Share on Facebook

Main News Page

ਸਿੱਖਾਂ ਨੂੰ ਸਿੱਖੀ ਤੋਂ ਬਾਗੀ ਕਰਨ ਦੀ ਲਹਿਰ ਜੋਬਨ ਉਤੇ-ਸਿੱਖਾਂ ਨੂੰ "ਸਾਨੂੰ ਕੀ" ਵਾਲੀ ਬਿਰਤੀ ਨੇ ਮਾਰਿਆ
-: ਸਰਬਜੀਤ ਸਿੰਘ ਘੁਮਾਣ ੯੭੮੧੯-੯੧੬੨੨

ਆਲਮ ਸੈਨਾ ਦਾ ਮੁਖੀ ਰਿਹਾ, ਸਿੱਖ ਗੱਭਰੂਆਂ ਦਾ ਬੇਕਿਰਕ ਕਾਤਲ ਇਜ਼ਹਾਰ ਆਲਮ ਮਾਲਵੇ ਦੇ ਪਿੰਡਾਂ ਵਿਚ ਸਿੱਖਾਂ ਨੂੰ ਮੁਸਲਮਾਨ ਬਣਾ ਰਿਹਾ ਹੈ

ਸੋਚਣ ਵਾਲੀ ਗੱਲ ਹੈ ਕਿ ਇਸ ਨਾਲ ਉਨਾਂ ਸਿੱਖਾਂ ਨੂੰ ਕਿੰਨੀ ਮਾਨਸਿਕ ਪੀੜ ਸਹਿਣੀ ਪੈ ਰਹੀ ਹੈ ਜਿਹੜੇ ਸਿਖੀ ਨੂੰ ਜਿਮਧ-ਜਾਨ ਨਾਲ ਪਿਆਰ ਕਰਦੇ ਹਨ ਤੇ ਜਿੰਨਾ ਦੇ ਸਾਹਮਣੇ ਉਨਾਂ ਦਾ ਹਮਸਾਏ ਸਿਖੀ ਦਾ ਜਲੂਸ ਕੱਢ ਰਹੇ ਹਨ?ਇਨਾ ਲੋਕਾਂ ਦੇ ਬੇਬੇ ਬਾਪੂ ਕਿੰਨੇ ਵਿਆਕੁਲ ਹੋਣਗੇ ਕਿ ਸਾਡਾ 'ਗੁਰਬਚਨ ਸਿੰਘ' ਹੁਣ ਗੁਰਬਚਨ ਖਾਨ ਬਣਿਆ ਫਿਰਦਾ।

ਇਹ ਜਾਨਣਾ, ਸਮਝਣਾ, ਸੁਨਣਾ ਸ਼ਾਇਦ ਸਾਨੂੰ ਜਚੇ ਨਾ ਕਿ ਅਸਲ ਵਿਚ ਮਸਲਾ ਐੇਨਾ ਕੁ ਨਹੀਂ ਕਿ ਆਲਮ ਨੇ ਕੁਜ ਸਿੱਕਾਂ ਦੇ ਨਾਂ ਆਪਣੀ ਕਿਸੇ ਲੋੜ ਲਈ ਮੁਸਲਮਾਨਾਂ ਵਰਗੇ ਕਰਤੇ ਨੇ। ਅਸਲ ਵਿਚ ਤਾਂ ਪੰਜਾਬ ਭਰ ਵਿਚ ਅੱਡ ਅੱਡ ਥਾਂ ਤੇ ਅੱਡ ਅੱਡ ਢੰਗ-ਤਰੀਕੇ, ਬੰਦੇ, ਧਿਰਾਂ.ਜਥੇਬੰਦੀਆਂ ਰਲ ਮਿਲਕੇ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਲਈ ਡਟੇ ਹੋਏ ਨੇ, ਪਰ ਹਰ ਥਾਂ ਸਿੱਖ ਖਾਮੋਸ਼ ਹਨ। ਜੇ ਕੋਈ ਬੋਲਦਾ ਹੈ ਤਾਂ ਉਸਦੀ ਹਮਾਇਤ ਜਾਂ ਸਮਰਥਨ ਦੇਣ ਦੀ ਥਾਂ ਸਾਰੇ ਉਹਦੇ ਦੁਆਲੇ ਹੋ ਜਾਂਦੇ ਨੇ ਕਿ ਤੈਂ ਕੀ ਲੈਣਾ? ਹਰੇਕ ਸਿੱਖ ਨੇ "ਸਾਨੂੰ ਕੀ" ਵਾਲੀ ਬਿਰਤੀ ਧਾਰ ਲਈ ਹੈ। ਕੋਈ ਇਸ ਪਾਸੇ ਗੱਲ ਕਰਨ ਨੂੰ ਹੀ ਨਹੀਂ ਤਿਆਰ ਕਿ ਕਿਵੇਂ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਿਆ ਜਾ ਰਿਹਾ ਹੈ।

