Share on Facebook

Main News Page

ਸ੍ਰੀ ਅਕਾਲ ਤਖਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ
ਗੁਰਦੁਆਰਾ ਹੇਵਰਡ ਕੈਲੇਫੋਰਨੀਆਂ ਵਿਖੇ ਦ੍ਰਿੜਤਾ ਨਾਲ ਨਿਰੋਲ ਗੁਰਮਤਿ ਪ੍ਰਚਾਰ ਕੀਤਾ
(ਅਵਤਾਰ ਸਿੰਘ ਮਿਸ਼ਨਰੀ) “ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵੀਚਾਰ” ਦੇ ਸਿਧਾਂਤ ਨੂੰ ਲੈ ਕੇ ਗੁਰਮਤਿ ਦਾ ਨਿਰੋਲ ਪ੍ਰਚਾਰ ਕਰਨ ਵਾਲੇ ਪ੍ਰੋ. ਦਰਸ਼ਨ ਸਿੰਘ ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕੇ ਬੜੀ ਬੇਬਾਕੀ ਅਤੇ ਨਿਡਰਤਾ ਨਾਲ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਜੀ ਸੰਪੂਰਨਤਾ ਦਾ ਪ੍ਰਚਾਰ ਕਰਦੇ ਹੋਏ ਡੇਰਵਾਦੀਆਂ ਅਤੇ ਸ਼੍ਰੋਮਣੀ ਕਮੇਟੀ ਤੇ ਕਾਬਜ ਪ੍ਰਬੰਧਕਾਂ ਅਤੇ ਤਖਤਾਂ ਦੇ ਹੱਥਠੋਕੇ ਜਥੇਦਾਰਾਂ ਦੁਆਰਾ ਗੁੰਮਰਾਹ ਕੀਤੀਆਂ ਜਾ ਰਹੀਆਂ ਸੰਗਤਾਂ ਨੂੰ ਗੁਰ ਸ਼ਬਦ ਦੁਆਰਾ ਸੁਚੇਤ ਕਰਦੇ ਹੋਏ ਪ੍ਰਬੰਧਕਾਂ ਅਤੇ ਸੰਗਤਾਂ ਦੇ ਵਿਸ਼ੇਸ਼ ਸੱਦੇ ਤੇ ਬੇਏਰੀਆ ਕੈਲੇਫੋਰਨੀਆਂ ਦੇ ਗੁਰਦੁਆਰਾ ਸਾਹਿਬ ਹੇਵਰਡ ਵਿਖੇ 21 ਜੁਲਾਈ 2013 ਨੂੰ ਪਧਾਰੇ।

ਉਨ੍ਹਾਂ ਨੇ ਸ਼ਬਦ ਕੀਰਤਨ ਵੀਚਾਰ ਰਾਹੀਂ ਪ੍ਰਚਾਰ ਕਰਦੇ ਹੋਏ ਗੁਰਬਾਣੀ ਦੁਆਰਾ ਦੁਨਿਆਵੀ ਉਦਾਰਣਾ ਦੇ ਕੇ ਚੰਗੇ ਪ੍ਰਵਾਰ ਦੀ ਬਣਤਰ ਬਾਰੇ ਬਾਦਲੀਲ ਸਮਝਾਉਂਦਿਆਂ “ਗੁਰੂ ਗ੍ਰੰਥ ਸਾਹਿਬ” ਤੇ ਪੂਰਨ ਭਰੋਸਾ ਕਰਨ ਦਾ ਪ੍ਰਣ ਹੱਥ ਖੜੇ ਕਰਵਾ ਕੇ ਕਰਵਾਇਆ। ਉਨ੍ਹਾਂ ਕਿਹਾ ਕਿ ਅਸੀਂ ਪਾਠ ਗੁਰੁ ਗ੍ਰੰਥ ਸਾਹਿਬ ਦਾ ਕਰਦੇ ਹਾਂ ਪਰ ਮਨੋ ਕਾਮਨਾ ਕਿਸੇ ਸੰਤ ਬਾਬੇ ਤੋਂ ਪੂਰੀਆਂ ਹੋਣ ਲਈ ਅਰਦਾਸਾਂ ਕਰਵਾਈ ਜਾਂਦੇ ਹਾਂ। ਹਰ ਅਰਦਾਸ ਵਿੱਚ ਦੁਹਰਾਉਂਦੇ ਹਾਂ ਕਿ “ਸਭ ਸਿੱਖ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ”, ਪਰ ਅਸੀਂ ਕਿੰਨੇ ਅਗਿਆਨੀ ਜਾਂ ਅਹਿਸਾਨ ਫਰਾਮੋਸ਼ ਹੁੰਦੇ ਜਾ ਰਹੇ ਹਾਂ ਕਿ ਉਸੇ ਸੰਪੂਰਨ ਗੁਰੂ ਦੇ ਬਰਾਬਰ ਅਖੌਤੀ ਗ੍ਰੰਥਾਂ ਦਾ ਪ੍ਰਕਾਸ਼, ਅਖੌਤੀ ਸੰਤ ਬਾਬਿਆਂ ਦੀਆਂ ਤਸਵੀਰਾਂ ਰੱਖ, ਮੱਥੇ ਟੇਕੀ ਜਾਂਦੇ ਹਾਂ। ਅੱਜ ਸਾਡਾ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿਤਰ ਬਾਣੀਆਂ ਨਾਲ ਪੂਰਾ ਨਹੀਂ ਹੁੰਦਾ, ਸਗੋਂ ਹੋਰ ਅਖੌਤੀ ਗ੍ਰੰਥ ਦੀਆਂ ਰਚਨਾਵਾਂ ਨਾਲ ਪੂਰਾ ਕਰਨਾ ਪੈਂਦਾ ਹੈ। ਕੀ ਅਸੀਂ ਐਸਾ ਕਰਕੇ “ਜੁੱਗੋ ਜੁੱਗ ਅਟੱਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਅਧੂਰਾ ਨਹੀਂ ਬਣਾ ਰਹੇ? ਕੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਬਾਣੀਆਂ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀ ਮਰਯਾਦਾ ਵੀ ਪੂਰੀ ਨਹੀ ਕਰ ਸਕਦੀਆਂ? ਮੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦੇ ਹਾਂ, ਪਰ ਵਿਸ਼ਵਾਸ਼ ਕਿਸੇ ਹੋਰ ਗ੍ਰੰਥ ਜਾਂ ਬਾਬੇ ਤੇ ਵੀ ਟਿਕਾਈ ਫਿਰਦੇ ਹਾਂ। ਦੋ ਬੇੜੀਆਂ ਦਾ ਸਵਾਰ ਕਦੇ ਪਾਰ ਨਹੀਂ ਲੰਘਦਾ, ਸਗੋਂ ਕਈ ਵਾਰ ਅਧਵਾਟੇ ਹੀ ਰਹਿ ਜਾਂਦਾ ਹੈ। ਇਹ ਸੁਣ ਕੇ ਸਿੱਖ ਸੰਗਤਾਂ ਨੇ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ “ਇੱਕ ਗੁਰੂ ਗ੍ਰੰਥ ਸਾਹਿਬ ਜੀ” ਤੇ ਪੂਰਨ ਭਰੋਸਾ ਕਰਨ ਦਾ ਪ੍ਰਣ ਕੀਤਾ।  

