ਮ੍ਰਿਤਕ ਪ੍ਰਾਣੀ ਪਿੱਛੋਂ ਰੋਣਾ, ਸਿਰਫ ਲੋਕ ਵਿਖਾਵਾ ਹੀ ਹੈ, ਉਹ ਸਾਡਾ ਰੋਣਾ ਨਹੀਂ ਸੁਣਦਾ
-: ਪ੍ਰਿੰ. ਬਲਜੀਤ ਸਿੰਘ

ਜਿਸ ਤਰ੍ਹਾਂ ਦੀ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਾਂਗੇ, ਉਸੇ ਤਰ੍ਹਾਂ ਦੀ ਸੇਵਾ ਕਰਨੀ ਹੀ ਸਾਡੇ ਪੁੱਤਰ ਪੋਤਰੇ ਸਿੱਖਣਗੇ

ਬਠਿੰਡਾ, 25 ਜੁਲਾਈ (ਕਿਰਪਾਲ ਸਿੰਘ): ਜਿਸ ਤਰ੍ਹਾਂ ਦੀ ਅੱਜ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਾਂਗੇ ਉਸੇ ਤਰ੍ਹਾਂ ਦੀ ਸੇਵਾ ਕੱਲ੍ਹ ਨੂੰ ਸਾਡੇ ਪੁੱਤਰ ਪੋਤਰੇ ਸਾਡੀ ਕਰਨੀ ਸਿੱਖਣਗੇ। ਇਹ ਸ਼ਬਦ ਅੱਜ ਇੱਥੇ ਸਵ: ਮਿਸ਼ਨਰੀ ਭਾਈ ਜਸਵੰਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਰੱਖੇ ਗਏ ਗੁਰਮਤਿ ਸਮਾਗਮ ਦੌਰਾਨ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਭਲਿਆਣ (ਰੋਪੜ) ਦੇ ਪ੍ਰਿੰ: ਬਲਜੀਤ ਸਿੰਘ ਨੇ ਕਹੇ। ਬਜੁਰਗ ਮਾਤਾ ਪਿਤਾ ਦੀ ਸੇਵਾ ਕਰਨ ਦੀ ਸਿਖਿਆ ਦ੍ਰਿੜ ਕਰਵਾਉਣ ਲਈ ਉਨ੍ਹਾਂ ਭਾਈ ਗੁਰਦਾਸ ਜੀ ਦੀ 37ਵੀਂ ਵਾਰ ਦੀ 13ਵੀਂ ਪਉੜੀ ਪੜ੍ਹ ਕੇ ਸੁਣਾਈ ਅਤੇ ਉਸ ਦੇ ਸੰਖੇਪ ਅਰਥ ਕਰਦਿਆਂ ਪਿ੍ਰੰ: ਬਲਜੀਤ ਸਿੰਘ ਨੇ ਕਿਹਾ:

ਮਾਂ ਪਿਉ ਪਰਹਰਿ ਸੁਣੈ ਵੇਦੁ, ਭੇਦੁ ਨ ਜਾਣੈ ਕਥਾ ਕਹਾਣੀ।’- ਮਾਪਿਆਂ ਨੂੰ ਤਿਆਗ ਕੇ ਵੇਦਾਂ ਭਾਵ ਧਰਮ ਪੁਸਤਕਾਂ ਦਾ ਪਾਠ ਅਤੇ ਕਥਾ ਆਦਿਕ ਸੁਣੇ ਤਾਂ ਉਹ ਇਹ ਭੇਦ ਨਹੀਂ ਜਾਣ ਸਕੇਗਾ, ਕਿ ਇਸ ਕਥਾ ਵਿੱਚ ਅਸਲ ਉਪਦੇਸ਼ ਕੀ ਹੈ; ਭਾਵ ਉਸ ਦੇ ਭਾਣੇ ਉਹ ਇੱਕ ਕਹਾਣੀ ਹੀ ਹੈ।

