Share on Facebook

Main News Page

‘ਅਕਾਲ ਤਖ਼ਤ ਦਾ ਜਥੇਦਾਰ ਵੱਡਾ ਜਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਡਾ’ ਦੱਸਣ ਸਮੇਂ ਜ਼ਬਾਨ ਗੰਦੀ ਹੁੰਦੀ ਹੈ ਅੱਜ ਦੇ ਕਥਾਕਾਰਾਂ ਦੀ
- ਕਿਰਪਾਲ ਸਿੰਘ ਬਠਿੰਡਾ, ਮੋਬ: 9855480797

* ਗਿਆਨੀ ਗੁਰਬਚਨ ਸਿੰਘ ਲਈ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਤੇ ਸਤਿਕਾਰ ਬਹਾਲ ਕਰਵਾਉਣ ਲਈ ਪਰਖ ਦੀ ਘੜੀ

ਧਰਮ ਮਨੁੱਖ ਨੂੰ ਜੀਵਨ ਜਾਂਚ ਸਿਖਾਉਂਦਾ ਹੈ ਪਰ ਪੁਰਾਤਨ ਸਮੇਂ ਤੋਂ ਅੱਜ ਤੱਕ, ਮੌਕੇ ਦੇ ਰਾਜਿਆਂ ਅਤੇ ਧਰਮ ਦੀ ਪੁਜਾਰੀ ਸ਼੍ਰੇਣੀ ਦੇ ਗੱਠਜੋੜ ਨੇ ਧਰਮ ਤੋਂ ਜੀਵਨ ਜਾਂਚ ਸਿੱਖਣ ਦੀ ਵਜਾਏ ਮਿਹਨਤਕਸ਼ ਲੋਕਾਂ ਦੀ ਆਰਥਕ ਲੁੱਟ ਕਰਨ ਲਈ ਇਸ ਨੂੰ ਕਰਮਕਾਂਡਾਂ ਦੀਆਂ ਰਸਮਾਂ ਨਿਭਾਉਣ ਅਤੇ ਇਸ ਲੁੱਟ ਵਿਰੁੱਧ ਬਗਾਵਤ ਨੂੰ ਦਬਾਉਣ ਲਈ ਜਾਗਰੂਕ ਲੋਕਾਂ ਦੀ ਅਵਾਜ਼ ਬੰਦ ਕਰਵਾਉਣ ਲਈ ਉਨ੍ਹਾਂ ਵਿਰੁੱਧ ਫਤਵੇ ਜਾਰੀ ਕਰਨ ਲਈ ਹੀ ਵਰਤਿਆ ਹੈ। ਧਰਮ ਗੁਰੂ ਬ੍ਰਾਹਮਣ ਨੇ ਮੌਕਿਆਂ ਦੇ ਰਾਜਿਆਂ ਨੂੰ ਰੱਬ ਦੇ ਅਵਤਾਰ ਵਜੋਂ ਪੇਸ਼ ਕੀਤਾ (ਸ਼੍ਰੀ ਰਾਮ ਚੰਦਰ ਜੀ ਅਤੇ ਸ਼੍ਰੀ ਕ੍ਰਿਸ਼ਨ ਜੀ ਇਸ ਦੀਆਂ ਉੱਘੀਆਂ ਉਦਾਹਰਣਾਂ ਹਨ) ਅਤੇ ਰਾਜਿਆਂ ਨੇ ਬ੍ਰਾਹਮਣ ਨੂੰ ਦੇਵਤਿਆਂ ਵਜੋਂ ਪ੍ਰਵਾਨ ਕਰਕੇ ਉਨ੍ਹਾਂ ਨੂੰ ਰਾਜ ਪ੍ਰੋਹਿਤ ਦੀਆਂ ਪਦਵੀਆਂ ’ਤੇ ਨਿਯੁਕਤ ਕਰਕੇ ਮਾਨ ਸਨਮਾਨ ਦਿੱਤਾ। ਧਰਮ ਗੁਰੂ ਦੇ ਕਹਿਣ ’ਤੇ ਜਿਸ ਰਾਜੇ ਨੂੰ ਭਗਵਾਨ ਜਾਂ ਵਿਸ਼ਨੂੰ ਦਾ ਅਵਤਾਰ ਮੰਨ ਲਿਆ ਜਾਵੇ ਉਸ ਵੱਲੋਂ ਮਿਹਨਤਕਸ਼ ਗਰੀਬ ਲੋਕਾਂ ਤੋਂ ਟੈਕਸਾਂ ਰਾਹੀਂ ਕੀਤੀ ਜਾ ਰਹੀ ਆਰਥਕ ਲੁੱਟ ਅਤੇ ਜ਼ਬਰੀ ਟੈਕਸ ਉਗਰਾਹੁਣ/ ਬਗਾਵਤ ਨੂੰ ਦਬਾਉਣ ਲਈ ਕੀਤੇ ਜ਼ੁਲਮਾਂ ਵਿਰੁੱਧ ਬੋਲਣ ਵਾਲੇ ਨੂੰ ਰੱਬੀ ਹੁਕਮ ਦਾ ਵਿਰੋਧ ਸਮਝਿਆ ਜਾਂਦਾ ਸੀ। ਇਸੇ ਤਰ੍ਹਾਂ ਬ੍ਰਾਹਮਣ ਪੁਜਾਰੀ ਨੇ ਮਨੁੱਖ ਦੇ ਦੁਆਲੇ ਪਾਪ-ਪੁੰਨ ਦਾ ਐਸਾ ਜਾਲ ਬੁਣ ਦਿੱਤਾ ਕਿ ਮਨੁੱਖ ਵੱਲੋਂ ਜਾਣੇ ਅਣਜਾਣੇ ਹੋਏ ਪਾਪਾਂ ਦੇ ਅਸਰ ਤੋਂ ਬਚਣ ਅਤੇ ਪੁੰਨ ਦਾ ਫ਼ੳਮਪ;ਲ ਪ੍ਰਾਪਤ ਕਰਨ ਲਈ ਬ੍ਰਾਹਮਣ ਨੇ ਉਨ੍ਹਾਂ ਲਈ ਧਾਰਮਿਕ ਕਰਮ ਕਾਂਡ ਕਰਨ ਦੀਆਂ ਰਸਮਾਂ ਨਿਭਾਉਣ ਦੀ ਜਿੰਮੇਵਾਰੀ ਆਪਣੇ ’ਤੇ ਲੈ ਲਈ ਤੇ ਇਸ ਦੇ ਬਦਲੇ ਵਿੱਚ ਆਪਣੇ ਜ਼ਜਮਾਨਾਂ ਤੋਂ ਦਖ਼ਸ਼ਣਾਂ ਦੇ ਰੂਪ ਵਿੱਚ ਧਨ ਪਦਰਥ ਲੈ ਕੈ ਉਨ੍ਹਾਂ ਦੀ ਆਰਥਕ ਲੁੱਟ ਕੀਤੀ ਜਾਂਦੀ ਸੀ। ਗੁਰੂ ਨਾਨਕ ਸਾਹਿਬ ਜੀ ਪਹਿਲੇ ਧਾਰਮਕ ਰਹਿਬਰ ਸਨ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਜੁਲਮ ਕਰਨ ਵਾਲੇ ਰਾਜਿਆਂ ਅਤੇ ਪਾਖੰਡੀ ਧਾਰਮਿਕ ਆਗੂਆਂ ਵਿਰੁੱਧ ਅਵਾਜ਼ ਉਠਾਉਂਦੇ ਹੋਏ ਬਚਨ ਉਚਾਰਣ ਕੀਤੇ:

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ੍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਮਲਾਰ ਕੀ ਵਾਰ ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 1288)

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ (ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 662)

ਜੁਲਮ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਜਾਗ੍ਰਤ ਕਰਨ ਲਈ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਗਿਆਨ ਵਿਹੂਣੀ ਅੰਨ੍ਹੀ ਰਿਆਇਆ ਕਹਿ ਕੇ ਹਲੂਣਿਆ:

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥’ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 469)

ਪਰ ਇਹ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿਸ ਗੁਰੂ ਸਾਹਿਬ ਜੀ ਨੇ ਰਾਜੇ-ਪਜੁਾਰੀ ਗੱਠਜੋੜ ਦੀ ਸਖ਼ਤ ਵਿਰੋਧਤਾ ਕੀਤੀ ਉਸ ਦੇ ਸਿੱਖ ਉਸੇ ਗੱਠਜੋੜ ਦਾ ਸ਼ਿਕਾਰ ਹੋ ਰਹੇ ਹਨ। ਸਿੱਖ ਸੰਸਥਾਵਾਂ ਅਤੇ ਸਤਾ ’ਤੇ ਕਾਬਜ਼ ਰਾਜਨੀਤਕ ਆਗੂਆਂ ਨੇ ਆਪਣੇ ਵੱਲੋਂ ਨਿਯੁਕਤ ਕੀਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਸਿੰਘ ਸਾਹਿਬ ਦੇ ਲਕਬ ਦੇ ਕੇ ਸਰਬਉਚ ਹੋਣ ਅਤੇ ਉਨ੍ਹਾਂ ਵੱਲੋਂ ਜਾਰੀ ਹੁਕਨਾਮਿਆਂ ਨੂੰ ਇਲਾਹੀ ਹੁਕਮ ਦੱਸ ਕੇ ਇਹ ਪ੍ਰਚਾਰ ਬੜੇ ਜੋਰ ਸ਼ੋਰ ਨਾਲ ਕੀਤਾ ਕਿ ਜਿਹੜਾ ਸਿੱਖ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਨਹੀਂ ਮੰਨਦਾ ਉਹ ਅਕਾਲ ਤਖ਼ਤ ਅਤੇ ਗੁਰੂ ਦਾ ਵਿਰੋਧੀ ਹੈ, ਇਸ ਲਈ ਉਹ ਪੰਥ ’ਚੋਂ ਛੇਕਿਆ ਜਾ ਸਕਦਾ ਹੈ। ਦੂਜੇ ਪਾਸੇ ਮੌਕੇ ਦੇ ਰਾਜਿਆਂ ਨੂੰ ਰੱਬ ਦਾ ਅਵਤਾਰ ਦੱਸਣ ਦੀ ਤਰਜ਼ ’ਤੇ ਜਥੇਦਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ‘ਫ਼ੳਮਪ;ਖ਼ਰ-ਏ-ਕੌਮ, ਪੰਥ ਰਤਨ’ ਦੇ ਅਵਾਰਡ ਨਾਲ ਨਿਵਾਜਿਆ।

ਅਕਾਲ ਤਖ਼ਤ ਦੇ ਜਥੇਦਾਰ ਅਤੇ ਉਸ ਵੱਲੋਂ ਜਾਰੀ ਹੁਕਮਨਾਮਿਆਂ ਨੂੰ ਸਤਾਧਾਰੀ ਕਿੰਨਾ ਕੁ ਸਰਬਉਚ ਮੰਨਦੇ ਹਨ ਇਹ ਗੱਲ ਤਾਂ ਕਿਸੇ ਤੋਂ ਲੁਕੀ ਛਿਪੀ ਨਹੀਂ ਪਰ ਇਨ੍ਹਾਂ ਵੱਲੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਰਾਜਨੀਤਕ ਵਿਰੋਧੀਆਂ ਨੂੰ ਦਬਾਉਣ ਲਈ ਖ਼ੂਬ ਦੁਰਵਰਤੋਂ ਹੋ ਰਹੀ ਹੈ। ਮਿਸਾਲ ਦੇ ਤੌਰ ’ਤੇ ਆਰਐੱਸਐੱਸ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਅੰਗ ਮੰਨਦੀ ਹੈ ਅਤੇ ਹਰ ਉਸ ਗੱਲ ਅਤੇ ਸਿਧਾਂਤ ਦਾ ਸਖਤੀ ਨਾਲ ਵਿਰੋਧ ਕਰਦੀ ਹੈ ਜਿਹੜੀ ਸਿੱਖ ਧਰਮ ਦੀ ਅਜਾਦ ਹਸਤੀ ਅਤੇ ਨਿਆਰੇਪਨ ਦੀ ਪ੍ਰਤੀਕ ਹੋਵੇ। ਜਿਵੇਂ ਕਿ ਨਾਨਕਸ਼ਾਹੀ ਕੈਲੰਡਰ ਦਾ ਸ਼ੁਰੂ ਤੋਂ ਵਿਰੋਧ ਕਰਦੀ ਆ ਰਹੀ ਹੈ। ਵਿਰੋਧ ਦੇ ਬਾਵਯੂਦ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਗਿਆ ਸੀ ਪਰ ਆਰਐੱਸਐੱਸ ਹਮੇਸ਼ਾਂ ਹੀ ਇਸ ਨੂੰ ਰੱਦ ਕਰਵਾਉਣ ਲਈ ਗੋਂਦਾਂ ਗੁੰਦਦੀ ਰਹੀ ਤੇ ਅਖੀਰ ਸਤਾ ਦੀ ਕੁਰਸੀ ’ਤੇ ਟਿਕੇ ਰਹਿਣ ਦੀ ਲਾਲਸਾ ਅਧੀਨ ਆਰਐੱਸਐੱਸ ਦੇ ਦਾਸ ਬਣੇ ਬਾਦਲ ਦਾ ਆਪਣੇ ਏਜੰਟਾਂ ਦੇ ਤੌਰ ’ਤੇ ਕੰਮ ਕਰ ਰਹੇ ਸੰਤ ਸਮਾਜ ਨਾਲ ਚੋਣ ਸਮਝੌਤਾ ਕਰਵਾ ਕੇ 7 ਸਾਲਾਂ ਪਿੱਛੋਂ 2010 ਵਿੱਚ ਸੋਧਾਂ ਦੇ ਨਾਮ ’ਤੇ ਇਸ ਦਾ ਕਤਲ ਕਰਾ ਦਿੱਤਾ। ਅਸਲ ਵਿੱਚ ਇਸ ਨੂੰ ‘ਸੋਧ’ ਦਾ ਨਾਮ ਦੇਣਾ ਹੀ ‘ਸੋਧ’ ਸ਼ਬਦ ਦੀ ਬੇਅਦਬੀ ਹੈ ਕਿਉਂਕਿ ਇਹ ਸੋਧ ਨਹੀਂ ਬਲਕਿ ਚੋਣ ਸਮਝੌਤੇ ਵਾਂਗ ਇੱਕ ਗੈਰਸਿਧਾਂਤਕ ਸਮਝੌਤਾ ਹੈ। ਭਾਵ ਜਿਵੇਂ ਚੋਣ ਸਮਝੌਤਾ ਕਿਸੇ ਸਿਧਾਂਤ ਨੂੰ ਮੁੱਖ ਰੱਖ ਕੇ ਨਹੀਂ ਬਲਕਿ ਚੋਣ ਜਿੱਤਣ ਲਈ ਦੋ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਹੁੰਦੀ ਹੈ ਉਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਲਈ ਸਮਝੌਤਾ ਕੀਤਾ ਗਿਆ ਕਿ ਇਸ ਦੀਆਂ ਸੰਗ੍ਰਾਂਦਾਂ ਬਿਕ੍ਰਮੀ ਕੈਲੰਡਰ ਵਾਲੀਆਂ ਕਰ ਦਿੱਤੀਆਂ ਜਾਣ ਅਤੇ ਗੁਰਪੁਰਬਾਂ ਦੀ ਵੰਡ ਕਰਕੇ ਚਾਰ ਗੁਰਪੁਰਬ ਚੰਦਰਮਾ ਦੀਆਂ ਤਿਥਾਂ ਮੁਤਾਬਕ ਕਰ ਦਿੱਤੇ ਤੇ ਬਾਕੀ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਨਾਨਕਸ਼ਾਹ ਕੈਲੰਡਰ ਵਾਲੇ ਹੀ ਰਹਿਣ ਦਿੱਤੇ। ਇਸ ਤਰ੍ਹਾਂ ਤਿੰਨ ਕੈਲੰਡਰਾਂ ਦਾ ਮਿਲਗੋਭਾ ਬਣਾ ਕੇ ਨਾਨਕਸ਼ਾਹੀ ਕੈਲੰਡਰ ਦੀ ਰੂਹ ਦਾ ਕਤਲ ਕਰ ਦਿੱਤਾ ਗਿਆ। ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਅਕਾਲ ਤਖ਼ਤ ਦੇ ਵਿਰੋਧੀ ਹੋਣ ਦਾ ਪ੍ਰਚਾਰ ਕਰ ਕੇ ਸ਼੍ਰੋਮਣੀ ਕਮੇਟੀ, ਪੰਜਾਬ ਵਿਧਾਨ ਸਭਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤੀਆਂ।

