Share on Facebook

Main News Page

ਰੱਖੇ ਜਾਂਦੇ ਰੋਜ਼ੇ-ਵਰਤਾਂ ਬਾਰੇ ਵਿਚਾਰ-ਚਰਚਾ
ਅਵਤਾਰ ਸਿੰਘ ਮਿਸ਼ਨਰੀ (510-432-5827)
ਧਰਮ ਦੇ ਨਾਂ 'ਤੇ ਮੁਸਲਮਾਨ ਰੋਜ਼ੇ ਅਤੇ ਹਿੰਦੂ ਵਰਤ ਰੱਖਦੇ ਹਨ। ਆਓ ਇਸ ਬਾਰੇ ਖੁੱਲ੍ਹੇ ਮਨ ਨਾਲ ਵਿਚਾਰ ਕਰੀਏ। ਮਹਾਂਨ ਕੋਸ਼ ਅਨੁਸਾਰ ਬਰਤ, ਰੋਜ਼ੇ ਅਤੇ ਵਰਤ ਰਲਦੇ ਮਿਲਦੇ ਅਰਥਾਂ ਵਾਲੇ ਸ਼ਬਦ ਹਨ। ਪ੍ਰਕਰਣ ਅਨੁਸਾਰ ਬਰਤ ਦੇ ਅਰਥ ਵੱਖਰੇ-ਵੱਖਰੇ ਇਹ ਹਨ-ਬਰਤ-ਬਲਤ, ਬਲਦਾ, ਮਰਦਾ, ਵਿਆਹ, ਉਪਵਾਸ, ਬਿਨਾ ਅਹਾਰ ਰਹਿਣਾ, ਰੱਸਾ, ਲੱਜ। ਵਰਤ-ਨੇਮ, ਨਿਯਮ, ਪ੍ਰਤੱਗਯਾ, ਪ੍ਰਣ, ਆਗਯਾ, ਹੁਕਮ, ਧਰਮ ਦੀ ਰੀਤ ਅਤੇ ਫਾਕਾ ਆਦਿ। ਰੋਜ਼ਾ-ਵਰਤ, ਅੰਨ ਦਾ ਤਿਆਗ, ਪਵਿੱਤਰ ਦਿਨ ਆਦਿ। ਭਾ. ਕਾਨ੍ਹ ਸਿੰਘ ਨ੍ਹਾਭਾ ਲਿਖਦੇ ਹਨ ਕਿ ਹਿੰਦੂ ਮੱਤ (ਨੋਟ ਹਿੰਦੂ ਕੋਈ ਮੱਤ ਨਹੀਂ ਸਗੋਂ ਸਮਦਾਇ ਹੈ) ਦੇ ਵਰਤਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ, ਕੋਈ ਥਿੱਤ ਅਰ ਮਹੀਨਾ ਐਸਾ ਨਹੀਂ ਜਿਸ ਵਿੱਚ ਕਿਸੇ ਨਾਂ ਕਿਸੇ ਪ੍ਰਕਾਰ ਦਾ ਵਰਤ ਵਿਧਾਨ ਨਾਂ ਹੋਵੇ। ਬਹੁਤ ਪ੍ਰਸਿੱਧ ਏਕਾਦਸ਼ੀ ਅਤੇ ਕਰਵਾ ਚੌਥ ਆਦਿਕ ਵਰਤ ਹਨ ਅਤੇ ਹੋਰ ਮੱਤਾਂ ਵਿੱਚ ਵੀ ਵਰਤ ਦੀ ਮਹਿਮਾਂ ਪਾਈ ਜਾਂਦੀ ਹੈ ਜਿਵੇਂ ਬਾਈਬਲ ਅਤੇ ਕੁਰਾਨ ਵਿੱਚ ਵੀ ਅਨੇਕ ਪ੍ਰਕਾਰ ਦੇ ਵਰਤ ਲਿਖੇ ਹਨ। ਯਹੂਦੀਆਂ ਦੇ 40 ਅਤੇ ਮੁਸਲਮਾਨਾਂ ਦੇ 30 ਰੋਜ਼ੇ ਹੀ ਪ੍ਰਧਾਨ ਵਰਤ ਹਨ। ਇਨ੍ਹਾਂ ਵਰਤਾਂ ਰੋਜਿਆਂ ਵਿੱਚ ਦਿਨ ਭਰ ਅੰਨ ਜਲ ਦਾ ਤਿਆਗ ਹੁੰਦਾ ਹੈ ਅਰ ਰਾਤ੍ਰੀ ਨੂੰ ਭੋਜਨ ਕੀਤਾ ਜਾਂਦਾ ਹੈ।
