ ਛਕਾਇਆ ਗਿਆ। ਸੋਢੀ ਸੁਲਤਾਨ ਨੇ ਆਪਣੇ ਪੱਵਿਤਰ ਮੁਖਾਰਬਿੰਦ’ ਚੋਂ ਕਿਹਾ,‘ਲਿਆਉ! ਇਥੇ ਵੀ ਪਰਮਾਤਮਾਂ ਦਾ ਦਫ਼ਤਰ ਖੋਲ਼ ਦੇਈਏ’। ਆਪਣੇ ਪੱਵਿਤਰ ਹੱਥਾਂ ਨਾਲ ਪੰਜ ਇੱਟਾਂ ਰੱਖ ਕੇ ਇਸ ਅਸਥਾਨ ਨੂੰ ਪੰਜ ਤੀਰਥਾਂ ਦਾ ਵਰ ਦਿੱਤਾ। ਕੋਲ ਖੜੇ ਪੱਵਿਤਰ ਜਲ ਨੂੰ ਚਰਨ ਅਤੇ ਹੱਥਾਂ ਨਾਲ ਛੋਹ ਕੇ ਬਖ਼ਸ਼ਿਸ਼ ਕਰਕੇ ਕਿਹਾ, ਜੋ ਵੀ ਪ੍ਰਾਣੀ ਇਸ ਅਸਥਾਨ ਤੇ ਅਕਾਲ ਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੱਚੇ ਮਨ ਨਾਲ ਅਰਦਾਸ ਕਰੇਗਾ, ਉਸਦੀ ਹਰੇਕ ਭਾਵਨਾਂ ਅਤੇ ਮਨੋਕਾਮਨਾ ਪੂਰੀ ਹੋਵੇਗੀ। ਇਸ ਅਸਥਾਨ ਤੇ ਦੁਨੀਆਂ ਦੀ ਹਰੇਕ ਵਸਤੂ, ਦੁੱਧ, ਪੁੱਤ, ਮਾਇਆ ਤੇ ਤੰਦਰੁਸਤੀ, ਨੌ ਖ਼ਜਾਨਿਆਂ ਦੀ ਬਖ਼ਸ਼ਿਸ਼ ਹੋਵੇਗੀ। ਇਸ ਅਸਥਾਨ ਤੇ ਮਨੁੱਖੀ ਜੀਵ ਨਾਮ ਜਪ ਕੇ, ਸਹਿਜ ਅਵਸਥਾ ਨੂੰ ਪਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ ਜਾ ਬਿਰਾਜਣਗੇ, ਕਿਉਂਕਿ ਅਕਾਲ ਪੁਰਖ ਨੇ ਗੁਰਦੁਆਰਾ ਪੰਜ ਤੀਰਥ ਨੂੰ ਆਪਣਾ ਵੱਡਾ ਦਫ਼ਤਰ ਕਿਹਾ ਹੈ। ਜਿਥੇ ਅੱਜ ਵੀ ਕਰੋੜਾਂ ਜੀਵਾਂ ਦੇ ਦੁਨਿਆਵੀ ਅਤੇ ਰੂਹਾਨੀ ਕਾਰਜ ਸਿੱਧ ਹੁੰਦੇ ਹਨ। ਹਰੇਕ ਜੀਵ ਜੋ ਵੀ ਸ਼ਰਧਾ ਪੂਰਵਕ ਸਹਿਜ ਪਾਠ, ਅਖੰਡ ਪਾਠ, ਲੰਗਰ ਦੀ ਸੇਵਾ ਝਾੜੂ ਦੀ ਸੇਵਾ, ਬਾਣੀ ਪੜ੍ਹਨ ਅਤੇ ਸੁਣਨ ਦੀ ਸੇਵਾ ਕਰਦਾ ਹੈ, ਹਰੇਕ ਸ਼ੁਭ ਕਾਮਨਾ ਪੂਰੀ ਹੁੰਦੀ ਹੈ’।

ਖੈਰ! ਅਸਲ ਵਿਸ਼ੇ ਵੱਲ ਮੁੜੀਏ। ਗੁਰੂ ਹਜੂਰ ਨਤਮਸਤਕ ਹੋਣ ਉਪਰੰਤ, ਗੁਰਦੁਆਰਾ ਸਾਹਿਬ ਦੇ ਦਫਤਰ ਵਿੱਚ ਚਲੇ ਗਏ।ਲੜੋਏ ਪਿੰਡ ਵਾਲਾ ਇੱਕ ਸਿੰਘ,ਗੁਰਦੁਆਰੇ ਦੇ ਮੈਨੇਜਰ ਦਾ ਸਹਾਇਕ ਮੌਜੂਦ ਸੀ, ਜਿਹੜਾ ਅਕਸਰ ਪਾਠੀ ਦੀ ਹਾਜਰੀ ਵੀ ਭਰਦਾ ਰਹਿੰਦਾ ਸੀ। ਸਾਥੀ ਸੱਜਣ ਵਲੋਂ ਆਪਣੀਆਂ ਭਾਵਨਾਵਾਂ ਦੱਸਣ’ਤੇ ਉਸ ਸਹਾਇਕ ਨੇ ਇਕੱਤੀ ਸੌ ਰੂਪੈ ਸਾਧਾਰਨ ਪਾਠ ਦੀ ਫੀਸ ਅਤੇ ਡੇਢ ਸੌ ਰੂਪੈ ਰੁਮਾਲਾ ਸਾਹਿਬ ਦੀ ਕੀਮਤ ਦਸੀ, ਜੋ ਝੱਟ ਦੇ ਦਿੱਤੀ ਗਈ। ਨਾਂ, ਪਤਾ ਕਾਪੀ ਤੇ ਨੋਟ ਕਰ ਲਿਆ ਅਤੇ ਰਸੀਦ-ਕਾਪੀ ਕੋਲ ਨਾ ਹੋਣ ਕਾਰਨ, ਉਸ ਨੇ ਪੱਕੀ ਰਸੀਦ ਭੋਗ ਮੌਕੇ ਜਾਂ ਲੰਘਦੇ-ਵੜਦੇ ਲੈ ਜਾਣ ਲਈ ਕਹਿ ਦਿੱਤਾ। ਅਸਾਂ ਉਥੇ ਹੀ ਆਪਣੇ ਸਨੇਹੀ ਨੂੰ ਭੋਗ ਸਮੇਂ ਨਾ ਪਹੁੰਚ ਸਕਣ ਲਈ ਦੱਸ ਦਿੱਤਾ ਸੀ। ਹਫਤੇ ਕੁ ਬਾਅਦ, ਸਾਡੇ ਮਿੱਤਰ ਨੂੰ ਦਫਤਰੀ ਕੰਮ ਵਾਸਤੇ ਬਾਹਰ ਜਾਣਾ ਪੈ ਗਿਆ। ਫਿਰ ਉਸ ਨੇ ਸਹਾਇਕ ਮੈਨੇਜਰ ਨੂੰ ਵੀ ਆਪਣੀ ਮਜਬੂਰੀ ਦੀ ਸੂਚਨਾਂ ਦੇ ਦਿੱਤੀ, ਜਦੋਂ ਕਿ ਸਾਡੇ ਨਾ ਪਹੁੰਚ ਸਕਣ ਦੇ ਕਾਰਨ ਉਸ ਨੂੰ ਪਹਿਲਾਂ ਹੀ ਪਤਾ ਸਨ। ਸਾਡੇ ਮਿੱਤਰ ਨੇ ਸਾਨੂੰ ਫੂਨ ਕਰ ਦਿੱਤਾ, ਬੇਬਸੀ ਦਸੀ ਤੇ ਕਿਹਾ ਕਿ ਹੋ ਸਕੇ ਤਾਂ ਭੋਗ ਸਮੇਂ ਗੁਰਦੁਆਰੇ ਜਰੂਰ ਪਹੁੰਚ ਜਾਣਾ।

ਭੋਗ ਵਾਲੇ ਦਿਨ, ਨਿਸ਼ਚਿਤ ਸਮੇਂ ਤੋਂ ਕਾਫੀ ਅਗਾਊਂ ਗੁਰਦੁਆਰਾ ਸਾਹਿਬ ਪਹੁੰਚ ਕੇ “ਪਾਠ” ਵਾਲੇ ਸਥਾਨ ਦਾ ਪਤਾ ਕੀਤਾ, ਗਏ, ਤਾਂ ਵੇਖਿਆ ਕਿ (ਕਿਸੇ ਹੋਰ) ‘ਪਾਠ’ ਦੀ ਮੱਧ ਦੀ ਅਰਦਾਸ ਹੋ ਰਹੀ ਹੈ। ਬਹੁਤ ਹੈਰਾਨੀ ਹੋਈ, ਗੁਰਦੁਆਰੇ ਦੇ ਦਫ਼ਤਰ ਵਿੱਚ ਗਏ, ਸਾਰਾ ਵੇਰਵਾ ਦਿੱਤਾ ਕਿ ‘ਅਜ ਸਾਡੇ ਸਨੇਹੀ ਵਲੋਂ ਰਖਵਾਏ ਸਾਧਾਰਨ ਪਾਠ ਦਾ ਭੋਗ ਹੈ। ਸਬੰਧਤ ਕਰਮਚਾਰੀ ਨੇ ਰਜਿਸਟਰ ਸਮੇਤ ਕਾਫੀ ਰੀਕਾਰਡ ਫੋਲਿਆ ਪਰ ਉਸ ਵਿੱਚ ਸਾਡੇ ਵਲੋਂ ਸਾਧਾਰਨ ਪਾਠ ਬੁੱਕ ਕਰਵਾਏ ਦਾ ਨਾਮੋਂ-ਨਿਸ਼ਾਨ ਹੀ ਨਹੀਂ ਸੀ? ਕੋਈ ਰਸੀਦ ਵਗੈਰਾ ਵੀ ਨਹੀਂ ਸੀ ਕੱਟੀ ਹੋਈ। ਏਨੇ ਵਿੱਚ ਹੀ ਉਹ ਲੜੋਏ ਦਾ ਪਾਠੀ, ਜਿਸ ਨੇ 3250/-ਰੂਪੈ ਲਏ ਸਨ, ਆ ਗਿਆ ਤੇ ਕਾਗਜਾਂ ਦੀ ਫਰੋਲਾ-ਫਰਾਲੀ ਕਰਦੇ ਦਫ਼ਤਰ ਦੇ ਸਹਾਇਕ (ਜੇ ਭੁੱਲਦਾ ਨਾ ਹੋਵਾਂ ਤਾਂ ਨਿਰਮਲ ਸਿੰਘ) ਨੂੰ ਕਹਿਣ ਲੱਗਾ ਕਿ ਮੈਂਨੂੰ ਯਾਦ ਨਹੀਂ ਰਿਹਾ। ਆਹ ਪੈਸੇ ਲੈ ਲਓ ਤੇ ਇਨ੍ਹਾਂ ਨੂੰ ਪਾਠ ਦੀ ਨਵੀਂ ਤਾਰੀਕ ਦੇ ਦਿਓ? ਪਲਾਂ ਵਿੱਚ ਉਸ ਦੇ ਕਈ ਹਮਾਇਤੀ ਕਮੇਟੀ ਮੈਂਬਰ ਵੀ ਆ ਗਏ, ਜਿਨ੍ਹਾਂ ਵਿੱਚੋਂ ਇੱਕ ਲੜੋਏ ਪਿੰਡ ਦਾ ਹੀ ਵੈਨਕੂਵਰ ਰਹਿੰਦਾ ਸਿੱਧਾ-ਸਾਦਾ ਜੱਟ ਸੀ। ਰੌਲਾ-ਰੱਪਾ ਜਿਹਾ ਪੈ ਗਿਆ, ਨਾਲੇ ਕਮੇਟੀ ਮੈਂਬਰ ਉਸ ਦੀ ਤੋਏ-ਫਿੱਟੇ ਕਰੀਂ ਜਾਵੇ ਤੇ ਨਾਲੇ ਯਾਦ ਕਰਵਾਈ ਜਾਏ ਕਿ ਤੂੰ ਅੱਗੇ ਵੀ ਕਈਆਂ ਦੇ ਪੈਸੇ ਲੈ ਕੇ ਪਾਠ ਨਹੀਂ ਕੀਤੇ ਅਤੇ ਜਾਹਲ-ਸਾਜੀ ਨਾਲ ਐਂਵੇ-ਜਿੱਕੇ “ਹੁਕਮ-ਨਾਮੇ” ਲਿਖ ਕੇ ਦੇ ਦਿੰਦਾ ਰਿਹਾ ਹੈਂ, ਜੇ ਮੁੜ ਕੇ ਸ਼ਿਕਾਇਤ ਆਈ ਤਾਂ ਵੇਖੀ, ਤੈਨੂੰ ਕੋਈ ਪਾਠ ਨਹੀਂ ਕਰਨ ਦੇਣਾ’…ਚੱਲ ਮਾਫੀ ਮੰਗ’। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਵੈਨਕੂਵਰੀਆਂ ਬਜੁਰਗ ਕਮੇਟੀ ਮੈਂਬਰ ਆਪੇ ਹੀ ਬੋਲਣ ਲੱਗ ਪਿਆ, ‘ਵੇਖੋ ਜੀ! ਇਹ ਸੌਹਰਾ ਬਾਲ-ਬੱਚੇਦਾਰ ਹੈ, ਜੇ ਹਟਾਉਂਦੇ ਹਾਂ, ਤਾਂ ਇਹਦੇ ਨਿਆਣੇ ਭੁੱਖੇ ਮਰ ਜਾਣਗੇ.. (ਨਾਲੇ ਮੇਰੇ ਸਾਹਮਣੇ ਹੱਥ ਜੋੜੀ ਜਾਵੇ) ..ਅੱਗੇ ਵੀ ਕਮਲਾ ਕਈਆਂ ਦੇ ਪੈਸੇ ਏਵੇਂ ਹੀ ਖਾ ਗਿਆ ਸੀ… ਤੁਸੀਂ ਹੁਣ ਮੁਆਫ ਕਰੋ ਜੀ, ਬਾਹਰਲੇ ਲੋਕਾਂ ਨੂੰ ਕੀ ਫਰਕ ਪੈਂਦਾ ਹੈ… ਮਿੱਟੀ ਪਾਓ ਗੱਲ ਤੇ.. ਕਾਕਾ ਹੁਣ ਏਂਹਨਾਂ ਸਰਦਾਰਾਂ ਦਾ ਪਾਠ ਧਿਆਨ ਨਾਲ ਕਰੀਂ.. ਬਸ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਣ… ਆਓ ਸਰਦਾਰ ਜੀ! ਲੰਗਰ ਛਕੀਏ’ ਕਹਿ ਕੇ ਮੇਰਾ ਹੱਥ ਫ਼ੜ ਲਿਆ। ਉਸੇ ਵੇਲੇ ਅਸਾਨੂੰ ‘ਫ਼ਜ਼ਲ ਜੱਟ’ ਦੇ ਬੋਲ ਯਾਦ ਆ ਗਏ:

‘ਵਾਹ ਰੇ ਮੰਤਰ, ਵਾਹ ਰੇ ਪੁਜਾਰੀ, ਝੂਠਾ ਪੈਸਾ, ਝੂਠੀ ਯਾਰੀ
ਝੂਠੀ ਕੂੜੀ ਦੁਨੀਆਂ ਸਾਰੀ , ਢੋਲ ਵਜਾਂਦੇ ਖੋਲ ਪਟਾਰੀ’

‘ਤੁਹਾਡਾ ਪ੍ਰਧਾਨ ਕੌਣ ਹੈ? ਜਰਾ ਪੁੱਛੀਏ ਤਾਂ ਸਹੀ ਕਿ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਇਸ ਗੁਰਦੁਆਰੇ ਵਿੱਚ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ?’ ਉਹਨਾਂ ਨੇ ਏਧਰਲੀਆਂ-ਓਧਰਲੀਆਂ ਮਾਰ ਕੇ ਪ੍ਰਧਾਨ ਜੀ ਦੇ ਬਾਹਰ ਗਏ ਹੋਣ ਦਾ ਬਹਾਨਾ ਬਣਾ ਦਿੱਤਾ। ਰੱਫ਼ੜ ਮੁਕਾਉਂਦਿਆਂ ਹੋਇਆ ਪ੍ਰਧਾਨ ਜੀ ਨੂੰ ਫਿਰ ਤਿੰਨ ਦਿਨ੍ਹਾਂ ਬਾਅਦ ਮਿਲਣ ਦਾ ਫੈਸਲਾ ਹੋ ਗਿਆ।

ਜਿਹੜੀ ਅਸਾਂ ਅੰਨ੍ਹੀ ਸ਼ਰਧਾ ਦੇ ਮਤਵਾਲੇ ਆਪਣੇ ਸੱਜਣ ਦੀ ਲਾਹ-ਪਾਹ ਕੀਤੀ, ਉਹ ਤਾਂ ਇੱਕ ਪਾਸੇ ਛੱਡ ਦਿਉ, ਬਸ ਤੀਸਰੇ ਦਿਨ ਜਦੋਂ ਅਸੀਂ ਪ੍ਰਧਾਨ ਗੁਰਦੁਆਰਾ ਪੰਜ ਤੀਰਥ ਨੂੰ ਮਿਲਣ ਗਏ ਤਾਂ ਪਤਾ ਚਲਿਆ ਕਿ ਜਨਾਬ! ਨੇੜਲੇ ਪਿੰਡ ਆਪਣੇ ਨਿਜੀ ਸਕੂਲ ਦੇ ਮੁਖੀ ਹਨ। ਖੈਰ! ਗੁਰਦੁਆਰੇ ਦੀ ਹਦੂਦ ਵਿੱਚ ਗੱਲਬਾਤ ਕਰਨ ਦੀ ਬਜਾਏ ਸਾਨੂੰ ਉਸ ਦੇ ਸਕੂਲ ਵਿੱਚ ਜਾਣਾ ਪਿਆ। ਟੌਹਰ-ਟੱਪਾ ਬਹੁਤ, ਪ੍ਰਧਾਨ ਜੀ ਪੂਰੇ ਸਫਾ-ਚੱਟ। ਇੱਕ ਦਮ ਐਂੳੇੁਂ ਮਹਿਸੂਸ ਹੋਇਆ ਕਿ ਇਲਾਕਾ-ਵਾਸੀਆਂ ਨੂੰ ਕੋਈ ਸਾਬਤ-ਸੂਰਤ ਗੁਰਮਤਿ ਧਾਰਨੀ ਸਿੱਖ ਨਹੀਂ ਮਿਲਿਆ ਹੋਣਾ ਜਾਂ ਫਿਰ ਦੁਆਬੇ’ਚ ਕੋਈ ਅੰਮ੍ਰਿਤਧਾਰੀ ਸਿੱਖ ਹੀ ਨਹੀਂ ਹੈ। ਉਸ ਨਾਲ ਪਾਠ ਨਾ ਕਰਨ ਦੀ ਗੱਲ ਤੁਰੀ ਤਾਂ ਪ੍ਰਧਾਨ ਸਾਹਿਬ ਨੇ ਝੱਟ-ਪੱਟ ਇਹ ਕਹਿ ਕੇ ਸਾਨੂੰ ਸੁੰਨ ਕਰ ਦਿੱਤਾ ਕਿ ‘ਸਰਦਾਰ ਸਾਹਿਬ, ਚਾਹੋ ਤਾਂ ਮੇਰੇ ਕੋਲੋ ਹੁਣੇ ਹੀ 3250/=ਰੂਪੈ ਜਮਾਂ ਕਰਵਾਈ ਪਾਠ ਦੀ ਪੂਜਾ ਵਾਪਸ ਲਿਜਾ ਸਕਦੇ ਹੋ, ਨਹੀਂ ਤਾਂ ਅਸੀਂ ਜਦੋਂ ਚਾਹੋ, ਤੁਹਾਡਾ ਪਾਠ ਦੁਬਾਰਾ ਕਰ ਸਕਨੇ ਹਾਂ। ਸੋਚ ਕੇ ਦੱਸ ਦਿਓ ਕਿ ਕੀ ਕਰਨਾ ਹੈ?’

