Share on Facebook

Main News Page

ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਦਾ ਮੁੱਖ ਕਾਰਣ: ‘ਕੂੜੇ ਮੂਰਖ ਕੀ ਹਾਠੀਸਾ’
-: ਕਿਰਪਾਲ ਸਿੰਘ ਬਠਿੰਡਾ
ਮੋਬ: 9855480797

ਇੱਕੋ ਧਰਮ ਨੂੰ ਮੰਨਣ ਵਾਲੀਆਂ ਵੱਖ ਵੱਖ ਸੰਪ੍ਰਦਾਵਾਂ ਅਤੇ ਜਥੇਬੰਦੀਆਂ ਵਿੱਚ ਸਿਧਾਂਤਕ ਤੌਰ ’ਤੇ ਮੱਤਭੇਦ ਹੋਣੇ ਅਤੇ ਇਨ੍ਹਾਂ ਮੱਤਭੇਦਾਂ ਕਰਕੇ ਵਿਵਾਦ ਅਤੇ ਝਗੜੇ ਵਧਣ ਦਾ ਮੁੱਖ ਕਾਰਣ ਉਹ ਲੋਕ ਹਨ ਜੋ ਆਪਣੇ ਧਰਮ ਅਤੇ ਧਾਰਮਿਕ ਗੁਰੂ ਦੇ ਗਿਆਨ ਤੋਂ ਤਾਂ ਸੱਖਣੇ ਹਨ ਪਰ ਪੁਰਾਤਨਤਾ ਦੇ ਨਾਮ ਹੇਠ ਅੰਧਵਿਸ਼ਵਾਸ਼ਾਂ ਨਾਲ ਜੁੜੇ ਹੋਏ ਹੋਣ ਕਰਕੇ ਆਪਣੀ ਸੰਪ੍ਰਦਾ ਅਤੇ ਜਥੇਬੰਦੀ ਦੇ ਮੁਖੀ ਨੂੰ ਹੀ ਸਰਬੋਤਮ ਸਮਝਦੇ ਤੇ ਪ੍ਰਚਾਰਦੇ ਹਨ। ਜੇ ਕੋਈ ਮਨੁੱਖ ਉਨ੍ਹਾਂ ਵੱਲੋਂ ਪ੍ਰਚਾਰੇ ਜਾ ਰਹੇ ਅੰਧਵਿਸ਼ਵਾਸ਼ਾਂ ਦਾ ਗੁਰੂ ਦੇ ਗਿਆਨ ਰਾਹੀਂ ਖੰਡਨ ਕਰਨ ਦਾ ਹੌਸਲਾ ਕਰ ਬੈਠੇ ਤਾਂ ਉਸ ਨੂੰ ਨਾਮ ਰਸ ਅਤੇ ਅਨੁਭਵ ਤੋਂ ਹੀਣਾ, ਅਗਿਆਨੀ, ਕਾਮਰੇਡ ਕਿਸਮ ਦੇ ਅਨਪੜ੍ਹ ਅਖੌਤੀ ਮਿਸ਼ਨਰੀ ਆਦਿਕ ਵਿਸ਼ੇਸ਼ਣਾਂ ਨਾਲ ਭੰਡਣਾਂ ਸ਼ੁਰੂ ਕਰ ਦਿੰਦੇ ਹਨ। ਬੱਸ ਸਾਰੇ ਝਗੜਿਆਂ ਦੀ ਜੜ ਹੈ: ‘ਗਿਆਨ ਹੀਣ ਮਨੁੱਖ ਵੱਲੋਂ ਆਪਣੇ ਆਪ ਨੂੰ ਅਨੁਭਵੀ ਤੇ ਸਭ ਤੋਂ ਸਿਆਣਾ ਸਮਝ ਕੇ ਆਪਣੀ ਵਿਰੋਧੀ ਵੀਚਾਰਧਾਰਾ ਰੱਖਣ ਵਾਲੇ ਸਾਰਿਆਂ ਨੂੰ ਹੀ ਅਗਿਆਨੀ ਸਮਝ ਲੈਣਾ।’

ਆਪਣੇ ਆਪ ਨੂੰ ਸਭ ਤੋਂ ਵੱਧ ਗਿਆਨਵਾਨ ਸਮਝਣ ਵਾਲਿਆਂ ’ਚੋਂ ਇੱਕ ਉਦਾਹਰਣ ਹੈ ਬਿਬੇਕ ਪ੍ਰਕਾਸ਼ਨ ਦੇ ਸ: ਤਰਦੀਪ ਸਿੰਘ ਅਤੇ ਕਸ਼ਮੀਰ ਸਿੰਘ ਦੀ, ਜਿਨ੍ਹਾਂ ਨੇ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਅਤੇ ਬਿਕ੍ਰਮੀ ਕੈਲੰਡਰ ਨੂੰ ਸਭ ਤੋਂ ਸ਼੍ਰੇਸ਼ਟ ਕੈਲੰਡਰ ਸਿੱਧ ਕਰਨ ਹਿੱਤ ਬੀਬੀ ਅਮਰਜੀਤ ਕੌਰ (ਐੱਮਏ, ਬੀਐੱਡ) ਬੈਲਜ਼ੀਅਮ ਦਾ ਲਿਖਿਆ ਇੱਕ ਲੇਖ ‘ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ – ਨਾਨਕਸ਼ਾਹੀ ਕੈਲੰਡਰ’ ਸਿਰਲੇਖ ਹੇਠ ਇੱਕ ਕਿਤਾਬਚਾ ਛਾਪਿਆ ਹੈ। ਇਸ ਕਿਤਾਬਚੇ ਦੇ ਮੁੱਖ ਬੰਦ ਵਿੱਚ ਬੀਬੀ ਅਮਰਜੀਤ ਕੌਰ ਜੀ ਲਿਖ ਰਹੀ ਹੈ: ‘ਸੂਰਜ ਇੱਥੋਂ ਦੇ ਜੀਵਨ ਨੂੰ ਮੁੱਖ ਰੂਪ ਵਿੱਚ ਪ੍ਰਭਾਵਤ ਕਰ ਰਿਹਾ ਹੈ।

ਜਰਾ ਅੰਦਾਜ਼ਾ ਲਾਓ, ਜੇ ਕਰ ਅੱਜ ਸੂਰਜ ਨਿਕਲਣਾਂ ਬੰਦ ਹੋ ਜਾਏ ਤਾਂ ਕੀ ਬਣੇ ਇੱਥੋਂ ਦੇ ਜਨ ਜੀਵਨ ਦਾ! ਸਰਦੀਆਂ ਵਿੱਚ ਸੂਰਜ ਸਿਰਫ ਦੂਰ ਚਲਾ ਜਾਂਦਾ ਹੈ ਤਾਂ ਐਨੀ ਠੰਡ ਵਧ ਜਾਂਦੀ ਹੈ। ਜੇ ਕਰ ਸੂਰਜ ਬਿਲਕੁਲ ਹੀ ਨਾ ਹੋਵੇ ਤਾਂ ਕੀ ਬਣੇ! ਫਿਰ ਤਾਂ ਅਰਬਦ ਨਰਬਦ ਧੁੰਦੂਕਾਰਾ ਹੀ ਹੋਵੇ। ਚਾਰੇ ਪਾਸੇ ਸੰਘਣੀ ਧੁੰਦ ਨਾਲ ਹਨੇਰਾ ਹੀ ਹਨੇਰਾ। ਨਾ ਕੋਈ ਚੰਦਰਮਾ ਅਤੇ ਨਾ ਹੀ ਕੋਈ ਤਾਰਾ। ਕਿਉਂਕਿ ਇਨ੍ਹਾਂ ਸਾਰਿਆਂ ਦੀ ਦਿੱਖ ਵੀ ਤਾਂ ਸੂਰਜ ਦੇ ਕਾਰਣ ਹੀ ਹੈ।’

ਹੁਣ ਇਹ ਕਿਤਾਬਚਾ ਛਾਪਣ ਵਾਲੇ ਅਤੇ ਉਸ ਦੀ ਲੇਖਿਕਾ ਬੀਬੀ ਦੇ ਗਿਆਨ ਦਾ ਪੱਧਰ ਕਿੰਨਾ ਕੁ ਹੋ ਸਕਦਾ ਹੈ; ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਤਾਰਿਆਂ ਦੀ ਦਿੱਖ ਸੂਰਜ ਕਾਰਣ ਨਹੀਂ, ਸਗੋਂ ਉਨ੍ਹਾਂ ਦੀ ਆਪਣੀ ਰੌਸ਼ਨੀ ਹੁੰਦੀ ਹੈ ਤੇ ਉਹ ਸਿਰਫ ਸੂਰਜ ਦੀ ਅਣਹੋਂਦ ਵਿੱਚ ਹੀ ਦਿੱਸਦੇ ਹਨ। ਸੂਰਜ ਚੜ੍ਹਦੇ ਸਾਰ ਹੀ ਤਾਰੇ ਅਲੋਪ ਹੋ ਜਾਂਦੇ ਹਨ ਤੇ ਸੂਰਜ ਛਿਪਦੇ ਸਾਰ ਫਿਰ ਵਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ। ਇਹ ਸਚਾਈ ਅਸੀਂ ਰੋਜਮਰਾ ਦੀ ਜਿੰਦਗੀ ਵਿੱਚ ਹਰ ਰੋਜ ਵੇਖਦੇ ਹਾਂ ਤੇ ਭਾਈ ਗੁਰਦਾਸ ਜੀ ਨੇ ਵੀ ਵਾਰ 1 ਪਉੜੀ 27 ਵਿੱਚ ਇਸ ਤੱਥ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ: ‘ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।

ਅੱਗੇ ਜਾ ਕੇ ਬੀਬੀ ਜੀ ਲਿਖਦੀ ਹੈ: ‘ਸੋ ਸੂਰਜ ਬਿਨਾਂ ਸ਼ੱਕ ਜਿੰਦਗੀ ਦਾਤਾ ਹੈ। ਇਸੇ ਲਈ ਉਹ ਸਾਰੇ ਸ੍ਰੋਤ ਜੋ ਜਿੰਦਗੀ ਪ੍ਰਦਾਨ ਕਰਦੇ ਹਨ, ਪੂਜਨਯੋਗ ਹੁੰਦੇ ਹਨ। ਇਹੋ ਹੀ ਕਾਰਣ ਹੈ ਕਿ ਸਦੀਆਂ ਤੋਂ ਇਨਸਾਨ ਸੂਰਜ, ਹਵਾ, ਪਾਣੀ, ਧਰਤੀ ਆਦਿ ਦੀ ਪੂਜਾ ਦੇਵਤੇ ਦੇ ਰੂਪ ਵਿੱਚ ਕਰਦਾ ਆ ਰਿਹਾ ਹੈ।’ ਬੀਬੀ ਜੀ ਦੇ ਇਸ ਕਥਨ ਨੂੰ ਤਰਦੀਪ ਸਿੰਘ, ਕਸ਼ਮੀਰ ਸਿੰਘ ਵਰਗਾ ਮਨੁੱਖ ਬੇਸ਼ਕ ਨਾ ਕੱਟ ਸਕੇ, ਪਰ ਗੁਰਬਾਣੀ ਅਨੁਸਾਰ ਤਾਂ ਕਰਤਾਰ ਨੇ ਪਹਿਲਾਂ ਜੀਵ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਹ ਸਭ ਚੀਜਾਂ ਬਣਾਈਆਂ ਅਤੇ ਫਿਰ ਕਈ ਨਸਲਾਂ ਤੇ ਰੰਗਾਂ ਦੇ ਜੀਵ ਪੈਦਾ ਕੀਤੇ: ‘ਪਹਿਲੋ ਦੇ ਤੈਂ ਰਿਜਕੁ ਸਮਾਹਾ ॥ ਪਿਛੋ ਦੇ ਤੈਂ ਜੰਤੁ ਉਪਾਹਾ ॥ ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥6॥’ (ਮਾਝ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 130)

ਕਰਤਾਰ ਦੇ ਬਣਾਏ ਅਟੱਲ ਨਿਯਮਾਂ ਅਨੁਸਾਰ ਇਹ ਸਭ ਆਪਣੀ ਕਾਰ ਨਿਭਾ ਰਹੇ ਹਨ ਪਰ ਇਨ੍ਹਾਂ ਦੇ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਹੈ:

ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥’ {ਜਪੁ, ਗੁਰੂ ਗ੍ਰੰਥ ਸਾਹਿਬ - ਪੰਨਾ 7}

ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥ ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥4॥’ (ਗੂਜਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 504)

ਆਪੀਨੈ ਆਪੁ ਸਾਜਿ ਆਪੁ ਪਛਾਣਿਆ ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥ ਵਿਣੁ ਥੰਮਾ ਗਗਨੁ ਰਹਾਇ ਸਬਦੁ ਨੀਸਾਣਿਆ ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥ ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥ ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥ ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥1॥’ (ਮਲਾਰ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 1279)

ਅਕਾਲ ਪੁਰਖ਼ ਦੀ ਸਾਜੀ ਸ੍ਰਿਸ਼ਟੀ ਦੀਆਂ ਹੋਰ ਬਿਨਸਣਹਾਰ ਵਸਤੂਆਂ ਅਤੇ ਜੀਵ ਜੰਤੂਆਂ ਵਾਂਗ ਧਰਤੀ, ਅਕਾਸ਼, ਪਤਾਲ, ਚੰਦ, ਸੂਰਜ ਆਦਿਕ ਸਾਰੇ ਹੀ ਬਿਨਸਣਹਾਰ ਹਨ:

ਪਉੜੀ ॥ ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥ ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥ ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥ ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥ ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥ ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥ ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥ ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥17॥’ {ਮਾਰੂ ਵਾਰ:2 (ਮ: 5) ਗੁਰੂ ਗ੍ਰੰਥ ਸਾਹਿਬ - ਪੰਨਾ 1100}

ਗੁਰੂ ਸਾਹਿਬ ਜੀ ਨੇ ਕਰਤੇ ਦੀ ਥਾਂ ਕਰਤਾਰ ਦੀਆਂ ਬਣਾਈਆਂ ਇਨ੍ਹਾਂ ਬਿਨਸਣਹਾਰ ਵਸਤੂਆਂ ਦੀ ਪੂਜਾ ਜਾਂ ਸਿਫਤ ਸਾਲਾਹ ਕਰਨ ਦੀ ਸਖਤ ਮਨਾਹੀ ਕੀਤੀ ਹੈ:

ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥ ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥6॥’ {ਮਾਰੂ ਵਾਰ:1 (ਮ: 3) ਗੁਰੂ ਗ੍ਰੰਥ ਸਾਹਿਬ - ਪੰਨਾ 1088}

ਅੰਧ ਵਿਸ਼ਵਾਸ਼ਾਂ ’ਚ ਜਕੜਿਆ ਜੋ ਵਿਅਕਤੀ ਅਕਾਲ ਪੁਰਖ਼ ਅਤੇ ਗੁਰੂ ਦੇ ਇਸ ਹੁਕਮ ਨੂੰ ਨਹੀਂ ਸਮਝਦਾ ਉਸ ਨੂੰ ਗੁਰੂ ਸਾਹਿਬ ਜੀ ਨੇ ਕੱਚਾ ਕਿਹਾ ਹੈ:

ਪਉੜੀ ॥ ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ ॥ ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥’ {ਮਾਰੂ ਵਾਰ:1 (ਮ: 3) ਗੁਰੂ ਗ੍ਰੰਥ ਸਾਹਿਬ - ਪੰਨਾ 1094}

ਬੀਬੀ ਅਮਰਜੀਤ ਕੌਰ ਦੇ ਉਕਤ ਕਥਨਾਂ ਬਾਰੇ ਮੈਂ ਖ਼ੁਦ ਕੁਝ ਕਹਿਣ ਦੀ ਬਜਾਏ ਇਹ ਗੱਲ ਪਾਠਕਾਂ ’ਤੇ ਛੱਡਣਾ ਚਾਹੁੰਦਾ ਹਾਂ ਕਿ ਗਰੁਬਾਣੀ ਦੇ ਉਪਰ ਦਿੱਤੇ ਗਏ ਪ੍ਰਮਾਣਾਂ ਦੀ ਰੌਸ਼ਨੀ ਵਿੱਚ ਉਹ ਖ਼ੁਦ ਫੈਸਲਾ ਕਰਨ ਕਿ ਬੀਬੀ ਜੀ ਦੇ ਕਥਨ ਕਿੰਨੇ ਕੁ ਸਾਰਥਕ ਹਨ।

ਇਸ ਤੋਂ ਅੱਗੇ ਪੰਨਾ 10 ’ਤੇਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥’ ਸਿਰਲੇਖ ਹੇਠ ਲਿਖੇ ਲੇਖ ਵਿੱਚ ਬਿਕ੍ਰਮੀ ਚੰਦਰ ਕੈਲੰਡਰ ਦੀ ਵਕਾਲਤ ਕਰਦੀ ਹੋਈ ਬੀਬੀ ਜੀ ਲਿਖ ਰਹੀ ਹੈ: ‘ਅਸਲ ਵਿੱਚ ਪੁੰਨਿਆ ਅਤੇ ਮੱਸਿਆ ਨੂੰ ਮੁੱਖ ਰੱਖਕੇ ਫਸਲ ਬੀਜੀ ਜਾਂਦੀ ਹੈ। ਕਿਉਂਕਿ ਹਨੇਰ ਪੱਖ ਵਿੱਚ ਧਰਤੀ ਦੇ ਹੇਠਲੇ ਤਲ ’ਤੇ ਕਿਰਿਆ ਜਿਆਦਾ ਹੋਣ ਕਰਕੇ ਚਾਨਣ ਪੱਖ ਆਉਣ ਤੱਕ ਬੀਜ ਪੁੰਗਾਰ ਤੱਕ ਪੁੱਜ ਜਾਂਦਾ ਹੈ। ਨਵੇਂ ਫੁੱਟੇ ਪੁੰਗਾਰ ਨੂੰ ਦਿਨ ਵੇਲੇ ਸੂਰਜ ਤੋਂ ਅਤੇ ਰਾਤ ਸਮੇਂ ਚੰਦਰਮਾ ਤੋਂ ਪੂਰਾ ਚਾਨਣ ਮਿਲ ਜਾਂਦਾ ਹੈ ਅਤੇ ਬੂਟੇ ਨਵੇਂ ਨਰੋਏ ਅਤੇ ਅਰੋਗ ਬਣ ਜਾਂਦੇ ਹਨ, ਜੋ ਕਿ ਵੱਧ ਝਾੜ ਪੈਦਾ ਕਰਦੇ ਹਨ। ਇਸ ਦੇ ਉਲਟ ਗਲਤ ਸਮੇਂ ਬੀਜੀ ਫਸਲ ਕਮਜੋਰ ਹੋਣ ਕਰਕੇ ਬੀਮਾਰੀ ਦਾ ਸ਼ਿਕਾਰ ਜਲਦੀ ਹੋ ਜਾਂਦੀ ਹੈ, ਫਲਸਰੂਪ ਪੈਦਾਵਾਰ ਘੱਟ ਹੁੰਦੀ ਹੈ।’ ਬੀਬੀ ਜੀ ਨੇ ਆਪਣੇ ਇਸ ਕਥਨ ਦੀ ਪ੍ਰੋੜਤਾ ਲਈ ਗੁਰਬਾਣੀ ਦਾ ਕੋਈ ਪ੍ਰਮਾਣ ਨਹੀਂ ਦਿੱਤਾ। ਇਸ ਨੂੰ ਹੂਬਹੂ ਮੰਨ ਲੈਣ ਜਾਂ ਇਸ ਦੀ ਕਾਟ ਕਰਨ ਲਈ ਮੈਨੂੰ ਵੀ ਗੁਰਬਾਣੀ ’ਚੋਂ ਕੋਈ ਪ੍ਰਮਾਣ ਨਹੀਂ ਲੱਭਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਗਿਆਨ ਅਧਾਰ ’ਤੇ ਛਾਪੀਆਂ ਜਾਂਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਕਿਤਾਬਾਂ ਵਿੱਚ ਫਸਲ ਬੀਜਣ ਸਮੇਂ ਹਨੇਰੇ ਜਾਂ ਚਾਨਣੇ ਪੱਖ ਦਾ ਕੋਈ ਕੋਈ ਜ਼ਿਕਰ ਨਹੀਂ ਹੈ। ਫਸਲ ਦੀ ਬੀਜਾਈ, ਨਵੀਂ ਨਰੋਈ ਤੇ ਅਰੋਗ ਹੋਣ ਜਾਂ ਵੱਧ ਝਾੜ ਪੈਦਾ ਕਰਨ ਲਈ ਢੁੱਕਵਾਂ ਤਾਪਮਾਨ, ਨਮੀ, ਖੁਰਾਕ, ਮੌਸਮ ਅਤੇ ਵਾਤਾਵਰਣ ਹੀ ਮਹੱਤਵਪੂਰਨ ਹਨ।

ਇਸ ਤੋਂ ਅੱਗੇ ਪੰਨਾ ਨੰ: 11 ’ਤੇ ਬ੍ਰਹਮਣਾਂ ਵੱਲੋਂ ਪੈਦਾ ਕੀਤੇ ਭ੍ਰਮਜਾਲ ਦੀ ਸੰਖੇਪ ਜਾਣਕਾਰੀ ਦੇਣ ਪਿੱਛੋਂ ਬੀਬੀ ਅਮਰਜੀਤ ਕੌਰ ਨੇ ਲਿਖਿਆ ਹੈ: ‘ਇਹੋ ਜਿਹਾ ਹੀ ਭ੍ਰਮਜਾਲ ਪਾਲ ਸਿੰਘ ਪੁਰੇਵਾਲ ਨੇ ਪੈਦਾ ਕੀਤਾ ਹੈ, ਜਿਸ ਨੇ ਭੋਲੀ ਭਾਲੀ ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਉਸ ਦਾ ਦਾਅਵਾ ਹੈ ਕਿ ਮੇਰੇ ਕੋਲ ਕੈਲੰਡਰ ਦੀ ਉੱਚ ਵਿਦਿਆ ਹੈ। ਬਜਾਏ ਇਸ ਦੇ ਕਿ ਲੋਕਾਂ ਨੂੰ ਦੱਸਿਆ ਜਾਂਦਾ ਕਿ ਕੈਲੰਡਰ ਸਮੇਂ ਨੂੰ ਮਾਪਣ ਦੀ ਇੱਕ ਇਕਾਈ ਹੁੰਦੀ ਹੈ ਉਸ ਨੇ ਹਊਆ ਖੜ੍ਹਾ ਕਰ ਦਿੱਤਾ ਕਿ ਬਿਕ੍ਰਮੀ ਕੈਲੰਡਰ ਸਿੱਖਾਂ ਨੂੰ ਹਿੰਦੂ ਬਣਾਉਂਦਾ ਹੈ ਅਤੇ ਬ੍ਰਾਹਮਣ ਜਾਂ ਪੰਡਤਾਂ ਦੇ ਭ੍ਰਮਜਾਲ ਵਿੱਚ ਫਸਾਉਂਦਾ ਹੈ। ਇਸ ਵਿੱਚ ਹਿੰਦੂਆਂ ਦੀਆਂ ਬਣਾਈਆਂ ਹੋਈਆਂ ਪੁੰਨਿਆਂ, ਮੱਸਿਆ ਜਾਂ ਸੰਗ੍ਰਾਂਦਾਂ ਆਉਂਦੀਆਂ ਹਨ। ਨਾਨਕਸ਼ਾਹੀ ਕੈਲੰਡਰ ਬਣਾਉਣਾ ਚਾਹੀਦਾ ਹੈ, ਜਿਸ ਵਿੱਚ ਹਿੰਦੂਆਂ ਦੁਆਰਾ ਨਿਸਚਿਤ ਕੀਤੀਆਂ ਹੋਈਆਂ ਸੰਗ੍ਰਾਂਦਾਂ, ਪੁੰਨਿਆਂ, ਜਾਂ ਮੱਸਿਆ ਦਾ ਪ੍ਰਛਾਵਾਂ ਵੀ ਨਾ ਹੋਵੇ।’

