Share on Facebook

Main News Page

ਮਾਮਲਾ ਨਾਨਕਸ਼ਾਹੀ ਕੈਲੰਡਰ ਦੀਆਂ ਸੋਧਾਂ ਦਾ
ਮੱਕੜ ਦਾ ਬਿਆਨ ਅਕਾਲ ਤਖ਼ਤ ਦੀ ਸਰਬਉਚਤਾ ਨੂੰ ਢਾਹ ਲਾਉਣ ਵਾਲਾ
-: ਧਾਰਮਿਕ ਜਥੇਬੰਦੀਆਂ

* ਬਠਿੰਡਾ ਫੇਰੀ ਦੌਰਾਨ ਕੈਲੰਡਰ 'ਚ ਸੋਧਾਂ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਵੀਚਾਰਾਂ ਕਰਨ ਦਾ ਮੰਗਿਆ ਸਮਾਂ

ਬਠਿੰਡਾ, ੨੭ ਜੁਲਾਈ (ਕਿਰਪਾਲ ਸਿੰਘ): ੨੦੦੩ ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਵਾਉਣ ਦੀ ਮੰਗ ਕਰ ਰਹੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਚੋਣਵੇਂ ਮੁਖੀਆਂ ਦੀ ਅੱਜ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਵਿਖੇ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਗਈ, ਜਿਸ ਵਿੱਚ ਪ੍ਰਧਾਨ ਨੇ ਕਿਹਾ ਸੀ ਕਿ ਕੈਲੰਡਰ ਵਿੱਚ ਕੋਈ ਸੋਧ ਨਹੀਂ ਹੋਵੇਗੀ।

ਜਥੇਬੰਦੀਆਂ ਦੇ ਨੁੰਮਾਇੰਦਿਆਂ ਵੱਲੋਂ ਕਿਹਾ ਗਿਆ ਕਿ ਵਿਗਾੜੇ ਗਏ ਕੈਲੰਡਰ 'ਚ ਮੁੜ ਸੋਧ ਦੀ ਮੰਗ ਕਰਨ ਵਾਲੇ ਸਿੱਖ ਨੁੰਮਾਇੰਦਿਆਂ ਨੂੰ ੨-੪ ਅਗਿਆਨੀ ਸਿੱਖ ਕਹਿਣਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਬਿਰਾਜਮਾਨ ਸਖਸ਼ੀਅਤ ਲਈ ਬਿਲਕੁਲ ਹੀ ਸ਼ੋਭਦਾ ਨਹੀਂ; ਕਿਉਂਕਿ ਉਨ੍ਹਾਂ ਵੱਲੋਂ ਸੋਧ ਲਈ ਸੁਝਾਉ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਮੰਗ ਉਪ੍ਰੰਤ ਹੀ ਦਿੱਤੇ ਗਏ ਸਨ। ਜਥੇਦਾਰ ਸਾਹਿਬ ਨੂੰ ਬਠਿੰਡਾ ਸ਼ਹਿਰ ਦੀਆਂ ੪੦ ਤੋਂ ਵੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਮਤਾ ਸੌਂਪਣ ਸਮੇਂ ਉਨ੍ਹਾਂ ਨਾਲ ਹੋਈਆਂ ਵੀਚਾਰਾਂ ਦੌਰਾਨ ਉਹ ਇਸ ਗੱਲ ਨਾਲ ਸਹਿਮਤ ਸਨ ਕਿ ੨੦੧੦ ਵਿੱਚ ਹੋਈਆਂ ਸੋਧਾਂ ਠੀਕ ਨਹੀਂ ਹਨ; ਇਸ ਲਈ ਇਸ ਮਤੇ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵੀਚਾਰਿਆ ਜਾਵੇਗਾ ਅਤੇ ਜੇ ਲੋੜ ਪਈ ਤਾਂ ਵਿਦਵਾਨਾਂ ਦੀ ਕਮੇਟੀ ਬਣਾ ਕੇ ਇਸ ਨੂੰ ਮੁੜ ਸੋਧੇ ਜਾਣ ਦੀ ਸੰਭਾਵਨਾ ਪ੍ਰਗਟ ਕਰਦਾ ਬਿਆਨ ਦਿੱਤਾ ਸੀ, ਪਰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੁੜ ਸੋਧਾਂ ਕੀਤੇ ਜਾਣ ਦੀ ਸੰਭਾਵਨਾ ਤੋਂ ਸਾਫ ਇਨਕਾਰ ਕੀਤੇ ਜਾਣ ਵਾਲੇ ਬਿਆਨ ਨੇ ਅਕਾਲ ਤਖ਼ਤ ਸਾਹਿਬ ਅਤੇ ਇਸ ਦੇ ਜਥੇਦਾਰ ਦੀ ਸਰਬਉਚਤਾ ਨੂੰ ਢਾਹ ਲਾਈ ਹੈ।