ਇੱਕ ਸ਼ਾਮ ਮਾਝੇ ਦੇ ਇੱਕ ਪਿੰਡ ਰਿਸ਼ਤੇਦਾਰੀ ਵਿਚ ਜਾਣਾ ਪਿਆ ਤਾਂ ਬਿਰਧ ਮਾਈ ਖਪੇ-ਖੂੰਨ ਹੋਈ ਪਈ ਕਿ ਅੱਜ ਗਵਾਂਢਣ ਚਰਨੋ ਉਸਨੂੰ ਚਰਚ ਜਾਣ ਲਈ ਪਤਿਆਂਉਦੀ ਰਹੀ। ਬਿਰਧ ਮਾਈ ਨੂੰ ਐਨਾ ਲੋਹੜੇ ਦਾ ਹਿਰਖ ਕਿ ਰਹੇ ਰੱਬ ਦਾ ਨਾਂ! ਕਹੇ, "ਦੱਸ, ਮੈਨੂੰ ਕਹਿੰਦੀ ਆ ਬਈ ਗੁਰੂ ਨਾਨਕ ਸਾਹਿਬ ਤਾਂ ਵਿਚੋਲਾ ਪਾਕੇ ਰੱਬ ਨਾਲ ਮੇਲ ਕਰਵਾਂਉਦੇ ਆ, ਪਰ ਯਸੂ ਤਾਂ ਸਿੱਧਾ ਮੇਲ ਕਰਾਂਉਦਾ, ਕਦੇ ਕੁਛ ਕਦੇ ਕੁਛ, ਮੈਂ ਬੀ ਕਹਿਤਾ ਫਿਰ, ਨੀ ਜਣਦੀਆਂ ਨੂੰ ਰੋਣੀਏ, ਆਪਦੇ ਮਾਪਿਆਂ ਵੱਲ ਦੇਖ, ਸੱਸ-ਸਹੁਰੇ ਵੱਲ ਦੇਖ, ਕਿਡੇ ਸੋਹਣੇ ਗਾਤਰੇ ਪਾਂਉਦੇ ਰਹੇ ਆ, ਤੂੰ ਕਿਧਰ ਤੁਰ ਪੀ?'

ਉਸ ਅਨਪੜ ਮਾਤਾ ਨੇ ਯਸੂ ਮਸੀਹ ਦੀ ਭਗਤਣੀ ਨੂੰ ਕੋਈ ਘੰਟਾ ਪਹਿਲਾਂ ਖਰੀਆਂ ਖਰੀਆਂ ਸੁਣਾਕੇ ਡੱਕਰਤਾ ਸੀ, ਪਰ ਜਦ ਮੈਂ ਗਿਆ ਤਾਂ ਅਜੇ ਉਹਦਾ ਗੁੱਸਾ ਠੰਡਾ ਨਹੀਂ ਸੀ ਹੋਇਆ ਕਿ ਇਹ "ਹਸਾਈ ਸਾਡੇ ਸਿੱਖਾਂ ਨੂੰ ਪੱਟੀ ਜਾਂਦੇ ਨੇ" ਮਾਤਾ ਦੀ ਇਕ ਗੱਲ ਬੜੀ ਕਮਾਲ ਦੀ ਲੱਗੀ, " ਦੱਸ ਭਲਾ ਬਈ ਸਾਡੇ ਧਰਮ ਵਿਚ ਕਿਹੜੀ ਘਾਟ ਐ?"

