Share on Facebook

Main News Page

ਮਲਟੀ ਮੀਡੀਏ ਨੇ ਨੌਜਵਾਨ ਪੱਟ ਸੁੱਟੇ
ਸ੍ਰ: ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ: 097287 43287, 094662 66708

ਅੱਜ ਦੇ ਨੌਂਜਵਾਨਾਂ ਦੇ ਕੀ ਹਾਲ ਦੱਸਾਂ, ਸੁਪਨੇ ਕਿਹੋ ਜਿਹੇ ਦਿਲਾਂ ਵਿੱਚ ਪਾਲਦੇ ਨੇ ।
ਬਿਨਾ ਮੇਹਨਤ ਤੋਂ ਚਾਹੁਣ ਐਸ਼ ਕਰਨੀ, ਸੁੱਖ ਸਾਰੇ ਹੀ ਅਮੀਰੀ ਵਾਲੇ ਭਾਲਦੇ ਨੇ ।

ਮੋਟਰਸਾਈਕਲ ਤੇ ਮੋਬਾਈਲ ਨਾਲ ਟੌਹਰ ਬਣਦੀ, ਸੂਟ ਬੂਟ ਵੀ ਸਟੈੰਡਰਡ ਦੇ ਭਾਲਦੇ ਨੇ ।
ਜੇ ਕਰ ਕੰਮ ਘਰ ਦਾ ਕੋਈ ਕਹਿ ਦੇਵੇ, ਸੌ-ਸੌ ਬਹਾਨੇ ਲਾ ਕੇ ਟਾਲਦੇ ਨੇ ।

ਨਸ਼ਿਆਂ' ਵਿੱਚ ਵੀ ਕਈ ਨੌਂਜਵਾਨ ਫੱਸ ਗਏ, ਇਉਂ ਜਿੰਦਗੀਆਂ ਕੀਮਤੀ ਗਾਲਦੇ ਨੇ ।
ਨਸ਼ਿਆਂ ਦੀ ਪੂਰਤੀ ਲਈ ਫਿਰ ਅਪਰਾਧ ਕਰਦੇ, ਕਈ ਤਸਕਰਾਂ ਦੇ ਹੱਥੇ ਚੜ੍ਹ ਜਾਂਵਦੇ ਨੇ ।

ਛੋਟੀਆਂ ਚੋਰੀਆਂ ਜਾਂ ਵੱਡੇ ਡਾਕੇ, ਡਲੀਵਰੀ ਮਾਲ ਦੀ ਫੋਨਾਂ ਤੇ ਭਾਲਦੇ ਨੇ ।
ਇੱਕ ਵਾਰ ਪੈਰ ਤਿਲਕਿਆ ਫਿਰ ਨਾ ਉੱਠ ਸੱਕਣ, ਦਿਲੋਂ ਸੁਧਰਨਾ ਭਾਵੇਂ ਫਿਰ ਚਾਹਵਂਦੇ ਨੇ ।

ਮਲਟੀ ਮੀਡੀਏ ਨੇ ਵੀ ਨੌਂਜਵਾਨ ਪੱਟ ਸੁੱਟੇ, ਕੈਮਰਾ ਮੋਬਈਲ ਗਾਣੇ ਇਕੋ ਥਾਂ ਆ ਰਹੇ ਨੇ ।
ਕੁੱਝ ਚਾਈਨੀ ਮੋਬਾਇਲ ਮਿਲ ਜਾਣ ਸਸਤੇ, ਬਾਲਿਗ-ਨਾਬਾਲਿਗ ਸਭ ਲਈ ਆ ਰਹੇ ਨੇ ।

ਡਾਉਨਲੋਡ ਘਰ ਬੈਠਿਆਂ ਹੀ ਕਰ ਲੈਂਦੇ, ਕੀ-ਕੀ ਭਰਿਆ ਰੱਬ ਜਾਣੇ ਜਾਂ ਉਹੀ ਜਾਣਦੇ ਨੇ ।
ਲੱਚਰ ਗਾਣੇ ਮੈਸਿਜਾਂ ਨਾਲ ਫੋਨ ਭਰਿਆ, ਨਾਲੇ ਏਅਰ ਫੋਨ ਕੰਨਾਂ 'ਚ ਫਸਾਂਵਦੇ ਨੇ ।

ਗਲੀਆਂ 'ਚ ਫਿਰਨ ਅਵਾਜ਼ ਫੁੱਲ ਕਰਕੇ, ਖੁਦ ਨਹੀਂ ਸੁਣਦੇ ਲੋਕਾਂ ਨੂੰ ਸੁਣਾਂਵਦੇ ਨੇ ।
ਕਰਨ ਸਮੇਂ ਬੈਲੇਂਸ ਖਤਮ ਦਸਦੇ, ਐਸ. ਟੀ. ਡੀ. 'ਤੇ ਜਾ ਕੇ ਫੋਨ ਮਿਲਾਂਵਦੇ ਨੇ ।

ਸਿਰ ਤੇ ਜੈੱਲ ਮਲਕੇ ਥੱਲੇ ਬਾਈਕ ਲੈ ਕੇ, ਫੁੱਕਰੇ ਬਣ ਕੇ ਹਿੱਕਾਂ ਤਾਣਦੇ ਨੇ ।
ਇਸ਼ਕ-ਮੁਸ਼ਕ ਦੇ ਚੱਕਰਾਂ 'ਚ ਪੜ੍ਹਾਈ ਭੁੱਲੀ, ਫੀਸਾਂ ਘਰ ਦਿਆਂ ਤੋਂ ਝੂਠ ਬੋਲ ਭਰਾਂਵਦੇ ਨੇ ।

ਕਰਨ ਹਵਾ ਚੌਂਕਾਂ 'ਚ ਖੜ੍ਹੇ ਹੋ ਕੇ, ਇਉਂ ਬਖਤ ਘਰ ਦਿਆਂ ਪਾਂਵਦੇ ਨੇ ।
ਸਿੱਖਿਆ ਵੱਡਿਆਂ ਦੀ ਦਰ-ਕਿਨਾਰ ਕਰਕੇ, ਲੜਾਈ ਬੇਗਾਨੀ 'ਚ ਸਿਰ ਜਾ ਫਸਾਂਵਦੇ ਨੇ ।

"ਸੁਰਿੰਦਰ" ਲਈਂ ਨਾ ਪੰਗਾ ਸਮਝਾਉਣ ਵਾਲਾ, 'ਗੱਲ' ਕਹੀ ਤੋਂ 'ਗਲ' ਨੂੰ ਆਂਵਦੇ ਨੇ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top