ਦੀਵਾਨ ਦੀ ਸਮਾਪਤੀ ਤੇ ਸੁਘੜ ਪ੍ਰਬੰਧਕਾਂ, ਗ੍ਰੰਥੀਆਂ ਅਤੇ ਸੰਗਤਾਂ ਵੱਲੋਂ “ਸਾਬਕਾ ਸੇਵਾਦਾਰ ਜੀ” ਨੂੰ ਸਿਰਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ। ਸਿਆਣੇ ਪ੍ਰਬੰਧਕਾਂ ਨੇ ਜਿੱਥੇ ਹਰ ਸਾਲ ਇੱਕ ਮਹੀਨਾ ਕੀਰਤਨ ਕਥਾ ਕਰਨ ਲਈ ਉਨ੍ਹਾਂ ਨੂੰ ਬੇਨਤੀ ਕੀਤੀ, ਓਥੇ “ਗੁਰਦੁਆਰਾ ਸਾਹਿਬ ਹੇਵਰਡ” ਵਿਖੇ ਗ੍ਰੰਥੀ ਪ੍ਰਚਾਰਕ ਤਿਆਰ ਕਰਨ ਲਈ ਵੀ ਕਿਹਾ। ਗੁਰਦੁਆਰਾ ਸਾਹਿਬ ਦੇ ਸਕੱਤਰ ਸ੍ਰ. ਜਸਵਿੰਦਰ ਸਿੰਘ ਵੜੈਚ ਨੇ ਕਿਹਾ ਜੇ ਗ੍ਰੰਥੀ ਸਿੰਘ ਅਤੇ ਪ੍ਰਬੰਧਕ ਗੁਰਬਾਣੀ ਦੇ ਗਿਆਤਾ ਹੋਣਗੇ ਤਾਂ ਕੋਈ ਡੇਰੇਦਾਰ ਜਾਂ ਸੰਪ੍ਰਦਾਈ ਸੰਗਤਾਂ ਨੂੰ ਗੁੰਮਰਾਹ ਨਹੀਂ ਕਰ ਸੱਕੇਗਾ। ਗੁਰਦੁਆਰੇ ਦੀ ਨਵੀਂ ਬਿਲਡਿੰਗ ਵਾਸਤੇ ਮਾਇਆ ਲਈ ਪ੍ਰੋ. ਸਾਹਿਬ ਦੀਆਂ ਵਿਚਾਰਾਂ ਅਤੇ ਪ੍ਰਬੰਧਕਾਂ ਦੀ ਬੇਨਤੀ 'ਤੇ ਇੱਕ ਸਿੰਘ ਨੇ $50,000 ਡਾਲਰ ਭੇਟ ਕੀਤੇ ਅਤੇ ਸਿੱਖ ਸੰਗਤ ਨੇ ਵੀ ਪੰਜਾਹ ਹਜਾਰ ਤੋਂ ਵੱਧ ਮਾਇਆ ਅਰਪਨ ਕੀਤੀ।
ਸਾਰਾ ਦਿਵਾਨ ਬੜੇ ਖੁਸ਼ਗਵਾਰ ਮਹੌਲ ਵਿੱਚ ਸੰਪੂਰਨ ਹੋਇਆ। ਸੰਗਤ ਵਿੱਚ ਬਹੁਤ ਉਤਸ਼ਾਹ ਸੀ। ਸਭ ਨੇ ਬੜੇ ਧਿਆਨ ਨਾਲ ਕੀਰਤਨ ਵੀਚਾਰ ਸੁਣੇ। ਪ੍ਰੋ. ਸਾਹਿਬ ਜੀ ਸ਼ਬਦ ਕੀਰਤਨ, ਵਿਚਾਰਾਂ ਅਤੇ ਦ੍ਰਿੜਤਾ ਤੋਂ ਪ੍ਰਭਾਵਤ ਹੋ ਕੇ ਅਖੰਡ ਕੀਰਤਨੀ ਜਥੇ ਦੇ ਇੱਕ ਸਤਿਕਾਰਯੋਗ ਬਜੁਰਗ ਨੇ ਉਨ੍ਹਾਂ ਨੂੰ ਗਲਵਕੜੀ ਵਿੱਚ ਲੈ ਕੇ ਸੱਚੇ ਸੁੱਚੇ ਗੁਰਮਤਿ ਪ੍ਰਚਾਰ ਲਈ ਲੰਬੀ ਉਮਰ ਅਤੇ ਦੇਹ ਅਰੋਗਤਾ ਦੀ ਕਾਮਨਾ ਕਰਦੇ ਅਸੀਸ ਦਿੱਤੀ।
