Share on Facebook

Main News Page

ਸਪੋਕਸਮੈਨ ਦੇ ਸਾਬਕਾ ਪੱਤਰਕਾਰ ਹਰਲਾਜ ਸਿੰਘ ਬਹਾਦਰਪੁਰ ਨੇ ਸਾਧ ਗੌਤਮ ਦਾਸ ਖਿਲਾਫ ਦੁਬਾਰਾ ਜਿੱਤੀ ਕਾਨੂੰਨੀ ਲੜਾਈ

ਬਠਿੰਡਾ, 25 ਜੁਲਾਈ (ਕਿਰਪਾਲ ਸਿੰਘ): ਇੱਥੋਂ ਨੇੜੇ ਹੀ ਪੈਂਦੇ ਪਿੰਡ ਕਾਹਨਗੜ੍ਹ ਦੇ ਡੇਰੇ ਵਿੱਚ ਰਹਿੰਦੇ ਸਾਧ ਗੌਤਮ ਦਾਸ ਨੇ 2006 ਵਿੱਚ ਡੇਰੇ ਦੇ ਮੂਰਤੀ ਸਥਾਪਨਾ ਸਮਾਗਮ ਸਮੇਂ ਡੇਰੇ ਵਿੱਚ ਆਰਕੈਸਟਰਾ ਨਚਵਾਈਆਂ ਸਨ ਅਤੇ ਇੱਕ ਦਲਿਤ ਔਰਤ ਵੱਲੋਂ ਮੂਰਤੀ ਨੂੰ ਨਮਸਕਾਰ ਕਰਨ ਸਮੇਂ ਉਸ ਦਲਿਤ ਔਰਤ ਨੂੰ ਲੱਤ ਮਾਰ ਦਿੱਤੀ ਸੀ। ਆਪਣੇ ਡੇਰੇ ਵਿੱਚ ਤਾਂ ਗੌਤਮ ਦਾਸ ਕਥਿਤ ਨੀਂਵੀ ਜਾਤ ਨਾਲ ਵਿਤਕਰਾ ਕਰਦਾ ਹੀ ਸੀ, ਅਗਸਤ 2009 ਵਿੱਚ ਵੀ ਇਸ ਸਾਧ ਨੇ ਪਿੰਡ ਖੁਡਾਲ ਕਲਾਂ ਦੇ ਡੇਰੇ ਵਿੱਚ ਦਲਿਤ ਜਾਤੀ ਦੇ ਵਿਅਕਤੀਆਂ ਨਾਲ ਵਿਤਕਰਾ ਕਰਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ, ਜਿਸ ’ਤੇ ਇਸਨੂੰ ਮੁਆਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ ਸੀ।

ਸਾਧ ਗੌਤਮ ਦਾਸ ਵੱਲੋਂ ਕੀਤੇ ਗਏ ਦੁਰਵਿਹਾਰ ਅਤੇ ਗੈਰ ਮਨੁੱਖੀ ਵਰਤਾਓ ਕਾਰਨ ਸਪੋਕਸਮੈਨ ਦੇ ਉਸ ਸਮੇਂ ਦੇ ਪੱਤਰਕਾਰ ਹਰਲਾਜ ਸਿੰਘ ਬਹਾਦਰਪੁਰ ਨੇ 3-2-2006 ਨੂੰ ਇਸ ਸਬੰਧੀ ਖਬਰ ਲਗਾਈ ਸੀ। ਇਸ ਖ਼ਬਰ ਦੇ ਵਿਰੋਧ ਵਿੱਚ ਸਾਧ ਗੌਤਮ ਦਾਸ ਨੇ ਸਪੋਕਸਮੈਨ ਦੇ ਮੁੱਖ ਸੰਪਾਦਕ ਸ੍ਰ: ਜੋਗਿੰਦਰ ਸਿੰਘ ਅਤੇ ਪੱਤਰਕਾਰ ਹਰਲਾਜ ਸਿੰਘ ਬਹਾਦਰਪੁਰ ਵਿਰੁੱਧ ਇਸਤਗਾਸਾ ਜੁਰਮ ਜੇਰੇ ਦਫਾ 500/501 ਆਈ.ਪੀ.ਸੀ. ਤਹਿਤ ਮਿਤੀ 11-3-2006 ਨੂੰ ਸੰਮਨ ਭਿਜਵਾ ਦਿੱਤੇ ਸਨ।