ਸਿੱਖ ਸੰਗਤ ਵਿਸ਼ੇਸ਼ ਕਰਕੇ ਵਿਦੇਸ਼ਾਂ ਵਿੱਚ ਵਸਦੇ ਗੁਰੂ-ਪਿਆਰ ਵਾਲੇ ਸ਼ਰਧਾਵਾਨ ਸਿੱਖ ਆਪ ਹੀ ਨਿਰਣਾ ਕਰ ਲੈਂਣ ਕਿ ਅਸੀਂ ਕਿੱਥੇ ਖੜ੍ਹੇ ਹਾਂ? ਪੈਸੇ ਭੇਜ ਕੇ ਪਾਠ ਖਰੀਦਣੇ ਜਾਂ ਜਮਾਂ ਕਰਵਾ ਕੇ ‘ਹੁਕਮਨਾਮੇ’ ਉਡੀਕਣੇ ਕੀ ਮਤਲਬ ਰੱਖਦੇ ਹਨ?

ਯਾਦ ਰੱਖੋ! ਨਾ ਉੱਥੇ ਕਿਸੇ ਪੁਜਾਰੀ ਨੂੰ ਗੁਰੂ ਦਾ ਭਉ ਹੈ ਅਤੇ ਨਾ ਹੀ ਏਥੇ ਕੋਈ ਅਦਬ, ਸਤਿਕਾਰ ਹੈ। ਸਾਧਾਰਨ ਪਾਠ ਹੋਵੇ ਜਾਂ ਅਖੰਡ ਪਾਠ, ਸੰਪਟ ਪਾਠ ਜਾਂ ਕੋਈ ਬਾਬਿਆਂ ਦੀ ਜੁਗਤੀ ਵਾਲਾ, ਜਿਹੜਾ ਵੀ ਫੈਸਲਾ ਕਰੋਗੇ, ਪਛਤਾਉਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਸਿਮਰਨ ਜੋ ਆਪ ਕਰਨਾ ਹੈ, ਉਹ ਹੀ ਗੁਰੂ-ਦਰ ਤੇ ਪ੍ਰਵਾਨ ਹੈ। ‘ਸ਼ਬਦ-ਗੁਰੂ’ ਰਟਨ ਨਹੀਂ, ਮਰਯਾਦਾ ਪੂਰਵਕ ਸਮਝਣ, ਬੂਝਣ ਤੇ ਉਸ ਅਨੁਸਾਰ ਜੀਵਨ-ਜਾਚ ਅਪਨਾਉਂਣ ਦੀ ਜਰੂਰਤ ਹੈ। ਪ੍ਰਮਾਤਮਾ ਨਾਲ ਸਾਂਝ ਪਾਉਂਣ ਤੇ ਇਸ਼ਕ ਕਮਾਉਂਣ ਦੀ ਲੋੜ ਹੈ। ਸ਼ੈਫ਼ਉਲ ਮਲੂਕ ਵਿੱਚ ਇਸਲਾਮੀ ਸੂਫੀ ਮੀਆਂ ਮੁਹੰਮਦ ਬਖਸ਼ ਦਾ ਕਥਨ ਹੈ:

ਖ਼ਾਸ ਇਨਸਾਨ ਉਹਨਾਂ ਨੂੰ ਕਹੀਏ, ਜਿਹਨਾਂ ਇਸ਼ਕ ਕਮਾਇਆ। ਧੜ ਸਿਰ ਨਾਲ ਨਾ ਆਦਮ ਬਣਦਾ, ਜਾਂ ਸਿਰ ਨਾ ਆਇਆ।
ਜਿਸ ਦਿਲ ਅੰਦਰ ਇਸ਼ਕ ਨਾ ਰਚਿਆ, ਕੁੱਤੇ ਉਸ ਥੀਂ ਚੰਗੇ, ਖਾਵੰਦ ਦੇ ਦਰ ਰਾਖੀ ਕਰਦੇ, ਸਾਬਰ ਭੁੱਖੇ ਨੰਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top