Share on Facebook

Main News Page

ਗੁਰਬਚਨ ਸਿੰਘ ਦਾ ਚਮਤਕਾਰੀ "ਪਾਤਸ਼ਾਹੀ ਜਾਮਾ", ਜਿਸਨੂੰ ਪਹਿਣ ਕੇ ਕੋਈ ਵੀ ਮਨੁੱਖ ਸਿੱਧਾ ਮੁਕਤੀ ਪ੍ਰਾਪਤ ਕਰ ਸਕਦਾ ਹੈ
-: ਇੰਦਰਜੀਤ ਸਿੰਘ, ਕਾਨਪੁਰ

ਕਲ ਫੇਸਬੁਕ 'ਤੇ ਇਕ ਵੀਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਦੀ ਇਕ ਤਸਵੀਰ ਵਾਲੀ ਪੋਸਟ ਪਾਈ, ਜਿਸ ਵਿੱਚ ਉਹ ਇਕ "ਭਗਵੇ ਰੰਗ ਦਾ ਸ਼ਨੀਲ ਦਾ ਚੋਲਾ" ਪਾ ਕੇ ਅਪਣੀ ਪੇਸ਼ੀ ਵਿੱਚ ਜਾ ਰਹੇ ਸੀ। ਮੈਂ ਉਸ ਵੀਰ ਕੋਲੋਂ ਸੁਭਾਵਿਕ ਹੀ ਇਹ ਸਵਾਲ ਪੁਛ ਲਿਆ ਕਿ, ਇਹ "ਭਗਵਾ ਚੋਲਾ, ਸਾਧਾਂ ਵਾਲਾ" ਕਿਉਂ ਪਾ ਲਿਆ, ਭਾਈ ਰਾਜੋਆਣਾ ਨੇ?

ਉਸ ਵੀਰ ਨੇ ਜਵਾਬ ਦੇਂਦਿਆ ਅਤੇ ਭਾਈ ਰਾਜੋਆਣਾ ਜੀ ਦੇ ਕਿਸੇ ਖੱਤ ਦਾ ਹਵਾਲਾ ਦੇਂਦਿਆਂ ਜਵਾਬ ਦਿੱਤਾ, ਜੋ ਇਸ ਲੇਖ ਨਾਲ ਭੇਜ ਰਿਹਾ ਹਾਂ। ਉਸ ਵੀਰ ਦੇ ਜਵਾਬ ਜਵਾਬ ਤੋਂ ਇਹ ਜਾਨਕਾਰੀ ਮਿਲੀ ਕਿ ਇਹ "ਭਗਵਾ ਚੋਲਾ" ਨਹੀਂ। ਇਹ ਤਾਂ "ਪਾਤਸ਼ਾਹੀ ਜਾਮਾਂ" ਹੈ, ਅਤੇ ਇਹ "ਪਾਤਸ਼ਾਹੀ ਜਾਮਾ" ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਗੁਰਬਚਨ ਸਿੰਘ ਨੇ, ਆਪਣੇ ਹੱਥੀਂ ਉਨਾਂ ਨੂੰ, ਜੇਲ ਵਿਚ ਅਪਣੇ ਸਾਥੀਆਂ ਨਾਲ ਜਾ ਕੇ ਆਪ ਬਖਸ਼ਿਆ ਹੈ। (ਭਾਈ ਰਾਜੋਆਣਾ ਦੇ ਖੱਤ ਦੇ ਉਨਾਂ ਅੰਸ਼ਾਂ ਵਿੱਚ ਵੀ ਇਸ ਗਲ ਨੂੰ ਤਸਦੀਕ ਕੀਤਾ ਗਇਆ ਹੈ ।) ਗੁਰਬਚਨ ਸਿੰਘ ਦਾ ਇਹ ਜੱਥਾ, ਦਰਬਾਰ ਸਾਹਿਬ ਦੇ ਸਰੋਵਰ ਵਿਚੋਂ ਕੇਨੀਆਂ ਭਰ ਕੇ ਭਾਈ ਰਾਜੋਆਣਾ ਲਈ ਜੱਲ ਵੀ ਲੈ ਗਏ ਸਨ, ਤਾਂਕਿ ਭਾਈ ਰਾਜੋਆਣਾ ਇਸ਼ਨਾਨ ਕਰਕੇ ਸ਼ੁਧ ਹੋ ਜਾਣ ਅਤੇ ਇਹ "ਪਾਤਸ਼ਾਹੀ ਜਾਮਾ" ਪਾ ਕੇ "ਪਾਤਸ਼ਾਹੀ ਸਰੂਪ" ਧਾਰ ਕੇ ਸ਼ਹਾਦਤ ਦਾ ਜਾਮ ਪੀ ਜਾਣ।