ਟਿੱਪਣੀ:- ਇਹ ਠੀਕ ਹੈ ਕਿ ਸੰਗ੍ਰਾਂਦਾਂ, ਪੁੰਨਿਆਂ, ਜਾਂ ਮੱਸਿਆ ਬ੍ਰਾਹਮਣ ਦੀਆਂ ਬਣਾਈਆਂ ਹੋਈਆਂ ਨਹੀਂ ਪਰ ਇਨ੍ਹਾਂ ਦਿਨਾਂ ਨੂੰ ਪਵਿਤਰ ਦਿਹਾੜੇ ਅਤੇ ਜਨ ਜੀਵਨ ’ਤੇ ਵਿਸ਼ੇਸ਼ ਅਸਰ ਪਾਉਣ ਦਾ ਭ੍ਰਮਜਾਲ ਪੈਦਾ ਕਰਕੇ ਭੋਲੇ ਲੋਕਾਂ ਤੋਂ ਦਾਨ ਦਖ਼ਸ਼ਣਾਂ ਲੈਣ ਲਈ ਇਨ੍ਹਾਂ ਦਿਨਾਂ ਨੂੰ ਵਿਸ਼ੇਸ਼ ਮਹੱਤਵ ਦੇਣ ਦਾ ਪ੍ਰਚਾਰ ਬ੍ਰਾਹਮਣ ਨੇ ਹੀ ਕੀਤਾ ਹੈ। ਇਸ ਦਾ ਗੁਰਬਾਣੀ ਵਿੱਚ ਵੀ ਜ਼ਿਕਰ ਹੈ: ‘ਆਪਨ ਊਚ, ਨੀਚ ਘਰਿ ਭੋਜਨੁ; ਹਠੇ ਕਰਮ ਕਰਿ, ਉਦਰੁ ਭਰਹਿ ॥ ਚਉਦਸ ਅਮਾਵਸ, ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ ॥2॥’ {ਰਾਮਕਲੀ (ਭਗਤ ਕਬੀਰ ਜੀਉ) ਗੁਰੂ ਗ੍ਰੰਥ ਸਾਹਿਬ - ਪੰਨਾ 970} ਬ੍ਰਾਹਮਣ ਦਾ ਇਹ ਭ੍ਰਮਜਾਲ ਸਿਰਫ ਅਨਪੜ੍ਹ ਲੋਕਾਂ ’ਤੇ ਹੀ ਨਹੀਂ ਬਲਕਿ ਪੜ੍ਹੀ ਲਿਖੀ ਲੇਖਿਕਾ ਅਮਰਜੀਤ ਕੌਰ ਸਮੇਤ ਉਨ੍ਹਾਂ ਸਾਰਿਆਂ ’ਤੇ ਪਿਆ ਪ੍ਰਤੱਖ ਵਿਖਾਈ ਦੇ ਰਿਹਾ ਹੈ ਜਿਹੜੇ ਸੰਗ੍ਰਾਂਦਾਂ, ਪੁੰਨਿਆਂ, ਜਾਂ ਮੱਸਿਆ ਨੂੰ ਪਵਿੱਤਰ ਤੇ ਵਿਸ਼ੇਸ਼ ਦਿਹਾੜੇ ਮੰਨਦੇ ਹੋਏ ਇਨ੍ਹਾਂ ਨਾਲ ਜੁੜੇ ਰਹਿਣ ਲਈ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹਨ। ਇੱਥੇ ਬੀਬੀ ਅਮਰਜੀਤ ਕੌਰ ਨੂੰ ਸਮਝ ਕਿਉਂ ਨਹੀਂ ਆ ਰਹੀ ਕਿ ਗੁਰਮਤਿ ਵਿੱਚ ਇਨ੍ਹਾਂ ਵਿਸ਼ੇਸ਼ ਦਿਨਾਂ ਦੀ ਕੋਈ ਮਹੱਤਤਾ ਨਹੀਂ ਹੈ ਇਸ ਲਈ ਸਾਨੂੰ ਸਮੇਂ ਨੂੰ ਮਾਪਣ ਲਈ ਕੈਲੰਡਰ ਸਿਰਫ ਉਹ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਨਿਸਚਤ ਕੀਤੀਆਂ ਇਤਿਹਾਸਕ ਤਰੀਖਾਂ ਹਮੇਸ਼ਾਂ ਹੀ ਸਥਿਰ ਤਰੀਖਾਂ ਨੂੰ ਆਉਣ ਤੇ ਜਿਸ ਨੂੰ ਦੁਨੀਆਂ ਭਰ ਵਿੱਚ ਫੈਲੇ ਸਿੱਖਾਂ ਤੇ ਹੋਰ ਲੋਕਾਂ ਲਈ ਸਮਝਣਾ ਤੇ ਯਾਦ ਕਰਨਾ ਬਹੁਤ ਹੀ ਅਸਾਨ ਹੋਵੇ। ਇਸ ਪੱਖੋਂ ਸ: ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਬਹੁਤ ਹੀ ਢੁੱਕਵਾਂ ਹੈ; ਕਿਉਂਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਕਰ ਦਿੱਤੀ ਗਈ ਹੈ। ਪਹਿਲੇ ਪੰਜ ਮਹੀਨੇ – ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ; ਅਖੀਰਲੇ ਸੱਤ ਮਹੀਨੇ – ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ 30-30 ਦਿਨਾਂ ਦੇ ਹੋਣਗੇ। ਜਿਸ ਸਾਲ ਲੀਪ ਦੇ ਸਾਲ ਵਿੱਚ ਫਰਵਰੀ 29 ਦਿਨਾਂ ਦੀ ਹੋਵੇਗੀ ਉਸ ਸਾਲ ਇਸ ਮਹੀਨੇ ਵਿੱਚ ਅਰੰਭ ਹੋਣ ਵਾਲਾ ਮਹੀਨਾ ਫੱਗਣ ਆਪਣੇ ਆਪ 31 ਦਿਨ ਦਾ ਹੋ ਜਾਵੇਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਹੋਣ ਕਰਕੇ ਹਰ ਮਹੀਨੇ ਦਾ ਆਰੰਭ ਭਾਵ ਪਹਿਲੀ ਤਰੀਖ (ਜਿਸ ਨੂੰ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹਿਣ ਦੀ ਵਕਾਲਤ ਕਰਨ ਵਾਲੇ ਬਿਪ੍ਰਵਾਦੀ ਸੋਚ ਦੇ ਲੋਕ ਧੱਕੇ ਨਾਲ ਹੀ ਸੰਗ੍ਰਾਂਦ ਦਾ ਨਾਮ ਦੇ ਰਹੇ ਹਨ) ਹਮੇਸ਼ਾਂ ਲਈ ਪੱਕੇ ਤੌਰ ’ਤੇ ਨਿਸਚਤ ਹੋ ਗਈ ਹੈ।

ਜਿਸ ਅਨੁਸਾਰ ਪਹਿਲੇ ਦੋ ਮਹੀਨਿਆਂ ਦਾ ਅਰੰਭ 14 ਤਰੀਖ ਨੂੰ ਭਾਵ ਚੇਤ= 14 ਮਾਰਚ, ਵੈਸਾਖ= 14 ਅਪ੍ਰੈਲ;
ਅਗਲੇ ਦੋ ਮਹੀਨੇ ਦਾ ਆਰੰਭ 15 ਤਰੀਖ ਨੂੰ ਭਾਵ ਜੇਠ= 15 ਮਈ, ਹਾੜ= 15 ਜੂਨ;
ਅਗਲੇ ਦੋ ਮਹੀਨੇ ਦਾ ਆਰੰਭ 16 ਤਰੀਖ ਨੂੰ ਭਾਵ ਸਾਵਣ= 16 ਜੁਲਾਈ, ਭਾਦੋਂ= 16 ਅਗਸਤ।

6 ਮਹੀਨੇ ਤੋਂ ਬਾਅਦ ਹੁਣ ਦੋ ਦੋ ਦੇ ਜੁੱਟ ਦੇ ਮਹੀਨਿਆਂ ਦੇ ਆਰੰਭ ਦੀ ਤਰੀਖ ਇੱਕ ਇੱਕ ਕਰਕੇ ਘਟਣੀ ਸ਼ੁਰੂ ਹੋ ਜਵੇਗੀ, ਜਿਵੇਂ ਕਿ:-
ਅੱਸੂ 15 ਸਤੰਬਰ, ਕੱਤਕ= 15 ਅਕਤੂਬਰ;
ਮੱਘਰ 14 ਨਵੰਬਰ, ਪੋਹ= 14 ਦਸੰਬਰ;
ਮਾਘ= 13 ਜਨਵਰੀ ਅਤੇ ਫੱਗਣ= 12 ਫਰਵਰੀ।

ਇਸ ਤਰ੍ਹਾਂ ਇਸ ਕੈਲੰਡਰ ਵਿੱਚ ਜਿਥੇ ਇੱਕ ਵਾਰ ਨਿਸਚਤ ਕੀਤੀਆਂ ਤਰੀਖਾਂ ਸਦਾ ਸਦਾ ਲਈ ਹੀ ਸਥਿਰ ਰਹਿਣਗੀਆਂ, ਉਥੇ ਇਸ ਦੇ ਸਾਲ ਦੀ ਔਸਤਨ ਲੰਬਾਈ (365 ਦਿਨ 5 ਘੰਟੇ 49 ਮਿੰਟ 12 ਸੈਕੰਡ) ਸਾਰੀ ਦੁਨੀਆਂ ਵਿੱਚ ਪ੍ਰਚਲਤ ਸਾਂਝੇ ਕੈਲੰਡਰ (ਈਸਵੀ) ਦੇ ਬਿਲਕੁਲ ਬਰਾਬਰ ਅਤੇ ਮੌਸਮੀ ਸਾਲ (365 ਦਿਨ 5 ਘੰਟੇ 48 ਮਿੰਟ 45.2 ਸੈਕੰਡ) ਦੇ ਬਹੁਤ ਹੀ ਨਜ਼ਦੀਕ ਹੋਣ ਕਰਕੇ ਮੌਸਮੀ ਰੁੱਤਾਂ ਨਾਲ ਤਕਰੀਬਨ ਜੁੜਿਆ ਰਹੇਗਾ, ਭਾਵ 3300 ਸਾਲ ਵਿੱਚ ਕੇਵਲ 1 ਦਿਨ ਦਾ ਫਰਕ ਪਏਗਾ। ਜਦੋਂ ਕਿ ਬਿਕ੍ਰਮੀ ਸਾਲ ਦੀ ਲੰਬਾਈ ਮੌਸਮੀ ਸਾਲ ਤੋਂ ਤਕਰੀਬਨ 20 ਮਿੰਟ ਵੱਧ ਹੋਣ ਕਰਕੇ 70-71 ਸਾਲਾਂ ਵਿੱਚ ਹੀ 1 ਦਿਨ ਦਾ ਫਰਕ ਪੈ ਜਾਂਦਾ ਹੈ। ਬਿਕ੍ਰਮੀ ਸਾਲ ਦੇ ਮਹੀਨਿਆਂ ਦੀ ਗਿਣਤੀ ਹਰ ਸਾਲ ਹੀ 29 ਤੋਂ 32 ਦਿਨਾਂ ਦੇ ਵਿਚਕਾਰ ਵਧਣ ਘਟਣ ਕਾਰਣ ਇਨ੍ਹਾਂ ਦੇ ਮਹੀਨਿਆਂ ਦੀਆਂ ਸੰਗ੍ਰਾਂਦਾਂ ਵੀ ਹਰ ਸਾਲ ਹੀ ਬਦਲਦੀਆਂ ਰਹਿੰਦੀਆਂ ਹਨ ਜਿਸ ਕਾਰਣ ਕੋਈ ਵੀ ਤਰੀਖ ਕਦੇ ਵੀ ਸਥਿਰ ਨਹੀਂ ਰਹਿ ਸਕਦੀ।

ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਹੋਰ ਕੁਝ ਨਹੀਂ ਲਭਦਾ ਤਾਂ ਉਹ ਇਹ ਕਹਿ ਕੇ ਭੰਡਣਾਂ ਸ਼ੁਰੂ ਕਰ ਦਿੰਦੇ ਹਨ ਕਿ ਦੇਖੋ ਜੀ ਪੁਰੇਵਾਲ ਨੇ ਦੋ ਦੋ ਸੰਗ੍ਰਾਂਦਾ ਬਣਾ ਦਿੱਤੀਆਂ। ਅਸਲ ਵਿਚ ਇਹ ਵੀ ਉਨ੍ਹਾਂ ਦਾ ਉਸੇ ਤਰ੍ਹਾਂ ਦਾ ਹੀ ਭਰਮ ਹੈ ਜਿਸ ਤਰ੍ਹਾਂ ਦਾ ਜ਼ਿਕਰ ਭਗਤ ਰਵਿਦਾਸ ਜੀ ਨੇ ਸੋਰਠਿ ਰਾਗੁ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 657 ’ਤੇ ਦਰਜ ਆਪਣੇ ਸ਼ਬਦ ਵਿੱਚ ਕੀਤਾ ਹੈ: ‘ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥’ ਉਨ੍ਹਾਂ ਨੂੰ ਭਰਮ ਹੋ ਗਿਆ ਕਿ ਪੁਰੇਵਾਲ ਨੇ ਦੋ ਦੋ ਸੰਗ੍ਰਾਂਦਾਂ ਬਣਾ ਦਿੱਤੀਆਂ। ਜਦੋਂ ਕਿ ਸਚਾਈ ਇਹ ਹੈ ਕਿ ਸ: ਪਾਲ ਸਿੰਘ ਪੁਰੇਵਾਲ ਜੀ ਨੇ ਇੱਕ ਵੀ ਸੰਗ੍ਰਾਂਦ ਨਹੀਂ ਬਣਾਈ; ਉਨ੍ਹਾਂ ਨੇ ਸਿਰਫ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀਆਂ ਪਹਿਲੀਆਂ ਤਰੀਖਾਂ ਨਿਸਚਤ ਕੀਤੀਆਂ ਹਨ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਅਨੁਸਾਰ ਹੁਣ ਤਾਂ ਸਾਲ ਵਿੱਚ ਸਿਰਫ 4-5 ਸੰਗ੍ਰਾਂਦਾਂ ਹੀ ਦੋ ਦੋ ਆਉਂਦੀਆਂ ਹਨ ਪਰ ਆਉਣ ਵਾਲੇ ਸਮੇਂ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਅਰੰਭ ਦੀ ਸਾਰੀਆਂ ਹੀ ਤਰੀਖਾਂ ਬਿਕ੍ਰਮੀ ਕੈਲੰਡਰ ਦੀਆਂ ਸੰਗ੍ਰਾਂਦਾਂ ਨਾਲੋਂ ਅਲਾਹਿਦਾ ਹੋ ਜਾਣਗੀਆਂ। ਇੱਥੋਂ ਤੱਕ ਕਿ ਮਹੀਨੇ ਵੀ ਵੱਖ ਵੱਖ ਹੋ ਜਾਣਗੇ। ਭਾਵ ਜਦੋਂ ਉਨ੍ਹਾਂ ਦਾ ਫੱਗਣ ਮਹੀਨਾ ਹੋਵੇਗਾ ਸਾਡਾ ਚੇਤ ਸ਼ੁਰੂ ਹੋ ਜਾਵੇਗਾ। ਜਦੋਂ ਉਨ੍ਹਾਂ ਦਾ ਚੇਤ ਹੋਵੇਗਾ ਤਾਂ ਸਾਡਾ ਵੈਸਾਖ ਹੋਵੇਗਾ। ਇਸੇ ਤਰ੍ਹਾਂ ਬਾਕੀ ਦੇ ਸਾਰੇ ਮਹੀਨੇ ਵੱਖ ਵੱਖ ਹੋ ਜਾਣਗੇ ਤੇ ਇਹ ਫਰਕ ਸਮੇਂ ਨਾਲ ਵਧਦਾ ਹੀ ਜਾਵੇਗਾ। ਇਨ੍ਹਾਂ ਵੀਰਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਸਿਰਫ ਸੰਗ੍ਰਾਂਦ ਹੀ ਵੱਖਰੀ ਨਹੀਂ ਬਲਕਿ ਹਰ ਚੀਜ ਦੇ ਅਰਥ ਵੱਖਰੇ ਹਨ। ਜਿਵੇਂ ਕਿ ਉਨ੍ਹਾਂ ਲਈ ‘ਰਾਮ’ ਅਯੁੱਧਿਆ ਦੇ ਰਾਜਾ ਦਸਰਥ ਦਾ ਪੁੱਤਰ, ਸੀਤਾ ਦਾ ਪਤੀ ਤੇ ਲਛਮਣ ਦਾ ਭਰਾ ਹੈ; ਜਿਸ ਨੂੰ ਉਹ ਭਗਵਾਨ ਕਰਕੇ ਪੂਜਦੇ ਹਨ। ਗੁਰਬਾਣੀ ਵਿੱਚ ਉਨ੍ਹਾਂ ਦੇ ‘ਰਾਮ’ ਸਬੰਧੀ ਲਿਖਿਆ ਹੈ:

ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥’- {ਰਾਮਕਲੀ ਕੀ ਵਾਰ:1 (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 954}
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥’ (ਗੋਂਡ ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ – ਪੰਨਾ 875)

ਪਰ ਸਾਡਾ ‘ਰਾਮੁ’ ਉਹ ਹੈ ਜਿਸ ਦਾ ਕੋਈ ਵੀ ਰੂਪ ਰੇਖ ਹੈ ਹੀ ਨਹੀਂ ਅਤੇ ਜੋ ਹਮੇਸ਼ਾਂ ਹਿਰਦੇ ਵਿਚ ਵਸਦਾ ਹੋਣ ਕਰਕੇ ਉਸ ਨੂੰ ਰੋਮਿ ਰੋਮਿ ਰਾਹੀ ਧਿਆ ਕੇ ਸਾਰੀ ਤ੍ਰਿਸ਼ਨਾ ਭੁੱਖ ਮਿਟਾ ਲਈਦੀ ਹੈ:

ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ ॥ ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ ॥ ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ ॥ ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥’ (ਆਸਾ ਮ: 4, ਗੁਰੂ ਗ੍ਰੰਥ ਸਾਹਿਬ - ਪੰਨਾ 443)

ਇਸੇ ਤਰ੍ਹਾਂ ਜੇ ਅਸੀਂ ਵੱਖਰੀ ਸਿੱਖ ਕੌਮ ਹੋਣ ਦਾ ਦਾਅਵਾ ਕਰਦੇ ਹਾਂ ਤਾਂ ਸਾਡਾ ਰਾਮ ਵੀ ਵੱਖਰਾ ਕੈਲੰਡਰ ਵੀ ਵੱਖਰਾ, ਸੰਗ੍ਰਾਂਦ ਵੀ ਵੱਖਰੀ, ਮਹੀਨੇ ਵੀ ਵੱਖਰੇ ਹੋਣਾ ਕੋਈ ਅਸਚਰਜਤਾ ਵਾਲੀ ਗੱਲ ਨਹੀਂ ਹੈ। ਦੂਸਰੀ ਗੱਲ ਇਹ ਹੈ ਕਿ ੳਨ੍ਹਾਂ ਨੂੰ ਦੋ ਦੋ ਸੰਗ੍ਰਾਂਦਾਂ ਤਾਂ ਚੁੱਭਦੀਆਂ ਹਨ ਪਰ ਇੱਕ ਸਾਲ ਵਿੱਚ ਆਏ ਦੋ ਦੋ ਗੁਰਪੁਰਬ ਆਉਣੇ ਕੋਈ ਖਾਸ ਗੱਲ ਨਹੀਂ। ਇੱਕੇ ਸਾਲ ਵਿੱਚ ਇੱਕੋ ਨਾਮ ਦੇ ਦੋ ਦੋ ਮਹੀਨੇ ਆਉਣ ’ਤੇ ਕੋਈ ਇਤਰਾਜ ਨਹੀਂ। ਹਰ ਮਹੀਨੇ ਵਿੱਚ ਦੋ ਦੋ ਤਿੱਥਾਂ ਇੱਕੇ ਦਿਨ ਆ ਜਾਣੀਆਂ, ਜਾਂ ਦੋ ਦੋ ਦਿਨਾਂ ਵਿੱਚ ਇੱਕੋ ਤਿੱਥ ਆ ਜਾਣ ’ਤੇ ਕੋਈ ਇਤਰਾਜ ਕਿਉਂ ਨਹੀਂ ਹੈ?

ਕਿਤਾਬਚੇ ਦੇ ਪੰਨਾ ਨੰ: 24 ’ਤੇ ਜੂਲੀਅਨ ਅਤੇ ਗੈਰੀਗੋਰੀਅਨ ਕੈਲੰਡਰ ਬਾਰੇ ਜਾਣਕਾਰੀ ਦਿੰਦੀ ਹੋਈ ਬੀਬੀ ਜੀ ਲਿਖ ਰਹੀ ਹੈ: ‘ਜੂਲੀਅਨ ਕੈਲੰਡਰ ਦੇ ਸਾਲ ਦੀ ਔਸਤਨ ਲੰਬਾਈ (365 ਦਿਨ + 6 ਘੰਟੇ) ਦਾ ਅਸਲੀ ਸੂਰਜੀ ਸਾਲ (ਉਹ ਪੂਰਾ ਚੱਕਰ ਜੋ ਧਰਤੀ ਸੂਰਜ ਦੇ ਦੁਆਲੇ ਲਾਉਂਦੀ ਹੈ) ਦੀ ਲੰਬਾਈ (365 ਦਿਨ + 5 ਘੰਟੇ + 48 ਮਿੰਟ ) ਤੋਂ 11 ਮਿੰਟ 23 ਸੈਕੰਡ ਦਾ ਫਰਕ ਸੀ ਜੋ ਬਾਅਦ ਵਿੱਚ ਘਟ ਕੇ 10 ਮਿੰਟ 94 ਸੈਕੰਡ ਰਹਿ ਗਿਆ।’

(ਟਿੱਪਣੀ: ਪਹਿਲੀ ਗੱਲ ਤਾਂ ਇਹ ਹੈ ਕਿ 10 ਮਿੰਟ 94 ਸੈਕੰਡ ਲਿਖਣਾ ਹੀ ਗਲਤ ਹੈ ਕਿਉਂਕਿ 94 ਸੈਕੰਡ ਦੇ 1 ਮਿੰਟ 34 ਸੈਕੰਡ ਬਣ ਜਾਂਦੇ ਹਨ ਇਸ ਲਈ ਇਹ 11 ਮਿੰਟ 34 ਸੈਕੰਡ ਲਿਖਣਾ ਬਣਦਾ ਸੀ। ਦੂਸਰੀ ਗੱਲ ਇਹ ਜਾਣਕਾਰੀ ਨਹੀਂ ਦੇ ਸਕੀ ਕਿ ਫਰਕ ਘਟਿਆ ਜਾਂ ਵਧਿਆ ਕਿਵੇਂ? ਬੀਬੀ ਜੀ ਤਾਂ ਫਰਕ ਲਈ ਸ਼ਬਦ ‘ਘਟ ਕੇ’ ਵਰਤ ਰਹੀ ਹੈ ਪਰ ਉਸ ਵੱਲੋਂ ਦਿੱਤੇ ਡਾਟੇ ਮੁਤਾਬਕਿ ਫਰਕ ਘਟਿਆ ਨਹੀਂ ਸਗੋਂ ਵਧਿਆ ਹੈ। ਅਸਲੀ ਸੱਚ ਕੀ ਹੈ ਇਹ ਬੀਬੀ ਜੀ ਹੀ ਜਾਣਦੀ ਹੈ।)

