Share on Facebook

Main News Page

ਮੱਕੜ ਜੀ ਤੁਹਾਡੇ ਬਿਆਨ ’ਚੋਂ ਅਗਿਆਨਤਾ ਭਰੀ ਹਉਮੈਂ ਦੀ ਬਦਬੋ ਆ ਰਹੀ ਹੈ
-: ਸਤਪਾਲ ਸਿੰਘ ਪੁਰੇਵਾਲ ਵਾਸ਼ਿੰਗਟਨ

* ਮੱਕੜ ਜੀ, ਆਪਣੀਆਂ ਐਨਕਾਂ ਦੇ ਸ਼ੀਸ਼ੇ ਬਦਲੋ

ਤੁਹਾਡੇ ਇਸ ਬਿਆਨ:  'ਦੋ ਚਾਰ ਕੁ ਅਗਿਆਨੀ ਸਿੱਖ ਹਨ ਜੋ ਕੈਲੰਡਰ ਨੂੰ ਬਦਲਣ ਦਾ ਰੌਲ਼ਾ ਪਾ ਰਹੇ ਨੇ'; 'ਚੋਂ ਸਿਰਫ਼ ਅਗਿਆਨਤਾ ਭਰੀ ਹਉਮੈਂ ਦੀ ਬਦਬੋ ਹੀ ਨਹੀਂ ਮਾਰ ਰਹੀ, ਸਗੋਂ ਇਸ ਗੱਲ ਦੀ ਵੀ ਨੰਗੀ ਚਿੱਟੀ ਤਸਵੀਰ ਪੇਸ਼ ਕਰ ਰਿਹਾ ਕਿ ਤੁਸੀਂ ਪੰਥ ਵਿਰੋਧੀ ਇੱਕ ਖ਼ਾਸ ਧਿਰ ਨਾਲ ਵਫ਼ਾਦਾਰੀ ਨਿਭਾ ਰਹੇ ਹੋ।  ਇੱਕ ਪਾਸੇ ਤਾਂ ਤੁਸੀਂ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਅਕਾਲ ਤਖ਼ਤ ਅਤੇ ਇਸ ਦਾ ਜਥੇਦਾਰ ਸਰਬਉੱਚ ਹੈ ਪਰ ਦੂਸਰੇ ਪਾਸੇ ਉਨ੍ਹਾਂ ਦੇ ਬਿਆਨ ਦੀ ਤੁਰੰਤ ਕਾਟ ਕਰ ਕੇ ਵਿਖਾ ਰਹੇ ਹੋ ਕਿ ਤੁਹਾਡੇ ਸਾਹਮਣੇ ਉਸ ਦੀ ਕੋਈ ਔਕਾਤ ਹੀ ਨਹੀਂ ਹੈ। ਉਸ ਨੇ ਕੰਮ ਸਿਰਫ਼ ਉਹ ਕਰਨਾ ਹੈ ਜੋ ਤੁਹਾਡੇ ਰਾਹੀਂ ਤੁਹਾਡੀ ਮਾਲਕ ਆਰਐੱਸਐੱਸ ਚਾਹੁੰਦੀ ਹੋਵੇ ਪਰ ਸਿੱਖਾਂ ਨੂੰ ਬੁੱਧੂ ਬਣਾਉਣ ਲਈ ਮੋਹਰ ਸਿਰਫ਼ ਅਕਾਲ ਤਖ਼ਤ ਦੀ ਲਾਈ ਜਾਂਦੀ ਹੈ।