ਸ਼੍ਰੋਮਣੀ ਕਮੇਟੀ ਤੋਂ ਤਨਖਾਹ ਲੈਣ ਵਾਲੇ ਅਕਾਲ ਤਖਤ ਦੇ ਮੁਲਾਜਿਮ ਗੁਰਬਚਨ ਸਿੰਘ ਵਲੋਂ ਭਾਈ ਰਾਜੋਆਣਾ ਜੀ ਨੂੰ ਭਗਵੇ ਰੰਗ ਦਾ ਇਹ ਅਖੌਤੀ "ਪਾਤਸ਼ਾਹੀ ਜਾਮਾ" ਦੇ ਕੇ ਸ਼ਹਾਦਤ ਦਾ ਜਾਮ ਪੀ ਜਾਣ ਲਈ ਤਿਆਰ ਕਰਨ ਦੀਆਂ ਗਲਾਂ ਸੁਣ ਕੇ ਬਹੁਤ ਹੈਰਾਨਗੀ ਹੋਈ, ਅਤੇ ਕਈ ਪ੍ਰਕਾਰ ਦੇ ਸਵਾਲ ਅਤੇ ਸ਼ੰਕਿਆਂ ਨੇ ਮੰਨ ਵਿੱਚ ਜਨਮ ਲੈ ਲਿਆ, ਜਿਨਾਂ ਦੀ ਸਾਂਝ, ਦਾਸ ਪਾਠਕਾਂ ਨਾਲ ਕਰਨਾ ਚਾਹੁੰਦਾ ਹੈ।

  1. ਕੀ ਗੁਰਬਚਨ ਸਿੰਘ ਕੋਲ ਐਸੀ ਕੋਈ ਚਮਤਕਾਰੀ ਸ਼ਕਤੀ ਹੈ, ਜਿਸ ਨਾਲ ਉਹ ਕਿਸੇ ਨੂੰ "ਪਾਤਸ਼ਾਹੀ ਵਾਲਾ ਜਾਮਾ" ਬਖਸ਼ ਸਕੇ? ਜਾਂ ਐਸਾ "ਜਾਮਾ" ਪਵਾ ਦੇਵੇ, ਕਿ ਜਿਸ ਨਾਲ ਮਨੁੱਖ ਲਈ ਸਿਧਾ ਮੁਕਤੀ ਦਾ ਦਰਵਾਜਾ ਖੁਲ ਜਾਂਦਾ ਹੋਵੇ?
  2. ਕੀ ਗੁਰਬਚਨ ਸਿੰਘ ਕੌਮ ਦੀ ਕੋਈ ਬਹੁਤ ਵਡੀ, ਪਾਕ ਸਾਫ ਅਤੇ ਮੋਹਤਬਰ ਸ਼ਖਸ਼ਿਅਤ ਹੈ, ਜਿਸਨੂੰ ਭਾਈ ਰਾਜੋਆਣਾ ਜੀ ਨੇ ਅਪਣੀ ਵਸੀਅਤ ਦਾ ਮੁਖਤਾਰ ਨਾਮਾ ਦੇਣ ਦੇ ਕਾਬਿਲ ਸਮਝਿਆ?
  3. ਗੁਰਬਚਨ ਸਿੰਘ ਦੇ ਜਿਸ ਭਗਵੇ ਚੋਲੇ ਨੂੰ ਭਾਈ ਰਾਜੋਆਣਾ ਨੇ ਪਾਤਸ਼ਾਹੀ ਜਾਮਾ ਸਮਝ ਕੇ ਧਾਰਣ ਕੀਤਾ, ਕੀ ਉਸ ਨੂੰ "ਪਾਤਸ਼ਾਹੀ ਜਾਮਾ" ਕਹਿਣਾ, ਸਿਧਾਂਤਕ ਪੱਖੋਂ ਜਾਇਜ਼ ਹੈ ? ਜਦ ਕੇ ਗੁਰਬਾਣੀ ਅਨੁਸਾਰ "ਪਾਤਸ਼ਾਹੀ" ਅਤੇ "ਪਾਤਸ਼ਾਹ" ਕੀ ਹੈ ਇਹ ਸਾਫ ਸਾਫ ਸੰਦੇਸ਼ ਮਿਲਦਾ ਹੈ।

    ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥ ਅੰਕ 1046
    ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥ ਅੰਕ 1413
    ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥ ਅੰਕ 48