ਮਾਂ ਪਿਉ ਪਰਹਰਿ ਕਰੈ ਤਪੁ, ਵਣਖੰਡਿ ਭੁਲਾ ਫਿਰੈ ਬਿਬਾਣੀ।’ - ਮਾਂ ਪਿਉ ਨੂੰ ਤਿਆਗ ਕੇ ਬਣਾਂ ਵਿਖੇ ਜਾਕੇ ਜੋ ਤਪ ਕਰਦਾ ਹੈ, ਉਹ ਬਿਆਬਾਂਨਾਂ ਵਿਖੇ ਭੁੱਲਾ ਫਿਰਦਾ ਹੈ। (ਭਾਵ ਆਪਣੇ ਸਰੂਪ ਰੂਪੀ ਘਰ ਨੂੰ ਨਹੀਂ ਪਹਿਚਾਣਦਾ ਸਗੋਂ ਜੰਗਲਾਂ ਵਿੱਚ ਭਟਕਦਾ ਫਿਰਦਾ ਹੈ)।

ਮਾਂ ਪਿਉ ਪਰਹਰਿ ਕਰੈ ਪੂਜੁ, ਦੇਵੀ ਦੇਵ ਨ ਸੇਵ ਕਮਾਣੀ।’ - ਮਾਂ ਪਿਉ ਨੂੰ ਛੱਡ ਕੇ ਜੋ ਪੂਜਾ ਕਰਦਾ ਹੈ, ਉਸ ਦੀ ਸੇਵਾ ਕਮਾਈ ਨੂੰ ਦੇਵਤੇ ਨਹੀਂ ਮੰਨਦੇ ਹਨ।

ਮਾਂ ਪਿਉ ਪਰਹਰਿ ਨ੍ਹਾਵਣਾ ਅਠਸਠਿ ਤੀਰਥ, ਘੁੰਮਣ ਵਾਣੀ।’ - ਮਾਂ ਪਿਉ ਨੂੰ ਛੱਡ ਕੇ ਜੋ ਅਠਾਹਠ ਤੀਰਥਾਂ ਵਿਖੇ ਸ਼ਨਾਨ ਕਰਦਾ ਹੈ ਉਹ ਘੁੰਮਣਵਾਣੀ ਵਿਖੇ ਪਿਆ ਗ਼ੋਤੇ ਖਾਂਦਾ ਹੈ।

ਮਾਂ ਪਿਉ ਪਰਹਰਿ ਕਰੈ ਦਾਨ, ਬੇਈਮਾਨ ਅਗਿਆਨ ਪਰਾਣੀ।’ - ਮਾਂ ਪਿਉ ਨੂੰ ਛੱਡ ਕੇ ਜੋ ਦਾਨ ਕਰਦਾ ਹੈ ਉਹ ('ਬੇਈਮਾਨ') ਅਧਰਮੀ ਅਤੇ ਅਗਿਆਨੀ ਪ੍ਰਾਣੀ ਹੈ।

ਮਾਂ ਪਿਉ ਪਰਹਰਿ ਵਰਤ ਕਰਿ, ਮਰਿ ਮਰਿ ਜੰਮੈ ਭਰਮਿ ਭੁਲਾਣੀ।’ - ਮਾਂ ਪਿਉ ਨੂੰ ਛੱਡਕੇ ਵਰਤਨੇਮ ਕਰਨਹਾਰਾ (ਚੌਰਾਸੀ ਲੱਖ ਜੂਨੀਆਂ) ਵਿਖੇ ਭਰਮ ਦਾ ਭੁੱਲਾ ਹੋਇਆ ਪਿਆ ਫਿਰਦਾ ਹੈ।

ਗੁਰੁ ਪਰਮੇਸਰੁ ਸਾਰੁ ਨ ਜਾਣੀ ॥13॥’ - ਗੁਰੂ ਅਤੇ ਪਰਮੇਸਰ ਦੀ ਸਾਰ ਉਸ ਨੇ ਨਹੀਂ ਜਾਣੀ।

ਭਾਵ-ਜਿਸ ਵਿਚ ਉਪਕਾਰ ਦੀ ਕ੍ਰਿਤੱਗਯਤਾ ਨਹੀਂ, ਮਾਪਿਆਂ ਜੈਸੇ ਕੁਦਰਤੀ ਪਿਆਰਿਆਂ ਦਾ ਮੋਹ ਜਿਸ ਨੂੰ ਖਿੱਚ ਨਹੀਂ ਪਾਉਂਦਾ, ਉਹ ਜੋ ਕਰਮ ਕਰਦਾ ਹੈ ਕੇਵਲ ਦਿਖਾਵੇ ਜਾਂ ਹਉਂ ਦੇ ਬੰਧਨਾਂ ਵਿਚ ਕਰਦਾ ਹੈ ਤੇ ਓਹ ਸਾਰੇ ਨਿਸਫਲ ਹਨ। ਕਿਉਂਕਿ ਜਿਸ ਤੋਂ ਉਪਕਾਰ ਕਰਨ ਵਾਲੇ ਉਸ ਦੇ ਮਾਤਾ ਪਿਤਾ ਸੰਤੁਸ਼ਟਟ ਨਹੀਂ ਹਨ, ਉਸ ਪਰ ਗੁਰੂ ਤੇ ਪਰਮੇਸੁਰ ਕੀਕੂੰ ਰੀਝ ਸਕਦੇ ਹਨ?

ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਭਾਈ ਗੁਰਦਾਸ ਜੀ ਦੀ ਇਸ ਪਾਉੜੀ ਦੀ ਵੀਚਾਰ ਤੋਂ ਸਿਖਿਆ ਲੈ ਕੇ ਸਾਨੂੰ ਮਾਪਿਆਂ ਜਾਂ ਹੋਰ ਸਨੇਹੀਆਂ ਦੇ ਅਕਾਲ ਚਲਾਣਾ ਕਰ ਜਾਣ ਪਿੱਛੋਂ ਲੋਕ ਦਿਖਾਵੇ ਲਈ ਰੋਣਾ, ਉਨ੍ਹਾਂ ਦੇ ਨਮਿਤ ਦਾਨ ਪੁੰਨ ਕਰਨਾ ਜਾਂ ਹੋਰ ਧਾਰਮਿਕ ਕਰਮਕਾਂਡ ਕਰਨ ਦੀ ਥਾਂ ਜਿਉਂਦੇ ਜੀ ਉਨ੍ਹਾਂ ਦਾ ਸਤਿਕਾਰ ਅਤੇ ਸੇਵਾ ਕਰਨੀ ਚਾਹੀਦੀ ਹੈ। ਗੁਰਮਤਿ ਵਿੱਚ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਪਿੱਛੋਂ ਰੋਣ ਕੁਰਲਾਉਣ ਦੀ ਮਨਾਹੀ ਹੋਣ ਦਾ ਉਪਦੇਸ਼ ਦੇਣ ਲਈ ਪ੍ਰਿੰ: ਬਲਜੀਤ ਸਿੰਘ ਨੇ ਰਾਮਕਲੀ ਸਦ ਬਾਣੀ ਦੀ ਚਉਥੀ ਪਉੜੀ ਦੀ ਵਿਆਖਿਆ ਕਰਦਿਆਂ ਕਿਹਾ:

ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥ ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥ ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥ ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥4॥

- ਗੁਰੂ (ਅਮਰਦਾਸ ਜੀ) ਨੇ ਆਪਣਾ ਅੰਤ ਸਮਾ ਨੇੜੇ ਜਾਣ ਕੇ, ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦ ਘੱਲਿਆ; (ਤੇ ਆਖਿਆ-) 'ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ। ਕਿਉਂਕਿ ਜਿਸ ਮਨੁੱਖ ਨੂੰ ਆਪਣੇ ਮਿੱਤਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਉਸ ਵੇਲੇ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿੱਤਰ ਨੂੰ ਆਦਰ ਮਿਲਦਾ ਹੈ। ਤੁਸੀਂ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀਂ ਭੀ ਖ਼ੁਸ਼ ਹੋਵੋ)।' (ਇਹ ਉਪਦੇਸ਼ ਦੇ ਕੇ, ਫਿਰ) ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ, (ਅਤੇ) ਸਾਰੇ ਸਿੱਖਾਂ, ਰਿਸ਼ਤੇਦਾਰਾਂ, ਪੁੱਤ੍ਰਾਂ ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ ॥4॥

ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਅਕਾਲ ਚਲਾਣਾ ਕਰ ਜਾਣ ਪਿੱਛੋਂ ਰੋਣ ਦੀ ਮਨਾਹੀ ਸਿਰਫ ਗੁਰੂ ਅਮਰਦਾਸ ਜੀ ਨੇ ਹੀ ਨਹੀਂ ਕੀਤੀ ਸਗੋਂ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਹੀ ਜਾਮੇ ਵਿੱਚ ਹੀ ਕਰ ਦਿੱਤੀ ਸੀ:

ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥ ਤੁਮ ਰੋਵਹੁਗੇ ਓਸ ਨੋ ਤੁਮ੍ ਕਉ ਕਉਣੁ ਰੋਈ ॥3॥’ - ਹੇ ਭਾਈ! ਕਿਸੇ ਸੰਬੰਧੀ ਦੇ ਮਰਨ ਤੇ) ਕਿਉਂ ਵਿਅਰਥ 'ਹਾਇ! ਹਾਇ'! ਕਰਦੇ ਹੋ। ਸਦਾ-ਥਿਰ ਤਾਂ ਪਰਮਾਤਮਾ ਹੀ ਹੈ ਜੋ ਹੁਣ ਭੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ। ਜੇ ਤੁਸੀਂ (ਆਪਣੇ) ਉਸ ਮਰਨ ਵਾਲੇ ਦੇ ਮਰਨ ’ਤੇ ਰੋਂਦੇ ਹੋ ਤਾਂ (ਮਰਨਾ ਤਾਂ ਤੁਸਾਂ ਭੀ ਹੈ) ਤੁਹਾਨੂੰ ਭੀ ਕੋਈ ਰੋਵੇਗਾ ॥3॥

ਧੰਧਾ ਪਿਟਿਹੁ ਭਾਈਹੋ ਤੁਮ੍ ਕੂੜੁ ਕਮਾਵਹੁ ॥ ਓਹੁ ਨ ਸੁਣਈ ਕਤ ਹੀ ਤੁਮ੍ ਲੋਕ ਸੁਣਾਵਹੁ ॥4॥’ - ਹੇ ਭਾਈ! ਤੁਸੀਂ (ਕਿਸੇ ਦੇ ਮਰਨ ਤੇ ਰੋਣ ਦਾ) ਵਿਅਰਥ ਪਿੱਟਣਾ ਪਿੱਟਦੇ ਹੋ, ਵਿਅਰਥ ਕੰਮ ਕਰਦੇ ਹੋ। ਜੇਹੜਾ ਮਰ ਗਿਆ ਹੈ, ਉਹ ਤਾਂ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ। ਤੁਸੀਂ (ਲੋਕਾਚਾਰੀ) ਸਿਰਫ਼ੳਮਪ; ਲੋਕਾਂ ਨੂੰ ਸੁਣਾ ਰਹੇ ਹੋ ॥4॥ (ਆਸਾ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 418)

ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਜਿਸ ਨੇ ਆਪਣੀ ਸਾਰੀ ਉਮਰ ਗੁਰਸ਼ਬਦ ਤੋਂ ਸੇਧ ਲੈਂਦਿਆਂ ਆਪ ਆਪਣਾ ਜੀਵਣ ਜੀਵਿਆ ਤੇ ਗੁਰਮਤਿ ਦਾ ਪ੍ਰਚਾਰ ਘਰ ਘਰ ਤੱਕ ਪਹੁੰਚਾਉਣ ਲਈ ਗੁਰਮਤਿ ਲਿਟ੍ਰਚੇਰ ਅਤੇ ਮਿਸ਼ਨਰੀ ਸੇਧਾਂ ਮੈਗਜ਼ੀਨ ਘਰ ਘਰ ਵੰਡਣ ਤੇ ਬੁੱਕ ਕਰਨ ਦੀ ਸੇਵਾ ਨਿਭਾਈ ਹੈ; ਕੀ ਉਸ ਨੂੰ ਗੁਰੂ ਸਾਹਿਬ ਜੀ ਆਦਰ ਸਤਿਕਾਰ ਨਹੀਂ ਦੇ ਰਹੇ ਹੋਣਗੇ? ਜੇ ਗੁਰੂ ਸਾਹਿਬ ਜੀ ਉਨ੍ਹਾਂ ਨੂੰ ਆਦਰ ਸਤਿਕਾਰ ਦੇ ਰਹੇ ਹਨ ਤਾਂ ਸਾਨੂੰ ਉਨ੍ਹਾਂ ਪਿੱਛੋਂ ਰੋਣਾ ਨਹੀਂ ਚਾਹੀਦਾ ਸਗੋਂ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸੇਵਾ ਆਪਣੇ ਜਿੰਮੇ ਲੈ ਕੇ ਉਨ੍ਹਾਂ ਦੀ ਘਾਟ ਪੂਰੀ ਕਰਨੀ ਚਾਹੀਦੀ ਹੈ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ।