ਸ੍ਰ: ਜੋਗਿੰਦਰ ਸਿੰਘ ਨੂੰ ਤਾਂ ਇਹ ਸੰਮਨ ਤਾਮੀਲ ਹੋਏ ਹੀ ਨਹੀਂ ਸਨ, ਪਰ ਹਰਲਾਜ ਸਿੰਘ ਬਹਾਦਰਪੁਰ ਇਸ ਕੇਸ ਵਿੱਚ 12 ਦਸੰਬਰ 2009 ਤੋਂ ਕਾਨੂੰਨੀ ਲੜਾਈ ਲੜ ਰਿਹਾ ਸੀ ਜਿਸ ’ਤੇ 9 ਅਕਤੂਬਰ 2012 ਨੂੰ ਹਰਲਾਜ ਸਿੰਘ ਦੇ ਵਕੀਲ ਸ਼੍ਰੀ ਵਿਜੈ ਕੁਮਾਰ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ, ਸਬ-ਡਵੀਜਨਲ ਅਦਾਲਤ ਬੁਢਲਾਡਾ ਦੇ ਮਾਨਯੋਗ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਜਸਟਿਸ ਸ਼੍ਰੀ ਮਹੇਸ਼ ਕੁਮਾਰ ਨੇ ਸਾਧ ਗੌਤਮ ਦਾਸ ਵੱਲੋਂ ਕੀਤੀ ਸ਼ਿਕਾਇਤ ਨੂੰ ਡਿਸਮਿਸ ਕਰਦਿਆਂ ਹਰਲਾਜ ਸਿੰਘ ਨੂੰ ਬਰੀ ਕਰ ਦਿੱਤਾ ਸੀ।

ਪਰ ਗੌਤਮ ਦਾਸ ਨੇ ਅਦਾਲਤ ਦੇ ਇਸ ਫੈਸਲੇ ਤੋਂ ਨਾਖੁਸ਼ ਹੁੰਦਿਆਂ ਮਾਨਸਾ ਵਿਖੇ ਜਿਲ੍ਹਾ ਅਦਾਲਤ ਵਿੱਚ ਅਪੀਲ ਪਾ ਦਿੱਤੀ ਸੀ। ਜਿਸ ’ਤੇ 11 ਜਨਵਰੀ 2013 ਨੂੰ ਹਰਲਾਜ ਸਿੰਘ ਬਹਾਦਰਪੁਰ ਨੂੰ ਦੁਬਾਰਾ ਫਿਰ ਜਿਲ੍ਹਾ ਅਦਾਲਤ ਵੱਲੋਂ ਸੰਮਨ ਆ ਗਏ ਸਨ। ਜਿਸ ਤੋਂ ਬਾਅਦ ਹਰਲਾਜ ਸਿੰਘ ਫਿਰ ਪੇਸ਼ੀਆਂ ’ਤੇ ਜਾਂਦਾ ਰਿਹਾ । ਅਖੀਰ ਮਾਨਯੋਗ ਜਿਲ੍ਹਾ ਅਦਾਲਤ ਦੇ ਜਸਟਿਸ ਮੈਡਮ ਮਨਦੀਪ ਪੰਨੂ ਨੇ ਹਰਲਾਜ ਸਿੰਘ ਬਹਾਦਰਪੁਰ ਦੇ ਵਕੀਲ ਸ਼੍ਰੀ ਵਿਜੈ ਕੁਮਾਰ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ, ਸਾਧ ਗੌਤਮ ਦਾਸ ਦੀ ਅਪੀਲ ਨੂੰ ਡਿਸਮਿਸ ਕਰ ਦਿੱਤਾ। ਜਿਸ ਸਦਕਾ ਜਿੱਥੇ ਗੌਤਮ ਦਾਸ ਸਾਧ ਦੀ ਦੋ ਵਾਰ ਹਾਰ ਹੋਈ, ਉੱਥੇ ਹਰਲਾਜ ਸਿੰਘ ਬਹਾਦਰਪੁਰ ਨੇ ਦੋ ਵਾਰ ਕਾਨੂੰਨੀ ਲੜਾਈ ਜਿੱਤ ਲਈ।

ਵਰਨਣਯੋਗ ਹੈ ਕਿ ਹਰਲਾਜ ਸਿੰਘ ਬਹਾਦਰਪੁਰ ਵੱਲੋਂ ਸਪੋਕਸਮੈਨ ਦੀ ਇਮਾਨਦਾਰੀ ਨਾਲ ਕੀਤੀ ਗਈ ਪੱਤਰਕਾਰੀ ਦੀ ਪੂਰੇ ਇਲਾਕੇ ਵਿੱਚ ਅੱਜ ਵੀ ਪ੍ਰਸ਼ੰਸ਼ਾ ਹੁੰਦੀ ਹੈ। ਜਿੱਥੇ ਹਰਲਾਜ ਸਿੰਘ ਬਹਾਦਰਪੁਰ ਆਪਣੇ ਇਲਾਕੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਨਿਡਰਤਾ ਅਤੇ ਨਿਰਪੱਖਤਾ ਨਾਲ ਪੇਸ਼ ਕਰਦਾ ਸੀ, ਉੱਥੇ ਦਲਿਤਾਂ ਨਾਲ ਹੁੰਦੇ ਦੁਰਵਿਹਾਰ ਦੀਆਂ ਖ਼ਬਰਾਂ ਨੂੰ ਵੀ ਆਪਣਾ ਫਰਜ਼ ਸਮਝ ਕੇ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਂਦਾ ਹੁੰਦਾ ਸੀ। ਮਾਣਯੋਗ ਅਦਾਲਤਾਂ ਦੇ ਜਸਟਿਸਾਂ (ਪਹਿਲਾਂ ਸ਼੍ਰੀ ਮਹੇਸ਼ ਕੁਮਾਰ ਤੇ ਹੁਣ ਮੈਡਮ ਮਨਦੀਪ ਪੰਨੂ) ਵੱਲੋਂ ਸਾਧ ਗੌਤਮ ਦਾਸ ਦੀ ਸ਼ਿਕਾਇਤ ਨੂੰ ਡਿਸਮਿਸ ਕਰਕੇ, ਹਰਲਾਜ ਸਿੰਘ ਬਹਾਦਰਪੁਰ ਨੂੰ ਬਰੀ ਕਰਨ ਨਾਲ ਹਰਲਾਜ ਸਿੰਘ ਬਹਾਦਰਪੁਰ ਦੀ ਇੱਜਤ ਵਿੱਚ ਹੋਰ ਵੀ ਵਾਧਾ ਹੋਇਆ ਹੈ।