ਇਹ ਸਵਾਲ ਹਰੇਕ ਸਿੱਖ ਦਾ ਹੋਣਾ ਈ ਚਾਹੀਦਾ? ਜਦ ਵੀ ਕੋਈ ਮੁਸਲਮਾਨ ਬਣਾਉਣ ਲਈ, ਈਸਾਈ ਬਣਾਉਣ ਲਈ, ਇੰਸਾਂ ਬਣਾਉਣ ਲਈ ਜਾਂ ਸਿੱਖੀ ਤੋਂ ਪਰ੍ਹੇ ਲਿਜਾਕੇ ਕੁਝ ਹੋਰ ਬਣਾਉਣ ਲਈ ਪਰੇਰਨਾ ਕਰੇ, ਤਾਂ ਉਸਨੂੰ ਠੋਕ ਕੇ ਕਹਿਣਾ ਚਾਹੀਦਾ, ਵਧੀਆ ਹੋਣਾ ਤੇਰਾ ਮੱਤ, ਪਰ ਮੈਨੂੰ ਸਿੱਖੀ ਵਿਚ ਕੋਈ ਘਾਟ ਨਹੀਂ ਦਿਸਦੀ, ਜੋ ਮੈਂ ਆਪਣਾ ਧਰਮ ਤਿਆਗਾਂ!

ਪਰ ਅਸਲੀਅਤ ਇਹ ਹੈ ਕਿ ਮਾਝੇ ਵਿਚ ਹਜਾਰਾਂ ਹੀ ਸਿਖ ਪਰਿਵਾਰ ਈਸਾਈ ਬਣ ਗਏ ਨੇ, ਇਹ ਹੋਰਾਂ ਨੂੰ ਵੀ ਸਿੱਖੀ ਤੋਂ ਪਰੇ ਲਿਜਾ ਰਹੇ ਨੇ। ਅੇਹੋ ਜਿਹੇ ਵੇਲੇ ਮਾਤਾ ਵਰਗੀਆਂ ਸਿੱਖ ਬੀਬੀਆਂ ਦਾ ਸੰਤਾਪ ਬਹੁਤ ਅਸਹਿ ਹੈ। ਮਾਤਾ ਇਕੋ ਗੱਲ ਬੋਲੀ ਜਾਵੇ, "ਕਿਸੇ ਨੂ ਉਹਦੇ ਧਰਮ ਤੋਂ ਬੇਮੁਖ ਕਰਨਾ ਕਿੱਡਾ ਪਾਪ ਆ, ਲੋਕ ਰੱਬ ਤੋਂ ਡਰਦੇ ਈ ਨਈ"