ਕੀ ਤੁਸੀਂ ਕਦੀ ਸੋਚਿਆ ਹੈ ਕਿ ਤੁਹਾਡੇ ਇਸ ਤਰ੍ਹਾਂ ਦੇ ਬਿਆਨ ਸੂਝਵਾਨ ਸਿੱਖਾਂ ਨੂੰ ਅਕਾਲ ਤਖ਼ਤ ਤੋਂ ਬਗ਼ਾਵਤ ਕਰਨ ਦੇ ਰਾਹ ਪਾ ਹੀ ਨਹੀਂ ਰਹੇ ਸਗੋਂ ਪਾ ਚੁੱਕੇ ਹਨ।ਜਿਸ ਦੀ ਮਿਸਾਲ ਰਾਧਾ ਸੁਆਮੀ ਮਸਲੇ ਤੇ ਸਾਹਮਣੇ ਆ ਚੁੱਕੀ ਹੈ।ਤੁਹਾਡਾ ਇਹ ਬਿਆਨ ਪੜ੍ਹ ਕੇ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਇਹ ਕੋਈ ਤੁਹਾਡਾ ਪਹਿਲਾ ਬਿਆਨ ਨਹੀਂ ਜੋ ਤੁਹਾਡੀ ਇੱਕ ਖ਼ਾਸ ਧਿਰ ਨਾਲ ਹੀ ਵਫ਼ਾਦਾਰੀ ਦੀ ਗਵਾਹੀ ਭਰਦਾ ਹੋਵੇ, ਬਲਕਿ ਪਹਿਲਾਂ ਵੀ ਬਹੁਤ ਛਪ ਚੁੱਕੇ ਹਨ। ਜਿਨ੍ਹਾਂ ਨੂੰ ਵੇਖਦਿਆਂ ਤਾਂ ਆਪ ਜੀ ਦਾ ਨਾਮ ਅਵਤਾਰ ਸਿੰਘ 'ਮੁੱਕਰ' ਚਾਹੀਦਾ ਹੈ। ਸਾਰਾ ਸਿੱਖ ਜਗਤ ਜਾਣਦਾ ਹੈ ਕਿ ਆਪ ਜੀ ਕਿੰਨੀ ਵਾਰ ਆਪਣੇ ਬਿਆਨਾਂ ਤੋਂ ਮਾੜੀ ਜਿਹੀ ਘੁਰਕੀ ਮਿਲਣ ਤੇ ਮੁੱਕਰ ਚੁੱਕੇ ਹੋ।

ਮੇਰਾ ਤੁਹਾਨੂੰ ਅਤੇ ਤੁਹਾਡੇ ਸਮਰਥਕਾਂ ਨੂੰ ਇੱਕ ਸੁਆਲ ਹੈ ਕਿ ਕੀ ਤੁਸੀਂ ਕਦੀ ਉਸ ਜ਼ਖ਼ਮ ਦਾ ਅਹਿਸਾਸ ਕੀਤਾ ਹੈ ਜਿਹੜਾ ਤੁਸੀਂ ਕਲੰਡਰ ਨੂੰ ਰੋਲਣ ਤੋਂ ਬਾਦ ਕੌਮ ਨੂੰ ਦਿੱਤਾ ਹੈ? ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ "ਕਦੇ ਵੀ ਨਹੀਂ"।ਜੇ ਕਦੇ ਇਸ ਜ਼ਖ਼ਮ ਦਾ ਅਹਿਸਾਸ ਕੀਤਾ ਹੁੰਦਾ ਤਾਂ ਜ਼ਖ਼ਮ ਦੇ ਦਰਦ ਨਾਲ ਤੁਹਾਨੂੰ ਨੀਂਦ ਨਹੀਂ ਸੀ ਆਉਣੀ ਚਾਹੀਦੀ।