ਇਸ ਬਾਰੇ ਪੁੱਛਣ ’ਤੇ ਹਰਲਾਜ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਕਈ ਸਾਲ ਤਰੀਕਾਂ ਭੁਗਤਦਿਆਂ ਪ੍ਰੇਸ਼ਾਨ ਹੋਣਾ ਪਿਆ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਤਾਂ ਜਰੂਰ ਹੋਈ ਹੈ, ਪਰ ਮਾਣਯੋਗ ਅਦਾਲਤਾਂ ਵੱਲੋਂ ਬਰੀ ਕਰ ਦਿੱਤੇ ਜਾਣ ‘ਤੇ ਖੁਸ਼ੀ ਮਹਿਸੂਸ ਕਰਦਿਆਂ ਜੱਜ ਸਹਿਬਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੱਜ ਸਹਿਬਾਨਾਂ ਨੇ ਸੱਚ ਦੀ ਪਹਿਚਾਣ ਕੀਤੀ ਹੈ, ਜਿਸ ਸਦਕਾ ਸੱਚ ਦੀ ਜਿੱਤ ਹੋਈ ਹੈ। ਸਾਧ ਗੌਤਮ ਦਾਸ ਬਾਰੇ ਪੁੱਛਣ ‘ਤੇ ਹਰਲਾਜ ਸਿੰਘ ਨੇ ਕਿਹਾ ਕਿ ਗੌਤਮ ਦਾਸ ਨਾਲ ਉਨ੍ਹਾਂ ਦੀ ਨਾ ਕੋਈ ਪਹਿਲਾਂ ਦੁਸ਼ਮਣੀ ਸੀ ਤੇ ਨਾ ਹੁਣ ਹੈ । ਜੋ ਖ਼ਬਰ ਲਾਈ ਸੀ ਉਹ ਕਾਹਨਗੜ੍ਹ ਵਿਖੇ ਵਾਪਰੀ ਘਟਨਾ ਦੀ ਸੱਚੀ ਖਬਰ ਲਾਈ ਸੀ, ਜੋ ਪੱਤਰਕਾਰ ਹੋਣ ਦੇ ਨਾਂ ’ਤੇ ਉਨ੍ਹਾਂ ਦਾ ਫਰਜ ਬਣਦਾ ਸੀ।

ਵਰਨਣਯੋਗ ਹੈ ਕਿ ਹਰਲਾਜ ਸਿੰਘ ਬਹਾਦਰਪੁਰ ਵੱਲੋਂ ਤੱਥਾਂ ਤੇ ਅਧਾਰ ‘ਤੇ ਭੇਜੀ ਗਈ ਖਬਰ ਨੂੰ ਸਪੋਕਸਮੈਨ ਵੱਲੋਂ ਤੋੜ ਮਰੋੜ ਕੇ ਛਾਪ ਦਿੱਤਾ ਗਿਆ ਸੀ ਅਤੇ ਪਹਿਲਾਂ ਵੀ ਦੋ-ਤਿੰਨ ਖਬਰਾਂ ਕਿਸੇ ਸਿਆਸੀ ਆਗੂ ਦੇ ਕਹਿਣ ‘ਤੇ ਮਿਸ ਕਰ ਦਿੱਤੀਆਂ ਸਨ। ਇਸ ਬੇਇਨਸਾਫੀ ਤੋਂ ਦੁਖੀ ਹੋ ਕੇ ਹਰਲਾਜ ਸਿੰਘ ਬਹਾਦਰਪੁਰ ਨੇ ਦਸੰਬਰ 2009 ਵਿੱਚ ਸਪੋਕਸਮੈਨ ਦੀ ਪੱਤਰਕਾਰੀ ਛੱਡ ਦਿੱਤੀ ਸੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top