ਰੋਜ਼ੇ - ਰੋਜਾ ਫਾਰਸੀ ਦਾ ਲ਼ਫਜ ਹੈ ਜਿਸ ਦਾ ਅਰਥ ਵੀ ਵਰਤ ਅਤੇ ਫਾਕਾ ਹੈ। ਇਸਲਾਮ ਵਿਖੇ ਵਰਤ-ਰੋਜੇ ਪਾਪ ਨਾਸ਼ਕ ਕਰਮ ਹੈ ਅਰ ਇਤਨੇ ਵਰਤ-ਰੋਜੇ ਰੱਖਣੇ ਵਿਧਾਨ ਹਨ-(ੳ) ਰਮਜ਼ਾਨ ਦਾ ਸਾਰਾ ਮਹੀਨਾ (ਅ) ਮੁਹਰਮ ਦਾ ਦਸਵਾਂ ਦਿਨ ਜਿਸ ਦਾ ਨਾਮ "ਆਸ਼ੂਰਾ" ਹੈ ਮਿਸ਼ਕਾਤ ਵਿੱਚ ਲਿਖਿਆ ਹੈ ਕਿ ਇਸ ਦਿਨ ਦਾ ਵਰਤ ਅਉਣ ਵਾਲੇ ਵਰ੍ਹੇ ਦੇ ਸਭ ਪਾਪ ਦੂਰ ਕਰਦਾ ਹੈ (ੲ) ਈਦੁਲਫਿਤਰ ਪਿੱਛੋਂ ਛੇ ਦਿਨ ਵਰਤ ਕਰਨਾ (ਰੋਜਾ ਰੱਖਣਾ) ਪੁੰਨ ਕਰਮ ਹੈ (ਸ) ਸੋਮ ਅਤੇ ਵੀਰਵਾਰ ਹਰੇਕ ਹਫਤੇ ਦੇ (ਹ) ਸ਼ਅਬਾਨ ਦਾ ਸਾਰਾ ਮਹੀਨਾ, ਕਦੇ ਇਸ ਮਹੀਨੇ ਦਾ ਕੁਝ ਹਿੱਸਾ ਹਜ਼ਰਤ ਮੁਹੰਮਦ ਵਰਤ (ਰੋਜੇ) ਰੱਖਦੇ ਸਨ (ਕ) ਹਰੇਕ ਮਹੀਨੇ ਦੀ 13, 14 ਅਤੇ 15 ਤਾਰੀਖ ਇਨ੍ਹਾਂ ਦਾ ਨਾਮ "ਅੱਯਾਮੁਲਬੀਜ਼" ਅਰਥਾਤ ਰੌਸ਼ਨ ਦਿਨ ਹੈ (ਖ) ਇੱਕ ਦਿਨ ਖਾਣਾ ਦੂਜੇ ਦਿਨ ਵਰਤ ਰੱਖਣਾ ਇਸ ਦਾ ਨਾਮ ਨਿਤਵਰਤ ਹੈ। ਮਿਸ਼ਕਾਤ ਵਿੱਚ ਲਿਖਿਆ ਹੈ ਕਿ "ਦਾਊਦ" ਇਹ ਵਰਤ (ਰੋਜਾ) ਰੱਖਦਾ ਹੁੰਦਾ ਸੀ। ਵਰਤ ਰੋਜ਼ੇ ਸਮੇਂ ਝਗੜਨਾ, ਲੜਨਾ ਅਤੇ ਨਿੰਦਾ ਆਦਿਕ ਬੁਰੇ ਕਰਮ ਵਿਵਰਜਿਤ ਹਨ।
ਮੁਸਲਮ, ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਕੁਝ ਸਵਾਲ