ਸੱਚੀ ਗੱਲ ਹੈ ਕਿ ਕਿਸੇ ਨੂੰ ਉਸਦੇ ਇਸ਼ਟ ਤੋਂ ਪਰ੍ਹੇ ਕਰਨਾ ਰੱਬੀ ਸੇਵਾ ਨਹੀਂ-ਇਹ ਤਾਂ ਵਪਾਰ ਹੈ, ਠੱਗੀ ਹੈ, ਦੁਕਾਨਦਾਰੀ ਹੈ –ਇੰਝ ਨਵੇਂ ਬਣੇ ਤੇ ਵਧਾਏ ਲੋਕ ਧਰਮੀ ਜਿਉੜੇ ਨਹੀਂ, ਸਗੋਂ ਗਾਹਕ ਹੀ ਹੋਏ। ਪਰ ਮੋਟਰ-ਸਾਈਕਲ, ਰਿਸ਼ਤੇ ਤੇ ਬਾਹਰ ਭੇਜਣ ਦੇ ਲੋਭ-ਲਾਲਚ ਦੇਕੇ ਸਿੱਖਾਂ ਨੂੰ ਸਿਖੀ ਤੋਂ ਬਾਗੀ ਕੀਤਾ ਜਾ ਰਿਹਾ ਹੈ। ਉਹ ਮਾਝਾ ਜਿਹੜਾ ਸਿੱਖੀ ਦੀ ਰੀੜ ਦੀ ਹੱਡੀ ਵਾਂਗ ਮੰਨਿਆ ਜਾਂਦਾ ਹੈ, ਹੁਣ ਸਿੱਖਾਂ ਲਈ ਦਿਨੋ ਦਿਨ ਘਟੱਗਿਣਤੀ ਵਿਚ ਹੁੰਦਾ ਜਾ ਰਿਹਾ ਹੈ। ਸੰਘਰਸ਼ ਦੇ ਨਿਵਾਣ ਵੱਲ ਜਾਣ ਦੇ ਨਾਲ ਹੀ ਮਾਝੇ ਦੇ ਹਰ ਪਿੰਡ ਵਿਚ ਗਿਰਜ਼ੇ ਤੇ ਪਾਦਰੀ ਵਧਣ ਲੱਗ ਪਏ ਸੀ, ਹੁਣ ਇਹ ਈਸਾਈ ਬਨਣ ਦੀ ਲਹਿਰ ਮਾਝੇ ਵਿਚ ਸਿਖਰ ਤੇ ਹੈ। ਹਰ ਪਿੰਡ ਵਿਚ ਬਜੁਰਗ ਬੈਠੈ ਝੂਰਦੇ ਨੇ ਕਿ ਆਹ ਕੀ ਲੋਹੜਾ ਹੈ!

ਕੀ ਇਹ ਸਿਖੀ ਤੇ ਸਿੱਖਾਂ ਖਿਲ਼ਾਫ ਵਿਉਂਤਵੱਧ ਹੋਕੇ ਚਲਾਈ ਲਹਿਰ ਨਹੀਂ?

ਮਾਝੇ ਵਿਚ ਲੋਕਾਂ ਨੂੰ ਈਸਾਈ ਬਣਾਇਆ ਜਾ ਰਿਹਾ ਹੈ - ਮਾਲਵੇ ਵਿਚ ਸਰਸੇ ਵਾਲੇ ਕਹਿੰਦੇ'ਇੰਸਾਂ' ਬਣੋ, ਹੁਣ ਆਹ ਆਲਮ ਨੇ ਕਹਿਤਾ ਬਈ ਮੁਸਲਮਾਨ ਬਣੋ- ਦੁਆਬੇ ਦੇ ਰਾਮਾਨੰਦੀਏ ਸਿਖ ਸਮਾਜ ਦੇ ਮੁਖ ਆਧਾਰ ਦਲਿਤ ਵੀਰਾਂ ਨੂੰ ਸਿਖੀ ਨਾਲੋਂ ਤੋੜਨ ਲਈ ਵੱਖਰੇ ਧਰਮ ਦੇ ਦਮਗਜੇ ਮਾਰ ਰਹੇ ਨੇ- ਹੋਰ ਪਤਾ ਨਹੀਂ ਕਿਥੇ-ਕਿਥੇ ਕੀ ਕੀ ਚੱਲ ਰਿਹਾ ਹੈ। ਸਾਰਿਆਂ ਦਾ ਮੁਖ ਮਕਸਦ ਇਕੋ ਹੈ ਕਿ ਸਿੱਖਾਂ ਨੂੰ ਸਿੱਖੀ ਤੋਂ ਬਾਗੀ ਕਰਨਾ ਹੈ।

ਸਿੱਖੀ ਵਿਚ ਪਰਪੱਕ ਸਿਖਾਂ ਨੂੰ ਵੀ ਸਿੱਖ ਵਿਚਾਰਧਾਰਾ ਤੋਂ ਪਰੇ ਲਿਜਾਕੇ ਅੰਮ੍ਰਿਤਧਾਰੀ ਬਾਹਮਣ ਬਣਾਉਣ ਵਾਲੇ ਅਨੇਕਾਂ ਸਾਧ-ਡੇਰੇਦਾਰ ਸਰਗਰਮ ਨੇ ਜੋ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਕੇ, ਅੰਮ੍ਰਿਤ ਵੀ ਪਾਨ ਕਰਵਾ ਰਹੇ ਨੇ, ਪਰ ਇਹ ਲੋਕ 'ਦਸ਼ਮੇਸ਼ ਪਿਤਾ ਦੇ ਲਾਲ' ਨਹੀਂ 'ਸਾਧਾਂ ਦੇ ਚੇਲੇ' ਪੈਦਾ ਕਰੀ ਜਾ ਰਹੇ ਨੇ। ਸਿਖੀ ਦਾ ਬਾਹਮਣੀਕਰਨ ਕਰਨ ਲਈ ਨਾਗਪੁਰ ਤੋਂ RSS ਸਰਗਰਮ ਹੈ।

ਇਸ ਪਾਸੇ ਗੰਭੀਰ ਵਿਚਾਰ ਦੀ ਲੋੜ ਹੈ - ਪਰ ਇਸ ਲਈ ਅਕਾਲ ਤਖਤ ਸਾਹਿਬ, ਸ਼ਰੋਮਣੀ ਕਮੇਟੀ ਤੇ ਕੋਈ ਆਸ ਨਾ ਰੱਖੋ, ਕਿਉਂਕਿ ਜੇ ਸਿਖਾਂ ਨੂੰ ਸਿੱਖੀ ਤੋਂ ਬਾਗੀ ਕਰਕੇ ਸਰਸੇ, ਈਸਾਈ, RSS ਤੇ ਮੁਸਲਮਾਨ ਬਣਾਏ ਜਾਣ ਦੀ ਚਰਚਾ ਹੋਈ, ਤਾਂ ਬਾਦਲ ਸਾਹਿਬ ਦੀਆਂ ਵੋਟਾਂ ਨੂੰ ਫਰਕ ਪਵੇਗਾ।

ਪੰਥਕ ਜਥੇਬੰਦੀਆਂ ਮਸਲਾ ਉਭਾਰ ਤਾਂ ਸਕਦੀਆਂ ਹਨ, ਪਰ ਹੱਲ ਕਰਨ ਜੋਗਾ ਦਮ ਨਹੀਂ ਰਿਹਾ।

ਕਦੇ ਕਦੇ ਦਿਲ ਕਰਦਾ ਕਿ ਸਾਰੇ ਝਮੇਲੇ ਛੱਡਕੇ ਵਿਦੇਸ਼ੀਂ ਬੈਠੀ ਸੰਗਤ ਦੇ ਸਹਿਯੋਗ ਨਾਲ ਪੰਜਾਬ ਵਿਚ ਸਿੰਘ ਸਭਾ ਲਹਿਰ ਵਰਗਾ ਕੋਈ ਸਮਾਜਿਕ ਅੰਦੋਲਨ ਖੜਾ ਕਰੀਏ, ਤਾਂ ਕਿ ਸਿੱਖ ਚੇਤਨਾ ਨੂੰ ਸਿੱਖੀ ਸਿਦਕ ਵਿਚ ਪਰਪੱਕ ਕੀਤਾ ਜਾਵੇ। ਹਰ ਇਹੋ ਜਿਹੀ ਪੋਸਟ ਤੋਂ ਬਾਦ ਫੇਸਬੁਕ ਤੇ ਸਿੱਖ ਨੌਜਵਾਨਾਂ ਦਾ ਇਹੀ ਸਵਾਲ ਹੁੰਦਾ, ਵੀਰ ਜੀ ਕੁਝ ਕਰੀਏ?

ਪਰ ਯਾਰੋ ਕਰੀਏ ਕੀ?

ਰਸਤਾ ਪੁਰੀ ਅਨੰਦ ਦਾ ਬੇਨੂਰ ਦਰਾਡਾ,
ਤੂੰ ਬਹੁੜੀ ਕਲਗੀ ਵਾਲਿਆਂ, ਕੋਈ ਦੇਸ਼ ਨਾ ਸਾਡ
ਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top