Share on Facebook

Main News Page

ਅਣਖਾਂ ਨੂੰ ਪ੍ਰਣਾਏ ਹੋਏ ਅੰਮ੍ਰਿਤਧਾਰੀ ਗੁਰਸਿੱਖ ਰਿਕਸ਼ਾ ਚਾਲਕ ਨੇ ਸਿਗਰਟ ਪੀਦੇਂ ਇੱਕ ਪ੍ਰੋ. ਨੂੰ ਥੱਲੇ ਉਤਾਰਿਆ

ਸ਼੍ਰੀ ਮੁਕਤਸਰ ਸਾਹਿਬ 27 ਜੁਲਾਈ ਕੁਲਦੀਪ ਸਿੰਘ ਘੁਮਾਣ : ਸਥਾਨਕ ਕੋਟਕਪੂਰਾ ਚੌਂਕ ਵਿਚ ਉਸ ਸਮੇਂ ਮਾਹੌਲ ਬੜਾ ਕਰੁਣਾਮਈ ਹੋ ਗਿਆ ਜਦੋਂ ਅਣਖਾਂ ਨਾਲ ਪ੍ਰਣਾਏ ਹੋਏ ਇੱਕ ਅੰਮ੍ਰਿਤਧਾਰੀ ਗੁਰਸਿੱਖ ਰਿਕਸ਼ਾ ਚਾਲਕ ਨੇ ਇੱਕ ਸਿਗਰਟ ਪੀਣ ਲੱਗੀ ਸਵਾਰੀ ਨੂੰ ਨਾਂਹ ਕਰਦਿਆਂ ਹੋਇਆ ਗੁਰੂ ਦੇ ਬਚਨਾਂ ‘ਤੇ ਫੁੱਲ ਚੜਾਉਦਿਆਂ, ਆਪਣੇ ਰਿਕਸ਼ੇ ਵਿਚੋ ਉਤਾਰ ਦਿੱਤਾ।ਹੋਇਆ ਇੰਜ ਕਿ ਸ.ਮਹਿੰਦਰ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਗੋਬਿੰਦ ਨਗਰੀ ਉਮਰ ਕਰੀਬ 70 ਸਾਲ, ਜੋ ਰਿਕਸ਼ਾ ਚਲਾ ਕੇ ਆਪਣੇ ਟੱਬਰ ਦਾ ਪੇਟ ਪਾਲ ਰਿਹਾ ਹੈ, ਚੌਂਕ ਵਿਚ ਖੜਾ ਸਵਾਰੀ ਦੀ ਉਡੀਕ ਕਰ ਰਿਹਾ ਸੀ ਕਿ ਰੀਜ਼ਨਲ ਸੈਂਟਰ ਦਾ ਇੱਕ ਪ੍ਰੋਫੈਸਰ ਬਾਬੇ ਕੋਲ ਆਇਆ ਤੇ ਆਪਣੀ ਮੰਜ਼ਿਲ ਤੇ ਜਾਣ ਲਈ ਭਾੜਾ ਤੈਅ ਕੀਤਾ। ਆਪਣਾ ਬੈਗ ਰਿਕਸ਼ੇ ਵਿਚ ਰੱਖ ਕੇ ਬੈਠਣ ਲੱਗਾ ਤਾਂ ਪ੍ਰਸ਼ਾਸ਼ਨ ਵਲੋਂ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਨਾਂ ਕਰਨ ਦੀ ਸਪੀਕਰ ਰਾਹੀ ਸੂਚਨਾ ਵਾਲਾ ਇਕ ਰਿਕਸ਼ਾ ਥੋੜੀ ਦੂਰੀ ‘ਤੇ ਆ ਕੇ ਰੁਕਿਆ ਤੇ ਤੰਬਾਕੂਨੋਸ਼ੀ ਨਾ ਕਰਨ ਦਾ ਸਪੀਕਰ ਰਾਹੀ ਪ੍ਰਚਾਰ ਸ਼ੁਰੂ ਹੋ ਗਿਆ।

ਬਾਬੇ ਦੇ ਰਿਕਸ਼ੇ ਵਿਚ ਬੈਠਦਿਆਂ ਹੀ ‘ਪੜੇ ਲਿਖੇ ਪ੍ਰੋਫੈਸਰ’ ਨੇ ਸਿਗਰਟ ਸੁਲਗਾ ਲਈ ਤੇ ਕਸ਼ ਲਾਉਣ ਹੀ ਲੱਗਾ ਸੀ, ਕਿ ਬਾਬੇ ਮਹਿੰਦਰ ਸਿੰਘ ਨੇ ਗਰਜਵੀਂ ਆਵਾਜ਼ ‘ਚ ਕਿਹਾ, ‘ਚੱਲ ਬੀ ਭਾਈ ਰਿਕਸ਼ੇ ‘ਚੋਂ ਉਤਰ ਜਾ’। ਕਿਉਂ? ਪ੍ਰੋਫੈਸਰ ਚੀਕਿਆ। ‘ਮੇਰੇ ਗੁਰੂ ਸਾਹਿਬ ਦਾ ਘੋੜਾ ਤੰਬਾਕੂ ਦੇ ਖੇਤ ਵਿਚੋ ਨਹੀਂ ਸੀ ਲੰਘਿਆ, ਤੂੰ ਰਿਕਸ਼ੇ ‘ਚ ਬੈਠ ਕੇ ਤੰਬਾਕੂ ਪੀਨੈ।’ ਕੱਚਾ ਜਿਹਾ ਹੋ ਕੇ ਪ੍ਰੋਫੈਸਰ ਰਿਕਸ਼ੇ ਵਿਚੋ ਉਤਰ ਗਿਆ। ਕੋਲੋ ਲੰਘਦੇ ਪ੍ਰੋਫੈਸਰ ਦੇ ਕਿਸੇ ਜਾਣਕਾਰ ਨੇ ਟੋਟਕਾ ਕੱਸਿਆ ਪ੍ਰੋ.ਸਾਹਿਬ ਜਿੱਧਰ ਚੱਲੇ ੳ, ਉਧਰ ਖੜੇ ਰਿਕਸ਼ੇ ਤੇ ਵੀ ਤੰਬਾਕੂਨੋਸ਼ੀ ਨਾ ਕਰਨ ਦਾ ਹੀ ਪ੍ਰਚਾਰ ਹੋ ਰਿਹੈ। ਇਸ ਸਾਰੇ ਘਟਨਾਕ੍ਰਮ ਨੂੰ ਵੇਖ ਰਹੇ ਇਕ ਅੰਮ੍ਰਿਤਧਾਰੀ ਗੁਰਸਿੱਖ ਵਰਿੰਦਰਪਾਲ ਸਿੰਘ ਨੇ ਸ.ਮਹਿੰਦਰ ਸਿੰਘ ਰਿਕਸ਼ਾ ਚਾਲਕ ਨੂੰ ਪੁੱਛਿਆ ‘ ਬਾਬਾ ਜੀ ਕਿੰਨੇ ਪੈਸੇ ਮੁਕਾਏ ਸੀ ਪ੍ਰੋ. ਨਾਲ ? ਦਸ ਰੁਪਏ ਗੁਰਮੁਖਾ। ਬਾਬੇ ਨੇ ਜਵਾਬ ਦਿੱਤਾ। ਇਨਾਂ ਸੁਣਦਿਆਂ ਹੀ ਉਨਾਂ ਕੁਝ ਰੁਪਏ ਬਾਬਾ ਮਹਿੰਦਰ ਸਿੰਘ ਨੂੰ ਸ਼ਰਧਾ ਤੇ ਹੌਸਲਾ ਅਫਜਾਈ ਵਜੋ ਫੜਾਏ ਅਤੇ ਬਾਬੇ ਦੇ ਲੱਖ ਵਾਰ ਨਾਂਹ ਨਾਂਹ ਕਰਦਿਆਂ ਉਨਾਂ ਦੀ ਜੇਬ ਵਿਚ ਪਾ ਦਿੱਤੇ। ਮੋੜ ਤੇ ਖੜੀ ਭੀੜ ਵਿਚੋ ਇਕ ਖਣਕਦੀ ਜਿਹੀ ਆਵਾਜ਼ ਆਈ ‘ ੳ ਯਾਰ ਬਾਬੇ ਦੀ ਇਹ ਖਬਰ ਜ਼ਰੂਰ ਆਉਣੀ ਚਾਹੀਦੀ ਹੈ ਤਾਂ ਕਿ ਸਾਡੇ ਕੁਝ ਵਾਰ ਵਾਰ ਤਲਬ ਹੁੰਦੇ ਸ਼੍ਰੋਮਣੀ ਕਮੇਟੀ ਮੈਬਰ ਵੀ ਸਿੱਖ ਸਕਣ।

Source: Punjabi Newsonline


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top