ਮੁਸਲਮ - ਕੀ ਇੱਕ ਮਹੀਨਾਂ ਰੋਜੇ ਜਾਂ ਵਰਤ ਰੱਖ ਕੇ ਹੀ ਰੱਬ ਮਿਲਦਾ ਹੈ? ਕੀ ਚੰਗੇ ਕਰਮ (ਅਮਲ) ਰਮਜ਼ਾਨ ਦੇ ਮਹੀਨੇ ਵਿੱਚ ਹੀ ਕਰਨੇ ਚਾਹੀਦੇ ਹਨ? ਕੀ ਸਰੀਰ ਦੀ ਸ਼ੁੱਧੀ ਵਾਸਤੇ ਇੱਕ ਮਹੀਨਾਂ ਹੀ ਕਾਫੀ ਹੈ? ਕੀ ਰਮਜਾਨ ਦੇ ਮਹੀਨੇ ਹੀ ਸੱਚ ਬੋਲਣਾਂ ਚਾਹੀਦਾ ਹੈ? ਕੀ ਭੁੱਖੇ ਰਹਿਣ ਨਾਲ ਜਾਂ ਫਾਕਾ ਕੱਟਣ ਨਾਲ ਖੁਦਾ ਖੁਸ਼ ਹੁੰਦਾ ਹੈ? ਕੀ ਆਪਣੇ ਸੁਆਦ ਖਾਤਰ ਧਰਮ ਦੇ ਨਾਂ ਤੇ ਜਾਨਵਰਾਂ ਦੀ ਬਲੀ ਦੇਣਾਂ ਇਨਸਾਨੀਅਤ ਹੈ? ਕੀ ਬਲੀ ਦੇਣਾਂ ਹਿੰਦੂ ਕਰਮਕਾਂਡ ਦੀ ਨਕਲ ਨਹੀਂ? ਕੀ ਅਜਿਹੀਆਂ ਬਲੀਆਂ (ਕੁਰਬਾਨੀਆਂ) ਨਾਲ ਖੁਦਾ ਜਿਆਦਾ ਮਿਹਰਬਾਨ ਹੁੰਦਾ ਹੈ?
ਹਿੰਦੂ - ਵਰਤ ਰੱਖਣ ਨਾਲ ਧਰਮ ਦਾ ਕੀ ਸਬੰਧ ਹੈ? ਕੀ ਕੁਝ ਦਿਨ ਵਰਤ ਰੱਖਣ ਨਾਲ ਭਗਵਾਨ ਖੁਸ਼ ਹੁੰਦਾ ਹੈ? ਕੀ ਅੰਨ ਦਾ ਤਿਆਗ ਕਰਨਾ ਭਗਤੀ ਹੈ? ਜੇ ਵਰਤ ਸਰੀਰ ਦੀ ਸ਼ੁਧੀ ਵਾਸਤੇ ਰੱਖੇ ਜਾਂਦੇ ਹਨ ਤਾਂ ਫਿਰ ਸਾਲ ਵਿੱਚ ਕੁਝ ਚੋਣਵੇਂ ਮਹੀਨੇ ਅਤੇ ਦਿਨਾਂ ਵਿੱਚ ਹੀ ਕਿਉਂ? ਵਰਤਾਂ ਦੇ ਦਿਨਾਂ ਵਿੱਚ ਅਖੌਤੀ ਉਚ ਜਾਤੀ ਬ੍ਰਾਹਮਣ ਨੂੰ ਹੀ ਕਿਉਂ ਭੋਜਨ ਪਾਣੀ ਛਕਾਇਆ ਅਤੇ ਦਾਨ ਦੱਛਣਾ ਦਿੱਤੀ ਜਾਂਦੀ ਹੈ? ਕੀ ਲੋੜਵੰਦ ਲੋਕ ਭੋਜਨ ਪਾਣੀ ਅਤੇ ਦਾਨ ਦੱਖਣਾ ਦੇ ਅਧਿਕਾਰੀ ਨਹੀਂ ਹਨ? ਜਦ ਪ੍ਰਮਾਤਮਾਂ ਨੇ ਔਰਤ ਤੇ ਮਰਦ ਨੂੰ ਬਰਾਬਰ ਅਧਿਕਾਰ ਦਿੱਤੇ ਹਨ ਫਿਰ ਔਰਤਾਂ ਨੂੰ ਹੀ ਮਰਦਾਂ ਦੀ ਲੰਬੀ ਉਮਰ ਲਈ ਵਰਤ ਕਿਉਂ ਰੱਖਣੇ ਪੈਂਦੇ ਹਨ? ਕੀ ਮਰਦ ਨੂੰ ਔਰਤ ਦੀ ਲੰਬੀ ਉਮਰ ਲਈ ਵਰਤ ਰੱਖਦੇ ਸ਼ਰਮ ਆਉਂਦੀ ਹੈ? ਕੀ ਅਜੋਕੇ ਵਿਗਿਆਨਕ ਜੁੱਗ ਵਿੱਚ ਵੀ ਮਿਥਿਹਾਸਕ ਕਥਾ ਕਹਾਣੀਆਂ ਨੂੰ ਅਧਾਰ ਬਣਾ ਕੇ ਅਜਿਹਾ ਕੀਤਾ ਜਾਣਾਂ ਸਿਆਣਪ ਹੈ? ਕੀ ਲਕੀਰ ਦੇ ਫਕੀਰ ਬਣ ਕੇ ਹੀ ਲੋਕ ਲਾਜ ਅਤੇ ਧਰਮ ਪਾਲੇ ਜਾ ਸਕਦੇ ਹਨ?
ਸਿੱਖ - ਕੀ ਸਿੱਖਾਂ ਨੂੰ ਵੀ ਵਰਤ ਜਾਂ ਰੋਜੇ ਰੱਖਣੇ ਚਾਹੀਦੇ ਹਨ? ਜੇ ਨਹੀਂ ਤਾਂ ਅਗਿਆਨੀ ਸਿੱਖ ਅਜਿਹਾ ਕਿਉਂ ਕਰਦੇ ਹਨ? ਕੀ ਸਿੱਖਾਂ ਨੂੰ ਵੀ ਪੀਰਾਂ, ਜੋਤਸ਼ੀਆਂ, ਭੇਖੀ ਸਾਧਾਂ ਸੰਤਾਂ ਅਤੇ ਬ੍ਰਾਹਮਣਾਂ ਤੋਂ ਪੁੱਛ ਕੇ ਹੀ ਕਰਮ ਕਰਨੇ ਚਾਹੀਦੇ ਹਨ? ਸਿੱਖਾਂ ਨੂੰ ਹੋਰ ਮਜਹਬਾਂ ਦੇ ਕਰਮਕਾਂਡ ਕਰਨ ਦੀ ਖੁੱਲ੍ਹ ਕਿਹੜੇ ਗੁਰੂ ਨੇ ਦਿੱਤੀ ਹੈ? ਕੀ ਭੁੱਲੜ ਸਿੱਖ ਵਰਤ ਰੱਖ, ਹੋਰ ਅਖੌਤੀ ਕਰਮਕਾਂਡ ਕਰ ਅਤੇ ਗੁਰੂ ਹੁਕਮਾਂ ਦੀ ਉਲੰਘਣਾਂ ਕਰਕੇ ਗੁਰੂ ਸਿਧਾਂਤ ਤੋਂ ਭਗੌੜੇ ਨਹੀਂ ਹਨ? ਕੀ ਇਸ ਗੁਰਬਾਣੀ ਫੁਰਮਾਨ ਅਤੇ ਇਤਿਹਾਸਕ ਹਵਾਲੇ ਅਨੁਸਾਰ ਸਿੱਖ ਹਿੰਦੂ ਤੁਰਕਾਂ ਤੋਂ ਕਰਮਾਂ ਕਰਕੇ ਨਿਆਰੇ ਨਹੀਂ? ਨਾ ਹਮ ਹਿੰਦੂ ਮੁਸਲਮਾਨ ਅਲਹ ਰਾਮ ਕੇ ਪਿੰਡੁ ਪਰਾਨ ੪॥ (1130) ਹਿੰਦੂ ਤੁਰਕਨ ਤੇ ਹੈ ਨਿਆਰਾ ਫਿਰਕਾ ਇਨਕਾ ਅਪਰ ਅਪਾਰਾ॥ (ਪੰਥ ਪ੍ਰਕਾਸ਼)
ਗੁਰਮਤਿ ਵਿਖੇ ਅਜਿਹੇ ਰੋਜੇ ਪ੍ਰਵਾਨ ਨਹੀਂ-ਗੁਰਮਤਿ ਰੋਜ਼ਿਆਂ ਬਾਰੇ ਬਿਆਂਨ ਕਰਦੀ ਹੈ ਕਿ-ਰੋਜਾ ਧਰੈ ਮਨਾਵੈ ਅਲਾਹੁ ਸੁਆਦਤਿ ਜੀਅ ਸੰਘਾਰੈ॥ ਆਪਾ ਦੇਖਿ ਅਵਰ ਨਹੀਂ ਦੇਖੈ, ਕਾਹੇ ਕਉ ਝਖ ਮਾਰੈ॥1॥ (483) ਭਾਵ ਮੁਸਲਮਾਨ ਵੀਰ ਰੋਜ਼ਾ ਰੱਖਦਾ, ਰੋਜ਼ਿਆਂ ਦੇ ਅਖੀਰ ਤੇ ਈਦ ਵਾਲੇ ਦਿਨ ਅੱਲ੍ਹਾ ਦੇ ਨਾਮ ਤੇ ਜਨਵਰਾਂ ਦੀ ਕੁਰਬਾਨੀ ਦਿੰਦਾ ਹੈ ਪਰ ਆਪਣੇ ਸੁਆਦ ਦੀ ਖਾਤਰ ਇਹ ਜੀਵ ਮਾਰਦਾ ਹੈ। ਆਪਣੇ ਹੀ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪ੍ਰਵਾਹ ਨਹੀਂ ਕਰਦਾ, ਤਾਂ ਤੇ ਇਹ ਧਰਮ ਦੇ ਨਾਂ ਤੇ ਕੀਤਾ ਕਰਮ ਵਿਅਰਥ ਝੱਖਾਂ ਮਾਰਨ ਵਾਲੀ ਗੱਲ ਹੀ ਹੈ ਜਿਸ ਦੀਆਂ ਝਖਾਂ ਤੂੰ ਕਿਉਂ ਕਰਦਾ ਹੈਂ? ਰੋਜਾ ਧਰੈ ਨਿਵਾਜ ਗੁਜਾਰੈ ਕਲਮਾਂ ਭਿਸਤਿ ਨ ਹੋਈ॥....2॥ (480) ਭਾਵ ਨਿਰਾ ਰੋਜਾ ਰੱਖਿਆਂ ਨਿਮਾਜ਼ ਪੜ੍ਹਿਆਂ ਅਤੇ ਕਲਮਾਂ ਆਖਿਆਂ ਭਿਸ਼ਤ (ਸਵਰਗ) ਨਹੀਂ ਮਿਲਦਾ। ਬਾਬਾ ਨਾਨਕ ਮੁਸਲਮਾਨ ਭਰਾਵਾਂ ਨੂੰ ਅਸਲੀ ਮੁਸਲਮਾਨ ਬਣਨ ਦਾ ਗੁਰ ਦਸਦੇ ਹਨ-ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥ ਸਰਮ ਸੁਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰੱਖੈ ਲਾਜੁ॥1॥ (140) ਇਵੇਂ ਦਾ ਮੁਸਲਮਾਨ ਬਣ ਭਾਵ ਲੋਕਾਈ ਤੇ ਤਰਸ ਦੀ ਮਸੀਤ, ਨਿਸਚੇ ਸਿਦਕ ਨੂੰ ਮੁਸੱਲਾ (ਜਿਸ ਕਪੜੇ ਨੂੰ ਵਛਾ ਕੇ ਨਿਮਾਜ਼ ਪੜ੍ਹੀਦੀ ਹੈ) ਤੇ ਹੱਕ ਦੀ ਕਮਾਈ ਨੂੰ ਕੁਰਾਨ ਬਣਾ। ਵਿਕਾਰ ਕਰਨ ਵੱਲੋਂ ਸ਼ਰਮ ਕਰਨਾ ਭਾਵ ਸੰਗਣਾਂ ਇਹ ਤੇਰੀ ਸੁਣਤ ਹੋਵੇ, ਚੰਗਾ ਸੁਭਾਓ ਰੋਜਾ ਬਣੇ, ਉਚਾ ਆਚਰਣ ਕਾਹਬਾ ਹੋਵੇ, ਅੰਦਰੋਂ ਬਾਹਰੋਂ ਏਕੋ ਹੋਣਾ ਪੀਰ ਹੋਵੇ, ਨੇਕ ਅਮਲ ਹੀ ਨਿਮਾਜ਼ ਤੇ ਕਲਮਾ ਹੋਣ, ਰੱਬੀ ਰਜ਼ਾ ਤਸਬੀ ਹੋਵੇ ਅਜਿਹੇ ਮਸਲਮਾਨ ਦੀ ਰੱਬ ਲਾਜ ਰੱਖਦਾ ਹੈ।
