Share on Facebook

Main News Page

ਮਾਮਲਾ ਨਾਨਕਸ਼ਾਹੀ ਕੈਲੰਡਰ ਦਾ
ਨਾਨਕਸ਼ਾਹੀ ਕੈਲੰਡਰ ਦੇ ਮਾਮਲੇ 'ਤੇ ਗੁਰਬਚਨ ਸਿੰਘ ਤੇ ਮੱਕੜ ਦੇ ਰਾਹ ਵੱਖ!

* ਨਾਨਕਸ਼ਾਹੀ ਕੈਲੰਡਰ ਚ ਨਹੀਂ ਹੋਵੇਗੀ ਸੋਧ : ਮੱਕੜ
* ਲੋੜ ਮਹਿਸੂਸ ਹੋਣ ਤੇ ਹੋ ਸਕਦੀ ਹੈ ਨਾਨਕਸ਼ਾਹੀ ਕੈਲੰਡਰ ਚ ਸੋਧ : ਗੁਰਬਚਨ ਸਿੰਘ

17 ਜੁਲਾਈ : (ਗਗਨਦੀਪ ਸੋਹਲ) ਨਾਨਕਸ਼ਾਹੀ ਕੈਲੰਡਰ ਚ ਮੁੜ ਤੋਂ ਸੋਧ ਕੀਤੇ ਜਾਣ ਦੇ ਮਸਲੇ ਤੇ ਵਿਦੇਸ਼ਾਂ ਤੇ ਦੇਸ਼ ਚ ਬੈਠੀਆਂ ਕੁਝ ਸਿੱਖ ਜਥੇਬੰਦੀਆਂ ਚ ਜਿਥੇ ਵੱਖਰੇਵਾਂ ਪਾਇਆ ਜਾ ਰਿਹਾ ਹੈ, ਉਥੇ ਜਾਪਦੈ ਕਿ ਇਸ ਮਸਲੇ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਰਾਏ ਵੀ ਵੱਖੋ-ਵੱਖਰੀ ਹੈ। ਜਿਥੇ ਇਸ ਮਸਲੇ ਤੇ ਗਿਆਨੀ ਬਚਨ ਸਿੰਘ ਨੇ ਕਿਹਾ ਹੈ ਕਿ ਕੈਲੰਡਰ ਚ ਲੋੜ ਮਹਿਸੂਸ ਹੋਣ ਤੇ ਸੋਧ ਹੋ ਸਕਦੀ ਹੈ, ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਠਿੰਡਾ ਚ ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਧਾਰਮਿਕ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਉਪਰੰਤ ਕਿਹਾ ਹੈ ਕਿ ਇਨ੍ਹਾਂ ਜੱਥੇਬੰਦੀਆਂ ਵੱਲੋਂ ਬਕਾਇਦਾ ਇਕ ਮਤਾ ਪਾਸ ਕਰਕੇ ਨਾਨਕਸ਼ਾਹੀ ਕੈਲੰਡਰ ਚ ਸੋਧ ਦੀ ਮੰਗ ਕੀਤੀ ਗਈ ਹੈ। ਇਸ ਲਈ ਉਹ ਸਮੂਹ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਨਾਲ ਗੱਲਬਾਤ ਕਰਨਗੇ ਤੇ ਜੇ ਲੋੜ ਮਹਿਸੂਸ ਹੋਈ ਤਾਂ ਨਾਨਕਸ਼ਾਹੀ ਕੈਲੰਡਰ ਚ ਮੁੜ ਸੋਧ ਕੀਤੀ ਜਾ ਸਕਦੀ ਹੈ। ਗਿਆਨੀ ਗੁਰਬਚਨ ਸਿੰਘ ਨੇ ਇਹ ਵੀ ਕਿਹਾ ਹੈ ਕਿ ਅਜਿਹੇ ਯਤਨ ਕੀਤੇ ਜਾਣਗੇ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਵੇ ਅਤੇ ਆਪਸ ਚ ਪਿਆਰ ਅਤੇ ਇਤਫ਼ਾਕ ਬਰਕਰਾਰ ਰਹੇ। ਪਰ ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਅੱਜ ਤਰ੍ਹਾਂ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ ਹੈ।

ਇਸ ਮਸਲੇ ਤੇ ਜਦੋਂ ਬਾਬੂਸ਼ਾਹੀ ਦੇ ਇਸ ਪ੍ਰਤੀਨਿਧ ਨੇ ਮੱਕੜ ਨੂੰ ਸੁਆਲ ਕੀਤਾ ਕਿ ਕੀ ਨਾਨਕਸ਼ਾਹੀ ਕੈਲੰਡਰ ਚ ਸੋਧ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਇਸ ਕੈਲੰਡਰ ਨੂੰ ਪਹਿਲਾਂ ਹੀ ਸੋਧਿਆ ਜਾ ਚੁੱਕਾ ਹੈ ਤੇ ਹੁਣ ਸੋਧ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 2-4 ਸਖਸ਼ ਜਾਂ ਕੁਝ ਹੋਰ ਅਜਿਹੇ ਲੋਕ ਹੀ ਸੋਧ ਦੀ ਮੰਗ ਕਰ ਰਹੇ ਹਨ, ਜਿਨਾਂ ਦਾ ਕੋਈ ਅਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਮੰਨਣ ਵਾਲਾ ਹਰ ਸਿੱਖ ਇਸ ਕੈਲੰਡਰ ਅਨੁਸਾਰ ਸਾਰੇ ਦਿਹਾੜੇ ਮਨਾਉਂਦਾ ਹੈ ਜਦਕਿ ਜੋ ਅਜਿਹਾ ਨਹੀਂ ਕਰਦਾ, ਉਸ ਬਾਰੇ ਕੀ ਕਿਹਾ ਜਾ ਸਕਦਾ ਹੈ।