ਬੀਤੀ 3 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕਰ ਕੇ ਪੁੱਛਿਆ ਕਿ ਇਤਿਹਾਸ ਅਤੇ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਅਨੁਸਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ 1652; 19 ਜੂਨ 1595 ਨੂੰ ਹੋਇਆ ਸੀ ਪਰ ਸੋਧੇ ਹੋਏ ਕੈਲੰਡਰ ਵਿੱਚ ਤੁਸੀਂ ਗੁਰਪੁਰਬ 5 ਜੁਲਾਈ ਨਿਸਚਤ ਕੀਤਾ ਹੈ। 5 ਜੁਲਾਈ ਨੂੰ 22 ਹਾੜ, ਹਾੜ ਵਦੀ 7 ਹੈ ਫਿਰ ਤੁਸੀਂ ਇਹ 5 ਜੁਲਾਈ ਕਿਹੜੇ ਇਤਿਹਾਸਕ ਹਵਾਲੇ ਤੋਂ ਲਈ ਹੈ? ਸ: ਮੱਕੜ ਕੋਲ ਇਸ ਦਾ ਕੋਈ ਜਵਾਬ ਨਾ ਹੋਣ ਕਰਕੇ ਉਨ੍ਹਾਂ ਦੋ ਹਰਫੀ ਗੱਲ ਮੁਕਾ ਦਿੱਤੀ ਕਿ ਮੈਨੂੰ ਨਹੀਂ ਪਤਾ ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਗੱਲ ਕਰੋ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕੀਤੀ ਤਾਂ ਇਸ ਗਲਤੀ ਨੂੰ ਸਵੀਕਾਰਦਿਆਂ ਉਨ੍ਹਾਂ ਕਿਹਾ ਕਿ ਜੇ ਜਥੇਬੰਦੀਆਂ ਵੱਲੋਂ ਸੁਝਾਉ ਆਉਣ ਤਾਂ ਇਸ ਵਿੱਚ ਦੁਬਾਰਾ ਵੀ ਸੋਧ ਹੋ ਸਕਦੀ ਹੈ। ਜਥੇਦਾਰ ਸਾਹਿਬ ਵੱਲੋਂ ਸੁਝਾਵਾਂ ਦੀ ਮੰਗ ਕਰਨ ’ਤੇ ਬਠਿੰਡਾ ਸ਼ਹਿਰ ਦੀਆਂ 40 ਤੋਂ ਵੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਨੇ 2003 ਵਾਲਾ ਮੂਲ ਨਾਨਕਸਾਹੀ ਕੈਲੰਡਰ ਮੁੜ ਲਾਗੂ ਕਰਨ ਦਾ ਮਤਾ ਪਾਸ ਕਰਕੇ 16 ਜੁਲਾਈ ਨੂੰ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਸੰਗਤ ਦੀ ਹਾਜਰੀ ਵਿੱਚ ਉਨ੍ਹਾਂ ਨੂੰ ਸੌਂਪਿਆ ਗਿਆ। ਸੰਗਤਾਂ ਦੇ ਵੀਚਾਰ ਸੁਣਨ ਅਤੇ ਮਤਾ ਪ੍ਰਾਪਤ ਕਰਨ ਉਪ੍ਰੰਤ ਪ੍ਰਿੰਟ ਅਤੇ ਇਲੈਕ੍ਰੋਨਿਕ ਮੀਡੀਏ ਦੀ ਮੌਜੂਦਗੀ ਵਿੱਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਿਆਨ ਦਿੱਤਾ ਕਿ ਇਸ ਮਤੇ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵੀਚਾਰਿਆ ਜਾਵੇਗਾ ਅਤੇ ਜੇ ਲੋੜ ਪਈ ਤਾਂ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਕੈਲੰਡਰ ਵਿੱਚ ਮੁੜ ਸੋਧ ਕੀਤੀ ਜਾਵੇਗੀ। ਦੂਸਰੇ ਪਾਸੇ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਉਪ੍ਰੰਤ, ਜਥੇਦਾਰ ਅਕਾਲ ਤਖ਼ਤ ਦੇ ਬਿਆਨ ਦਾ ਹਵਾਲਾ ਦੇ ਕੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬੜੀ ਕੁਰੱਖਤ ਅਤੇ ਘਟੀਆ ਸ਼ਬਦਾਵਲੀ ਵਰਤਦੇ ਹੋਏ ਸੋਧਾਂ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਰੌਲਾ ਪਾਉਣ ਵਾਲੇ ਦੋ ਚਾਰ ਅਗਿਆਨੀ ਸਿੱਖਾਂ ਦੇ ਦਬਾਅ ਹੇਠ ਕੋਈ ਵੀ ਤਰਮੀਮ ਜਾ ਅਦਲਾ ਬਦਲੀ ਨਹੀਂ ਕੀਤੀ ਜਾਵੇਗੀ।