ਅੱਜ ਸਾਨੂੰ ਅਮਰੀਕਾ ਕੈਨੇਡਾ ਅਤੇ ਕਈ ਹੋਰ ਸਰਕਾਰਾਂ ਸਾਡੇ ਗੁਰਪੁਰਬਾਂ ਤੇ ਮੁਬਾਰਕਬਾਦ ਦਿੰਦੀਆਂ ਹਨ। ਕੀ ਹਸ਼ਰ ਹੋਵੇਗਾ ਸਾਡਾ ਜਦੋਂ ਅਸੀਂ ਇਹ ਦੱਸਣ ਤੋਂ ਅਸਮਰਥ ਹੋਵਾਂਗੇ ਕਿ ਸਾਡੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਹਰ ਸਾਲ ਬਦਲਦੇ ਹਨ। ਕਦੇ ਸਾਲ ਵਿਚ ਦੋ ਵਾਰ ਅਤੇ ਕਦੇ ਇੱਕ ਵਾਰ ਵੀ ਨਹੀਂ ਆਉਂਦੇ।ਸਾਰੀ ਕੌਮ ਦਾ ਮਜ਼ਾਕ ਉੱਡੇਗਾ।ਜ਼ਮਾਨਾ ਹੱਸੇਗਾ ਸਾਡੇ ਤੇ।ਅੱਜ ਅਮਰੀਕਾ ਦੇ ਬਹੁਤ ਸਾਰੇ ਸਕੂਲਾਂ ਵਿਚ ਜੇ ਬੱਚਾ ਗੁਰਪੁਰਬ ਵਾਲੇ ਦਿਨ ਛੁੱਟੀ ਕਰਦਾ ਹੈ ਤਾਂ ਗ਼ੈਰ ਹਾਜ਼ਰੀ ਨਹੀਂ ਲਗਦੀ। ਕੱਲ੍ਹ ਨੂੰ ਪੱਕੀ ਛੁੱਟੀ ਵੀ ਮਨਜ਼ੂਰ ਹੋ ਸਕਦੀ ਹੈ। ਦੱਸੋ ਅਸੀਂ ਕੀ ਕਹਾਂਗੇ ਕਿ ਕਿਹੜੀ ਤਾਰੀਖ਼ ਮਿਥੀ ਜਾਵੇ। ਅੱਧੇ ਬੱਚੇ ਕਹਿਣਗੇ ਕਿ ਸਾਡੇ ਗੁਰੂ ਸਾਹਿਬ ਜੀ ਦਾ ਗੁਰਪੁਰਬ ਅੱਜ ਹੈ ਅਤੇ ਦੂਜੇ ਕਿਸੇ ਹੋਰ ਦਿਨ ਕਹਿਣਗੇ।ਇਸ ਮਸਲੇ ਤੇ ਸਕੂਲ ਦੇ ਅਧਿਆਪਕ ਅਤੇ ਮੁਲਕ ਦੀ ਸਰਕਾਰ ਕੀ ਫ਼ੈਸਲਾ ਲੈਣਗੇ। ਕਦੇ ਸੋਚਿਆ ਹੈ ਇਸ ਬਾਰੇ।

ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਕਲੰਡਰ ਰੋਲਣ ਵਾਲੇ ਇਹ ਸਾਰੇ ਆਪ ਹਮੇਸ਼ਾ ਸਾਲ ਵਿਚ ਇੱਕ ਹੀ ਵਾਰ ਜੰਮਦੇ ਹਨ ਅਤੇ ਇੱਕ ਹੀ ਤਾਰੀਖ਼ ਨੂੰ ਜੰਮਦੇ ਹਨ; ਫਿਰ ਗੁਰੂ ਸਾਹਿਬ ਜੀ ਦੇ ਜਨਮ ਦਿਨ ਇਹ ਲੋਕ ਕਿਉਂ ਨਹੀਂ ਪੱਕੇ ਹੋਣ ਦਿੰਦੇ।ਇਸ ਲਈ ਸ਼ੱਕ ਦੇ ਘੇਰੇ ਵਿਚ ਆਉਂਦੇ ਹਨ।ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਿੱਧੇ ਸ਼ਬਦਾਂ ਵਿਚ ਸਵੀਕਾਰ ਚੁੱਕੇ ਹਨ ਕਿ ਕਿਵੇਂ ਆਰ ਐੱਸ ਐੱਸ ਵਾਲਿਆਂ ਉਨ੍ਹਾਂ ਤੱਕ ਪਹੁੰਚ ਕੀਤੀ ਕਿ ਕਿਸੇ ਤਰ੍ਹਾਂ ਕਲੰਡਰ ਲਾਗੂ ਨਾਂ ਹੋ ਸਕੇ।

