Share on Facebook

Main News Page

ਤੇ ਹੁਣ ਨਗਰ ਕੀਰਤਨ ਵਿੱਚ ਝਾਕੀਆਂ ਵੀ
-: ਜਸਵਿੰਦਰ ਸਿੰਘ 9814715796

ਜਦੋਂ ਵੀ ਕੋਈ ਗੁਰਪੁਰਬ ਆਉਂਦਾ ਹੈ,ਉਸ ਤੋਂ ਇੱਕ ਜਾਂ ਦੋ ਦਿਨ ਪਹਿਲਾਂ “ਨਗਰ ਕੀਰਤਨ” ਕੱਢਿਆ ਜਾਂਦਾ ਹੈ। ਗੁਰਮਤਿ ਸਿਧਾਂਤਾਂ ਅਨੁਸਾਰ ਤਾਂ ਵੈਸੇ ਨਗਰ ਕੀਰਤਨ ਕੱਢਣਾ ਹੀ ਗਲਤ ਹੈ। ਆਪਣੇ ਗੁਰੂ-“ਸ਼ਬਦ-ਗੁਰੂ” ਨੂੰ ਲੈ ਕੇ ਸ਼ੋਰ ਸ਼ਰਾਬਾ ਕਰਦੇ, ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਜਾਣਾ, ਲੰਮੇ ਲੰਮੇ ਕਾਫ਼ਲਿਆਂ ਦਾ ਟਰੈਫਿ਼ਕ ਜਾਮ ਕਰਨਾ ਅਤੇ ਲੋਕਾਈ ਦੇ ਨਿੱਤ ਦੇ ਕੰਮਾਂ ਵਿੱਚ ਵਿਘਨ ਦਾ ਕਾਰਨ ਬਣਨਾ, ਕਿਸੇ ਵੀ ਤਰਾਂ ਤੱਤ ਗੁਰਮਤਿ ਸਿਧਾਂਤ ਨਹੀਂ ਕਹਾ ਸਕਦਾ। ਭਾਈ ਗੁਰਬਖਸ਼ ਸਿੰਘ, ਜੋ ਕਿ ਇੱਕ ਵਿਦਵਾਨ ਲੇਖਕ ਹਨ {ਕਰਤਾ “ਨਾਨਕ ਸਾਚੇ ਕਉ ਸਚ ਜਾਣ” ਅਤੇ “ਜੋ ਹਮ ਸ਼ਹਰੀ ਸੋ ਮੀਤ ਹਮਾਰਾ”} ਅਨੁਸਾਰ ‘ਪ੍ਰਭਾਤ ਫੇਰੀਆਂ’ ਅਤੇ ‘ਨਗਰ ਕੀਰਤਨ’ਵਿੱਚ ਤਾਂ ਸੁਰਤਿ ਦਾ ਖਿੰਡਾਉ ਹੁੰਦਾ ਹੈ, ਜਦਕਿ ਧਰਮ ਤਾਂ ਸੁਰਤਿ ਨੂੰ ਸ਼ਬਦ ਵਿੱਚ ਜੋੜਨ ਦਾ ਨਾਂ ਹੈ।