18 ਜੁਲਾਈ ਨੂੰ ਸ: ਮੱਕੜ ਦਾ ਇਹ ਬਿਆਨ ਪੜ੍ਹਨ ਉਪ੍ਰੰਤ ਉਨ੍ਹਾਂ ਦੇ ਗਿਆਨ ਦਾ ਪੱਧਰ ਜਾਨਣ ਲਈ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ਵੱਲੋਂ ਸੋਧੇ ਹੋਏ ਕੈਲੰਡਰ ਦੇ ਵੱਖ ਵੱਖ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਕਿੰਨੀ ਕਿੰਨੀ ਹੈ ਅਤੇ ਕੀ ਇਹ ਆਉਣ ਵਾਲੇ ਸਾਲਾਂ ਵਿੱਚ ਵੀ ਇੰਨੀ ਹੀ ਰਹੇਗੀ ਜਾਂ ਵਧ ਘਟ ਸਕਦੀ ਹੈ। ਬ੍ਰਾਹਮਣ ਵੱਲੋਂ ਬਣਾਈ ਯੰਤਰੀ ਵੇਖਣ ਤੋਂ ਬਿਨਾਂ ਇਹ ਵੀ ਦੱਸ ਦੇਵੋ ਕਿ ਆਉਣ ਵਾਲੇ ਮਹੀਨਿਆਂ ਦੀਆਂ ਸੰਗ੍ਰਾਂਦਾ ਕਿਹੜੀਆਂ ਕਿਹੜੀਆਂ ਤਰੀਖਾਂ ਨੂੰ ਆਉਣਗੀਆਂ? ਆਪਣੇ ਆਪ ਨੂੰ ਗਿਆਨ ਦਾ ਭੰਡਾਰਾ ਸਮਝਣ ਵਾਲੇ ਸ: ਮੱਕੜ ਨੇ ਕਿਹਾ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ। ਜਦੋਂ ਕਿਹਾ ਕਿ ਗੱਲ ਤਾ ਤੁਸੀਂ ਤਾਂ ਹੀ ਕਰ ਸਕਦੇ ਹੋ ਜੇ ਗੱਲ ਕਰਨ ਦੀ ਤੁਹਾਡੀ ਸਮਰੱਥਾ ਹੋਵੇ ਪਰ ਹਮੇਸ਼ਾਂ ਅਕਾਲ ਤਖ਼ਤ ਦੀ ਸਰਬਉਚਤਾ ਦਾ ਰਾਗ ਅਲਾਪਣ ਵਾਲਿਓ ਇਤਨਾ ਤਾਂ ਦੱਸ ਦੇਵੋ ਕਿ ਸਰਬਉੱਚ ਤੁਸੀਂ ਹੋ ਜਾਂ ਅਕਾਲ ਤਖ਼ਤ ਦਾ ਜਥੇਦਾਰ? ਜੇ ਅਕਾਲ ਤਖ਼ਤ ਦਾ ਜਥੇਦਾਰ ਸਰਬਉੱਚ ਹੈ ਤਾਂ ਉਨ੍ਹਾਂ ਵੱਲੋਂ ਵਿਗਾੜੇ ਗਏ ਕੈਲੰਡਰ ’ਚ ਸੋਧਾਂ ਦੀ ਹਾਮੀ ਭਰਨ ਪਿੱਛੋਂ ਤੁਸੀ ਸੋਧਾਂ ਤੋਂ ਇਨਕਾਰ ਕਿਸ ਹੈਸੀਅਤ ’ਚ ਕਰ ਰਹੇ ਹੋ? ਜਵਾਬ ਦੇਣ ਦੀ ਥਾਂ ਸ: ਮੱਕੜ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਜਦ ਤੁਹਾਨੂੰ ਇੱਕ ਵਾਰ ਕਹਿ ਦਿੱਤਾ ਕਿ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ।

ਸ਼ਾਮ ਨੂੰ ਗੁਰਮਤਿ ਪ੍ਰਚਾਰ ਸਭਾ ਦੇ ਜਨਰਲ ਸਕੱਤਰ ਪ੍ਰਿੰ: ਰਣਜੀਤ ਸਿੰਘ ਨੇ ਸ: ਮੱਕੜ ਤੋਂ ਫੋਨ ਕਰਕੇ ਪੁੱਛਿਆ ਕਿ ਤੁਹਾਡੇ ਬਿਆਨ ਤੋਂ ਕੀ ਅੰਦਾਜ਼ਾ ਲਗਾਈਏ ਕਿ ਅਕਾਲ ਤਖ਼ਤ ਦਾ ਜਥੇਦਾਰ ਵੱਡਾ ਹੈ ਜਾਂ ਤੁਸੀਂ ਵੱਡੇ ਹੋ? ਉਸ ਸਮੇਂ ਤੱਕ ਸ਼ਾਇਦ ਸ: ਮੱਕੜ ਨੂੰ ਆਪਣੇ ਗਿਆਨ ਦੇ ਪੱਧਰ ਦਾ ਗਿਆਨ ਹੋ ਗਿਆ ਹੋਵੇਗਾ ਇਸ ਲਈ ਉਨ੍ਹਾਂ ਦੀ ਭਾਸ਼ਾ ਕੁਝ ਬਦਲ ਗਈ ਤੇ ਉਨ੍ਹਾਂ ਕਿਹਾ ਵੱਡਾ ਤਾਂ ਜਥੇਦਾਰ ਹੀ ਹੈ। ਮੈਂ ਤਾਂ ਸਿਰਫ ਇਹ ਕਿਹਾ ਸੀ ਕਿ ਇਸ ਵਿੱਚ ਪਹਿਲਾਂ ਹੀ 2010 ਵਿੱਚ ਸੋਧ ਹੋ ਚੁੱਕੀ ਹੈ ਇਸ ਲਈ ਹੁਣ ਹੋਰ ਸੋਧ ਦੀ ਕੋਈ ਲੋੜ ਨਹੀਂ ਹੈ। ਪਰ ਜੇ ਪੰਜ ਸਿੰਘ ਸਾਹਿਬਾਨ ਸੋਚ ਵੀਚਾਰ ਪਿੱਛੋਂ ਕੋਈ ਤਬਦੀਲੀ ਕਰਨਾ ਚਾਹੁੰਣ ਤਾਂ ਉਹ ਕਰ ਲੈਣ। ਸ਼੍ਰੋਮਣੀ ਕਮੇਟੀ ਨੇ ਤਾਂ ਸਿਰਫ ਅਕਾਲ ਤਖ਼ਤ ਤੋਂ ਪ੍ਰਵਾਨਤ ਕੈਲੰਡਰ ਲਾਗੂ ਹੀ ਕਰਨਾ ਹੈ।