ਗੁਰਮਤਿ ਅਨੁਸਾਰ “ਸਾਢੈ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥ (1383) ਸਾਡੀ ਸਾਢੇ ਤਿੰਨ ਮਣ ਦੇ ਕਰੀਬ ਸਰੀਰ ਰੂਪੀ ਦੇਹੀ ਅੰਨ ਪਾਣੀ ਦੇ ਆਸਰੇ ਚਲਦੀ ਹੈ। ਇਸ ਲਈ ਸਰੀਰ ਨੂੰ ਹਰ ਰੋਜ ਅੰਨ ਪਾਣੀ ਦੀ ਲੋੜ ਹੈ। ਅੰਨ ਪਾਣੀ ਦਾ ਸੰਜਮ ਹਰ ਰੋਜ ਰੱਖਣਾ ਚਾਹੀਦਾ ਹੈ ਨਾਂ ਕਿ ਸਾਲ ਵਿੱਚ ਇੱਕ ਵਾਰ ਕਿਸੇ ਵਿਸ਼ੇਸ਼ ਮਹੀਨੇ ਦਿਨ ਜਾਂ ਵਾਰ ਤੇ ਹੀ। ਖਾਣਾ ਵੀ ਓਨਾਂ ਅਤੇ ਉਹ ਖਾਣਾ ਚਾਹੀਦਾ ਹੈ ਜਿਸ ਨਾਲ ਸਰੀਰ ਪੀੜਤ ਨਾਂ ਹੋਵੇ ਅਤੇ ਮਨ ਵਿੱਚ ਵਿਕਾਰ ਨਾਂ ਚੱਲਣ-ਬਾਬਾ ਹੋਰੁ ਖਾਣਾ ਖੁਸੀ ਖੁਆਰੁ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ੧॥ ਰਹਾਉ (16) ਧਰਮ ਦੇ ਨਾਂ ਤੇ ਅੰਨ ਪਾਣੀ ਦਾ ਤਿਆਗ ਕਰਨਾ ਪਾਖੰਡ ਹੈ-ਛੋਡਹਿ ਅੰਨੁ ਕਰਹਿ ਪਾਖੰਡ ਨਾ ਸੋਹਾਗਨਿ ਨਾ ਓਹਿ ਰੰਡ ॥ (873) ਅੰਨ ਨਾ ਖਾਹਿ ਦੇਹੀ ਦੁੱਖ ਦੀਜੈ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀਂ ਥੀਜੈ॥ (905) ਭਾਵ ਅੰਨ ਨਾਂ ਖਾਂਣ ਵਾਲੇ ਤਾਂ ਦੇਹੀ ਨੂੰ ਦੁੱਖ ਹੀ ਦਿੰਦੇ ਹਨ ਅਤੇ ਗੁਰੂ ਗਿਆਨ ਤੋਂ ਬਿਨਾਂ ਮਨ ਦੀ ਤ੍ਰਿਪਤੀ ਨਹੀਂ ਹੁੰਦੀ।