ਆਪਣੀ ਗੱਲ ਨੂੰ ਜਾਰੀ ਰੱਖਦੀ ਹੋਈ ਬੀਬੀ ਜੀ ਇਸ ਤੋਂ ਅੱਗੇ ਲਿਖਦੀ ਹੈ: ‘ਜਿਸ ਕਰਕੇ 131 ਸਾਲਾਂ ਬਾਦ ਜੂਲੀਅਨ ਕੈਲੰਡਰ ਵਿੱਚ ਇੱਕ ਦਿਨ ਦਾ ਵਾਧਾ ਹੋ ਜਾਂਦਾ ਹੈ। ਭਾਵ ਧਰਤੀ ਨੇ ਇੱਕ ਦਿਨ ਪਹਿਲੋਂ ਸੂਰਜ ਦੁਆਲੇ ਚੱਕਰ ਪੂਰਾ ਕਰਕੇ 31 ਦਸੰਬਰ ਨੂੰ ਨਵਾਂ ਚੱਕਰ ਕੱਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਜੂਲੀਅਨ ਕੈਲੰਡਰ ਦਾ ਇੱਕ ਦਿਨ ਵਧ ਗਿਆ। ਫਲਸਰੂਪ ਮੌਸਮ ਵਿੱਚ ਅਤੇ ਤਿਉਹਾਰਾਂ ਵਿੱਚ ਫਰਕ ਪੈਣ ਲੱਗਾ। ਭਾਵ ਰੁੱਤਾਂ ਨਾਲ ਸਬੰਧਤ ਇਕੁਆਨੌਕਸਿਜ਼ (ਓਤੁਨਿੋਣ) – ਜਦੋਂ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ (21 ਮਾਰਚ ਤੇ 21 ਸਤੰਬਰ) ਅਤੇ ਸੋਲਸਟਾਇਸਿਜ਼ (ਸ਼ੋਲਸਟਚਿੲਸ) - ਸਾਲ ਦਾ ਸਭ ਤੋਂ ਵੱਡਾ ਤੇ ਛੋਟਾ ਦਿਨ (21 ਜੂਨ ਤੇ 21 ਦਸੰਬਰ) ਆਪਣੇ ਅਸਲੀ ਥਾਂ ਤੋਂ ਅੱਗੇ ਜਾਣ ਲੱਗੇ ਜੋ ਗ੍ਰਹਿ ਵਿਗਿਆਨ ਅਨੁਸਾਰ ਇੱਕ ਬਹੁਤ ਵੱਡੀ ਗਲਤੀ ਸੀ। ਸੋ ਸੋਲਵੀਂ ਸਦੀ ਤੱਕ ਇਹ ਵਾਧਾ ਦਸ ਦਿਨ ਦਾ ਹੋ ਗਿਆ। 1582 ਵਿੱਚ ਪੋਪ ਗੈਰੀਗੋਰੀਅਨ ਨੇ ਇਸ ਗਲਤੀ ਨੂੰ ਦਰੁਸਤ ਕਰਨ ਲਈ ਖਗੋਲ ਵਿਗਿਆਨੀਆਂ ਦੀ ਮੱਦਦ ਨਾਲ ਇੱਕ ਨਵੇਂ ਕੈਲੰਡਰ ਨੂੰ ਹੋਂਦ ਵਿੱਚ ਲਿਆਂਦਾ। ਜਿਸ ਅਨੁਸਰ 4 ਅਕਤੂਬਰ 1582 ਤੋਂ ਬਾਦ ਇੱਕ ਦਮ 15 ਅਕਤੂਬਰ ਐਲਾਨ ਕਰਕੇ ਇਹ ਵਧੇ ਹੋਏ ਦਸ ਦਿਨਾਂ ਨੂੰ ਖਤਮ ਕਰਕੇ ਮੁੜ 21 ਮਾਰਚ, 21 ਜੂਨ, 21 ਸਤੰਬਰ ਅਤੇ 21 ਦਸੰਬਰ ਨੂੰ ਆਪਣੇ ਥਾਂ ਲੈ ਆਂਦਾ।’

{ਟਿੱਪਣੀ: ਜਿੰਨਾ ਕੁ ਗਿਆਨ ਬੀਬੀ ਜੀ ਨੂੰ ਜੂਲੀਅਨ ਤੇ ਗੈਰੀਗੋਰੀਅਨ ਕੈਲੰਡਰ ਸਬੰਧੀ ਹੈ ਜੇ ਇਨ੍ਹਾਂ ਕੁ ਗਿਆਨ ਬਿਕ੍ਰਮੀ ਕੈਲੰਡਰ ਸਬੰਧੀ ਵੀ ਹੁੰਦਾ ਤਾਂ ਉਹ ਇਸ ਦੇ ਸਾਲ ਦੀ ਔਸਤਨ ਲੰਬਾਈ, ਇਕੁਆਨੌਕਸਿਜ਼ ਅਤੇ ਸੋਲਸਟਾਈਸਿਜ਼ ਬਾਰੇ ਵੀ ਜਰੂਰ ਜਾਣਕਾਰੀ ਦਿੰਦੀ ਕਿ ਬਿਕ੍ਰਮੀ ਕੈਲੰਡਰ ਦੇ ਇਕੁਆਨੌਕਿਸਜ਼ ਤੇ ਸੋਲਸਟਾਈਸਿਜ਼ ਕਿਹੜੇ ਕਿਹੜੇ ਮਹੀਨਿਆਂ ਦੇ ਕਿਹੜੇ ਕਿਹੜੇ ਦਿਨਾਂ ਨੂੰ ਆਉਂਦੇ ਹਨ। ਇਹ ਵੀ ਦੱਸੇ ਕਿ ਕਿ ਇਨ੍ਹਾਂ ਦਿਨਾਂ ਵਿੱਚ ਹੁਣ ਤੱਕ ਕੋਈ ਫਰਕ ਪਿਆ ਹੈ ਜਾਂ ਇਹ ਸਦਾ ਲਈ ਹੀ ਸਥਿਰ ਰਹਿਣਗੇ? ਪਰ ਉਸ ਨੇ ਆਪਣੇ ਸਾਰੇ ਲੇਖ ਵਿੱਚ ਇਨ੍ਹਾਂ ਬਾਰੇ ਰੰਚਕ ਮਾਤਰ ਵੀ ਜਾਣਕਾਰੀ ਨਹੀਂ ਦਿੱਤੀ। ਜੇ ਇਹ ਜਾਣਕਾਰੀ ਉਸ ਕੋਲ ਹੋਵੇ ਤਾਂ ਉਸ ਨੂੰ ਸਮਝਾਉਣਾ ਬਹੁਤ ਹੀ ਸੌਖਾ ਹੋ ਜਾਵੇ ਕਿ ਜਿਸ ਬਿਕ੍ਰਮੀ ਕੈਲੰਡਰ ਨੂੰ ਉਹ ਸਭ ਤੋਂ ਸ਼ੁੱਧ ਤੇ ਸ੍ਰੇਸ਼ਟ ਮੰਨ ਰਹੀ ਉਸ ਦੇ 1964 ਵਿੱਚ ਦ੍ਰਿੱਕ ਗਣਿਤ ਨਾਲ ਸੋਧੇ ਮੌਜੂਦਾ ਸਾਲ ਦੀ ਲੰਬਾਈ ਤਾਂ ਮੌਸਮੀ ਸਾਲ ਤੋਂ ਲੱਗਪਗ 20 ਮਿੰਟ ਵੱਧ (1964 ਤੋਂ ਪਹਿਲਾਂ ਸੂਰਯਾ ਸਿਧਾਂਤ ਅਨੁਸਾਰ ਇਸ ਦੀ ਲੰਬਾਈ ਲੱਗਪਗ 24 ਮਿੰਟ ਵੱਧ ਸੀ) ਹੋਣ ਕਰਕੇ ਇਹ ਤਾਂ ਜੂਲੀਅਨ ਕੈਲੰਡਰ ਨਾਲੋਂ ਵੀ ਬਹੁਤ ਤੇਜੀ ਨਾਲ ਮੌਸਮੀ ਸਾਲ ਤੋਂ ਪਛੜ ਰਿਹਾ ਹੈ ਇਸ ਲਈ ਇਸ ਵਿੱਚ ਸੋਧ ਦੀ ਭਾਰੀ ਲੋੜ ਹੈ। ਸ: ਪਾਲ ਸਿੰਘ ਪੁਰੇਵਾਲ ਨੇ ਇਸ ਵਿੱਚ ਸੋਧ ਕਰਕੇ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਹੈ ਤਾਂ ਉਸ ਦਾ ਵਿਰੋਧ ਕਰਨ ਦੀ ਕੋਈ ਤੁਕ ਨਹੀਂ ਬਣਦੀ ਸਗੋਂ ਸੁਆਗਤ ਕਰਨਾ ਬਣਦਾ ਹੈ। ਦੂਸਰੀ ਗੱਲ ਇਹ ਹੈ ਕਿ ਜੇ ਗੁਰੂ ਕਾਲ ਸਮੇਂ ਲਾਗੂ ਸੂਰਯ ਸਿਧਾਂਤ ਵਾਲੇ ਬਿਕ੍ਰਮੀ ਕੈਲੰਡਰ ਨੂੰ ਪੰਡਿਤ ਵਿਦਵਾਨਾਂ ਵੱਲੋਂ 1964 ਵਿੱਚ ਸੋਧ ਕੇ ਬਣਾਏ ਦ੍ਰਿੱਕ ਗਣਿਤ ਵਾਲੇ ਸਿਧਾਂਤ ਅਨੁਸਾਰ ਬਣਾਏ ਕੈਲੰਡਰ ਨੂੰ ਇਨ੍ਹਾਂ ਬਿਨਾਂ ਕਿਸੇ ਹੀਲ ਹੁੱਜਤ ਤੋਂ ਮੰਨ ਲਿਆ ਹੈ ਤਾਂ ਸ: ਪੁਰੇਵਾਲ ਵੱਲੋਂ ਸੋਧ ਕੇ ਬਣਾਏ ਗਏ ਨਾਨਕਸ਼ਾਹੀ ਕੈਲੰਡਰ ’ਤੇ ਇਤਨਾ ਚੀਕ ਚਿਹਾੜਾ ਕਿਉਂ?}

ਇਸ ਤੋਂ ਅੱਗੇ ਪੰਨਾ 24-25 ’ਤੇ ਬੀਬੀ ਜੀ ਲਿਖ ਰਹੀ ਹੈ ‘‘ਇਸ ਤਬਦੀਲੀ ਦਾ ਵੱਡੇ ਪੱਧਰ ’ਤੇ ਵਿਰੋਧ ਹੋਇਆ, ਦੰਗੇ ਫਸਾਦ ਵੀ ਹੋਏ, ਪਰ ਕਿਉਂਕਿ ਇਹ ਆਦੇਸ਼ ਕੈਥੋਲਿਕ ਚਰਚ ਰੋਮ ਵੱਲੋਂ ਹੋਇਆ ਸੀ, ਇਸ ਲਈ ਕੈਥੋਲਿਕ ਦੇਸ਼ਾਂ ਨੂੰ ਹੌਲੀ ਹੌਲੀ ਮੰਨਣਾ ਹੀ ਪਿਆ। ਪਰ ਇਸ ਦੀ ਵਰਤੋਂ ਧਾਰਮਿਕ ਖੇਤਰ ਵਿੱਚ ਕਰਨੀ ਮੁਸ਼ਕਲ ਸੀ, ਕਿਉਂਕਿ ਧਾਰਮਿਕ ਤਿਉਹਾਰ ਪੁੰਨਿਆਂ, ਮੱਸਿਆ ਨਾਲ ਜੁੜੇ ਹੁੰਦੇ ਹਨ ਅਤੇ ਇਹ ਕੈਲੰਡਰ ਚੰਦਰਮਾਂ ਦੀ ਚਾਲ ਬਾਰੇ ਕੁਝ ਨਹੀਂ ਦਸਦਾ ਪਰ ਟਰੌਪੀਕਲ ਹੋਣ ਕਰਕੇ, ਕਰਕ ਰੇਖਾ, ਮਕਰ ਰੇਖਾ, ਉਤਰਾਇਣ ਜਾਂ ਦੱਖਣਾਇਣ ਬਾਰੇ ਦੱਸ ਕੇ ਸਿਰਫ ਮੌਸਮ ਦੀ ਜਾਣਕਾਰੀ ਹੀ ਦਿੰਦਾ ਹੈ ਕਿ ਹੁਣ ਕਿਹੜਾ ਮੌਸਮ ਸ਼ੁਰੂ ਹੋਣ ਵਾਲਾ ਹੈ। ਪਰ ਪੁੰਨਿਆਂ ਮੱਸਿਆ ਬਾਰੇ ਚੁੱਪ ਹੈ ਇਸ ਲਈ ਧਾਰਮਿਕ ਖੇਤਰ ਵਿੱਚ ਇਸ ਦੀ ਥਾਂ ’ਤੇ ਅੱਜ ਤੱਕ ਚੰਦਰਮਾ ਕੈਲੰਡਰ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਹੋਰ ਤਾਂ ਹੋਰ ਇਸ ਦੀ ਬੁਕਤ ਖਗੋਲ ਜਾਂ ਪੁਲਾੜ ਵਿਗਿਆਨ ਵਿੱਚ ਵੀ ਉੱਕਾ ਹੀ ਨਹੀਂ। ਉਥੇ ਵੀ ਜੂਲੀਅਨ ਕੈਲੰਡਰ ਨੂੰ ਹੀ ਅਧਾਰ ਬਣਾਇਆ ਜਾਂਦਾ ਹੈ।’’

