Share on Facebook

Main News Page

ਆਖਰ ਸਵਾ ਸਾਲ ਤੋਂ ਜਿੰਦਗੀ ਮੌਤ ਦਾ ਸੰਘਰਸ਼ ਲੜ ਰਹੇ ਮਿਸ਼ਨਰੀ ਜਸਵੰਤ ਸਿੰਘ ਕੈਂਸਰ ਦੇ ਦੈਂਤ ਹੱਥੋਂ ਹਾਰੇ
-: ਕਿਰਪਾਲ ਸਿੰਘ ਬਠਿੰਡਾ

* ਭਾਈ ਜਸਵੰਤ ਸਿੰਘ ਦੀ ਮਿਸ਼ਨਰੀ ਭਾਵਨਾ ਵੇਖ ਕੇ ਉਨ੍ਹਾਂ ਅੱਗੇ ਸਤਿਕਾਰ ਨਾਲ ਸਿਰ ਝੁਕ ਜਾਂਦਾ ਹੈ।

ਭਾਈ ਜਸਵੰਤ ਸਿੰਘ ਮਿਸ਼ਨਰੀ ਦਾ ਜਨਮ ਬਠਿੰਡਾ ਸ਼ਹਿਰ ਦੇ ਮਹਿਣਾ ਮਹੱਲਾ ਦੇ ਵਾਸੀ ਸ: ਗੰਗਾ ਸਿੰਘ ਜੀ ਦੇ ਘਰ ਮਾਤਾ ਨੰਦ ਕੌਰ ਜੀ ਦੀ ਕੁੱਖੋਂ ਮਿਤੀ 13-9-1947 ਨੂੰ ਹੋਇਆ। ਆਪ ਜੀ ਬਚਪਨ ਤੋਂ ਹੀ ਧਰਮ ਵਿੱਚ ਵਿਸ਼ੇਸ਼ ਰੁਚੀ ਰੱਖਣ ਵਾਲੇ ਸਨ। ਸਾਲ 1981 ਵਿੱਚ ਅੰਮ੍ਰਿਤ ਛਕਣ ਉਪ੍ਰੰਤ ਆਪ ਜੀ ਗਮਦੂਰ ਸਿੰਘ ਖ਼ਾਲਸਾ ਰਾਹੀਂ ਗੁਰਮਤਿ ਮਿਸ਼ਨਰੀ ਕਾਲਜ ਦੇ ਸੰਪਰਕ ਵਿੱਚ ਆਏ ਤੇ ਮਿਸ਼ਨਰੀ ਵੀਚਾਰਧਾਰਾ ਤੋਂ ਇੰਨੇ ਪ੍ਰਭਾਵਤ ਹੋਏ ਕਿ ਅਖੀਰਲੇ ਸਾਹ ਤੱਕ ਕਾਲਜ ਦੇ ਨਿਸ਼ਕਾਮ ਮਿਸ਼ਨਰੀ ਵਰਕਰ ਵਜੋਂ ਸੇਵਾ ਨਿਭਾਈ।

ਮਿਸ਼ਨਰੀ ਕਾਲਜ ਦੇ ਪ੍ਰੋਗਰਾਮਾਂ ਤੋਂ ਇਲਾਵਾ ਸ਼ਹਿਰ ਵਿੱਚ ਹਰ ਧਾਰਮਕ ਸਮਾਗਮ ਵਿੱਚ ਉਹ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਸਨ ਭਾਵੇਂ ਕਿ ਉਹ ਕਿਸੇ ਵੀ ਧਾਰਮਕ ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਹੁੰਦਾ। ਹੱਥੀਂ ਸੇਵਾ ਕਰਨ ਤੋਂ ਇਲਾਵਾ ਹਰ ਸਮੇਂ ਉਨ੍ਹਾਂ ਦੇ ਬੋਝੇ ਵਿੱਚ ਮਿਸ਼ਨਰੀ ਸੇਧਾਂ ਮੈਗਜ਼ੀਨ, ਮਿਸ਼ਨਰੀ ਕਾਲਜਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਇਆ ਜਾ ਰਿਹਾ ਮੁਫਤ ਵੰਡਣ ਵਾਲਾ ਲਿਟ੍ਰੇਚਰ ਹੁੰਦਾ ਸੀ ਜਿਸ ਨੂੰ ਉਹ ਸੰਗਤ ਵਿੱਚ ਵੰਡਦੇ ਰਹਿੰਦੇ ਸਨ ਤੇ ਮਿਸ਼ਨਰੀ ਸੇਧਾਂ ਮੈਗਜ਼ੀਨ ਦੇ ਸਾਲਾਨਾ ਜਾਂ ਲਾਈਫ ਮੈਂਬਰ ਬਣਨ ਲਈ ਪ੍ਰੇਰਦੇ ਰਹਿੰਦੇ ਸਨ। ਇੱਥੋਂ ਤੱਕ ਕਿ ਸਵੇਰੇ ਸ਼ੈਰ ਕਰਨ ਸਮੇਂ, ਸ਼ਹਿਰ ਵਿੱਚ ਹੋਰ ਕਾਰ ਵਿਹਾਰ ਕਰਦੇ ਸਮੇਂ ਜਾਂ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਜਾਂਦੇ ਸਮੇਂ ਵੀ ਉਨ੍ਹਾਂ ਦੇ ਹੱਥ ਵਿੱਚ ਗੁਰਮਤਿ ਲਿਟਰੇਚਰ ਹੁੰਦਾ ਸੀ ਤਾ ਕਿ ਉਨ੍ਹਾਂ ਲੋਕਾਂ ਤੱਕ ਲਿਟਰੇਚਰ ਪਹੁੰਚਾਇਆ ਜਾ ਸਕੇ, ਜੋ ਆਮ ਤੌਰ ’ਤੇ ਧਾਰਮਿਕ ਸਮਗਾਮਾਂ ਵਿੱਚ ਸ਼ਮੂਲੀਅਤ ਨਹੀਂ ਕਰਦੇ।

ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਬੀਮਾਰੀ ਦੀਆਂ ਨੀਸ਼ਾਨੀਆਂ ਨੇ ਦਸਤਕ ਦੇਣੀ ਸ਼ੁਰੂ ਕੀਤੀ ਤੇ ਪੀਜੀਆਈ ਚੰਡੀਗੜ੍ਹ ਤੱਕ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਕਰਵਾਉਣ ਪਿੱਛੋਂ ਜੂਨ ਮਹੀਨੇ ਦੇ ਸ਼ੁਰੂ ਵਿੱਚ ਸਾਫ ਹੋ ਗਿਆ ਸੀ ਕਿ ਨਾਮਮੁਰਾਦ ਬੀਮਾਰੀ ਕੈਂਸਰ ਦਾ ਹਮਲਾ ਹੋ ਚੁੱਕਿਆ ਹੈ। ਜਾਨ ਲੇਵਾ ਬੀਮਾਰੀ ਦਾ ਪਤਾ ਲੱਗਣ ਪਿੱਛੋਂ ਵੀ ਉਸ ਦੇ ਹੌਂਸਲੇ ਬੁਲੰਦ ਰਹੇ ਤੇ ਉਹ ਅਕਸਰ ਕਹਿੰਦੇ ਸਨ ਕਿ ਉਹ ਕੈਂਸਰ ਦੀ ਬੀਮਾਰੀ ਹੱਥੋਂ ਨਹੀਂ ਮਰਨਗੇ ਸਗੋਂ ਕੈਂਸਰ ਨੂੰ ਮਾਰਨ ਲਈ ਸੰਘਰਸ਼ ਕਰਨਗੇ। ਕਾਫੀ ਸਮਾਂ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਉਮੀਦ ਵਿੱਚ ਉਥੋਂ ਵਾਰ ਵਾਰ ਲਾਰਿਆਂ ਦੀਆਂ ਤਰੀਖਾਂ ਲੈਂਦੇ ਰਹੇ ਪਰ ਸਫਲਤਾ ਨਾ ਮਿਲਣ ਪਿੱਛੋਂ ਆਖਰ ਕੈਂਸਰ ਹਸਪਤਾਲ ਬੀਕਾਨੇਰ ਤੋਂ ਇਲਾਜ ਸ਼ੁਰੂ ਕਰਵਾ ਦਿੱਤਾ ਤੇ ਕਈ ਵਾਰ ਉਥੇ ਹਫਤਾ ਹਫਤਾ ਦਾਖ਼ਲ ਰਹਿੰਦੇ ਸਨ। ਬੀਮਾਰੀ ਕਾਰਣ ਕਾਫੀ ਕਮਜੋਰੀ ਆਉਣ ਦੇ ਬਾਵਯੂਦ ਅਪ੍ਰੈਲ 2013 ਤੱਕ ਉਹ ਸ਼ਹਿਰ ਵਿੱਚ ਹਰ ਧਾਰਮਿਕ ਦੀਵਾਨ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਇੱਥੋਂ ਤੱਕ ਕਿ ਮਾਨਸਾ ਬੁਡਲਾਢਾ ਤੱਕ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਮਿਲਣ ਲਈ ਮੋਟਰ ਸਾਈਕਲ ਤੇ ਸਵਾਰ ਹੋ ਕੇ ਇਕੱਲੇ ਹੀ ਚਲੇ ਜਾਂਦੇ ਤੇ ਵਾਪਸੀ ’ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਕਮੇਟੀ ਦਾ ਫਰੀ ਲਿਟ੍ਰੇਚਰ ਦਾ ਬੋਰਾ ਮੋਟਰ ਸਾਈਕਲ ’ਤੇ ਲੱਦ ਕੇ ਦੇਰ ਰਾਤ ਨੂੰ ਘਰ ਪਹੁੰਚਦੇ ਤੇ ਪਹਿਲਾਂ ਦੀ ਤਰ੍ਹਾਂ ਹੀ ਵੰਡਦੇ ਰਹਿੰਦੇ।

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਵੱਲੋਂ ਬਠਿੰਡਾ ਸ਼ਹਿਰ ਵਿੱਚ ਹਰ ਸਾਲ ਅਪ੍ਰੈਲ ਮਹੀਨੇ ਵਿੱਚ ਕਰਵਾਇਆ ਜਾਂਦਾ ਹਫਤਾ ਭਰ ਦੇ ਸਮਾਗਮ ਜੋ ਇਸ ਵਾਰ 28 ਅਪ੍ਰੈਲ ਦੇਰ ਰਾਤ ਤੱਕ ਚੱਲਿਆ ਸੇਵਰੇ ਸ਼ਾਮ ਦੇ ਦੋਵੇਂ ਸਮਾਗਮਾਂ ਵਿੱਚ ਹਿੱਸਾ ਲਿਆ। ਬੀਮਾਰੀ ਕਾਰਣ ਕਮਜੋਰੀ ਇੰਨੀ ਵਧ ਗਈ ਸੀ ਕਿ ਰਾਤ ਦੇ ਸਮਾਗਮ ਵਿੱਚ ਸ਼ਮੂਲੀਅਤ ਤੋਂ ਬਾਅਦ 29 ਅਪ੍ਰੈਲ ਦੀ ਸਵੇਰ ਨੂੰ ਉਹ ਉਠ ਨਹੀਂ ਸਕੇ ਤੇ 15 ਜੁਲਾਈ ਸ਼ਾਮ ਦੇ ਸਾਢੇ ਅੱਠ ਵਜੇ ਆਖਰੀ ਸਾਹ ਲੈਣ ਤੱਕ ਉਨ੍ਹਾਂ ਨੂੰ ਮੰਜੇ ਤੋਂ ਉਠਣਾ ਨਸੀਬ ਨਾ ਹੋਇਆ। ਜੀਭ ’ਤੇ ਕੈਂਸਰ ਹੋਣ ਅਤੇ ਗਲ਼ੇ ਵਿੱਚ ਇਨਫੈਕਸ਼ਨ ਹੋਣ ਕਰਕੇ ਬੇਸ਼ਕ ਉਹ ਆਖਰੀ ਦੋ ਮਹੀਨੇ ਕੁਝ ਬੋਲ ਨਹੀਂ ਸਕੇ ਪਰ ਜਦੋਂ ਵੀ ਇਹ ਲੇਖਕ ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਜਾਂਦਾ ਤਾਂ ਆਪਣੀ ਬੀਮਾਰੀ ਜਾਂ ਘਰੇਲੂ ਗੱਲਾਂ ਕਰਨ ਦੀ ਬਜਾਏ ਲਿਖ ਕੇ ਇਹ ਹੀ ਦੱਸਣ ਦਾ ਯਤਨ ਕਰਦੇ ਕਿ ਫਲਾਣੇ ਵਿਅਕਤੀ ਦਾ ਮੈਗਜ਼ੀਨ ਇਸ ਮਹੀਨੇ ਤੱਕ ਦਸਤੀ ਦੇਣਾ ਹੈ ਉਹ ਪਹੁੰਚਾ ਦਿੱਤਾ ਜਾਵੇ ਅਤੇ ਫਲਾਣੇ ਵਿਅਕਤੀ ਦਾ ਚੰਦਾ ਰੀਨਿਊ ਕਰਨਾ ਹੈ। ਭਾਈ ਜਸਵੰਤ ਸਿੰਘ ਨੇ ਸਰੂਪ ਸਿੰਘ ਤੋਂ ਮਿਸ਼ਨਰੀ ਸੇਧਾਂ ਮੈਗਜ਼ੀਨ ਦੀ ਲਾਈਫ ਮੈਂਬਰਸ਼ਿੱਪ ਦੇ 1000 ਰੁਪਏ ਲਏ ਸਨ ਪਰ ਉਸ ਦੀ ਰਸੀਦ ਨਹੀਂ ਸਨ ਕੱਟ ਸਕੇ। ਇੱਕ ਵਾਰ ਮਿਲਣ ਸਮੇਂ ਉਨ੍ਹਾਂ ਪ੍ਰਵਾਰ ਵਾਲਿਆਂ ਨੂੰ ਲਿਖ ਕੇ ਕਿਹਾ ਕਿ ਇਨ੍ਹਾਂ ਨੂੰ 1000 ਰੁਪਈਆ ਦੇ ਦਿੱਤਾ ਜਾਵੇ ਤੇ ਮੈਨੂੰ ਕਿਹਾ ਕਿ ਉਸ ਦੀ ਰਸੀਦ ਕੱਟ ਕੇ ਉਸ ਦਾ ਮੈਗਜ਼ੀਨ ਪਹੁੰਚਣਾ ਯਕੀਨੀ ਬਣਾਇਆ ਜਾਵੇ। ਭਾਈ ਜਸਵੰਤ ਸਿੰਘ ਕੋਲ ਹਰ ਮਹੀਨੇ 100 ਮੈਗਜੀਨ ਦਸਤੀ ਵੰਡਣ ਅਤੇ ਮੁਫਤ ਵੰਡਣ ਜਾਂ ਬੁੱਕ ਕਰਵਾਉਣ ਲਈ ਕਾਲਜ ਵੱਲੋਂ ਭੇਜੇ ਜਾਂਦੇ ਸਨ। ਪਿਛਲੇ ਜੂਨ ਮਹੀਨੇ ਵਿੱਚ ਇਕ ਵਾਰ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਗਿਆ ਤਾਂ ਉਨ੍ਹਾਂ ਦੇ ਪ੍ਰਵਾਰ ਵਾਲਿਆਂ ਨੇ ਕਿਹਾ ਕਿ ਹੁਣ ਬਹੁਤ ਕਮਜੋਰ ਹੋ ਗਏ ਹਨ ਇਸ ਲਈ ਇਹ ਮੈਗਜ਼ੀਨ ਵੰਡੇ ਨਹੀਂ ਜਾ ਸਕਦੇ ਇਸ ਲਈ ਕਾਲਜ ਨੂੰ ਫੋਨ ਕਰ ਦਿੱਤਾ ਜਾਵੇ ਕਿ ਜਦ ਤੱਕ ਇਹ ਠੀਕ ਨਹੀਂ ਹੁੰਦੇ ਉਸ ਸਮੇਂ ਤੱਕ ਇਹ ਮੈਗਜ਼ੀਨ ਭੇਜਣੇ ਬੰਦ ਕਰ ਦਿੱਤੇ ਜਾਣ, ਜਦੋਂ ਇਹ ਠੀਕ ਹੋ ਗਏ ਤਾਂ ਫਿਰ ਸ਼ੁਰੂ ਕਰਵਾ ਲਏ ਜਾਣਗੇ। ਜਦੋਂ ਇਹ ਗੱਲ ਭਾਈ ਜਸਵੰਤ ਸਿੰਘ ਨੂੰ ਸੁਣਾਈ ਦਿੱਤੀ ਤਾਂ ਝੱਟ ਉਨ੍ਹਾਂ ਲਿਖਣ ਲਈ ਕਾਪੀ ਪੈਨਸਿਲ ਦੇਣ ਲਈ ਇਸ਼ਾਰਾ ਕੀਤਾ ਤੇ ਲਿਖ ਦਿੱਤਾ ਕਿ ਬਿਲਕੁਲ ਬੰਦ ਨਹੀਂ ਕਰਨੇ 100 ਦੀ ਬਜਾਏ ਘਟਾ ਕੇ 25 ਕਰ ਦਿੱਤੇ ਜਾਣ ਤਾ ਕਿ ਜੋ ਵੀ ਮੇਰਾ ਹਾਲ ਚਾਲ ਪੁੱਛਣ ਆਏਗਾ ਉਸ ਨੂੰ ਇੱਕ ਮੈਗਜ਼ੀਨ ਦੇ ਦਿਆ ਕਰਾਂਗਾ। ਭਾਈ ਜਸਵੰਤ ਸਿੰਘ ਦੀ ਇਹ ਮਿਸ਼ਨਰੀ ਭਾਵਨਾ ਵੇਖ ਕੇ ਉਨ੍ਹਾਂ ਅੱਗੇ ਸਤਿਕਾਰ ਨਾਲ ਸਿਰ ਝੁਕ ਜਾਂਦਾ ਹੈ।

ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ, ਤਿੰਨ ਪੁੱਤਰਾਂ ਅਤੇ ਇੱਕ ਪੁੱਤਰੀ ਦੇ ਵਸਦੇ ਰਸਦੇ ਪ੍ਰਵਾਰ ਤੋਂ ਇਲਾਵਾ ਮਿਸ਼ਨਰੀ ਕਾਲਜ ਦੇ ਪ੍ਰਵਾਰ ਅਤੇ ਮਿੱਤਰ ਸਨੇਹੀਆਂ ਨੂੰ ਛੱਡ ਕੇ 15 ਜੁਲਾਈ ਨੂੰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਅਤੇ ਅੰਤਮ ਅਰਦਾਸ ਉਨ੍ਹਾਂ ਦੇ ਘਰ ਦੇ ਨਜ਼ਦੀਕ ਹੀ ਧਰਮਸ਼ਾਲਾ ਬਾਬਾ ਸੰਤੂ ਸਿੰਘ, ਅਜੀਤ ਰੋਡ ਗਲੀ ਨੰ: 26/7 ਬਠਿੰਡਾ ਵਿਖੇ 25 ਜੁਲਾਈ ਦਿਨ ਵੀਰਵਾਰ ਨੂੰ ਦੁਪਹਿਰ 11 ਵਜੇ ਤੋਂ 1 ਵਜੇ ਤੱਕ ਹੋ ਰਹੀ ਹੈ। ਭਾਈ ਜਸਵੰਤ ਸਿੰਘ ਤੋਂ ਪ੍ਰੇਰਣਾ ਲੈ ਕੇ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਧਾਰਨੀ ਬਣਨਾ ਅਤੇ ਗੁਰਮਤਿ ਦੇ ਪ੍ਰਚਾਰ ਵਿੱਚ ਨਿਸ਼ਕਾਮਤਾ ਨਾਲ ਆਪਣਾ ਯੋਗ ਹਿੱਸਾ ਪਾਉਣਾ ਹੀ ਉਸ ਨੂੰ ਸੱਚੀ ਸ਼੍ਰਧਾਂਜਲੀ ਹੋਵੇਗੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top