ਇਸ ਉਪ੍ਰੰਤ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕਿਹਾ ਗਿਆ ਕਿ ਪ੍ਰਧਾਨ ਮੱਕੜ ਦਾ ਬਿਆਨ ਤੁਹਾਡੀ ਸਰਬਉਚਤਾ ਨੂੰ ਸਿੱਧੀ ਚੁਣੌਤੀ ਹੈ। ਇਹ ਤੁਹਾਡੇ ਲਈ ਪਰਖ ਦੀ ਘੜੀ ਹੈ ਕਿ ਸ: ਮੱਕੜ ਦੇ ਬਿਆਨ ਉਪ੍ਰੰਤ ਤੁਸੀਂ ਦੁਬਾਰਾ ਸੋਧ ਕਰਨ ਦੇ ਦਿੱਤੇ ਆਪਣੇ ਬਿਆਨ ’ਤੇ ਚੁੱਪੀ ਧਾਰ ਕੇ ਆਪਣੀ ਸਰਬਉਚਤਾ ਦਾ ਪਾਜ ਉਧੇੜਦੇ ਹੋ ਜਾਂ ਪ੍ਰਧਾਨ ਦੀ ਗਲਤ ਬਿਆਨੀ ਸਬੰਧੀ ਉਸ ਨੂੰ ਤਾੜਨਾ ਕਰਕੇ ਅਤੇ ਬਠਿੰਡਾ ਵਿਖੇ ਆਪਣੇ ਕੀਤੇ ਵਾਅਦੇ’ਤੇ ਪੂਰੇ ਉਤਰ ਕੇ ਆਪਣੀ ਸਰਬਉੱਚਤਾ ਸਿੱਧ ਕਰਦੇ ਹੋ। ਜਵਾਬ ’ਚ ਉਨ੍ਹਾਂ ਕਿਹਾ ਸਿੰਘ ਸਾਹਿਬਾਨ ਨੇ ਕੈਲੰਡਰ ਬਣਾਉਣਾਂ ਜਾਂ ਸੋਧਾਂ ਨਹੀਂ ਕਰਨੀਆਂ। ਕੈਲੰਡਰ ਬਣਾਉਣ ਜਾਂ ਸੋਧਾਂ ਕਰਨ ਦਾ ਕੰਮ ਵਿਦਵਾਨਾਂ ਦਾ ਹੈ। ਪੰਜਾਂ ਦੀ ਮੀਟਿੰਗ ਵਿੱਚ ਸਿੰਘ ਸਾਹਿਬਾਨਾਂ ਨੇ ਫੈਸਲਾ ਕਰਨਾ ਹੈ ਕਿ ਕੀ ਸੋਧਾਂ ਲਈ ਵਿਦਵਾਨਾਂ ਦੀ ਕੋਈ ਕਮੇਟੀ ਬਣਾਉਣ ਦੀ ਲੋੜ ਹੈ ਜਾਂ ਨਹੀਂ। ਵਿਦਵਾਨਾਂ ਦੀ ਕਮੇਟੀ ਵੱਲੋਂ ਸੋਧਾਂ ਲਈ ਕੀਤੀ ਸਿਫਾਰਸ਼ ਨੂੰ ਸਿੰਘ ਸਾਹਿਬਾਨ ਨੇ ਸਿਰਫ ਪ੍ਰਵਾਨਗੀ ਦੇਣੀ ਹੈ।

ਜਥੇਦਾਰ ਸਾਹਿਬ ਦਾ ਇਹ ਗੋਲਮੋਲ ਬਿਆਨ ਖੂਹ ਵਿੱਚ ਇੱਟ ਸੁੱਟਣ ਵਾਂਗ ਹੈ। ਜੇ ਲੋਕ ਵਿਖਾਵੇ ਲਈ ਕੋਈ ਕਮੇਟੀ ਬਣਾ ਵੀ ਦਿੱਤੀ ਤੇ ਸੋਧਾਂ ਲਈ ਕਮੇਟੀ ਦੇ ਮੈਂਬਰ ਫਿਰ ਧੁੰਮਾ, ਮੱਕੜ ਨੂੰ ਬਣਾ ਦਿੱਤਾ ਜਾਂ ਇਸ ਦਾ ਘੇਰਾ ਹੋਰ ਵਧਾ ਕੇ ਸੰਤ ਹਰੀ ਸਿੰਘ ਰੰਧਾਵਾ, ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਡਾ: ਅਨੁਰਾਗ ਸਿੰਘ ਆਦਿ ਨੂੰ ਸ਼ਾਮਲ ਕਰਕੇ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਤਾਂ ਕੈਲੰਡਰ ਦਾ ਜੋ ਹਸ਼ਰ ਹੋਵੇਗਾ ਉਹ ਇਹ ਹੀ ਹੋ ਸਕਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਪੂਰਨ ਤੌਰ ’ਤੇ ਭੋਗ ਪਾ ਕੇ ਇਹ ਸੋਧ ਕਰ ਦਿੱਤੀ ਜਾਵੇਗੀ ਕਿ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਪੁਰਾਤਨ ਮਰਿਆਦਾ ਅਨੁਸਾਰ ਬਿਕ੍ਰਮੀ ਕੈਲੰਡਰ ਮੁਤਾਬਕ ਮੰਨਾਏ ਜਾਣ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕਰਨ ਉਪ੍ਰੰਤ ਗਿਆਨੀ ਜਸਵੰਤ ਸਿੰਘ (ਭੂਰੇ ਕੋਨੇ ਵਾਲੇ) ਮੰਜੀ ਸਾਹਿਬ ਅੰਮ੍ਰਿਤਸਰ ਤੋਂ ਕਥਾਵਾਚਕ ਦੇ ਤੌਰ ’ਤੇ ਸੇਵਾ ਮੁਕਤ ਸਨ ਅਤੇ ਉਸ ਉਪ੍ਰੰਤ ਕੁਝ ਚਿਰ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਮਾਝਾ ਖੇਤਰ ਦੇ ਮੁਖੀ ਦੇ ਤੌਰ ’ਤੇ ਤਾਇਨਾਤ ਹਨ; ਅਤੇ ਜਿਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ 18 ਜੁਲਾਈ ਨੂੰ ਕਥਾ ਕੀਤੀ ਸੀ, ਨੂੰ ਫੋਨ ਕਰਕੇ ਪੁੱਛਿਆ ਕਿ ਤੁਹਾਡੇ ਕਥਾ ਕਰਨ ਦੇ ਢੰਗ ਤੋਂ ਜਾਪਦਾ ਹੈ ਕਿ ਤੁਸੀਂ ਗੁਰਬਾਣੀ, ਗੁਰਮਤਿ ਅਤੇ ਸਿੱਖ ਇਤਿਹਾਸ ਦੇ ਕਾਫੀ ਗਿਆਤਾ ਹੋ। ਇਸ ਲਈ ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਅਕਾਲ ਪੁਰਖ਼ ਨੂੰ ਸੁਬੋਧਨ ਹੋ ਕੇ ਇਹ ਸ਼ਬਦ ਉਚਾਰਿਆ ਹੈ:

ਗਉੜੀ ॥ ਝਗਰਾ ਏਕੁ ਨਿਬੇਰਹੁ ਰਾਮ ॥ ਜਉ ਤੁਮ ਅਪਨੇ ਜਨ ਸੌ ਕਾਮੁ ॥1॥ ਰਹਾਉ ॥ ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥ ਰਾਮੁ ਬਡਾ ਕੈ ਰਾਮਹਿ ਜਾਨਿਆ ॥1॥ ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ ਬੇਦੁ ਬਡਾ ਕਿ ਜਹਾਂ ਤੇ ਆਇਆ ॥2॥ ਕਹਿ ਕਬੀਰ ਹਉ ਭਇਆ ਉਦਾਸੁ ॥ ਤੀਰਥੁ ਬਡਾ ਕਿ ਹਰਿ ਕਾ ਦਾਸੁ ॥3॥42॥’ (ਗੁਰੂ ਗ੍ਰੰਥ ਸਾਹਿਬ -ਪੰਨਾ 331)

ਉਸੇ ਤਰ੍ਹਾਂ ਗੁਰਬਾਣੀ ਅਤੇ ਸਿੱਖ ਸਿਧਾਂਤ ਤੋਂ ਸੇਧ ਲੈ ਕੇ ਸਾਡਾ ਇਹ ਸ਼ੰਕਾ ਨਿਵਿਰਤ ਕਰੋ ਕਿ ਸਿੱਖਾਂ ਲਈ ਸਰਬਉੱਚ ਗੁਰਬਾਣੀ ਹੈ ਜਾਂ ਅਕਾਲ ਤਖ਼ਤ ਦਾ ਹੁਕਮਨਾਮਾ। ਅਕਾਲ ਤਖ਼ਤ ਦਾ ਜਥੇਦਾਰ ਵੱਡਾ ਹੈ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੱਡਾ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੱਡਾ ਹੈ ਜਾਂ ਪ੍ਰਧਾਨਗੀ ਲਈ ਲਫਾਫੇ ਵਿੱਚ ਉਸ ਦਾ ਨਾਮ ਭੇਜਣ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਵੱਡਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੱਡਾ ਹੈ ਜਾਂ ਸਤਾ ’ਤੇ ਹਮੇਸ਼ਾਂ ਲਈ ਕਾਬਜ਼ ਰਹਿਣ ਲਈ ਬਣਾਈ ਉਸ ਦੀ ਮਾਲਕ ਆਰਐੱਸਐੱਸ ਵੱਡੀ ਹੈ। ਗਿਆਨੀ ਜਸਵੰਤ ਸਿੰਘ ਜੀ ਤਾਂ ਇਹ ਸਵਾਲ ਸੁਣਦਿਆਂ ਇੰਨੇ ਬੁਖਲਾਹਟ ਵਿੱਚ ਆਏ ਤੇ ਕਹਿਣ ਲੱਗੇ ਤੁਸੀਂ ਇਹ ਸਵਾਲ ਮੈਥੋਂ ਪੁਛਿਆ ਹੀ ਕਿਉਂ ਹੈ? ਮੈਂ ਧਾਰਮਿਕ ਵਿਅਕਤੀ ਹਾਂ ਫੋਨ ਰਾਹੀਂ ਇਹ ਸਿਆਸੀ ਗੱਲਾਂ ਸੁਣਾ ਕੇ ਮੇਰੇ ਕੰਨ ਮੈਲੇ ਕਿਉਂ ਕੀਤੇ। ਉਨ੍ਹਾਂ ਨੂੰ ਨਿਮ੍ਰਤਾ ਸਹਿਤ ਕਿਹਾ ਕਿ ਤੁਹਾਥੋਂ ਪੁੱਛਿਆ ਇਸ ਕਰਕੇ ਹੈ ਕਿ ਉਸ ਤਰ੍ਹਾਂ ਤਾਂ ਸਿਆਸੀ ਆਗੂ ਅਤੇ ਧਰਮ ਪ੍ਰਚਾਰਕ ਬੜੇ ਜੋਰ ਸ਼ੋਰ ਨਾਲ ਇਹ ਕਹਿੰਦੇ ਹਨ ਸਿੱਖਾਂ ਲਈ ਅਕਾਲ ਤਖ਼ਤ ਅਤੇ ਇਸ ਦਾ ਜਥੇਦਾਰ ਸਰਬਉੱਚ ਹੈ। ਧੁੰਮਾ ਮੱਕੜ ਕਮੇਟੀ ਵੱਲੋਂ ਵਿਗਾੜੇ ਗਏ ਨਾਨਕਸ਼ਾਹੀ ਕੈਲੰਡਰ ਦੀ ਕਿਸੇ ਤਰੀਖ ਸਬੰਧੀ ਮੱਕੜ ਤੋਂ ਪੁਛਿਆ ਜਾਵੇ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਮੈਨੂੰ ਨਹੀਂ ਪਤਾ ਅਕਾਲ ਤਖ਼ਤ ਦੇ ਜਥੇਦਰ ਤੋਂ ਪੁੱਛੋ। ਪਰ ਜੇ ਬਠਿੰਡਾ ਦੀਆਂ 40 ਤੋਂ ਵੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਮਤਾ ਪ੍ਰਾਪਤ ਕਰਨ ਉਪ੍ਰੰਤ ਸੋਧਾਂ ਦੇ ਨਾਮ ’ਤੇ ਪਏ ਵਿਗਾੜ ਨੂੰ ਸਵੀਕਾਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੇ ਮੁੜ ਸੋਧਾਂ ਕਰਨ ਦਾ ਸੰਕੇਤ ਦਿੰਦਾ ਬਿਆਨ ਦੇ ਦਿੱਤਾ ਤਾਂ ਉਸ ਨੂੰ ਚੁੱਪ ਕਰਵਾਉਣ ਦੇ ਮਕਸਦ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੇ ਝੱਟ ਬਿਆਨ ਦਾਗ ਦਿੱਤਾ ਕਿ ਕੈਲੰਡਰ ਵਿੱਚ ਕੋਈ ਸੋਧ ਨਹੀਂ ਹੋਵੇਗੀ ਤੇ ਨਾ ਹੀ ਸੋਧਾਂ ਲਈ ਵਿਦਵਾਨਾਂ ਦੀ ਕਮੇਟੀ ਬਣਾਉਣ ਦੀ ਕੋਈ ਲੋੜ ਹੈ।