ਪ੍ਰਾਣੀ ਦੇ ਅਕਾਲ ਚਲਾਣਾ ਕਰ ਜਾਣ ਪਿੱਛੋਂ ਸਾਨੂੰ ਕੀ ਕੰਮ ਕਰਨੇ ਚਾਹੀਦੇ ਹਨ ਅਤੇ ਕਿਹੜੇ ਫੋਕਟ ਕਰਮਕਾਂਡਾਂ ਤੋਂ ਬਚਣਾ ਚਾਹੀਦਾ ਹੈ ਇਸ ਦੀ ਸਿੱਖਿਆ ਗੁਰੂ ਅਮਰਦਾਸ ਜੀ ਨੇ ਆਪਣੇ ਪਿੱਛੋਂ ਕੀਤੇ ਜਾਣ ਦੀ ਦਿੱਤੀ ਪ੍ਰੇਰਣਾ ਰਾਹੀਂ ਸਾਨੂੰ ਸਾਰਿਆਂ ਨੂੰ ਦਿੱਤੀ ਹੈ ਜਿਸ ਨੂੰ ਬਾਬਾ ਸੁੰਦਰ ਜੀ ਨੇ ‘ਸਦ’ ਬਾਣੀ ਦੀ ਪੰਜਵੀਂ ਪਉੜੀ ਵਿੱਚ ਇਉਂ ਕਲਮਬੰਦ ਕੀਤਾ ਹੈ:

ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥ ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥’ - ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ-(ਹੇ ਭਾਈ!) 'ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ, ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ-ਰੂਪ ਪੁਰਾਣ ਪੜ੍ਹਨ।

ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਇਸ ਸ਼ਬਦ ਵਿੱਚ ਆਏ ਸ਼ਬਦ ‘ਕੇਸੋ ਗੁਪਾਲ’ ਅਤੇ ‘ਪੁਰਾਣ’ ਤੋਂ ਭੁਲੇਖਾ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਇਹ ਨਿਰਦੇਸ਼ ਦਿੱਤਾ ਹੈ ਕਿ ਕੇਸੋ ਗੋਪਾਲ ਨਾਮੀ ਪੰਡਿਤ ਨੂੰ ਸੱਦ ਕੇ ਉਸ ਤੋਂ ‘ਪੁਰਾਣ’ ਦੀ ਕਥਾ ਕਰਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ‘ਕੇਸੋ’ ਅਤੇ ‘ਗੋਪਾਲ’ ਅਕਾਲਪੁਰਖ ਸੂਚਕ ਨਾਮ ਹਨ ਅਤੇ ਪੰਡਿਤ ਦਾ ਅਰਥ ਹੈ ‘ਵਿਦਵਾਨ’। 18 ਪੁਰਾਣਾਂ ਵਿੱਚੋਂ ‘ਹਰਿ ਪੁਰਾਣੁ’ ਨਾਮ ਦਾ ਕੋਈ ਪੁਰਾਣ ਹੀ ਨਹੀਂ ਹੈ ਇਸ ਲਈ ਗੁਰੂ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਹੈ ਕਿ ਅਕਾਲ ਪੁਰਖ ਦੇ ਵਿਦਵਾਨਾਂ ਨੂੰ ਸੱਦ ਕੇ ਕੇਵਲ ਹਰੀ ਦੀ ਕਥਾ ਹੀ ਕਥਾ ਕੀਤੀ ਜਾਵੇ ਇਹੀ ਮੇਰੇ ਲਈ ਪੁਰਾਣ ਦੀ ਕਥਾ ਹੈ। ਅਗਲੀ ਤੁੱਕ ਤੋਂ ਹੋਰ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਕੇਵਲ (ਹਰੀ) ਅਕਾਲ ਪੁਰਖ਼ ਦੀ ਕਥਾ ਪੜ੍ਹਨ ਦੀ ਹੀ ਤਾਕੀਦ ਕੀਤੀ ਸੀ।

ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ; ਬੇਬਾਣੁ, ਹਰਿ ਰੰਗੁ ਗੁਰ ਭਾਵਏ’- ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ।