(ਟਿੱਪਣੀ: ਬੀਬੀ ਜੀ ਕਿਤਨੀ Confused ਲੱਗ ਰਹੀ ਹੈ, ਕਿਉਂਕਿ ਪੰਨਾ ਨੰ: 19 ’ਤੇ ਤਾਂ ਲਿਖ ਰਹੀ ਹੈ ‘‘ਰੁੱਤਾਂ ਦਾ ਦਾਅਵਾ ਕਰਨ ਵਾਲਾ ਕੈਲੰਡਰ ਖ਼ੁਦ ਹੀ ਰੁੱਤਾਂ ਦਾ ਸਾਥ ਛੱਡ ਰਿਹਾ ਹੈ, ਦੋਸ਼ ਬਿਕ੍ਰਮੀ ਕੈਲੰਡਰ ’ਤੇ ਲਾਏ ਜਾ ਰਹੇ ਹਨ ਜੋ ਸਦੀਆਂ ਤੋਂ ਓਥੇ ਹੀ ਟਿਕਿਆ ਹੋਇਆ ਹੈ॥’’ ਪਰ ਪੰਨਾ 25 ’ਤੇ ਲਿਖ ਰਹੀ ਹੈ: ‘ਟਰੌਪੀਕਲ ਹੋਣ ਕਰਕੇ ਇਹ ਰੁੱਤਾਂ ਦੀ ਜਾਣਕਾਰੀ ਦਿੰਦਾ ਹੈ।

ਉਸ ਨੂੰ ਇਹ ਵੀ ਨਹੀਂ ਪਤਾ ਕਿ ਜੂਲੀਅਨ ਅਤੇ ਗੈਰੀਗੋਰੀਅਨ ਕੈਲੰਡਰ ਵਿੱਚ ਸਿਧਾਂਤਕ ਤੌਰ ’ਤੇ ਕੋਈ ਵੀ ਫਰਕ ਨਹੀਂ ਹੈ, ਸਿਰਫ ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਘਟਾ ਕੇ ਮੌਸਮੀ ਸਾਲ ਦੇ ਨਜ਼ਦੀਕ ਲਿਆਉਣ ਲਈ ਸੋਧ ਕੀਤੀ ਗਈ ਹੈ। ਜਿਥੇ ਜੂਲੀਅਨ ਸਾਲ ਦਾ ਹਰ ਚੌਥਾ ਸਾਲ ਲੀਪ ਦਾ ਹੋਣ ਕਰਕੇ 366 ਦਿਨ ਦਾ ਹੁੰਦਾ ਸੀ ਉਥੇ ਸੋਧ ਉਪ੍ਰੰਤ ਗੈਰੀਗੋਰੀਅਨ ਕੈਲੰਡਰ ਵਿੱਚ ਹਰ ਸਦੀ ਦਾ ਅਖੀਰਲਾ ਸਾਲ ਭਾਵ 100ਵਾਂ, 200ਵਾਂ 300ਵਾਂ ਆਦਿਕ ਬੇਸ਼ੱਕ ਇਹ 4 ’ਤੇ ਵੰਡੇ ਜਾਂਦੇ ਹਨ ਪਰ ਇਹ ਸਾਲ ਲੀਪ ਦੇ ਨਹੀਂ ਹੁੰਦੇ, ਪਰ 400ਵਾਂ ਸਾਲ ਫਿਰ ਲੀਪ ਦਾ ਹੁੰਦਾ ਹੈ। ਸਿੱਧੇ ਸ਼ਬਦਾਂ ਵਿੱਚ ਲੀਪ ਦੇ ਸਾਲ ਦਾ ਫਾਰਮੂਲਾ ਇਹ ਹੈ ਕਿ ਜਿਹੜਾ ਸਾਲ 4 ’ਤੇ ਵੰਡਿਆ ਜਾਵੇ ਉਹ ਲੀਪ ਦਾ ਸਾਲ ਹੁੰਦਾ ਹੈ ਪਰ ਜਿਹੜਾ 100 ’ਤੇ ਵੀ ਪੂਰਾ ਵੰਡਿਆ ਜਾਵੇ, ਜਿਵੇਂ ਕਿ 100ਵਾਂ, 200ਵਾਂ, 300ਵਾਂ, 500ਵਾਂ …… ਆਦਿਕ, ਉਹ ਲੀਪ ਦਾ ਸਾਲ ਨਹੀਂ ਹੁੰਦਾ; ਜਿਹੜਾ 400 ’ਤੇ ਵੀ ਪੂਰਾ ਵੰਡਿਆ ਜਾਵੇ, ਜਿਵੇਂ ਕਿ 400, 800, 1200, 1600, …… ਆਦਿਕ, ਉਹ ਫਿਰ ਲੀਪ ਦਾ ਸਾਲ ਹੁੰਦਾ ਹੈ। ਇਸ ਤਰ੍ਹਾਂ ਜਿਥੇ ਜੂਲੀਅਨ ਕੈਲੰਡਰ ਦੇ 400 ਸਾਲਾਂ ਵਿੱਚ ਲੀਪ ਦੇ 100 ਸਾਲ ਹੁੰਦੇ ਸਨ ਉਥੇ ਗੈਰੀਗੋਰੀਅਨ ਕੈਲੰਡਰ ਵਿੱਚ 97 ਸਾਲ ਲੀਪ ਦੇ ਹੁੰਦੇ ਹਨ। ਇਸ ਤਰ੍ਹਾਂ ਜਿਹੜੀ ਸੋਧ 1582 ਵਿੱਚ 10 ਦਿਨ ਖਤਮ ਕਰਕੇ ਕੀਤੀ ਉਹ ਹੁਣ ਨਾਲੋਂ ਨਾਲ ਹੋਈ ਜਾਂਦੀ ਹੈ। ਇਸ ਸੋਧ ਨਾਲ ਗੈਰੀਗੋਰੀਅਨ ਕੈਲੰਡਰ ਦੀ ਬੁਕਤ ਖਗੋਲ ਜਾਂ ਪੁਲਾੜ ਵਿਗਿਆਨ ਵਿੱਚ ਕਿਵੇਂ ਖਤਮ ਹੋ ਗਈ ਇਹ ਬੀਬੀ ਅਮਰਜੀਤ ਕੌਰ ਹੀ ਦੱਸ ਸਕਦੀ ਹੈ! ਹੋ ਸਕਦਾ ਹੈ ਕਿ ਖਗੋਲ ਜਾਂ ਪੁਲਾੜ ਵਿਗਿਆਨੀ ਬੀਬੀ ਜੀ ਦੇ ਇਸ ਕਥਨ ਨੂੰ ਉਸੇ ਤਰ੍ਹਾਂ ਹੀ ਰੱਦ ਕਰ ਦੇਣ ਜਿਵੇਂ ਖੇਤੀ ਵਿਗਿਆਨੀਆਂ ਨੇ ਫਸਲਾਂ ਦੀ ਬੀਜਾਈ ਸਮੇਂ ਹਨੇਰੇ ਜਾਂ ਚਾਨਣੇ ਪੱਖ ਦੇ ਪ੍ਰਭਾਵ ਨੂੰ ਰੱਦ ਕੀਤਾ ਹੈ।)

ਕਿਤਾਬਚੇ ਦੇ ਪੰਨਾ ਨੰ: 37 ’ਤੇ ਬੀਬੀ ਜੀ ਨੇ ਬਿਕ੍ਰਮੀ ਤੇ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ ਗੁਰੂ ਸਾਹਿਬਾਨ ਦੇ ਆਏ ਗੁਰਪੁਰਬਾਂ ਦਾ ਚਾਰਟ ਬਣਾ ਕੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਪੁਰੇਵਾਲ ਨੇ ਅਸਲੀ ਤਰੀਖਾਂ ਬਦਲ ਕੇ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲ ਦਿੱਤਾ ਹੈ। ਪਰ ਬੀਬੀ ਜੀ ਇਹ ਸਮਝਣ ਦਾ ਯਤਨ ਨਹੀਂ ਕਰ ਰਹੀ ਕਿ ਉਸ ਵੱਲੋਂ ਬਿਕ੍ਰਮੀ ਕੈਲੰਡਰ ਅਨੁਸਾਰ ਈਸਵੀ ਸੰਨ ਦੀਆਂ ਦਿੱਤੀਆਂ ਤਰੀਖਾਂ ਈਸਵੀ ਸੰਨ ਦੀਆਂ ਨਹੀਂ ਹਨ ਬਲਕਿ ਇਹ ਬਿਕ੍ਰਮੀ ਕੈਲੰਡਰ ਦੇ ਚੰਦਰਮਾਂ ਦੀਆਂ ਤਿੱਥਾਂ ਅਨੁਸਾਰ ਈਸਵੀ ਸੰਨ ਦੀਆਂ ਉਸ ਸਾਲ ਵਿੱਚ ਆਈਆਂ ਤਰੀਖਾਂ ਹਨ ਜੋ ਹਰ ਸਾਲ ਹੀ ਬਦਲਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਵਿੱਚ ਇਹ ਤਰੀਖਾਂ ਈਸਵੀ ਸੰਨ ਦੀਆਂ ਨਹੀਂ ਹਨ ਬਲਕਿ ਦੇਸੀ ਮਹੀਨਿਆਂ ਦੀਆਂ ਇਤਿਹਾਸ ਮੁਤਾਬਕ ਅਸਲ ਤਰੀਖਾਂ ਹਨ ਜੋ ਨਾਨਕਸ਼ਾਹੀ ਕੈਲੰਡਰ ਵਿੱਚ ਸਮੇਸ਼ਾਂ ਲਈ ਹੀ ਬੀਬੀ ਜੀ ਵੱਲੋਂ ਦਿੱਤੇ ਗਏ ਚਾਰਟ ’ਚ ਦਿੱਤੀਆਂ ਗਈਆਂ ਈਸਵੀ ਸੰਨ ਦੀਆਂ ਤਰੀਖਾਂ ਨੂੰ ਆਉਣਗੀਆਂ। ਮਿਸਾਲ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਸੰਮਤ 1723/ 22 ਦਸੰਬਰ 1666 ਜੂਲੀਅਨ ਹੈ। ਪਹਿਲਾਂ ਰਵਾਇਤ ਅਨੁਸਾਰ ਪ੍ਰਕਾਸ਼ ਗੁਰਪੁਰਬ ਪੋਹ ਸੁਦੀ 7 ਨੂੰ ਮਨਾਇਆ ਜਾਂਦਾ ਸੀ ਜਿਹੜਾ ਕਿ ਸੂਰਜੀ ਮਹੀਨਿਆਂ ਭਾਵ ਮੌਸਮ ਅਧਾਰਤ ਕੈਲੰਡਰ ਵਿੱਚ ਹਰ ਸਾਲ ਹੀ ਬਦਲਵੀਆਂ ਤਰੀਖਾਂ ਨੂੰ ਆਉਂਦਾ ਸੀ। ਇੱਥੋਂ ਤੱਕ ਕਿ ਕਿਸੇ ਸਾਲ ਵਿੱਚ ਆਉਂਦਾ ਹੀ ਨਹੀਂ ਸੀ ਜਿਵੇਂ ਕਿ ਬੀਬੀ ਜੀ ਵੱਲੋਂ ਵਿਖਾਏ ਗਏ ਚਾਰਟ ਵਿੱਚ ਵੀ 2003 ਵਿੱਚ ਨਹੀਂ ਸੀ ਆਇਆ ਅਤੇ ਕਈ ਵਾਰ ਇਹ ਇੱਕ ਸਾਲ ਵਿੱਚ ਦੋ ਵਾਰ ਵੀ ਆ ਜਾਂਦਾ ਹੈ। ਸ: ਪੁਰੇਵਾਲ ਨੇ ਗੁਰਪੁਰਬ ਦੀ ਤਰੀਖ ਈਸਵੀ ਸੰਨ ਦੀ ਤਰੀਖ ਨਹੀਂ ਲਈ ਬਲਕਿ ਦੇਸੀ ਮਹੀਨੇ ਦੀ 23 ਪੋਹ ਰੱਖੀ ਹੈ। ਕਿਉਂਕਿ 1752 ਵਿੱਚ ਜੂਲੀਅਨ ਕੈਲੰਡਰ ਨੂੰ ਗੈਰੀਗੋਰੀਅਨ ਕੈਲੰਡਰ ਵਿੱਚ ਬਦਲਣ ਸਮੇਂ 11 ਦਿਨ ਖਤਮ ਕੀਤੇ ਗਏ ਸਨ ਇਸ ਲਈ ਇਸ ਸੋਧ ਪਿੱਛੋਂ 22 ਦਸੰਬਰ 1752 ਜੂਲੀਅਨ ਤਬਦੀਲ ਹੋ ਕੇ 2 ਜਨਵਰੀ 1753 ਗੈਰੀਗੋਰੀਅਨ ਬਣ ਗਿਆ। 1753 ਤੋਂ 2003 ਤੱਕ ਦੇ 250 ਸਾਲਾਂ ਵਿੱਚ ਉਸੇ ਹਿਸਾਬ ਬਿਕ੍ਰਮੀ ਤੇ ਈਸਵੀ ਸੰਨ ਦੀਆਂ ਤਰੀਖਾਂ ਵਿੱਚ 3 ਦਿਨਾਂ ਦਾ ਹੋਰ ਫਰਕ ਪੈ ਕੇ ਇਹ 5 ਜਨਵਰੀ ਹੋ ਗਿਆ ਤਾਂ ਇਸ ਨਾਲ ਇਤਿਹਾਸ ਕਿਵੇਂ ਬਦਲ ਗਿਆ? ਕਿਉਂਕਿ 23 ਪੋਹ ਤਾਂ ਇਤਿਹਾਸ ਮੁਤਾਬਕ ਬਿਲਕੁਲ ਠੀਕ ਰੱਖੀ ਗਈ ਹੈ ਪਰ ਜੇ ਇਹ ਨਾਨਕਸ਼ਾਹੀ ਕੈਲੰਡਰ ਦੇ ਰੂਪ ਵਿੱਚ ਸੋਧ ਕਰਨ ਉਪ੍ਰੰਤ ਸਦਾ ਲਈ 5 ਜਨਵਰੀ ਨੂੰ ਆਉਣ ਲੱਗ ਪਈ ਤਾਂ ਇਤਿਹਾਸ ਮਿਥਿਹਾਸ ਕਿਵੇਂ ਬਣ ਗਿਆ? ਇਹ ਬੀਬੀ ਅਮਰਜੀਤ ਕੌਰ ਜਾਂ ਉਸ ਦਾ ਲੇਖ ਛਾਪ ਕੇ ਵੰਡਣ ਵਾਲੇ ਸੰਤ ਸਮਾਜ ਦੇ ਵਿਦਵਾਨ ਆਗੂ ਹੀ ਦੱਸ ਸਕਦੇ ਹਨ!

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਰੀਖ ਗਣਿਤ ਵਿਦਿਆ ਨਾਲ 5 ਜਨਵਰੀ ਬਣਾਉਣ ਦੀ ਵਿਰੋਧਤਾ ਕਰਦੀ ਹੋਈ, ਪੰਨਾ 17 ’ਤੇ ਬੀਬੀ ਅਮਰਜੀਤ ਕੌਰ ਜੀ ਲਿਖ ਰਹੀ ਹੈ: ‘ਇੱਥੇ ਇੱਕ ਬਹੁਤ ਵੱਡਾ ਭੁਲੇਖਾ ਪਾਇਆ ਜਾ ਰਿਹਾ ਹੈ। ਜੇ 11 ਨਵੰਬਰ 1675 ਜੂਲੀਅਨ ਸਾਲ ਹੈ ਤਾਂ ਇਸ ਨੂੰ ਗੈਰੀਗੋਰੀਅਨ ਸਾਲ ਵਿੱਚ ਬਦਲਣ ਵਾਸਤੇ 10 ਦਿਨ ਹੀ ਜੋੜਨੇ ਬਣਦੇ ਹਨ। ਇਸ ਅਨੁਸਾਰ ਇਹ 21 ਨਵੰਬਰ ਬਣਦਾ ਹੈ। ਏਸੇ ਤਰ੍ਹਾਂ 22 ਦਸੰਬਰ 1666 ਜੂਲੀਅਨ ਬਦਲ ਕੇ 1 ਜਨਵਰੀ 1667 ਈ: ਬਣਦਾ ਹੈ। ਇਹ 24 ਨਵੰਬਰ ਜਾਂ 5 ਜਨਵਰੀ ਗਣਿਤ ਵਿਦਿਆ ਅਨੁਸਾਰ ਬਣਾਉਣੇ ਹੀ ਗਲਤ ਹਨ। ਬੀਬੀ ਜੀ ਦੇ ਗਿਆਨ ਦੇ ਪੱਧਰ ਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੂੰ ਇਹ ਨਹੀਂ ਪਤਾ ਜਾਂ ਉਹ ਇਹ ਇਤਨੀ ਕੰਨਫੂਜ਼ ਹੋ ਗਈ ਹੈ ਕਿ ਉਸ ਨੂੰ ਇਹ ਚੇਤਾ ਹੀ ਨਹੀ ਆ ਰਿਹਾ ਕਿ 10 ਦਿਨ ਦੀ ਸੋਧ 1582 ਵਿੱਚ ਹੋਈ ਸੀ ਜਦੋਂ ਕਿ ਇਸ ਤੋਂ ਪਿੱਛੋਂ ਇੰਗਲੈਂਡ ਨੇ 1752 ਵਿੱਚ ਇਸ ਸੋਧ ਨੂੰ ਲਾਗੂ ਕੀਤਾ ਸੀ ਤਾਂ ਇਸ ਵਿੱਚ 11 ਦਿਨ ਦੇ ਵਾਧੇ ਦੀ ਸੋਧ ਕੀਤੀ ਗਈ ਸੀ। ਭਾਰਤ ਵਿੱਚ ਵੀ ਇਹ ਸੋਧ ਇੰਗਲੈਂਡ ਵੱਲੋਂ ਲਾਗੂ ਕਰਨ ਉਪ੍ਰੰਤ ਹੀ ਪ੍ਰਚਲਤ ਹੋਈ ਸੀ। ਜੇ 10 ਦਿਨ ਦੀ ਸੋਧ ਉਪ੍ਰੰਤ 22 ਦਸੰਬਰ 1666 ਨੂੰ 1 ਜਨਵਰੀ 1667 ਬਣਾਉਣਾ ਹੈ ਤਾਂ 2003 ਤੱਕ 336 ਸਾਲ ਦੇ ਵਕਫੇ ਵਿੱਚ 4 ਦਿਨ ਦਾ ਫਰਕ ਜੋੜ ਕੇ 5 ਜਨਵਰੀ ਬਣ ਜਾਂਦੀ ਪਰ ਜੇ 22 ਦਸੰਬਰ 1666 ਨੂੰ 1752 ਦੀ 11 ਦਿਨ ਦੀ ਸੋਧ ਉਪ੍ਰੰਤ 2 ਜਨਵਰੀ 1753 ਬਣਾਉਣਾ ਹੈ ਤਾਂ 1753 ਤੋਂ 2003 ਤੱਕ ਦੇ 250 ਸਾਲਾਂ ਵਿੱਚ 3 ਦਿਨ ਦਾ ਹੋਰ ਫਰਕ ਪੈ ਕੇ 5 ਜਨਵਰੀ ਬਣ ਜਾਂਦਾ ਹੈ।

ਅਸਲ ਵਿੱਚ ਸੰਤ ਸਮਾਜ ਦਾ ਰੋਣਾ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲਣ ਦਾ ਨਹੀਂ, ਨਾ ਹੀ ਉਨ੍ਹਾਂ ਨੂੰ ਇਸ ਸਬੰਧ ਵਿੱਚ ਕੋਈ ਸੋਝੀ ਹੈ। ਅਸਲ ਵਿੱਚ ਉਨ੍ਹਾਂ ਦਾ ਹੇਜ ਸੰਤ ਸਮਾਜ ਅਤੇ ਹਿੰਦੂ ਸਮਾਜ ਵੱਲੋਂ ਪਵਿੱਤਰ ਦਿਹਾੜੇ ਜਾਣ ਕੇ ਸੰਗ੍ਰਾਂਦਾਂ, ਪੁੰਨਿਆਂ, ਮੱਸਿਆ ਮਨਾਉਣ ਦੇ ਬਹਾਨੇ ਸੂਰਜ, ਚੰਦ ਦੀ ਪੂਜਾ ਕਰਨਾ ਹੈ ਜਿਸ ਦਾ ਜਿਕਰ ਬੀਬੀ ਜੀ ਕਿਤਾਬਚੇ ਦੇ ਮੁੱਖ ਬੰਦ ਤੋਂ ਇਲਾਵਾ ਲੇਖ ਵਿੱਚ ਵਾਰ ਵਾਰ ਕਰ ਚੁੱਕੀ ਹੈ। ਸੰਗ੍ਰਾਂਦਾਂ, ਪੁੰਨਿਆਂ, ਮੱਸਿਆ ਨਾਲ ਇੰਨਾ ਮੋਹ ਰੱਖਣ ਵਾਲੀ ਬੀਬੀ ਜੀ, ਕੀ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੋਈ ਐਸੀ ਉਦਾਹਰਣ ਦੇ ਸਕਦੀ ਹੈ, ਜਿਥੇ ਇਨ੍ਹਾਂ ਦਿਨਾਂ ਨੂੰ ਪਵਿੱਤਰ ਕਿਹਾ ਗਿਆ ਹੋਵੇ, ਜਾਂ ਧਾਰਮਿਕ ਦਿਹਾੜੇ ਚੰਦਰਮਾ ਦੀਆਂ ਤਿੱਥਾਂ ਅਨੁਸਾਰ ਮਨਾਉਣ ਦੀ ਹਦਾਇਤ ਕੀਤੀ ਹੋਵੇ। ਗੁਰਬਾਣੀ ਵਿੱਚ ਤਾਂ ਸਗੋਂ ਇਨ੍ਹਾਂ ਤਿੱਥਾਂ ਪੂਜਣ ਵਾਲਿਆਂ ਨੂੰ ਮੂਰਖ ਗਵਾਰ ਤੱਕ ਕਿਹਾ ਗਿਆ ਹੈ:

ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ ॥10॥2॥’ {ਬਿਲਾਵਲੁ ਸਤ ਵਾਰ (ਮ: 3) ਗੁਰੂ ਗ੍ਰੰਥ ਸਾਹਿਬ - ਪੰਨਾ 843)