    ਸਿੱਖੀ ਵਿੱਚ ਤਾਂ "ਪਾਤਸ਼ਾਹ" "ਇਕ" ਹੈ ਅਤੇ ਉਸ ਦੀ ਹੀ "ਪਾਤਸ਼ਾਹੀ" ਸਿੱਖ ਨੂੰ ਪਰਵਾਨ ਹੁੰਦੀ ਹੈ। "ਪਾਤਸ਼ਾਹੀਆਂ" ਵੰਡਣ ਵਾਲੇ ਤਾਂ ਸਾਰੇ ਝੂਠੇ ਅਤੇ ਕੂੜਿਆਰ ਹਨ, ਜੋ ਦੂਜਿਆਂ ਨੂੰ "ਪਾਤਸ਼ਾਹੀਆਂ" ਵੰਡਦੇ ਫਿਰਦੇ ਹਨ।

    ਇਕ ਮਾਮੂਲੀ ਜਿਹੇ ਗ੍ਰੰਥੀ, ਜਿਸਦੀ ਪੰਥ ਵਿੱਚ ਕੋਈ ਕਦਰ ਨਹੀਂ, ਉਹ ਕਿਸੇ ਮਰਜੀਵੜੇ ਨੂੰ "ਪਾਤਸ਼ਾਹੀ ਜਾਮਾ" ਦੇਣ ਵਾਲਾ ਕੌਣ ਹੁੰਦਾ ਹੈ? ਉਹ ਕਿਸ ਦੇ ਹੁਕਮ 'ਤੇ ਐਸਾ ਕਰਨ ਗਇਆ ਸੀ ?
  4. ਇਸ ਪੋਸ਼ਾਕ ਨੂੰ "ਪਾਤਸ਼ਾਹੀ ਜਾਮਾ" ਨਾਮ ਕਿਸ ਨੇ ਅਤੇ ਕਿਉਂ ਦਿੱਤਾ ? ਕੀ ਸਿੱਖੀ ਵਿੱਚ ਇਹੋ ਜਿਹਾ "ਪਾਤਸ਼ਾਹੀ ਜਾਮਾ" ਅਤੇ "ਜੱਲ ਦੀ ਕੇਨਿਆਂ" ਭੇਂਟ ਕਰਨ ਦਾ ਕੋਈ ਸਥਾਨ ਹੈ, ਜਾਂ ਇਹ ਸਿੱਖ ਸਿਧਾਂਤਾਂ ਦੇ ਅਨੁਸਾਰ ਹੈ ?
  5. ਅਗਲਾ ਸਵਾਲ ਇਹ ਹੈ ਕਿ ਅਕਾਲ ਤਖਤ ਦੇ ਹੈਡ ਗ੍ਰੰਥੀ ਦੀ ਡਿਉਟੀ 'ਤੇ ਤਨਖਾਹ ਲੈ ਕੇ ਕੰਮ ਕਰਨ ਵਾਲਾ ਮੁਲਾਜਿਮ, ਕੀ ਆਪ ਅਕਾਲ ਤਖਤ ਨਹੀਂ ਬਣ ਬੈਠਾ ਹੈ ? ਜੋ ਉਹ ਕਰਦਾ ਅਤੇ ਕਹਿੰਦਾ ਹੈ, ਭੋਲੇ ਭਾਲੇ ਸਿੱਖ ਉਸ ਨੂੰ ਹੀ "ਅਕਾਲ ਤਖਤ ਦਾ ਹੁਕਮ" ਸਮਝ ਕੇ ਮੰਨੀ ਜਾਂਦੇ ਨੇ, ਕੀ ਇਹ ਜਾਇਜ ਹੈ?
  6. ਜੇ ਅਕਾਲ ਤਖਤ ਦਾ ਹੈਡ ਗ੍ਰੰਥੀ ਭਾਈ ਰਾਜੋਆਣਾ ਨੂੰ ਅਪਣੇ ਸਾਥੀਆਂ ਨਾਲ ਜਾ ਕੇ "ਪਾਤਸ਼ਾਹੀ ਜਾਮਾ" ਨਾਮਕ ਪੋਸ਼ਾਕ ਭੇਂਟ ਕਰ ਸਕਦਾ ਹੈ, ਤਾਂ ਫਿਰ ਪੰਜਾਬ, ਦਿੱਲੀ ਅਤੇ ਰਾਜਸਥਾਨ ਦੀਆਂ ਜੇਲਾਂ ਵਿੱਚ 1984-85 ਤੋਂ ਅਪਣੀ ਜਿੰਦਗੀ ਗਾਲ ਰਹੇ ਅਨਗਿਣਤ ਮਰਜੀਵੜੇ ਸਿੱਖਾਂ ਨੂੰ ਵੀ ਗੁਰਬਚਨ ਸਿੰਘ ਇਹੋ ਜਹੇ "ਪਾਤਸ਼ਾਹੀ ਜਾਮੇ" ਦੇਣ ਕਿਉਂ ਨਹੀਂ ਗਇਆ?