ਲੰਗਰ ਛੱਕਣ ਤੋਂ ਬਾਅਦ ਗੁਰਦੁਆਰੇ ਦੇ ਦਫਤਰ ਵਿਖੇ  “ਪ੍ਰੋ. ਸਾਹਿਬ” ਨੇ ਵਰਲਡ ਸਿੱਖ ਫੈਡਰੇਸ਼ਨ ਦੇ ਸਿੰਘਾਂ ਨਾਲ ਵੀਚਾਰ ਗੋਸ਼ਟੀ ਵੀ ਕੀਤੀ। ਉਨ੍ਹਾਂ ਨੇ ਬੜੇ ਠਰੰਮੇ ਤੇ ਧਿਆਨ ਨਾਲ ਸਿੰਘਾਂ ਦੇ ਵਿਚਾਰ ਸੁਣੇ ਤੇ ਕਿਹਾ ਕਿ ਅਸੀਂ ਗੁੱਸੇ ਵਿੱਚ ਆ ਕੇ ਕਿਸੇ ਵੀ ਵੀਰ ਜਾਂ ਜਥੇਬੰਦੀ ਦਾ ਵਿਰੋਧ ਨਹੀਂ ਕਰਨਾਂ ਸਗੋਂ ਪਿਆਰ ਨਾਲ ਦਲੀਲ ਦੇ ਅਧਾਰ ਤੇ “ਗੁਰੂ ਗ੍ਰੰਥਾਂ ਸਾਹਿਬ” ਜੀ ਦੀ ਸਿਧਾਂਤਕ ਛਤ੍ਰਛਾਇਆ ਹੇਠ ਹੀ ਗਲਬਾਤ ਕਰਨੀ ਹੈ। ਸਾਡਾ ਕਿਸੇ ਵੀ ਵੀਰ ਭੈਣ ਜਾਂ ਜਥੇਬੰਦੀ ਨਾਲ ਕੋਈ ਜਾਤੀ ਵਿਰੋਧ ਨਹੀਂ ਹੈ। ਕੋਈ ਭਾਵੇਂ ਅਗਿਆਨਤਾ ਵਿੱਚ ਕੁਝ ਕਰੀ ਜਾਵੇ ਆਪਾਂ ਸਭ ਨੇ “ਇੱਕ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਭਰੋਸਾ” ਕਰਕੇ ਗੁਰਬਾਣੀ ਦਾ ਨਿਰੋਲ ਪ੍ਰਚਾਰ ਕਰੀ ਜਾਣਾ ਹੈ, ਗੁਰੂ ਜੀ ਆਪੇ ਸਭ ਨੂੰ ਸੁਮਤਿ ਬਖਸ਼ਣਗੇ।
ਇਸ ਕੀਰਤਨ ਵਿਚਾਰ ਸਮਾਗਮ ਤੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA ਵੱਲੋਂ ਧਾਰਮਿਕ ਪੁਸਤਕਾਂ, ਗੁਰਬਾਣੀ ਦੇ ਗੁਟਕੇ, ਸਟੀਕਾਂ, ਕੰਘੇ, ਕੜੇ ਆਦਿਕਾਂ ਦੀ ਸਟਾਲ ਵੀ ਲਗਾਈ। ਪ੍ਰੋ. ਸਾਹਿਬ ਜੀ ਨੇ ਦ੍ਰਿੜਤਾ ਨਾਲ ਗੁਰਮਤਿ ਪ੍ਰਚਾਰ ਸੇਵਾ ਕਰਦੇ ਰਹਿਣ ਲਈ ਦਾਸਾਂ ਦੀ ਹੌਂਸਲਾ ਅਫਜਾਈ ਕੀਤੀ। ਅੱਗੇ ਹੁਣ ਪ੍ਰੋ. ਸਾਹਿਬ ਫਰਿਜਨੋ ਵੈਲੀ ਦੇ ਗੁਰਦੁਆਰਿਆਂ ਵਿਖੇ 22, 23, 24, ਅਤੇ 25 ਜੁਲਾਈ 2013 ਨੂੰ ਧਰਮ ਪ੍ਰਚਾਰ ਲਈ ਜਾ ਰਹੇ ਹਨ।
ਵਧੇਰੇ ਜਾਣਕਾਰੀ ਲਈ ਸਿੱਖ ਸੰਗਤਾਂ ਇਨ੍ਹਾਂ ਵੈਬਸਾਈਟਾਂ-www.khalsanews.org, www.tigerjathauk, www.singhsabhausa ਅਤੇ ਸਥਾਨਕ  ਅਖਬਾਰਾਂ ਤੋਂ ਲੈ ਸਕਦੇ ਹੋ।   


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top