ਗੁਰਮਤਿ ਵਿੱਚ ਤਾਂ ਇਹ ਰੋਜਾ (ਵਰਤ) ਪ੍ਰਵਾਨ ਹੈ-ਸਚੁ ਵਰਤੁ ਸੰਤੋਖੁ ਤੀਰਥੁ, ਗਿਆਨੁ ਧਿਆਨੁ ਇਸਨਾਨੁ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪ੍ਰਧਾਨ॥ (1245) ਭਾਵ ਜੇ ਸੱਚ ਵਰਤ (ਰੋਜਾ), ਸੰਤੋਖ ਤੀਰਥ, ਰੱਬੀ ਜਾਣ ਪਛਾਣ ਤੇ ਇਕਸਾਰਤਾ ਇਸ਼ਨਾਨ ਹੋਵੇ। ਦਇਆ ਰੂਪ ਦੇਵਤਾ, ਖਿਮਾਂ ਜਪਨੀ ਬਣਾ ਲਵੇ ਤਾਂ ਉਹ ਮਨੁੱਖ ਹੀ ਪ੍ਰਧਾਨ ਭਾਵ ਸ਼੍ਰੇਸ਼ਟ ਹੈ। ਭਾਈ ਕਾਨ੍ਹ ਸਿੰਘ ਨ੍ਹਾਭਾ ਅੱਗੇ ਹੋਰ ਲਿਖਦੇ ਹਨ ਕਿ ਮਿਹਦੇ ਦੇ ਦੋਸ਼ ਦੂਰ ਕਰਨ ਲਈ ਰੱਖਿਆ ਵਰਤ (ਰੋਜਾ) ਜਾਂ ਉਪਵਾਸ ਵਰਜਿਤ ਨਹੀਂ ਅਰ ਅਲਪ ਅਹਾਰ ਰੂਪ ਵਰਤ (ਰੋਜਾ) ਨਿੱਤ ਹੀ ਵਿਧਾਨ ਹੈ-ਓਨ੍ਹੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ॥(467) ਭਾਈ ਗੁਰਦਾਸ ਅਤੇ ਕਵੀ ਸੰਤੋਖ ਸਿੰਘ ਜੀ ਵੀ ਵਰਤ ਰੋਜਿਆਂ ਬਾਰੇ ਲਿਖਦੇ ਹਨ-ਹਉਂ ਤਿਸੁ ਘੋਲ ਘੁਮਾਇਆ, ਥੋੜਾ ਸਵੇਂ ਥੋੜਾ ਹੀ ਖਾਵੈ। (ਭਾ.ਗੁ.) ਹਮਰੇ ਗੁਰ ਕੇ ਸਿੱਖ ਹੈਂ ਜੋਈ। ਅਲਪ ਅਹਾਰ ਵਰਤੀ ਨਿਤ ਸੋਈ। ਕਾਂਮ ਕ੍ਰੋਧ ਕੋ ਸੰਯਮ ਸਦਾ। ਪ੍ਰਭਿ ਸਿਮਰਨ ਤੇ ਲਾਗਯੋ ਰਿਦਾ। (ਸੂਰਜ ਪ੍ਰਕਾਸ਼)
ਧਰਮ ਦੇ ਨਾਂ ਤੇ ਰੋਜੇ ਜਾਂ ਵਰਤ ਰੱਖਣਾ ਰੱਬੀ ਪ੍ਰਾਪਤੀ ਦਾ ਸਾਧਨ ਨਹੀਂ ਸਗੋਂ ਲੋਗਾਂ ਦੀ ਨਿਗ੍ਹਾਂ ਵਿੱਚ ਧਰਮੀ ਹੋਣ ਦਾ ਢੌਂਗ, ਚੰਗਾ ਚੋਸਾ ਖਾਣ ਪੀਣ ਅਤੇ ਵਿਹਲੇ ਰਹਿਣ ਦਾ ਬਹਾਨਾ ਹੈ। ਗੁਰਮਤਿ ਅਨੁਸਾਰ ਤਾਂ ਕਿਰਤ-ਵਿਰਤ ਕਰਦੇ ਹੋਏ ਸੰਜਮੀਂ ਜੀਵਨ ਜੀਣਾ ਹੀ ਅਸਲੀ ਵਰਤ ਜਾਂ ਰੋਜੇ ਹਨ। ਥੋੜਾ ਸਵੇਂ ਥੋੜਾ ਹੀ ਖਾਵੇ (ਭਾ.