ਪੰਜਾਬ ਦੇ ਇੱਕ ਵੱਡੇ ਸ਼ਹਿਰ ਦੇ ਤਕਰੀਬਨ ਸਾਰੇ ਹੀ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਸਰਬਸੰਮਤੀ ਨਾਲ ਬਕਾਇਦਾ ਮਤਾ ਪਾਸ ਕਰ ਰਹੀਆਂ ਹਨ, ਅਕਾਲ ਤਖ਼ਤ ਦਾ ਜਥੇਦਾਰ ਖ਼ੁਦ ਚੱਲ ਕੇ ਉਨ੍ਹਾਂ ਤੋਂ ਮਤਾ ਪ੍ਰਾਪਤ ਕਰਦਾ ਹੈ ਤੁਹਾਨੂੰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਬਾਰੇ ਲਿਖ ਚੁੱਕੀ ਹੈ।ਜੇ ਕਰ ਫਿਰ ਵੀ ਤੁਹਾਨੂੰ ਦੋ ਚਾਰ ਕੁ ਹੀ ਰੌਲ਼ਾ ਪਾਉਣ ਵਾਲੇ ਅਗਿਆਨੀ ਸਿੱਖ ਨਜ਼ਰ ਆਉਂਦੇ ਹਨ ਤਾਂ ਗੱਲ ਬੜੀ ਸਪਸ਼ਟ ਹੈ ਤੁਹਾਨੂੰ ਐਨਕਾਂ ਦੇ ਸ਼ੀਸ਼ੇ ਬਦਲਣ ਦੀ ਲੋੜ ਹੈ।

ਬਾਹਰ ਵੱਸਦੇ ਸਿੱਖਾਂ ਨੂੰ ਆਉਣ ਵਾਲੀਆਂ ਬਹੁਤੀਆਂ ਮੁਸ਼ਕਲਾਂ ਦਾ ਕਾਰਨ ਤੁਸੀਂ ਹੋ ਸਿਰਫ਼ ਤੁਸੀਂ। ਅੱਜ ਸ੍ਰੀ ਹਰਿਮੰਦਰ ਸਾਹਿਬ ਤੋਂ ਆਉਣ ਵਾਲਾ ਕੀਰਤਨ ਕਿਤੇ ਮੁਫ਼ਤ ਦੁਨੀਆਂ ਭਰ ਦੇ ਟੀਵੀ ਨੈੱਟਵਰਕ 'ਤੇ ਆਉਣ ਲੱਗ ਪਵੇ ਤਾਂ ਕੀ ਕਿਸੇ ਨੂੰ ਦੱਸਣ ਦੀ ਲੋੜ ਪਵੇਗੀ ਕਿ ਅਸੀਂ ਸਿੱਖ ਹਾਂ ? ਕੀ ਫਿਰ ਕਿਸੇ ਨੂੰ ਪੱਗ ਜਾਂ ਆਪਣੀ ਪਹਿਚਾਣ ਬਾਰੇ ਦੱਸਣ ਦੀ ਲੋੜ ਨਹੀਂ ਪਵੇਗੀ ? ਕੁੱਝ ਸਾਲ ਪਹਿਲਾਂ ਨਿਊਯਾਰਕ ਟਾਈਮਜ਼ ਵਿਚ ਲਿਖੇ ਇੱਕ ਬੀਬੀ ਨੇ ਸ਼ਬਦ '' ਓ ਦੁਨੀਆਂ ਦੇ ਲੋਕੋ ਜੇ ਕਰ ਦੋ ਚੀਜ਼ਾਂ (ਸ਼ਾਂਤੀ ਅਤੇ ਭੋਜਨ) ਮੁਫ਼ਤ ਲੱਭਦੇ ਹੋ ਤਾਂ ਸ੍ਰੀ ਹਰਿਮੰਦਰ ਸਾਹਿਬ ਜਾਓ'' ਜਦੋਂ ਸਾਨੂੰ ਯਾਦ ਆਉਂਦੇ ਨੇ ਤਾਂ ਕੌਮ ਦੀ ਇਸ ਤਰਾਸਦੀ ਤੇ ਰੋਣਾ ਆਉਦੈ ਕਿ ਕਦੋਂ ਅਸੀਂ ਇਕੱਲਾ ਸ੍ਰੀ ਅਕਾਲ ਤਖ਼ਤ ਹੀ ਨਹੀਂ ਸਗੋਂ ਸ੍ਰੀ ਹਰਿਮੰਦਰ ਸਾਹਿਬ ਵੀ ਤੁਹਾਡੇ ਤੋਂ ਆਜ਼ਾਦ ਕਰਾ ਸਕਾਂਗੇ ਅਤੇ ਫਿਰ ਦੁਨੀਆ ਭਰ ਦੇ ਲੋਕ ਇਸ ਇਲਾਹੀ ਬਾਣੀ ਦਾ ਅਨੰਦ ਮਾਣ ਸਕਣਗੇ। ਜਿਸ ਨਾਲ ਦੁਨੀਆਂ ਭਰ 'ਚ ਸਿੱਖੀ ਦਾ ਬੋਲਬਾਲਾ ਹੋਵੇਗਾ ਅਤੇ ਹਰ ਸਿੱਖ ਨੂੰ ਸਿੱਖ ਹੋਣ ਤੇ ਮਾਣ।