  7. ਭਾਈ ਰਾਜੋਆਣਾ ਹੀ ਕਿਉਂ? ਭਾਈ ਜਗਤਾਰ ਸਿੰਘ ਹਵਾਰਾ, ਭਾਈ ਭਿਉਰਾ, ਪ੍ਰੋਫੇਸਰ ਭੁੱਲਰ ਅਤੇ ਹੋਰ ਅਨਗਿਣਤ ਨੌਜੁਆਨ ਜਿਨ੍ਹਾਂ ਨੇ ਅਪਣੀ ਠਾਠਾਂ ਮਾਰਦੀ ਜਵਾਨੀ ਕੌਮ ਦੇ ਲੇਖੇ ਲਾਅ ਦਿੱਤੀ ਅਤੇ ਜੇਲਾਂ ਦੇ ਜੰਗਲਿਆਂ ਵਿੱਚ ਅਪਣੀ ਜਵਾਨੀ ਨੂੰ ਤਿਲ ਤਿਲ ਕਰਕੇ ਮੁਕਦਿਆਂ ਵੇਖਦੇ ਰਹੇ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਰੁਲਦੇ ਪਰਿਵਾਰਾਂ ਦੀ ਸੁੱਧ, ਗੁਰਬਚਨ ਸਿੰਘ ਨੇ ਅੱਜ ਤਕ ਕਿਉਂ ਨਹੀਂ ਲਈ ?
  8. ਜੇਲਾਂ ਵਿੱਚ ਬੰਦ ਇਨਾਂ ਕੌਮ ਦੇ ਹੀਰਿਆਂ ਨੂੰ, "ਫਖਰੇ ਕੌਮ" ਦਾ ਖਿਤਾਬ ਦੇਣ ਦੀ ਹਿੰਮਤ ਗੁਰਬਚਨ ਸਿੰਘ ਵਿੱਚ ਅੱਜ ਤੱਕ ਪੈਦਾ ਕਿਉਂ ਨਹੀਂ ਹੋਈ ?
  9. ਜੇਲਾਂ ਵਿੱਚ ਬੰਦ, ਇਨਾਂ ਬੇਦੋਸ਼ੇ ਸਿੱਖਾਂ ਦੇ ਰੁਲਦੇ ਪਰਿਵਾਰਾਂ ਨੂੰ 900 ਕਰੋੜ ਦੇ ਬਜਟ ਵਿਚੋਂ ਕਿੰਨੀ ਕੂ ਸਹਾਇਤਾ ਦਿਤੀ ਗਈ? ਇਸ ਲਈ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਲਈ ਕੋਈ ਹਿਦਾਇਤ ਅੱਜ ਤਕ, ਜਾਰੀ ਕਿਉਂ ਨਹੀਂ ਕੀਤੀ ?
  10. ਕੀ ਗੁਰਬਚਨ ਸਿੰਘ, ਜੋ ਜਲ ਦੀਆਂ ਕੈਨੀਆਂ ਅਤੇ ਇਹ "ਅਖੌਤੀ ਪਾਤਸ਼ਾਹੀ ਜਾਮਾ" ਲੈ ਕੇ ਅਪਣੇ ਸਾਥੀਆਂ ਨਾਲ ਭਾਈ ਰਾਜੋਆਣਾ ਨੂੰ ਦੇਣ ਗਇਆ ਸੀ, ਕੀ ਤੁਹਾਨੂੰ ਇਹ ਉਸ ਦੇ ਕਿਸੇ "ਆਕਾ" ਦਾ "ਰਾਜਨੀਤਿਕ ਸਟੰਟ" ਨਹੀਂ ਲਗਦਾ ?

ਵੀਰੋ ਇਹ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਕੌਮ ਭਾਲ ਰਹੀ ਹੈ। ਹੋ ਸਕੇ ਤਾਂ ਇਨਾਂ ਸਵਾਲਾਂ ਦਾ ਜਵਾਬ ਜ਼ਰੂਰ ਤਲਾਸ਼ ਕਰੋ। ਮੈਨੂੰ ਪਤਾ ਹੈ ਕਿ ਇਹ ਸਵਾਲ ਕਈਆਂ ਦੇ ਹਲਕ ਵਿੱਚ ਫੱਸ ਕੇ ਰਹਿ ਜਾਣੇ ਹਨ, ਕਈਆਂ ਨੇ ਮੈਨੂੰ ਗਾਲ੍ਹਾਂ ਕਡ੍ਹਣੀਆਂ ਹਨ, ਲੇਕਿਨ "ਸੱਚ" ਤਾਂ "ਸੱਚ" ਹੈ, ਉਹ ਸਿਰ ਚੜ੍ਹ ਕੇ ਬੋਲਦਾ ਹੇ, ਅਤੇ ਬੋਲਦਾ ਰਹੇਗਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top