Share on Facebook

Main News Page

"ਸ਼ਹੀਦੀ ਗੈਲਰੀ" ਸਾਕਾ ਜੂਨ '84 ਦੀ ਯਾਦਗਾਰ ਕਿਉਂ ਨਹੀਂ ?
- ਪ੍ਰਿੰ: ਪਰਵਿੰਦਰ ਸਿੰਘ ਖਾਲਸਾ
ਮੋ.: 98780-11670
E-mail : gurmatsikhalayekender@gmail.com
shiromanigurmatchetna@gmail.com

ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਬ ਦੇ ੩੭ ਹੋਰ ਗੁਰਦੁਆਰਿਆਂ ਉਪਰ ਜੂਨ 1984 ਨੂੰ ਉਦੋਂ ਫੌਜੀ ਹਮਲਾ ਕੀਤਾ ਜਦੋਂ ਸਿੱਖ ਸੰਗਤ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੁੜੀ ਹੋਈ ਸੀ ।

ਹਕੂਮਤ ਨੇ ਇਸ ਦਿਨ ਨੂੰ ਸੋਚੀ ਸਮਝੀ ਸਕੀਮ ਅਧੀਨ ਫੌਜੀ ਹਮਲੇ ਲਈ ਚੁਣਿਆ ਸੀ ਤਾਂ ਜੋ ਸਿੱਖਾਂ ਦਾ ਵੱਧ ਤੋਂ ਵੱਧ ਨੁਕਸਾਨ ਹੋ ਸਕੇ। ਸੱਚ ਇਹ ਹੈ ਕਿ ਇਹ ਯੋਜਨਾ "ਸਿੱਖ ਨਸਲਕੁਸ਼ੀ" ਦਾ ਇੱਕ ਹਿੱਸਾ ਸੀ। ਇਸੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਤੇ ਤੋਪ ਦੇ ਗੋਲਿਆਂ ਨਾਲ ਤਹਿਸ ਨਹਿਸ ਹੀ ਨਹੀਂ ਕੀਤਾ ਸਗੋਂ ਸੰਤ ਜਰਨੈਲ ਸਿੰਘ ਖਾਲਸਾ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਜਨਰਲ ਸੂਬੇਗ ਸਿੰਘ ਸਮੇਤ ਸੈਂਕੜੇ ਸਿੱਖਾਂ ਨੂੰ ਸ਼ਹੀਦੀ ਦਾ ਜਾਮ ਪੀਣਾ ਪਿਆ ਸੀ। ਇਸ ਮੌਕੇ "ਬੱਬਰ ਖਾਲਸਾ" ਗੁਰੀਲੀ ਜੰਗ ਦੀ ਮਾਹਰ ਸਿੱਖ ਜੁਝਾਰੂ ਜੱਥੇਬੰਦੀ ਨੇ ਭਾਰਤੀ ਫੌਜੀਆਂ ਦੇ ਮੱਥੇ ਤੇ ਸਿੱਖ ਸੂਰਬੀਰਤਾ ਦੀ ਤਸਵੀਰ ਛਾਪ ਕੇ ਸਿੱਖ ਇਤਿਹਾਸ ਨੂੰ ਮੁੜ ਦੁਹਰਾਉਣ ਵਿੱਚ ਕੋਈ ਕਸਰ ਨਾ ਛੱਡੀ। ਭਾਰਤੀ ਹਕੂਮਤ ਅਤੇ ਹਿੰਦੂਤਵ ਏਜੰਸੀਆਂ ਦੀ ਢੇਹ ਚੜ੍ਹੀ ਭਾਰਤੀ ਫੌਜ ਨੇ ਸਿੱਖਾਂ ਦਾ ਅਣਮੁੱਲਾ ਧਾਰਮਿਕ ਸਾਹਿਤ ਤੋਸ਼ੇਖਾਨੇ ਵਿੱਚ ਪਈਆਂ ਕੀਮਤੀ ਇਤਿਹਾਸਕ ਵਸਤਾਂ ਤੇ ਯਾਦਾਂ ਨੂੰ ਰਾਖ ਵਿੱਚ ਮਿਲਾ ਦਿੱਤਾ ਸੀ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਪੁੱਜੀ ਸਿੱਖ ਸੰਗਤਾਂ ਜਿਨ੍ਹਾਂ ਵਿੱਚ ਬੱਚੇ, ਬੁੱਢੇ, ਜਵਾਨ ਅਤੇ ਨੌਜਵਾਨ ਸ਼ਾਮਲ ਸਨ, ਉਨ੍ਹਾਂ ਨੂੰ ਅਸਹਿ ਤੇ ਅਕਹਿ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ ਸੀ। ਦੁੱਧ ਚੁੰਗਦੇ ਬੱਚਿਆਂ ਨੂੰ ਭਾਰਤੀ ਫੌਜ ਨੇ ਮਾਵਾਂ ਕੋਲ਼ੋਂ ਖੋਹ ਕੇ ਗੋਲ਼ੀਆਂ ਮਾਰਨ ਦੀਆਂ ਅਣਮਨੁੱਖੀ ਕਾਰਵਾਈਆਂ ਕੀਤੀਆਂ। ਭਾਰਤੀ ਫੌਜੀਆਂ ਨੇ ਭੁੱਖ, ਪਿਆਸ ਤੋਂ ਤੜਪਦੇ ਸਿੱਖਾਂ ਤੇ ਬੇਸ਼ੁਮਾਰ ਜੁਲਮ ਕੀਤਾ। ਹਕੂਮਤ ਦਾ ਇਹ ਸਿੱਖਾਂ ਨੂੰ ਸਬਕ ਸਿਖਾਉਣ ਦਾ ਯਤਨ "ਸਿੱਖ ਹੋਮਲੈਂਡ" ਦੀ ਨੀਹ ਰੱਖੇ ਜਾਣ ਦਾ ਕਾਰਨ ਬਣਿਆ। ਉਦੋਂ ਤੋਂ ਹੁਣ ਤੱਕ ਜਮਹੂਰੀਅਤ ਤਰੀਕੇ ਨਾਲ ਅਜ਼ਾਦੀ ਦੀ ਜੰਗ ਜਾਰੀ ਹੈ।

ਇਸ ਘੱਲੂਘਾਰੇ ਨੂੰ 29 ਸਾਲ ਬੀਤ ਜਾਣ ਤੋਂ ਬਾਅਦ ਹਾਲਾਂ ਤੱਕ ਸਿੱਖ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕਰਨ ਦੇ ਯਤਨ ਸਿੱਖਾਂ ਵੱਲੋਂ ਕੀਤੇ ਜਾ ਰਹੇ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਦੀ ਨਵ ਉਸਾਰੀ ਦਾ ਕਾਰਜ ਪੰਥਕ ਰਹੁ-ਰੀਤ ਅਨੁਸਾਰ ਸਰਬੱਤ ਖਾਲਸੇ ਦੀ ਪ੍ਰਵਾਨਗੀ ਨਾਲ ਸ਼ੁਰੂ ਹੋਇਆ ਸੀ। ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਨੂੰ ਯਾਦਗਾਰ ਵਜੋਂ ਇੰਨ ਬਿੰਨ੍ਹ ਸੰਭਾਲਣ ਦੀ ਗੱਲ ਵੀ ਹੋਈ ਸੀ। ਪਰ ਭਾਰਤੀ ਹਕੂਮਤ ਨੇ ਇੰਝ ਨਾ ਹੋਣ ਦਿੱਤਾ। ਆਪਣੇ ਟੁੱਕੜ ਬੋਚਾਂ, ਵਿੱਕੇ ਹੋਏ ਆਗੂਆਂ ਰਾਹੀਂ ਸ਼ਹੀਦ ਹੋਏ ਸ੍ਰੀ ਅਕਾਲ ਤਖ਼ਤ ਨੂੰ ਸਿੱਖਾਂ ਦੇ ਵਿਰੋਧ ਕਰਨ ਦੇ ਬਾਵਜੂਦ ਮੁਰੰਮਤ ਕਰਵਾ ਦਿੱਤਾ ਸੀ। ਉਦੋਂ ਸਿੱਖਾਂ ਨੇ ਇਸ ਉਸਾਰੀ ਨੂੰ ਪ੍ਰਵਾਨ ਨਹੀਂ ਕੀਤਾ ਸੀ। ਇਸ ਲਈ ਸਰਬਤ ਖਾਲਸੇ ਦੇ ਫੈਸਲੇ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਮੁੜ ਤੋਂ ਉਸਾਰੀ ਕਰਵਾਈ ਗਈ ਸੀ।

ਸ੍ਰੀ ਅਕਾਲ ਤਖਤ ਦੀ ਨਵ ਉਸਾਰੀ ਵੇਲੇ ਜਮੀਨ ਦੋਜ (ਸ੍ਰੀ ਅਕਾਲ ਤਖ਼ਤ ਦੇ ਹੇਠਲੇ ਭੋਰਾ ਸਾਹਿਬ) 'ਚ ਸਭ ਤੋਂ ਪਹਿਲਾਂ ਸ਼ਹੀਦੀ ਗੈਲਰੀ ਅਥਵਾ ਘੱਲੂ ਘਾਰਾ /ਸਿੱਖ ਮਿਊਜ਼ੀਅਮ ਬਣਾਉਣ ਦਾ ਨਿਰਣੈ ਲਿਆ ਗਿਆ ਸੀ। ਇਸ ਕੌਮੀ ਫੈਸਲੇ ਨੂੰ ਬਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 20 ਫਰਵਰੀ 2002ਨੂੰ ਮਤਾ ਪਾਸ ਕੀਤਾ ਸੀ। ਕਿ ਸ਼ਹੀਦੀ ਗੈਲਰੀ ਵਾਲੀ ਜਗ੍ਹਾ ਤੇ ਘੱਲੂਘਾਰਾ/ਸਿੱਖ ਮਿਊਜ਼ੀਅਮ ਬਣਾਇਆ ਜਾਵੇਗਾ।

ਭਾਵੇਂ ਕੀ ਮੌਜੂਦਾ ਸਮੇਂ ਭਾਰਤ ਦੀ ਹਕੂਮਤ ਵੱਲੋਂ ਆਪਣੇ ਨਿਯੁਕਤ ਸੂਬੇਦਾਰ ਰਾਹੀਂ ਸਿੱਖ ਸਿਧਾਂਤਕ ਸੋਚ ਤੋਂ ਥਿੜਕੇ ਆਗੂਆਂ ਦੀ ਬਦੌਲਤ ਤਹਿਸ਼ੁਦਾ ਸਿੱਖ ਵਿਰੋਧੀ ਨੀਤੀ ਵਰਤ ਕੇ ਸੌਦੇਬਾਜੀ ਤਹਿਤ "ਇੱਥੇ ਸ਼ਹੀਦੀ ਗੈਲਰੀ ਦੇ ਰੂਪ ਵਿੱਚ ਕਾਇਮ ਹੋਣ ਵਾਲੀ ਯਾਦਗਾਰ ਨੂੰ ਭੁਲਾਉਣ ਦੇ ਮੰਤਵ ਨਾਲ ਸ੍ਰੀ ਅਕਾਲ ਤਖ਼ਤ ਅਤੇ ਸ਼ਹੀਦੀ ਯਾਦਗਾਰ ਨੂੰ ਵੱਖ ਵੱਖ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂਕਿ ਭਾਰਤੀ ਹਕੂਮਤ ਅਥਵਾ ਭਾਰਤੀ ਫੌਜ ਵੱਲੋਂ ਸ੍ਰੀ ਅਕਾਲ ਤਖ਼ਤ ਨੂੰ ਤਬਾਹ ਕੀਤੇ ਜਾਣ ਦੇ ਘਟਨਾ ਕਰਮ ਨੂੰ ਸਿੱਖਾਂ ਦੇ ਮਨਾਂ ਵਿੱਚੋਂ ਅਲੱਗ-ਥਲੱਗ ਕੀਤਾ ਜਾਵੇ। ਅੱਜ ਦੇ ਗੁਲਾਮੀ ਵਾਲੇ ਹਲਾਤਾਂ ਦੇ ਮੱਦੇਨਜ਼ਰ ਨੌਵੇਂ ਗੁਰੂ ਜੀ ਦੇ ਅਸਥਾਨ ਗੁਰਦੁਆਰਾ ਥੜ੍ਹਾ ਸਾਹਿਬ ਦੇ ਨੇੜੇ ਫੌਜੀ ਹਮਲੇ ਦੀ ਯਾਦਗਾਰ ਵਿੱਚ ਇੱਕ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ। ਉਸ ਉਪਰ ੫ ਕਿਲੋ ਸੋਨਾ ਵੀ ਲਗਾਏ ਜਾਣ ਬਾਰੇ ਪੱਤਾ ਲੱਗਾ ਹੈ। ਪਰ ਸੋਨੇ ਦੀ ਥਾਂ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਯਤਨ ਵਜੋਂ ਸ਼ਹੀਦੀ ਗੈਲਰੀ ਸਥਿਤ ਘੱਲੂਘਾਰਾ/ਸਿੱਖ ਮਿਊਜ਼ਿਅਮ ਬਣਾਉਣ ਦੇ ਅਧੂਰੇ ਕੰਮ ਨੂੰ ਨੇਪਰੇ ਚਾੜ੍ਹੇ ਜਾਣ ਦੀ ਲੋੜ ਨਹੀਂ ਸਮਝੀ ਗਈ। ਕਿਉਂ ਜੋ ਇਹ ਗੱਲ ਸਿੱਖ ਚਿੰਤਕ ਲੋਕ ਜਾਣਦੇ ਹਨ ਤੇ ਸਮਝਦੇ ਵੀ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਾਂ ਭੋਰਾ ਸਾਹਿਬ ਨੂੰ "ਸ਼ਹੀਦੀ ਗੈਲਰੀ" ਸਥਾਪਿਤ ਕੀਤੇ ਜਾਣ ਦੇ ਮਕਸਦ ਨਾਲ ਤਿਆਰ ਗਿਆ ਸੀ। ਇਥੇ ਇਤਿਹਾਸਕ ਖੂਹ ਵੀ ਮੌਜੂਦ ਹੈ ਜੋ ਭਾਰਤੀ ਫੌਜ ਦੇ ਟਾਕਰੇ ਲਈ ਸਿੰਘਾਂ ਦੀ ਪਿਆਸ ਬੁਝਾਉਣ ਦਾ ਸਹਾਰਾ ਬਣਿਆ ਸੀ, ਕਿਉਂਕਿ ਫੌਜ ਨੇ ਪਵਿੱਤਰ ਸਰੋਵਰ ਦੇ ਪਾਣੀ ਵਿੱਚ ਜ਼ਹਿਰ ਮਿਲਾ ਦਿੱਤਾ ਸੀ ਅਤੇ ਪਾਣੀ ਬਿਜ਼ਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਸੀ।

ਦਰਅਸਲ ੧੯੮੪ ਦੇ ਹਲਾਤ ਕਿਵੇਂ ਬਣੇ, ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਿਉਂ ਕੀਤਾ?, ਸਿੰਘਾਂ ਨੇ ਬਹਾਦਰੀ ਨਾਲ ਟਾਕਰਾ ਕਿਵੇਂ ਕੀਤਾ ਇਹ ਸਭ ਅਗਲੀ ਪੀੜ੍ਹੀ ਨੂੰ ਦੱਸਣ ਵਾਸਤੇ (ਸ਼ਹੀਦੀ ਗੈਲਰੀ ਅਥਵਾ ਘੱਲੂਘਾਰਾ/ਸਿੱਖ ਮਿਊਜ਼ਿਅਮ ) ਦੇ ਰੂਪ ਵਿੱਚ ਯਾਦਗਾਰ ਸਥਾਪਿਤ ਕਰਨ ਦੀ ਲੋੜ ਹੈ। ਅੱਜ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਅਜ਼ਾਦ ਨਹੀਂ ਹੈ। ਹਕੂਮਤ ਦੇ ਡਰ ਤੇ ਦਬਾਅ ਅਧੀਨ ਉਸਾਰੀ ਜਾ ਰਹੀ ਯਾਦਗਾਰ (ਗੁਰਦੁਆਰਾ ਸਾਹਿਬ) ਅਧੂਰੀ ਹੈ। ਕਿਉਂਕਿ ਯਾਦਗਾਰ ਨੂੰ ਬਣਾਉਣ ਦੇ ਮਨੋਰਥ ਦੀ ਪੂਰਤੀ ਨਹੀਂ ਹੋ ਰਹੀ। ਅਸੀਂ ਥੜ੍ਹਾ ਸਾਹਿਬ ਨੇੜੇ ਬਣ ਰਹੇ ਨਵੇਂ ਗੁਰਦੁਆਰਾ ਸਾਹਿਬ ਦੇ ਵਿਰੋਧੀ ਨਹੀਂ ਹਾਂ ਪਰ ਯਾਦਗਾਰ ਦੇ ਅਸਲ ਉਦੇਸ਼ਾਂ ਦੀ ਪੂਰਤੀ ਵੀ ਹੋਣੀ ਚਾਹੀਦੀ ਹੈ। ਭਾਵੇਂ ਸਮਾਂ ਆਉਣ ਤੇ ਸ੍ਰੀ ਅਕਾਲ ਤਖ਼ਤ ਦੇ ਭੋਰਾ ਸਾਹਿਬ ਅੰਦਰ ਫੌਜੀ ਹਮਲੇ ਦੇ ਅਸਲੀਅਤ ਨੂੰ ਦਰਸਾਉਂਦੀ ਯਾਦਗਾਰ ਸਿੱਖ ਕੌਮ ਵੱਲੋਂ ਬਣਾਈ ਜਾਏਗੀ "ਪਰ ਸ਼ਹੀਦੀ ਯਾਦਗਾਰ ਤੇ ਸ਼੍ਰੀ ਅਕਾਲ ਤਖ਼ਤ ਨੂੰ ਕਿਸੇ ਵੀ ਕੀਮਤ ਤੇ ਵੱਖ ਵੱਖ ਨਹੀਂ ਕੀਤਾ ਜਾ ਸਕਦਾ"। ਕਿਉਂ ਜੋ ਇਸ ਸ਼ਹੀਦੀ ਗੈਲਰੀ ਵਾਲੀ ਯਾਦਗਾਰ ਨੂੰ ਸੰਘਰਸ਼ ਤੇ ਪ੍ਰੇਰਣਾ ਦੇ ਬਿੰਦੂ ਵਜੋਂ ਉਭਾਰਨ ਦੀ ਲੋੜ ਹੈ।

ਇਹ ਭੋਰਾ ਸਾਹਿਬ ਅਥਵਾ ਸ਼ਹੀਦੀ ਗੈਲਰੀ ਉਹ ਥਾਂ ਹੈ ਜੋ ਸੰਤ ਜਰਨੈਲ ਸਿੰਘ ਖਾਲਸਾ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਆਦਿ ਸੰਘਰਸ਼ਸ਼ੀਲ ਆਗੂਆਂ ਦੀ ਆਖਰੀ ਮੁਲਾਕਾਤ ਦਾ ਇਤਿਹਾਸ ਆਪਣੀ ਬੁੱਕਲ ਵਿੱਚ ਸਮੋਈ ਬੈਠੀ ਹੈ। ਕਿਉਂ ਜੋ ਇਥੇ ਹੀ "ਸੁਤੰਤਰ ਸਿੱਖ ਰਾਜ" ਦੀ ਨੀਹ ਰੱਖੇ ਜਾਣ ਦਾ ਐਲਾਨ ਕਰਦੇ ਹੋਏ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਆਪਣੇ ਸਾਥੀਆਂ ਸਮੇਤ ਸ਼ਹਾਦਤ ਦਿੱਤੀ ਸੀ ਅਤੇ ਸ਼ਹੀਦੀ ਜਾਮ ਪੀਣ ਤੋਂ ਪਹਿਲਾਂ ਅੰਤਿਮ ਅਰਦਾਸ ਵੀ ਕੀਤੀ ਸੀ। ਚਮਕੌਰ ਦੀ ਲੜ੍ਹਾਈ ਨੂੰ ਦਰਸਾਉਂਦਾ ਇਤਿਹਾਸ ਇਸ ਗੈਲਰੀ ਵਿੱਚ ਉਕਰਿਆ ਜਾ ਚੁੱਕਾ ਹੈ। ਸ੍ਰੀ ਅਕਾਲ ਤਖ਼ਤ ਦੀ ਬੇਸਮੈਂਟ ਵਿੱਚ ਬਣੀ ਗੈਲਰੀ ਨੂੰ ਸਿੱਖ ਮਿਊਜ਼ਿਅਮ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਣ ਵਾਲਾ ਕੌਮੀ ਕਾਰਜ ਅਜੇ ਅਧੂਰਾ ਹੈ।

ਅੱਜ ਪੰਥਕ ਸੰਘਰਸ਼ਸ਼ੀਲ ਧਿਰਾਂ ਨੂੰ ਆਪਸੀ ਖਿੱਚੋ ਤਾਣ, ਦੂਸ਼ਣਬਾਜੀ ਦੇ ਕਾਲੇ ਬੱਦਲਾਂ ਨੇ ਘੇਰਿਆ ਹੋਇਆ ਹੈ। ਇਹਨ੍ਹਾਂ ਆਗੂਆਂ ਅੰਦਰ ਤਿਆਗ, ਸੱਚਾਈ, ਗੁਰੂ ਦੀ ਵਿਚਾਰਧਾਰਾ ਦੀ ਘਾਟ ਹੋਣ ਕਰਕੇ ਕੌਮ ਅੰਦਰ ਨਿਰੋਈ ਸੋਚ ਕਿਨਾਰਾ-ਕੱਸੀ ਕਰੀ ਬੈਠੀ ਹੈ। ਸਭ ਤੋਂ ਪਹਿਲਾਂ ਇੱਕ ਕੌਮੀ ਨਿਸ਼ਾਨੇ 'ਤੇ ਇੱਕ ਜੁੱਟ ਹੋਣ ਦੀ ਲੋੜ ਹੈ। ਸ਼ਹੀਦੀ ਗੈਲਰੀ ਸਬੰਧੀ ਇੱਕ ਰਾਏ ਕਾਇਮ ਕਰਨੀ ਪਵੇਗੀ । ਸਮਾਂ ਮੰਗ ਕਰਦਾ ਹੈ ਕਿ ਵਿੱਕੀ ਹੋਈ ਜ਼ਮੀਰ ਵਾਲੇ ਆਗੂਆਂ ਨੂੰ ਇੱਕ ਪਾਸੇ ਕਰਕੇ ਸਿੱਖ ਆਪਣੇ ਹੱਕਾਂ ਲਈ ਫੈਸਲੇ ਲੈਣ ਤੇ ਲਾਗੂ ਕਰਨ ਦੇ ਯਤਨ ਕਰਨ। ਦਰਅਸਲ ਵਿੱਕੀ ਹੋਈ ਜ਼ਮੀਰ ਵਾਲੇ ਆਗੂ ਭਾਰਤੀ ਹਕੂਮਤ ਨਾਲ ਯਾਦਗਾਰ (ਗੁਰਦੁਆਰਾ) ਬਣਾਉਣ ਦਾ ਵਾਅਦਾ ਕਰੀ ਬੈਠੇ ਹਨ। ਭਾਵੇਂ ਕਿ ਇਹ ਵਾਅਦਾ ਸਿੱਖ ਮਾਨਸਿਕਤਾ ਤੋਂ ਕੋਹਾਂ ਦੂਰ ਹੈ। ਸ਼ਹੀਦੀ ਯਾਦਗਾਰ ਤੇ ਗੁਰਦੁਆਰਾ ਦੋਨੋਂ ਵੱਖ ਵੱਖ ਗੱਲਾਂ ਹਨ। ਕਿਉਂਕਿ ਯਾਦਗਾਰਾਂ ਤਾਂ ਸ਼ਹੀਦਾਂ ਦੇ ਮਨੋਰਥ ਦੀ ਪੂਰਤੀ ਲਈ ਕਾਇਮ ਕੀਤੀਆਂ ਜਾਂਦੀਆਂ ਹਨ। ਅੱਜ ਭਾਵੇਂ ਸਿੱਖੀ ਅਸੂਲਾਂ ਅਤੇ ਮਰਿਆਦਾ ਨੂੰ ਘਾਣ ਕਰਨ ਦਾ ਦਮਨ ਚੱਕਰ ਜਾਰੀ ਹੈ ਪਰ ਸ੍ਰੀ ਅਕਾਲ ਤਖ਼ਤ ਤੇ ਹੋਏ ਭਾਰਤੀ ਫੌਜੀ ਹਮਲੇ ਦੀ ਯਾਦ ਨੂੰ ਉਸਾਰਨ ਦਾ ਮਸਲਾ ਸਿੱਖਾਂ ਦਾ ਆਪਣਾ ਘਰੇਲੂ ਮਸਲਾ ਹੈ। ਜਦੋਂ ਕਿ ਹਿੰਦੂਤਵ ਵੱਲੋਂ ਅਜਿਹੇ ਸਿੱਖਾਂ ਦੇ ਗੰਭੀਰ ਮਾਮਲਿਆਂ ਨੂੰ ਅਮਨ ਕਾਨੂੰਨ ਦੇ ਮਸਲੇ ਵਜੋਂ ਪੇਸ਼ ਕਰਕੇ ਸਿੱਖ ਕੌਮ ਨਾਲ ਲਗਾਤਾਰ ਧੋਖਾ ਕੀਤਾ ਜਾ ਰਿਹਾ ਹੈ । ਯਾਦਗਾਰ ਦਾ ਮਸਲਾ ਜਿਉਂ ਦਾ ਤਿਉਂ ਹੈ ਜਦੋਂ ਤੱਕ ਹਾਲਾਤ, ਮਾਹੌਲ ਸਹੀ ਨਹੀਂ ਹੋ ਜਾਂਦੇ। ਇਸ ਲਈ ਸਮਾਂ ਆਉਣ ਤੇ ਬਦਲੇ ਹੋਏ ਹਾਲਾਤ ਵੇਲੇ ਸਿੱਖਾਂ ਦੀ ਮਾਨਸਿਕਤਾ ਅਨੁਸਾਰੀ ਜੂਨ ੮੪ ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ ਸਿੱਖ ਮਿਊਜ਼ਿਅਮ ਦੇ ਰੂਪ ਵਿੱਚ ਸਥਾਪਿਤ ਕੀਤੀ ਜਾਣੀ ਹੈ। ਉਸ ਸਮੇਂ ਯਾਦਗਾਰ (ਗੁਰਦੁਆਰਾ ਸਾਹਿਬ) ਵਿੱਚ ਵੀ ਤਬਦੀਲੀ ਹੋਵੇਗੀ।

ਹਕੂਮਤੀ ਡਰ, ਛਲਾਵੇ ਜਦੋਂ ਮੁਕ ਜਾਣਗੇ ਉਦੋਂ ਸਿੱਖ ਆਪਣੀ ਮਨ ਮਰਜ਼ੀ ਨਾਲ ਸ਼ਹੀਦੀ ਗੈਲਰੀ ਨੂੰ ਸੁਰਜੀਤ ਕਰ ਹੀ ਲੈਣਗੇ । ਜਿਵੇਂ ਦਿੱਲੀ ਜਿੱਤਣ ਤੋਂ ਬਾਅਦ ਸਿੱਖਾਂ ਨੇ ਆਪਣੇ ਗੁਰਧਾਮਾਂ ਦੀ ਉਸਾਰੀ ਮੁਕੱਮਲ ਕਰਵਾਈ ਸੀ। ਸੰਘਰਸ਼ਸ਼ੀਲ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਜੁੱਟ ਹੋ ਕੇ ਆਪਣੇ ਗਿਲੇ ਸ਼ਿਕਵੇ ਇੱਕ ਪਾਸੇ ਰੱਖ ਕੇ ਯਾਦਗਾਰੀ ਵਜੋਂ ਉਸਰੇ ਗੁਰਦੁਆਰੇ ਪ੍ਰਤੀ ਚੁੱਪ ਦਾ ਵਰਤਾਰਾ ਕਾਇਮ ਰੱਖਣ। ਸ਼ਹੀਦੀ ਗੈਲਰੀ ਦੀ ਸਥਾਪਨਾ ਲਈ ਸਿੱਖ ਰਾਏ ਪੈਦਾ ਕਰਨ ਤਾਂ ਜੋ ਸ਼ਹੀਦਾਂ ਦੇ ਮਨੋਰਥ ਦੀ ਪ੍ਰਾਪਤੀ ਲਈ ਹਲੂਣਾਂ ਦੇਣ ਵਾਲੀ ਸ਼ਹੀਦੀ ਯਾਦਗਾਰ ਘੱਲੂਘਾਰਾ/ਸਿੱਖ ਮਿਊਜ਼ਿਅਮ ਬਣਾਉਣ ਦਾ ਸ਼ੁਭ ਕੰਮ ਵੀ ਆਉਣ ਵਾਲੇ ਸਮੇਂ ਵਿੱਚ ਸਿਰੇ ਚੜ੍ਹ ਸਕੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top