ਸ: ਮੱਕੜ ਦੇ ਇਸ ਬਿਆਨ ਸਦਕਾ ਸਾਡੇ ਮਨਾਂ ਵਿੱਚ ਇਹ ਸ਼ੰਕਾ ਉਤਪਨ ਹੋਇਆ ਹੈ ਕਿ ਵੱਡਾ ਕੌਣ ਹੈ? ਕਿਉਂਕਿ ਬਾਦਲ ਦੀ ਘੁਰਕੀ ਪਿੱਛੋਂ ਸ: ਮੱਕੜ ਵੀ ਆਪਣੇ ਬਿਆਨ ਤੋਂ ਯੂ-ਟਰਨ ਕਰਦੇ ਹੋਏ ਮੁੱਕਰ ਜਾਂਦੇ ਹਨ ਜਿਵੇਂ ਕਿ ‘ਸਾਡਾ ਹੱਕ’ ਫਿਲਮ ਸਬੰਧੀ ਸ: ਮੱਕੜ ਆਪਣੇ ਬਿਆਨ ਤੋਂ ਪੂਰੀ ਤਰ੍ਹਾਂ ਯੂ ਟਰਨ ਕਰ ਗਏ ਸਨ। ਸ: ਬਾਦਲ ਵੀ ਆਮ ਤੌਰ ’ਤੇ ਸਿੱਖ ਹਿਤਾਂ ਵਿੱਚ ਦਿੱਤੇ ਬਿਆਨ ਤੋਂ ਆਰਐੱਸ ਦੀ ਘੁਰਕੀ ਪਿੱਛੋਂ ਯੂ ਟਰਨ ਮਾਰ ਜਾਂਦੇ ਹਨ, ਜਿਵੇਂ ਕਿ 1997 ਦੀਆਂ ਚੋਣਾਂ ਵਿੱਚ ਚੋਣ ਵਾਅਦਾ ਕੀਤਾ ਸੀ ਕਿ ਝੂਠੇ ਪੁਲਿਸ ਮੁਕਾਬਿਲਆਂ ਦਾ ਸੱਚ ਸਾਹਮਣੇ ਲਿਆ ਕਿ ਕਸੂਰਵਾਰਾਂ ਨੂੰ ਸਜਾਵਾਂ ਤੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇਗਾ। ਪਰ ਚੋਣਾਂ ਜਿੱਤਣ ਉਪ੍ਰੰਤ ਆਰਐੱਸਐੱਸ ਦੀ ਘੁਰਕੀ ਤੋਂ ਡਰਦਿਆਂ ਸੱਚ ਸਾਹਮਣੇ ਲਿਆਉਣਾ ਤਾਂ ਇੱਕ ਪਾਸੇ ਰਿਹਾ ਸਗੋਂ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਝੂਠੇ ਪੁਲਿਸ ਮੁਕਾਬਿਲਆਂ ਦਾ ਸੱਚ ਸਾਹਮਣੇ ਲਿਆਉਣ ਲਈ ਪਹਿਲਾਂ ਤੋਂ ਬਣਿਆ ਪੀਪਲਜ਼ ਕਮਿਸ਼ਨ ਵੀ ਭੰਗ ਕਰ ਦਿੱਤਾ ਅਤੇ ਅੱਜ ਸੁਰਜੀਤ ਸਿੰਘ ਸਬ ਇੰਸਪੈਕਟਰ ਵੱਲੋਂ ਹਾਈ ਕੋਰਟ ਵਿੱਚ ਦਿੱਤੇ ਹਲਫੀਆ ਬਿਆਨ (ਕਿ ਉਸ ਨੇ 83 ਬੇਕਸੂਰ ਸਿੱਖ ਝੂਠਾ ਮਕਾਬਲਾ ਬਣਾ ਕੇ ਕਤਲ ਕੀਤੇ ਹਨ) ਪਿੱਛੋਂ ਵੀ ਬਿਲਕੁਲ ਚੁੱਪ ਹੈ। ਆਪੇ ਤੋਂ ਬਾਹਰ ਹੋਏ ਗਿਆਨੀ ਜੀ ਮੇਰੇ ਇਹ ਸਵਾਲ ਅਣਸੁਣੇ ਕਰਨ ਲਈ ਲਗਾਤਰ ਕੁਝ ਬੋਲ ਰਹੇ ਸਨ ਜਿਸ ਦੀ ਕੁਝ ਸਮਝ ਨਹੀਂ ਸੀ ਆ ਰਹੀ। ਜਦੋਂ ੳਨ੍ਹਾਂ ਨੂੰ ਬੇਨਤੀ ਕੀਤੀ ਕਿ ਕਥਾ ਵਿੱਚ ਤੁਸੀਂ ਵਿਅਕਤੀ ਨੂੰ ਗੁੱਸੇ ਤੇ ਕ੍ਰੋਧ ਤੋਂ ਬਚ ਕੇ ਸਹਿਜ ਅਵਸਥਾ ’ਚ ਰਹਿਣ ਦੀ ਪ੍ਰੇਰਣਾ ਕਰਦੇ ਰਹਿੰਦੇ ਹੋ। ਹੁਣ ਤੁਸੀਂ ਸਹਿਜ ਵਿੱਚ ਆ ਕੇ ਮੇਰੀ ਗੱਲ ਤਾਂ ਸੁਣ ਲਵੋ। ਮੈਂ ਸਿਰਫ ਸੋਧਾਂ ਦੇ ਨਾਮ ’ਤੇ ਕੈਲੰਡਰ ਵਿੱਚ ਪਾਏ ਗਏ ਵਿਗਾੜ ਅਤੇ ਇਨ੍ਹਾਂ ਸੋਧਾਂ ਨੂੰ ਰੱਦ ਕਰਕੇ ਮੂਲ ਨਾਨਕਸ਼ਾਹੀ ਬਹਾਲ ਕਰਨ ਸਬੰਧੀ ਗੱਲ ਕਰਨ ਚਾਹੁੰਦਾ ਹਾਂ। ਕੈਲੰਡਰ ਸਿੱਖਾਂ ਲਈ ਸਿਆਸੀ ਮਸਲਾ ਨਹੀਂ ਬਲਕਿ ਧਾਰਮਿਕ ਮਸਲਾ ਹੀ ਹੈ। ਜਦੋਂ ਉਨ੍ਹਾਂ ਮੇਰੀ ਗੱਲ ਸੁਣਨ ਦੀ ਬਜਾਏ ਲਗਾਤਾਰ ਬੋਲਣਾ ਜਾਰੀ ਰੱਖਿਆ ਤਾਂ ਆਖਰ ਕਹਿਣਾ ਪਿਆ ਕਿ ਇਸ ਦਾ ਭਾਵ ਹੈ ਤੁਸੀਂ ਕਥਾ ਨਹੀਂ ਕਰ ਰਹੇ ਬਲਕਿ ‘ਰੋਟੀਆ ਕਾਰਣਿ ਪੂਰਹਿ ਤਾਲ ॥’ ਵਾਲੀ ਅਵਸਥਾ ਵਿਚ ਹੀ ਹੋ।