ਖੈਰ ! ਸਦੀਆਂ ਤੋਂ ਇਹ ਪ੍ਰਥਾ ਚਲਦੀ ਆ ਰਹੀ ਹੈ। ਇਤਿਹਾਸਕ ਪੱਖ ਵੀ ਹੋਵੇਗਾ। ਉਸ ਸਮੇਂ ਕੋਈ ਖਾਸ ਕਾਰਨ ਵੀ ਹੋਣਗੇ। ਉਨ੍ਹਾਂ ‘ਤੇ ਚਰਚਾ ਕਰਨੀ ਸਾਡਾ ਅੱਜ ਦਾ ਵਿਸ਼ਾ ਨਹੀਂ। ਅੱਜ ਅਸੀਂ ਗੱਲ ਕਰਾਂਗੇ ਨਗਰ ਕੀਰਤਨ ਦੀ ਬਣਤਰ ਦੀ। ਹੁਣ ਤੱਕ ਜੋ ਕੁਝ ਦੇਖਿਆ ਹੈ, ਉਸ ਵਿੱਚ ਸਕੂਲੀ ਬੱਚੇ ਬੈਂਡ ਵਾਜੇ ਸਮੇਤ ਕਤਾਰਾਂ ਵਿੱਚ, ਨਿਹੰਗ ਸਿੰਘਾਂ ਦਾ ਗੱਤਕਾ, ਸ਼ਬਦ ਕੀਰਤਨ ਕਰਦੇ ਜੱਥੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਵਿੱਚ, ਵੱਖ ਵੱਖ ਬੋਲਦੇ ਹੋਏ ਬੁਲਾਰੇ, ਅਤੇ ਪਿੱਛੇ ਪੈਦਲ ਜਾਂ ਵੱਖ ਵੱਖ ਵਾਹਨਾਂ ਤੇ ਚਲਦੀ ਹੋਈ ਸੰਗਤ।

ਫਿਰ ਸਾਹਿਬਜਾਦਿਆਂ ਦੇ ਸ਼ਹੀਦੀ ਗੁਰਪੁਰਬ ਤੋਂ ਪਹਿਲਾਂ ਲੁਧਿਆਣੇ ਵਿਖੇ ਕੱਢੇ ਗਏ ਇੱਕ ਨਗਰ ਕੀਰਤਨ ਵਿੱਚ ਝਾਕੀਆਂ ਵੀ ਵੇਖਣ ਨੂੰ ਮਿਲੀਆਂ। ਜਿਵੇਂ ਇੱਕ ਝਾਕੀ ਵਿੱਚ ਭਾਈ ਮਤੀਦਾਸ ਜੀ ਆਰੇ ਨਾਲ ਚੀਰੇ ਜਾਂਦੇ ਦਿਖਾਏ ਗਏ ਸੀ। ਦੂਜੀ ਝਾਕੀ ਵਿੱਚ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਜਾਂਦਾ ਦਿਖਾਇਆ ਗਿਆ ਸੀ। ਇਹ ਝਾਕੀ ਨਿਰੋਲ ਮਸ਼ੀਨੀਕਰਣ ਰਾਹੀਂ ਦਿਖਾਈਆਂ ਗਈਆਂ ਸਨ। ਲੱਕੜੀ ਦੇ ਫੱਟੇ ਤੇ ਬਣਾਈ ਭਾਈ ਸਾਹਿਬ ਜੀ ਦੀ ਤਸਵੀਰ ਤੇ ਆਰਾ ਫਿੱਟ ਕੀਤਾ ਗਿਆ ਸੀ ਅਤੇ ਪਿਛਲੇ ਪਾਸਿਓਂ ਮੋਟਰ ਲਗਾ ਕੇ ਆਰੇ ਨੂੰ ਇੱਕੋ ਥਾਂ ‘ਤੇ ਸਰੀਰ ਵਿੱਚੋਂ ਲੰਘਦਾ ਦਿਖਾਇਆ ਗਿਆ ਹੈ।