ਪਿੰਡੁ, ਪਤਲਿ, ਕਿਰਿਆ, ਦੀਵਾ, ਫੁਲ; ਹਰਿ ਸਰਿ ਪਾਵਏ ॥’ ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਇਸ ਤੁਕ ਵਿੱਚ ਆਏ ਸ਼ਬਦ ‘ਪਿੰਡ, ਪਤਲ, ਕਿਰਿਆ, ਫੁਲ ਦੇ ਵੀ ਅਣਜਾਣਤਾ ਕਰਕੇ ਪੁਰਾਣਿਕ ਅਰਥ ਸਮਝਣ ਨਾਲ ਵੀ ਆਮ ਪਾਠਕ ਭੁਲੇਖਾ ਖਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਗਰੁੜ ਪੁਰਾਣੁ ਵਿੱਚ ਦੱਸੇ ਇਹ ਸਾਰੇ ਕਰਮਕਾਂਡ ਕਰਨ ਦੀ ਹਦਾਇਤ ਕਰ ਰਹੇ ਹਨ। ਪਰ ਗੁਰਬਾਣੀ ਦੇ ਅਰਥ ਕਰਨ ਲਈ ਸਾਨੂੰ ਗੁਰਬਾਣੀ ਤੋਂ ਹੀ ਸੇਧ ਲੈਣੀ ਪਏਗੀ। ਗੁਰੂ ਨਾਨਕ ਸਾਹਿਬ ਜੀ ਵੱਲੋਂ ਆਸਾ ਰਾਗੁ ਵਿੱਚ ਉਚਾਰਣ ਕੀਤੇ ਸ਼ਬਦ: ‘ਦੀਵਾ ਮੇਰਾ ਏਕੁ ਨਾਮੁ; ਦੁਖੁ, ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ; ਚੂਕਾ ਜਮ ਸਿਉ ਮੇਲੁ ॥1॥ ਲੋਕਾ ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥1॥ ਰਹਾਉ ॥ ਪਿੰਡੁ ਪਤਲਿ ਮੇਰੀ ਕੇਸਉ; ਕਿਰਿਆ, ਸਚੁ ਨਾਮੁ ਕਰਤਾਰੁ ॥’ (ਪੰਨਾ 358) ਵਿੱਚ ਸਾਨੂੰ ਸਮਝਾ ਰਹੇ ਹਨ ਕਿ ਮੇਰੇ ਲਈ ਸਦਾ ਰਹਿਣ ਵਾਲੇ ਅਕਾਲ ਪੁਰਖ ਦਾ ਨਾਮ ਹੀ ਦੀਵਾ ਹੈ ਜਿਸ ਵਿੱਚ ਮੈਂ ਆਪਣਾ ਦੁੱਖ ਰੂਪੀ ਤੇਲ ਪਾਇਆ ਹੈ। ਜਿਉਂ ਜਿਉਂ ਨਾਮ ਰੂਪੀ ਦੀਵਾ ਜਗਦਾ ਹੈ ਉਸ ਨਾਲ ਮੇਰਾ ਦੁੱਖ ਰੂਪੀ ਤੇਲ ਸੜ ਜਾਂਦਾ ਹੈ ਤੇ ਮੇਰਾ ਜਮਾਂ ਨਾਲ ਵਾਹ ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਕੇਸਉ (ਅਕਾਲ ਪੁਰਖ਼) ਕਰਤਾਰ ਦਾ ਨਾਮ ਹੀ ਮੇਰੇ ਲਈ ਪਿੰਡ ਪਤਲ ਅਤੇ ਕਿਰਿਆ ਆਦਕ ਹਨ। ਸੋ ਇਨ੍ਹਾਂ ਅਰਥਾਂ ਨੂੰ ਧਿਆਨ ਵਿੱਚ ਰਖਦੇ ਹੋਏ ਉਕਤ ਤੁਕ ਦੇ ਅਰਥ ਬਣਦੇ ਹਨ ਕਿ (ਗੁਰੂ ਅਮਰਦਾਸ ਜੀ ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ-ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ।