ਆਪਣੇ ਮਨ ’ਤੇ ਪਏ ਭਾਰ ਨੂੰ ਹੌਲ਼ਾ ਕਰਨ ਲਈ ਅੱਜ ਸਵੇਰੇ 19 ਤਰੀਖ ਦੀ ਕਥਾ ਦੌਰਾਨ ਉਨ੍ਹਾਂ ਰਾਤ ਨੂੰ ਹੋਈ ਫੋਨ ਦਾ ਜ਼ਿਕਰ ਕੀਤਾ ਪਰ ਸਾਰੀਆਂ ਗੱਲਾਂ ਦੱਸਣ ਦੀ ਵਜਾਏ ਇੰਨਾ ਹੀ ਕਿਹਾ ਕਿ ਰਾਤ ਬਠਿੰਡੇ ਤੋਂ ਕਿਸੇ ਨੇ ਫੋਨ ਕਰਕੇ ਪੁੱਛਿਆ ਕਿ ਗਿਆਨੀ ਜੀ ਇਹ ਦੱਸੋ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੱਡਾ ਹੈ ਜਾਂ ਅਕਾਲ ਤਖ਼ਤ ਦਾ ਜਥੇਦਾਰ ਵੱਡਾ ਹੈ? ਕਥਾ ਦੌਰਾਨ ਇਸ ਦਾ ਗਿਆਨੀ ਜੀ ਨੇ ਜਵਾਬ ਇਉਂ ਦਿੱਤਾ: ‘ਭਰਾ ਮੈਂ ਤੇਰਾ ਕੁਝ ਬੁਰਾ ਨਹੀਂ ਕੀਤਾ। ਪਰ ਜੇ ਤੂ ਸਮਝਦਾ ਹੈਂ ਕਿ ਮੈਂ ਤੇਰਾ ਕੁਝ ਬੁਰਾ ਕੀਤਾ ਹੈ ਤਾਂ ਮੈਂ ਤੈਥੋਂ ਮੁਆਫ਼ੳਮਪ;ੀ ਮੰਗ ਲੈਂਦਾ ਹੈਂ। ਪਰ ਤੂੰ ਫੋਨ ਰਾਹੀ ਇਹ ਗੱਲਾਂ ਸੁਣਾ ਕੇ ਮਰੇ ਕੰਨ ਮੈਲ਼ੇ ਕਿਉਂ ਕੀਤੇ ਹਨ? ਅਤੇ ਹੁਣ ਤੂੰ ਇਨ੍ਹਾਂ ਦੇ ਜਵਾਬ ਮੈਥੋਂ ਸੁਣਨ ਦੀ ਜ਼ਿਦ ਕਰਕੇ ਮੇਰੀ ਜ਼ਬਾਨ ਗੰਦੀ ਕਿਉਂ ਕਰਨੀ ਚਾਹੁੰਦਾ ਹੈਂ?’ ਇਸ ਦੇ ਨਾਲ ਹੀ ਉਨ੍ਹਾਂ ਸਵਾਲ ਪੁੱਛਣ ਵਾਲੇ ਨੂੰ ਸਾਕਤ ਦੀ ਉਪਾਧੀ ਦਿੰਦਿਆ ਕਿਹਾ ਕਿ ‘ਜਿਹੜੇ ਬੰਦੇ ਆਪ ਰੱਬ ਨਾਲੋਂ ਟੁੱਟੇ ਹੁੰਦੇ ਹਨ ਉਹ ਅਜੇਹੇ ਸਵਾਲ ਪੁੱਛ ਕੇ ਦੂਸਰਿਆਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।’

ਗਿਆਨੀ ਜੀ ਨਾਲ ਫੋਨ ’ਤੇ ਹੋਈ ਗੱਲਬਾਤ ਅਤੇ ਕਥਾ ਦੌਰਾਨ ਸੁਣੇ ਉਨ੍ਹਾਂ ਦੇ ਵੀਚਾਰ ਉਪ੍ਰੰਤ ਮਨ ਵਿੱਚ ਇਹ ਖ਼ਿਆਲ ਆਉਂਦਾ ਹੈ ਕਿ ਕੀ ਅੱਜ ਦੇ ਇਹ ਕਥਾਕਾਰ ਗੁਰੂ ਨਾਨਕ ਸਾਹਿਬ ਜੀ ਨਾਲੋਂ ਵੀ ਵੱਡੇ ਧਾਰਮਿਕ ਹੋ ਗਏ ਹਨ। ਇਨ੍ਹਾਂ ਅਨੁਸਾਰ ਤਾਂ

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ੍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਆਦਿਕ ਅਨੇਕਾਂ ਹੋਰ ਸ਼ਬਦ ਸਾਰੇ ਹੀ ਧਾਰਮਿਕ ਨਹੀਂ ਬਲਕਿ ਸਿਆਸੀ ਜਾਂ ਦੂਸਰਿਆਂ ਦੀ ਨਿੰਦਾ ਕਰਨ ਵਾਲੇ ਹਨ। ਕੀ ਗੁਰਬਾਣੀ ਦੇ ਅਜੇਹੇ ਸ਼ਬਦ ਪੜ੍ਹਨ ਨਾਲ ਇਨ੍ਹਾਂ ਦੀ ਜ਼ਬਾਨ ਗੰਦੀ ਹੁੰਦੀ ਹੈ ਜਾਂ ਸੁਣਨ ਨਾਲ ਕੰਨ ਮੈਲ਼ੇ ਹੋ ਜਾਂਦੇ ਹਨ। ਅਸਲ ਵਿੱਚ ਮੇਰੇ ਸਵਾਲ ਸੁਣਨ ਨਾਲ ਨਾ ਗਿਆਨੀ ਜੀ ਦੇ ਕੰਨ ਮੈਲ਼ੇ ਹੋਣੇ ਸਨ ਨਾਂ ਇਨ੍ਹਾਂ ਦੇ ਜਵਾਬ ਦੇਣ ਨਾਲ ਜ਼ਬਾਨ ਗੰਦੀ ਹੋਣੀ ਸੀ; ਅਸਲ ਗੱਲ ਇਹ ਹੈ ਕਿ ਇਹ ਜਵਾਬ ਸੁਣ ਕੇ ਸਹੀ ਜਵਾਬ ਦੇਣੇ ਇਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕਿ ਸ਼ਾਇਦ ਇਸ ਨਾਲ ਪ੍ਰਧਾਨ ਜੀ ਦੀ ਨਰਾਜ਼ਗੀ ਪੱਲੇ ਪੈ ਜਾਵੇ ਤੇ ਹੋ ਸਕਦਾ ਹੈ ਕਿ ਸੇਵਾ ਮੁਕਤੀ ਪਿੱਛੋਂ ਮਿਲ ਰਹੇ ਇਹ ਅਹੁਦੇ ਤੇ ਸਹੂਲਤਾਂ ਜਾਂਦੀਆਂ ਰਹਿਣ। ਜੇ ਇਹੀ ਗੱਲ ਹੈ ਤਾਂ ਰੋਟੀਆ ਕਾਰਣਿ ਪੂਰਹਿ ਤਾਲ ॥’ ਵਿੱਚ ਕੀ ਅੰਤਰ ਹੈ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top