ਇਸ ਤਰਾਂ ਦੀਆਂ ਕੁਝ ਝਲਕੀਆਂ ਗੁਰੂ ਅਰਜਨ ਸਾਹਿਬ ਜੀ ਸ਼ਹੀਦੀ ਦੇ 400 ਸਾਲਾ ਸ਼ਤਾਬਦੀ ਸਮਾਗਮਾਂ ਵੇਲੇ ਤਰਨਤਾਰਨ ਵਿਖੇ ਵੀ ਦੇਖੀਆਂ ਸਨ। ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਦਿਖਾਏ ਸਨ (ਵੱਡ ਆਕਾਰੀ ਫੋਟੋ)। ਹੇਠਾਂ ਅੱਗ ਦੀਆਂ ਲਾਟਾਂ ਚਲਦੀਆਂ ਨਜ਼ਰ ਆ ਰਹੀਆਂ ਸਨ। ਲਾਲ ਪੀਲ਼ੇ ਕੱਪੜੇ ਦੀਆਂ ਕਾਤਰਾਂ ਨੂੰ ਹੇਠੋਂ ਬੰਨ੍ਹ ਦਿੱਤਾ ਗਿਆ ਸੀ ਅਤੇ ਇੱਕ ਪਾਸਿਓਂ ਤੇਜ ਪੱਖਾ ਚਲਾ ਕੇ ਉਨ੍ਹਾਂ ਕਾਤਰਾਂ ਨੂੰ ਉਪਰ ਵੱਲ ਉਠਦੀਆਂ ਕੀਤਾ ਗਿਆ ਸੀ, ਜੋ ਬਲ਼ਦੀ ਹੋਈ ਅੱਗ ਦਾ ਪ੍ਰਭਾਵ ਪਾਉਂਦੀਆਂ ਸਨ। ਇਸੇ ਤਰਾਂ ਇੱਕ ਥਾਂ ਤੇ ਗੁਰੂ ਨਾਨਕ ਦੇਵ ਜੀ ਉਤੇ ਆਪਣੇ ਆਪ ਚੌਰ ਹੋ ਰਿਹਾ ਦਿਖਾਇਆ ਗਿਆ ਸੀ {ਯੰਤਰੀਕਰਣ ਰਾਹੀਂ} ਅਤੇ ਹੋਰ ਥਾਂ ਆਪੇ ਚੱਕੀਆਂ ਚੱਲ ਰਹੀਆਂ ਸਨ।

ਅੱਜ ਵਿਗਿਆਨ ਦਾ ਯੁੱਗ ਹੈ। ਕਿਸੇ ਵੀ ਘਟਨਾ ਨੂੰ ਇਸ ਢੰਗ ਨਾਲ ਪੇਸ਼ ਕਰਨਾ ਜਿਆਦਾ ਔਖਾ ਨਹੀਂ ਹੈ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਗੁਰਮਤਿ ਸਿਧਾਂਤ ਇਸ ਦੀ ਇਜ਼ਾਜ਼ਤ ਦਿੰਦਾ ਹੈ ? ਜਿਹੜਾ ਗੁਰਮਤਿ ਸਿਧਾਂਤ ਮੂਰਤੀ ਪੂਜਾ ਦੇ ਵਿਰੁੱਧ ਹੈ, ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਣਾਉਣ ਦੀ ਵੀ ਇਜ਼ਾਜ਼ਤ ਨਹੀਂ ਦਿੰਦਾ, ਅਸੀਂ ਉਸ ਇਤਿਹਾਸ ਨੂੰ ਹਿਰਦੇ ਵਿੱਚ ਵਸਾਉਣ ਦੀ ਥਾਂ ਇਸ ਤਰਾਂ ਪੇਸ਼ ਕਰ ਰਹੇ ਹਾਂ। ਬਹੁਤ ਸਾਰੇ ਪਾਠਕ ਕਹਿਣਗੇ ਕਿ ਇਸ ਤਰਾਂ ਸੌਖਿਆਂ ਸਮਝ ਆ ਜਾਏਗੀ ਅਤੇ ਪ੍ਰੇਰਨਾ ਮਿਲੇਗੀ। ਪਰ ਅਸੀਂ ਇਤਿਹਾਸ ਤੋਂ ਹੁਣ ਤੱਕ ਕਿੰਨਾ ਕੁ ਸਿੱਖਿਆ ਹੈ? ਗੁਰਦੁਆਰਾ ਮਹਿੰਦੀਆਣਾ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਪੁਥਰਾਂ ਅਤੇ ਸੀਮਿੰਟ ਰਾਹੀਂ ਦਿਖਾਇਆ ਹੈ। ਕਿੰਨੇ ਕੁ ਸਿੱਖ ਹੋਣਗੇ ਜਿਨ੍ਹਾਂ ਉਥੋਂ ਪ੍ਰਭਾਵਿਤ ਹੋ ਕੇ ਪਤਿਤਪੁਣਾ ਛੱਡ ਦਿੱਤਾ ਜਾਂ ਬਹਾਦਰੀ ਪੈਦਾ ਕੀਤੀ। ਕਿੰਨੇ ਕੁ ਨੇ ਜਿਨ੍ਹਾਂ ਉਥੋਂ ਪ੍ਰੇਰਨਾ ਲੈ ਕੇ ਅੰਮ੍ਰਿਤ ਛਕਿਆ।