ਅੱਜ ਦੇ ਹਾਲਾਤਾਂ ਦੇ ਸਰਸਰੀ ਨਜ਼ਰ ਮਾਰਿਆਂ ਤਾਂ ਇਹੀ ਦਿਸਦਾ ਹੈ ਕਿ ਤੁਸੀਂ ਤਹੱਈਆ ਕੀਤਾ ਹੋਇਆ ਕਿ ਸਿੱਖ ਕੌਮ ਪਵੇ ਢੱਠੇ ਖੂਹ 'ਚ, ਅਸੀਂ ਤਾਂ ਚੋਣਾਂ ਜਿੱਤਣ ਲਈ ਹਰ ਹਾਲਤ ਸਿੱਖ ਵਿਰੋਧੀਆਂ ਨੂੰ ਖ਼ੁਸ਼ ਰੱਖਣਾ ਹੈ। ਨਹੀਂ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਧਰਮਯੁੱਧ ਮੋਰਚੇ  'ਚ 'ਸ੍ਰੀ ਹਰਿਮੰਦਰ ਸਾਹਿਬ ਤੋਂ ਇੱਕ ਘੰਟਾ ਲਾਈਵ ਕੀਰਤਨ' ਦੀ ਮੰਗ ਰੱਖਣ ਵਾਲੇ ਅੱਜ ਆਪ ਇਸ ਦੇ ਸਮਰੱਥ ਹੋਣ ਤਾਂ ਕੁੱਝ ਵੀ ਨਾਂ ਕਰਨ।ਬਲਕਿ ਪੂਰੀ ਕੌਮ ਨੂੰ ਪਾਸੇ ਸੁੱਟ ਕੇ ਆਪਣੇ ਚਹੇਤਿਆਂ ਨੂੰ ਹੀ ਮੂਹਰੇ ਰੱਖਣ।  

ਫਿਰ ਅਸਲ ਮੁੱਦੇ ਵੱਲ ਆਉਂਦੇ ਹਾਂ ਕਿ ਤੁਹਾਡੇ ਇਸ ਹੰਕਾਰ ਭਰੇ ਬਿਆਨ ਤੋਂ ਬਹੁਤਾਤ ਵਿਚ ਕੌਮ ਦੀ ਨਿੱਘਰ ਚੁੱਕੀ ਹਾਲਤ ਵੱਲ ਸਾਫ਼ ਅਤੇ ਸਿੱਧਾ ਇਸ਼ਾਰਾ ਹੈ।ਨਹੀਂ ਤਾਂ ਕੌਮ ਵੱਲੋਂ ਤੁਹਾਨੂੰ ਅੱਜ ਤੱਕ ਬਰਦਾਸ਼ਤ ਕਰੀ ਜਾਣ ਦੀ ਕੋਈ ਤੁਕ ਨਹੀਂ ਬਣਦੀ। ਬਹੁਤ ਕੁੱਝ ਹੋਰ ਕਹਿਣ ਨੂੰ ਹੈ ਪਰ ਅੱਜ ਇੱਥੇ ਖ਼ਤਮ ਕਰਦੇ ਹਾਂ ਕਿਸੇ ਸ਼ਾਇਰ ਦੀ ਇੱਕ ਸਤਰ ਤੁਹਾਡੇ ਅਤੇ ਤੁਹਾਡੇ ਆਕਿਆਂ ਦੇ ਨਾਮ ਕਰਦੇ ਹੋਏ ''ਤੁਮ ਸੇ ਪਹਿਲੇ ਭੀ ਏਕ ਸ਼ਖ਼ਸ਼ ਯਹਾਂ ਗੱਦੀ ਨਸ਼ੀਂ ਥਾ, ਉਸੇ ਭੀ ਅਪਨੇ ਖ਼ੁਦਾ ਹੋਨੇ ਕਾ ਇਤਨਾ ਹੀ ਯਕੀਂ ਥਾ''


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top