ਸੋ ਸਾਫ ਹੈ ਕਿ ਜਿਥੇ ਇਕ ਪਾਸੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਨਕਸ਼ਾਹੀ ਕੈਲੰਡਰ ‘ਚ ਸੋਧ ਦੇ ਮਸਲੇ ਤੇ ਜਿਥੇ ਹਾਂ ਪੱਖੀ ਨਜ਼ਰ ਆ ਰਹੇ ਹਨ, ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਇਸ ਦੇ ਹੱਕ ‘ਚ ਨਹੀਂ ਹਨ। ਸੋ ਹਾਲ ਦੀ ਘੜੀ ਦੋਵਾਂ ਦੇ ਰਾਹ ਇਸ ਮਸਲੇ ਤੇ ਵੱਖੋ-ਵੱਖਰੇ ਹਨ।

ਬਠਿੰਡਾ ਤੋਂ ਸੰਗਤਾਂ ਦੀ ਮੰਗ ਅਨੁਸਾਰ ਜੇਕਰ ਲੋੜ ਹੋਵੇਗੀ ਤਾਂ ਨਾਨਕਸ਼ਾਹੀ ਕੈਲੰਡਰ 'ਚ ਲੋੜੀਂਦੀ ਸੋਧ ਕੀਤੀ ਜਾ ਸਕਦੀ ਹੈ, ਪਰ ਇਸ ਤੋਂ ਪਹਿਲਾਂ ਸਾਰੇ ਸਿੰਘ ਸਾਹਿਬਾਨ ਨਾਲ ਬਕਾਇਦਾ ਵਿਚਾਰ ਚਰਚਾ ਹੋਵੇਗੀ ਅਤੇ ਉਸ ਤੋਂ ਪਿੱਛੋਂ ਹੀ ਕੋਈ ਕਦਮ ਚੁੱਕਿਆ ਜਾਵੇਗਾ।


ਟਿੱਪਣੀ:

ਗੁਰਬਚਨ ਸਿੰਘ ਦੀ ਕੋਈ ਔਕਾਤ ਨਹੀਂ, ਨਾ ਹੀ ਮੱਕੜ ਦੀ ਹੈ। ਜੋ ਬਾਦਲ ਦੇ ਰਾਹੀਂ ਆਰ.ਐਸ.ਐਸ ਨੇ ਚਾਹਿਆ, ਹੋਣਾ ਉਹੀਓ ਹੈ। ਹਾਲੇ ਵੀ ਸਾਨੂੰ ਇਨ੍ਹਾਂ ਪਾਲਤੂਆਂ ਕੋਲੋਂ ਆਸਾਂ ਹਨ? ਮੱਕੜ ਦੀ ਸੁਰ ਦੇਖੋ "2-4 ਸਖਸ਼ ਜਾਂ ਕੁਝ ਹੋਰ ਅਜਿਹੇ ਲੋਕ ਹੀ ਸੋਧ ਦੀ ਮੰਗ ਕਰ ਰਹੇ ਹਨ", ਪੰਜਾਬ ਅਤੇ ਬਾਹਰ ਬੈਠੇ ਸਿੱਖ ਅਤੇ ਜਥੇਬੰਦੀਆਂ ਜਿਨ੍ਹਾਂ ਨੇ ਹਾਲੇ ਪਿਛੇ ਜਿਹੇ ਹੀ ਨਾਨਕਸ਼ਾਹੀ ਕੈਲੰਡਰ 'ਚ ਸੋਧ ਲਈ ਇਕੱਠ ਬੁਲਾਉਣ ਲਈ ਤਜ਼ਵੀਜ਼ ਪੇਸ਼ ਕੀਤੀ ਹੈ, ਉਹ ਮੱਕੜ ਨੂੰ 2-4 ਸਿੱਖ ਜਾਪਦੇ, ਪਰ ਇੱਕਲੀ ਆਰ.ਐਸ.ਐਸ ਇਸ ਨੂੰ ਸਭ ਕੁੱਝ ਜਾਪਦੀ ਹੈ।

ਬਾਹਰਲੇ ਸਿੱਖਾਂ ਨੂੰ ਆਪਣੀ ਇੱਕ ਕਮੇਟੀ ਬਣਾ ਕੇ ਜਿਸ ਦੇ ਵਿੱਚ ਆਪਸੀ ਤਾਲਮੇਲ ਰਾਹੀਂ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਲੈਣਾ ਚਾਹੀਦਾ ਹੈ, ਸਾਨੂੰ ਰਾਹ ਵੱਖ ਕਰਨੇ ਹੀ ਪੈਣੇ ਹੈ, ਲੀਕ ਖਿਚਣੀ ਹੀ ਪੈਣੀ ਹੈ, ਅੱਜ ਨਹੀਂ ਤਾਂ ਕੱਲ, ਕਿੰਨੀ ਦੇਰ ਇਨ੍ਹਾਂ ਪੱਪੂਆਂ ਕੋਲ਼ੋਂ ਆਸਾਂ ਲਾਈ ਰੱਖੋਗੇ?

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top