ਗੁ.) ਗੁਰਬਾਣੀ ਅਤੇ ਭਾਈ ਗੁਰਦਾਸ ਦੇ ਕਥਨ ਅਨੁਸਾਰ ਔਰਤ ਜਾਂ ਮਰਦ ਜੇ ਉਹ ਥੋੜਾ, ਖਾਂਦੇ, ਥੋੜਾ ਪੀਂਦੇ, ਥੋੜਾ ਬੋਲਦੇ, ਥੋੜਾ ਸੌਂਦੇ ਹਨ ਤਾਂ ਉਹ ਸੰਜਮਧਾਰੀ ਹਨ। ਕਾਦਰ ਦੇ ਹੁਕਮ  ਵਿੱਚ ਰੱਬੀ ਦਾਤ ਦੇਹ ਦੀ ਚੰਗੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ-ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ॥ 2॥(554)
ਸੋ ਬੁਰੇ ਕਰਮਾਂ ਦਾ ਤਿਆਗ ਕਰਕੇ ਸੰਜਮੀਂ ਜੀਵਨ ਜੀਣਾ ਹੀ ਅਸਲੀ ਰੋਜੇ ਤੇ ਵਰਤ ਹਨ। ਸੰਜਮ ਵਿੱਚ ਥੋੜਾ ਖਾਣ, ਪੀਣ ਅਤੇ ਸੌਣ ਵਾਲੇ ਇਨਸਾਨ ਤੰਦਰੁਸਤ ਰਹਿੰਦੇ ਹਨ। ਹਿੰਦੂ ਮੁਸਲਮਾਨ ਭਰਾਵੋ ਅਤੇ ਸਿੱਖੋ! ਇਹ ਰੋਜੇ (ਵਰਤ) ਜਰੂਰ ਰੱਖੋ ਕਿਹੜੇ? ਝੂਠ ਨਾ ਬੋਲੋ, ਘੱਟ ਨਾਂ ਤੋਲੋ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੋ, ਕਿਸੇ ਨੂੰ ਕਾਫਰ ਜਾਂ ਮਲੇਸ਼ ਨਾਂ ਕਹੋ, ਅਲ੍ਹਾ ਤਾਲਾ, ਪ੍ਰਮਾਤਮਾਂ ਅਕਾਲ ਪੁਰਖ, ਰਾਮ ਰਹੀਮ ਨੂੰ ਮਜਹਬਾਂ ਦੀਆਂ ਦਿਵਾਰਾਂ ਵਿੱਚ ਕੈਦ ਨਾਂ ਕਰੋ। ਇਨਸਾਨੀਅਤ ਦੇ ਕਤਲ ਕਰਨੇ ਬੰਦ ਕਰੋ ਅਤੇ ਗਲਤ ਆਦਤਾਂ ਜਾਂ ਬੁਰੇ ਕਰਮਾਂ ਦਾ ਹਰ ਰੋਜ ਤਿਆਗ ਕਰੋ। ਮਨੁੱਖਾ ਜਿੰਦਗੀ ਨੂੰ ਨਿਯਮਤ ਰੂਪ ਵਿੱਚ ਢਾਲ ਕੇ ਵਿਚਰਣਾਂ ਜਾਂ ਜੀਣਾਂ ਅਤੇ ਵਿਕਾਰਾਂ ਤੋਂ ਦੇਹੀ ਨੂੰ ਬਚਾ ਕੇ ਰੱਖਣਾ ਹੀ ਸਹੀ ਮਹਣਿਆਂ ਵਿੱਚ ਅਸਲ ਵਰਤ ਜਾਂ ਰੋਜੇ ਰੱਖਣਾ ਪ੍ਰਵਾਨ ਹੈ।

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top