ਇਸ ਲਈ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ, ਮੈਨੇਜਰ ਸੁਰਿੰਦਰ ਸਿੰਘ ਮਾਨ, ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਦੇ ਸਰਪ੍ਰਸਤ ਆਤਮਾ ਸਿੰਘ ਚਹਿਲ, ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਮਾਡਲ ਟਾਊਨ ਦੇ ਪ੍ਰਧਾਨ ਹਰਮਿੰਦਰ ਸਿੰਘ ਸਮਾਘ, ਸਕੱਤਰ ਅਵਤਾਰ ਸਿੰਘ ਤੁੰਗਵਾਲੀ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਕੇਂਦਰੀ ਪੰਚਾਇਤ ਮੈਂਬਰ ਸੁਖਦੇਵ ਸਿੰਘ ਐੱਸਐੱਮ ਬੈਟਰੀ, ਏਕਸ ਕੇ ਬਾਰਕ ਜਥੇਬੰਦੀ ਬਠਿੰਡਾ ਇਕਾਈ ਦੇ ਪ੍ਰਧਾਨ ਮਹਿੰਦਰ ਸਿੰਘ ਖ਼ਾਲਸਾ, ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਕਿੱਕਰ ਸਿੰਘ, ਗੁਰਮਤਿ ਪ੍ਰਚਾਰ ਸਭਾ ਬਠਿੰਡਾ ਦੇ ਜਨਰਲ ਪ੍ਰਿੰ: ਰਣਜੀਤ ਸਿੰਘ, ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦੇ ਕੇਂਦਰੀ ਪੰਚਾਇਤ ਮੈਂਬਰ ਕਿਰਪਾਲ ਸਿੰਘ, ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਸਿਮਰਨਜੋਤ ਸਿੰਘ, ਹਰਜੋਤ ਸਿੰਘ, ਅਕਾਲੀ ਆਗੂ ਭੋਲਾ ਸਿੰਘ ਗਿੱਲਪੱਤੀ, ਸ਼੍ਰੋਮਣੀ ਅਕਾਲੀ ਦਲ (ਅ) ਜਿਲ੍ਹਾ ਸ਼ਹਿਰੀ ਪ੍ਰਧਾਨ ਹਰਫੂਲ ਸਿੰਘ ਅਤੇ ਹੋਰ ਪੰਥ ਦਰਦੀ ਪ੍ਰਮਿੰਦਰ ਸਿੰਘ ਰੰਧਾਵਾ, ਰਤਨ ਸਿੰਘ, ਮਨਜੀਤ ਸਿੰਘ ਆਦਿ ਨੇ ਇੱਕ ਸਾਂਝੇ ਬਿਆਨ ਵਿੱਚ ਮੰਗ ਕੀਤੀ ਕਿ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬਉਚ ਅਤੇ ਅਤੇ ਇਸ ਦੇ ਜਥੇਦਾਰ ਵੱਲੋਂ ਦਿੱਤੇ ਬਿਆਨ ਨੂੰ ਸਿੱਖ ਕੌਮ ਦੀ ਪ੍ਰਤੀਨਿਧਤਾ ਮੰਨਦੇ ਹਨ ਤਾਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਠਿੰਡਾ ਵਿਖੇ ੧ ਅਗਸਤ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੀ ਫੇਰੀ ਦੌਰਾਨ ਉਨ੍ਹਾਂ ਨਾਲ ਕੈਲੰਡਰ ਵਿਸ਼ੇ 'ਤੇ ਵੀਚਾਰਾਂ ਕਰਨ ਲਈ ਸਮਾਂ ਦੇਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top