ਪ੍ਰੇਰਨਾ ਤਾਂ ਗੁਰਬਾਣੀ ਅਤੇ ਗੁਰੂ ਦੇ ਸ਼ਬਦ ਵਿੱਚ ਹੈ। ਇੱਕ ਅਧਿਆਪਕ ਜਮਾਤ ਵਿੱਚ ਪੜ੍ਹਾਉਂਦਾ ਹੈ। ਉਹ ਆਪਣੇ ਵਿਸ਼ੇ ਨੂੰ ਸੌਖਾ ਬਣਾਉਣ ਲਈ ਚਾਰਟ ,ਮਾਡਲ, ਪ੍ਰਯੋਗ ਆਦਿ ਦੀ ਵਰਤੋਂ ਕਰਦਾ ਹੈ, ਪਰ ਇਹ ਇਕੱਲੇ ਕੁਝ ਵੀ ਨਹੀਂ। ਉਹ ਆਪਣੇ ਵਿਸ਼ੇ ਨਾਲ ਸੰਬੰਧਤ ਕਰ ਕੇ ਇਨ੍ਹਾਂ ਦੀ ਵਰਤੋਂ ਆਪਣੇ ਸਿਧਾਂਤ ਨੂੰ ਦ੍ਰਿੜ ਕਰਵਾਉਣ ਲਈ ਕਰਦਾ ਹੈ। ....ਇਹੀ ਗੱਲ ਇੱਥੇ ਵੀ ਹੈ। ਗੁਰ-ਸ਼ਬਦ ਦੇ ਸਿਧਾਂਤ ਤੋਂ ਉਲਟ ਵਰਤੀ ਗਈ ‘ਸਹਾਇਕ ਸਮੱਗਰੀ’ ਉਲਟ ਪ੍ਰਭਾਵ ਪਾਉਂਦੀ ਹੈ। ਗੁਰਬਾਣੀ ਦਾ ਫਲੁਰਮਾਨ ਹੈ “ਗੁਰ ਕੀ ਮੂਰਤਿ ਮਨ ਮਹਿ ਧਿਆਨ।” ਜਿਸ ਨੂੰ ਭਾਈ ਗੁਰਦਾਸ ਜੀ ਨੇ “ਗੁਰ ਮੂਰਤ ਗੁਰ ਸ਼ਬਦ ਹੈ” ਕਹਿ ਕੇ ਸਮਝਾਇਆ ਹੈ। ਇਹੀ ਸਾਡਾ ਸਿਧਾਂਤ ਹੈ, ਪਰ ਜੇ ਅਸੀਂ ਸ਼ਬਦ-ਗੁਰੂ ਦੇ ਸਿਧਾਂਤ ਨੂੰ ਸਮਝਾਉਣ ਲਈ ਗੁਰੂ ਸਾਹਿਬਾਨ ਦੀਆਂ ਮੂਰਤਾਂ, ਚਿੱਤਰਾਂ, ਅਤੇ ਬੁੱਤਾਂ ਦੀ ਸਮੱਗਰੀ ਵਰਤੀਏ, ਤਾਂ ਸਿਧਾਂਤ ਪ੍ਰਪੱਕ ਹੋਵੇਗਾ ਜਾਂ ਅਸੀਂ ਸਿਧਾਂਤ ਤੋਂ ਦੂਰ ਜਾਵਾਂਗੇ ? ਜਿਹੜੇ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਵੀ ਮੁਗਲਾਂ ਨਾਲ ਲੋਹਾ ਲਿਆ ਅਤੇ ਉਨ੍ਹਾਂ ਦੇ ਛੱਕੇ ਛੁਡਾਏ, ਉਨ੍ਹਾਂ ਨੇ ਕਿਹੜੀਆਂ ਤਸਵੀਰਾਂ, ਮੂਰਤਾਂ, ਬੁੱਤਾਂ ਜਾਂ ਝਾਕੀਆਂ ਤੋਂ ਪ੍ਰੇਰਨਾ ਲਈ ਸੀ ? ਉਨ੍ਹਾਂ ਨੇ ‘ਗੁਰੂ ਦੇ ਸ਼ਬਦ’ ਨੂੰ –‘ਗੁਰੂ ਦੇ ਹੁਕਮ’ ਨੂੰ ਹਿਰਦੇ ਵਿੱਚ ਰੱਖਿਆ ਸੀ। ਕਿਸੇ ਤਸਵੀਰ ਨੂੰ ਨਹੀਂ।