ਪ੍ਰਿੰ: ਬਲਜੀਤ ਸਿੰਘ ਤੋਂ ਪਹਿਲਾਂ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਵਾਈਸ ਪ੍ਰਿੰ: ਹਰਿਭਜਨ ਸਿੰਘ ਅਤੇ ਸਿੱਖ ਮਿਸ਼ਨਰੀ ਕਾਲਜ ਬਠਿੰਡਾ ਸਰਕਲ ਦੇ ਭਾਈ ਲਖਵਿੰਦਰ ਸਿੰਘ ਦੇ ਰਾਗੀ ਜਥਿਆਂ ਨੇ ਵੈਰਾਗਮਈ ਸ਼ਬਦਾਂ ਦਾ ਰਸਭਿੰਨਾ ਕੀਰਤਨ ਕੀਤਾ। ਉਪ੍ਰੰਤ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਚੇਅਰਮੈਨ ਸ: ਜੋਗਿੰਦਰ ਸਿੰਘ ਨੇ ਭਾਈ ਜਸਵੰਤ ਸਿੰਘ ਵੱਲੋਂ ਕਾਲਜ ਦੀ ਨਿਸ਼ਕਾਮ ਭਾਵਨਾ ਨਾਲ ਨਿਭਾਈ ਸੇਵਾ ਦਾ ਭਾਵਪੂਰਬਕ ਸ਼ਬਦਾਂ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਘਾਟ ਪ੍ਰਵਾਰ ਵਾਸਤੇ ਤਾਂ ਹੈ ਹੀ ਕਾਲਜ ਵੀ ਹਮੇਸ਼ਾਂ ਉਨ੍ਹਾਂ ਦੀ ਘਾਟ ਮਹਿਸੂਸ ਕਰਦਾ ਰਹੇਗਾ। ਉਨ੍ਹਾਂ ਅਕਾਲ ਪੁਰਖ਼ ਅੱਗੇ ਅਰਦਾਸ ਕੀਤੀ ਕਿ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਬਲ ਤੇ ਹੋਰ ਉੱਦਮ ਬਖ਼ਸ਼ੇ ਤਾ ਕਿ ਉਨ੍ਹਾਂ ਦੀ ਘਾਟ ਅਸੀਂ ਸਾਂਝੇ ਯਤਨਾਂ ਰਾਹੀਂ ਪੂਰੀ ਕਰ ਸਕੀਏ। ਸਮਾਪਤੀ ਉਪ੍ਰੰਤ ਵਾਈਸ ਚੇਅਰਮੈਨ ਅਮਰਜੀਤ ਸਿੰਘ ਨੇ ਵੀ ਭਾਈ ਭਾਈ ਜਸਵੰਤ ਸਿੰਘ ਵੱਲੋਂ ਨਿਭਾਈ ਸੇਵਾ ਦੀ ਸ਼ਾਲਾਘਾ ਕੀਤੀ। ਭਾਈ ਜਸਵੰਤ ਸਿੰਘ ਦੇ ਵੱਡੇ ਪੁੱਤਰ ਜਸਵਿੰਦਰ ਸਿੰਘ ਨੂੰ ਇੱਕ ਦਸਤਾਰ ਕਾਲਜ ਵੱਲੋਂ ਚੇਅਰਮੈਨ ਜੋਗਿੰਦਰ ਸਿੰਘ, ਪ੍ਰਿੰ: ਬਲਜੀਤ ਸਿੰਘ ਅਤੇ ਵਾਈਸ ਪ੍ਰਿੰ: ਹਰਿਭਜਨ ਸਿੰਘ ਨੇ ਅਤੇ ਇੱਕ ਦਸਤਾਰ ਕਾਲਜ ਦੇ ਬਠਿੰਡਾ ਸਰਕਲ ਵੱਲੋਂ ਸਰਕਲ ਇੰਚਾਰਜ ਭਾਈ ਮਹਿੰਦਰਪਾਲ ਸਿੰਘ ਅਤੇ ਭਾਈ ਅਵਤਾਰ ਸਿੰਘ ਨੇ ਦਿੱਤੀ।

ਸਟੇਜ ਸਕੱਤਰ ਦੀ ਸੇਵਾ ਕਾਲਜ ਦੇ ਪੁਰਾਣੇ ਵਿਦਿਆਰਥੀ ਭਾਈ ਹਰਸਿਮਰਨਜੀਤ ਸਿੰਘ ਨੇ ਨਿਭਾਈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਭੇਜਿਆ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਇਆ। ਰਾਮਗੜ੍ਹੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਚੌਹਾਨ ਨੇ ਭਾਈ ਜਸਵੰਤ ਸਿੰਘ ਵੱਲੋਂ ਰਾਮਗੜ੍ਹੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਦੇ ਤੌਰ ’ਤੇ ਨਿਭਾਈਆਂ ਸੇਵਾਵਾਂ ਅਤੇ ਉਸ ਪਿੱਛੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।