ਬੇਨਤੀ ਹੈ ਕਿ ਸਿੱਖੀ ਸਿਧਾਂਤਾਂ ਨੂੰ ਪੈਰਾਂ ਹੇਠ ਨਾ ਰੋਲੋ। ਇਸ ਤਰਾਂ ਕਰਨ ਨਾਲ ਸਾਡਾ ਸਿਰ ਉਚਾ ਨਹੀਂ ਹੁੰਦਾ। ਸਬ ਤੋਂ ਪਹਿਲਾਂ ਸਾਡੇ ਲਈ ਸਿਧਾਂਤਕ ਦ੍ਰਿੜਤਾ ਜਰੂਰੀ ਹੈ। ਫਿ਼ਰ ਪ੍ਰਚਾਰ ਵੀ ਸਿਧਾਂਤਾਂ ਅਨੁਸਾਰ ਹੀ ਕੀਤਾ ਜਾਵੇ। ਦੇਖਾ ਦੇਖੀ ਵਿੱਚ ਨਹੀਂ। ਹੋਰ ਮੱਤਾਂ ਲਈ ਝਾਕੀਆਂ ਰਾਸਾਂ ਪਾਉਣੀਆਂ ਪ੍ਰਵਾਨ ਹੋ ਸਕਦੀਆਂ ਹਨ, ਪਰ ਸਿੱਖੀ ਵਿੱਚ ਨਹੀਂ। ਨਗਰ ਕੀਰਤਨ ਜੇ ਕੱਢਣੇ ਹੀ ਹਨ, ਤਾਂ ਉਸ ਵਿੱਚ ਸਿਰਫ਼ ਅਤੇ ਸਿਰਫ਼ ਗੁਰੂ ਜੱਸ ਹੋਵੇ । ਉਹ ਵੀ ਬਹੁਤ ਹੀ ਟਿਕਾਅ, ਠਰੰਮੇ ਅਤੇ ਸਹਿਜ ਵਿੱਚ। ਜੋਰ, ਸ਼ੋਰ ਦੀਆਂ ਕੰਨ ਪਾੜਵੀਆਂ ਆਵਾਜਾਂ ਨਾਲ ਨਹੀਂ। ਨਗਰ ਕੀਰਤਨਾਂ ਦੇ ਅੱਗੇ ਪ੍ਰਦੂਸ਼ਣ ਫੈਲਾਉਂਦੀ ਆਤਿਸ਼ਬਾਜੀ ਨਹੀਂ ਹੋਣੀ ਚਾਹੀਦੀ।

ਕਿਸੇ ਵੀਰ ਭੈਣ ਨੂੰ ਮੇਰੇ ਸ਼ਬਦਾਂ ਤੋਂ ਚੋਟ ਪੁੱਜੀ ਹੋਵੇ, ਖਿਮਾ ਦਾ ਜਾਚਕ ਹਾਂ। ਪਾਠਕਾਂ ਤੋਂ ਟਿੱਪਣੀ ਦੀ ਆਸ ਕਰਦਾ ਹਾਂ।

ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ,
ਪਿੰਡ ਭੈਣੀ (ਲੁਧਿਆਣਾ)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top