ਜੇ ਸਿਰਫ ਆਦਿ ਕਾਲ ਤੋਂ ਰਵਾਇਤ ਦੇ ਕੀਰਨੇ ਪਾਏ ਜਾਣ ਤਾਂ ਰਿਵਾਇਤਾਂ ਤਾਂ ਹੋਰ ਵੀ ਬਹੁਤ ਸਨ ਜਿਨ੍ਹਾਂ ਦਾ ਗੁਰਬਾਣੀ ਵਿੱਚ ਭਰਵਾਂ ਖੰਡਨ ਕੀਤਾ ਗਿਆ ਹੈ, ਜਿਵੇਂ ਕਿ: ਜਨੇਊ ਪਾਉਣ ਦਾ ਖੰਡਨ, ਸੁੰਨਤ ਕਰਨ ਦਾ ਖੰਡਨ, ਦੀਵੇ ਮਚਾ ਕੇ ਆਰਤੀ ਕਰਨ ਦਾ ਖੰਡਨ, ਖ਼ੁਦਾ ਜਾਂ ਦੇਵੀ ਦੇਵਤਿਆਂ ਦੇ ਨਾਮ ’ਤੇ ਧਰਮ ਅਸਥਾਨਾਂ ਵਿੱਚ ਜੀਵਾਂ ਦੀ ਬਲੀ ਦੇਣ ਦਾ ਖੰਡਨ, ਪਿੱਤਰਾਂ ਦੇ ਨਮਿਤ ਸ਼ਰਾਧ ਕਰਵਾਉਣ ਦਾ ਖੰਡਨ, ਬੁੱਤਾਂ ਤੇ ਮੂਰਤੀਆਂ ਦੀ ਪੂਜਾ ਕਰਨ ਦਾ ਖੰਡਨ, ਤੀਰਥਾਂ ’ਤੇ ਨਹਾ ਕੇ ਪਾਪ ਧੋਣ ਦੀ ਮਨੌਤ ਦਾ ਖੰਡਨ, ਕਈ ਤਰ੍ਹਾਂ ਦੇ ਬਰਤ ਰੱਖਣ ਦੇ ਖੰਡਨਾਂ ਸਮੇਤ ਅਨੇਕਾਂ ਹੋਰ ਤਰ੍ਹਾਂ ਦੇ ਧਾਰਮਿਕ ਕਰਮਕਾਂਡ ਅਤੇ ਵਹਿਮਾਂ ਭਰਮਾਂ ਆਦਿਕ ਦਾ ਖੰਡਨ ਕੀਤਾ ਗਿਆ ਹੈ। ਵੇਖਿਆ ਜਾਵੇ ਤਾਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਵਿੱਚ ਉਹ ਲੋਕ ਹੀ ਸ਼ਾਮਲ ਹਨ ਜੋ ਗੁਰਬਾਣੀ ਅਨੁਸਾਰ ਉਪ੍ਰੋਕਤ ਵਰਜਿਤ ਸਾਰੇ ਹੀ ਕਰਮ ਕਾਂਡ ਕਿਸੇ ਨਾ ਕਿਸੇ ਰੂਪ ਵਿੱਚ ਕਰੀ ਜਾ ਰਹੇ ਹਨ; ਜਿਨ੍ਹਾਂ ਵਿੱਚੋਂ ਸਭ ਤੋਂ ਮੋਢੀ ਤਖ਼ਤ ਸ਼੍ਰੀ ਹਜੂਰ ਸਾਹਿਬ ਦੇ ਪੁਜਾਰੀ ਹਨ ਜੋ ਆਰਤੀ ਕਰਨ ਤੋਂ ਇਲਾਵਾ ਬੱਕਰਿਆਂ ਦੀ ਬਲੀ ਦੇ ਕੇ ਉਨ੍ਹਾਂ ਦੇ ਖ਼ੂਨ ਦੇ ਟਿੱਕੇ ਗੁਰੂ ਸਾਹਿਬ ਦੇ ਸ਼ਸ਼ਤਰਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾ ਕੇ ਗੁਰੂ ਸਾਹਿਬ ਜੀ ਦਾ ਮੂੰਹ ਚਿੜਾਂਉਣ ਦਾ ਕੁਕਰਮ ਹਰ ਰੋਜ ਹੀ ਕਰ ਰਹੇ ਹਨ। ਹੋਰ ਤਾਂ ਹੋਰ ਨਨਾਕਸ਼ਾਹੀ ਕੈਲੰਡਰ ਦੇ ਵਿਰੋਧੀ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਨਾਮੀ ਪੁਸਤਕ (ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਉਸ) ਦਾ ਪ੍ਰਕਾਸ਼ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਹੁਕਮ: ‘ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦੀ ਵੀ ਸ਼ਰੇਆਮ ਉਲੰਘਣਾਂ ਕਰ ਰਹੇ ਹਨ। ਇਨ੍ਹਾਂ ਵਿਅਕਤੀਆਂ ਲਈ ਜੇ ਗੁਰੂ ਸਾਹਿਬ ਜੀ ਦਾ ਬਚਨ ‘ਕੂੜੇ ਮੂਰਖ ਕੀ ਹਾਠੀਸਾ ॥1॥ ਰਹਾਉ ॥’ (ਸੂਹੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 738) ਵਰਤ ਲਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ।

ਕਿਤਾਬਚੇ ਦੇ ਪੰਨਾ ਨੰ: 14 ਅਤੇ 25 ’ਤੇ ਬੀਬੀ ਜੀ ਲਿਖ ਰਹੀ ਹੈ: ‘ਸੋ ਸਿੱਧ ਹੋਇਆ ਕਿ ਗੈਰੀਗੋਰੀਅਨ ਕੈਲੰਡਰ ਇੱਕ ਸਿਵਲ ਕੈਲੰਡਰ ਦੇ ਤੌਰ ’ਤੇ ਹਰਮਨ ਪਿਆਰਾ ਹੋ ਗਿਆ। ਹੁਣ ਇੰਗਲੈਂਡ ਜੋ ਪ੍ਰੋਟੈਸਟੈਂਟ ਸੀ ਅਤੇ ਇਸ ਨੂੰ ਆਪਣੇ ’ਤੇ ਲਾਗੂ ਨਹੀਂ ਸੀ ਕਰਨਾ ਚਾਹੁੰਦਾ, ਉਸ ਨੂੰ ਦੂਜੇ ਦੇਸ਼ਾਂ ਨਾਲ ਵਾਪਾਰ ਤੇ ਸੰਚਾਰ ਵਿੱਚ ਬਹੁਤ ਵੱਡੀ ਮੁਸ਼ਕਲ ਬਣ ਗਈ। ਅਖੀਰ ਵਿੱਚ ਇਸ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਬ੍ਰਿਟਿਸ਼ ਕੈਲੰਡਰ ਐਕਟ 1751 ਅਨੁਸਾਰ ਉਸਨੇ 2 ਸਤੰਬਰ 1752 ਵਿੱਚ ਕੁਲ 11 ਦਿਨਾਂ ਦਾ ਫਰਕ ਕੱਢ ਕੇ ਇਸਨੂੰ ਅਪਣਾ ਲਿਆ ਭਾਵ 3 ਸਤੰਬਰ ਨੂੰ ਸਿੱਧਾ ਹੀ 14 ਸਤੰਬਰ 1752 ਐਲਾਨ ਦਿੱਤਾ। ਆਪਣੀ ਗੱਲ ਨੂੰ ਜਾਰੀ ਰੱਖਦੀ ਹੋਈ ਅੱਗੇ ਪੰਨਾ 15 ’ਤੇ ਲਿਖ ਰਹੀ ਹੈ: ‘ਸਪੱਸ਼ਟ ਹੈ ਇਸ ਤਬਦੀਲੀ ਨਾਲ ਹਫਤੇ ਦੇ ਦਿਨਾਂ ਵਿੱਚ ਗੜਬੜ ਹੋ ਗਈ। 2 ਤਰੀਕ ਨੂੰ ਬੁੱਧਵਾਰ ਅਤੇ 14 ਨੂੰ ਵੀਰਵਾਰ ਆ ਗਿਆ ਜਦੋਂ ਕਿ ਹਫਤੇ ਦੇ ਨਿਯਮ ਮੁਤਾਬਕ 14 ਨੂੰ ਸੋਮਵਾਰ ਹੋਣਾ ਚਾਹੀਦਾ ਸੀ। ਇਹ ਇਸ ਕੈਲੰਡਰ ਦਾ ਸਭ ਤੋਂ ਵੱਡਾ ਦੋਸ਼ ਹੈ। ਪੰਨਾ 16 ’ਤੇ ਲਿਖ ਰਹੀ ਹੈ ਜਦੋਂ ਸਿੱਖ ਇਤਿਹਾਸ ਦੀਆਂ ਤਰੀਕਾਂ ਦਾ ਤਬਾਦਲਾ ਪੁਰੇਵਾਲ ਅਨੁਸਾਰ ਗੈਰੀਗੋਰੀਅਨ ਕੈਲੰਡਰ ਵਿੱਚ ਹੋਏਗਾ ਉਹ ਕਿਸੇ ਵੀ ਹਾਲਤ ਵਿੱਚ ਸ਼ੁੱਧ ਨਹੀਂ ਹੋ ਸਕਦੀਆਂ ਸਿਵਾਏ ਇੱਕ ਮਿੱਥ ਤੋਂ।’

(ਬਾਰੇ ਬਾਰੇ ਜਾਈਏ ਬੀਬੀ ਜੀ ਦੇ ਕੈਲੰਡਰ ਗਿਆਨ ਤੋਂ। ਕੀ ਉਸ ਨੂੰ ਨਹੀਂ ਪਤਾ ਕਿ ਹਫਤੇ ਦੇ ਦਿਨ ਆਪਣੀ ਤਰਤੀਬ ਅਨੁਸਾਰ ਚਲਦੇ ਰਹੇ ਪਰ ਜੂਲੀਅਨ ਸਾਲ ਦੀ ਲੰਬਾਈ ਮੌਸਮੀ ਸਾਲ ਤੋਂ ਤਕਰੀਬਨ 11 ਮਿੰਟ ਵੱਧ ਹੋਣ ਕਰਕੇ 1752 ਤੱਕ ਇਸ ਦੀਆਂ ਤਰੀਖਾਂ 10 ਦਿਨ ਅੱਗੇ ਨਿਕਲ ਗਈਆਂ। ਇਸ ਲਈ ਸੋਧ ਸਿਰਫ ਤਰੀਖਾਂ ’ਚ ਹੋਣੀ ਸੀ ਹਫਤੇ ਦੇ ਦਿਨਾਂ ਦੀ ਨਹੀਂ। ਮੰਨ ਲੈਂਦੇ ਹਾਂ ਕਿ ਬੀਬੀ ਜੀ, ਇਸ ਸੋਧ ਨਾਲ ਹਫਤੇ ਦੇ ਦਿਨਾਂ ਵਿੱਚ ਗੜਬੜ ਹੋਈ ਸਮਝਦੀ ਹੈ ਤਾਂ ਉਹ ਆਪਣੇ ਹਰਮਨ ਪਿਆਰੇ ਤੇ ਸਭ ਤੋਂ ਸ਼ੁੱਧ ਮੰਨੇ ਕੈਲੰਡਰ ਦਾ ਹਾਲ ਤਾਂ ਵੇਖ ਲਵੇ। ਉਸ ਵਿੱਚ ਤਾਂ ਚੰਦਰਮਾ ਮਹੀਨੇ ਦੀ ਲੰਬਾਈ 29.530587946 ਭਾਵ 29 ਦਿਨ 12 ਘੰਟੇ 44 ਮਿੰਟ 2.8 ਸੈਕੰਡ ਹੋਣ ਕਰਕੇ ਹਰ ਮਹੀਨੇ ਹੀ 1 ਤਿੱਥ ਖਤਮ ਕਰਕੇ ਇੱਕੋ ਦਿਨ ਦੋ ਤਿੱਥਾਂ ਆ ਜਾਂਦੀਆਂ ਹਨ, ਜਿਵੇਂ ਕਿ 21 ਜੁਲਾਈ 6 ਸਾਵਣ ਦਿਨ ਐਤਵਾਰ ਨੂੰ ਹਾੜ ਸੁਦੀ 13 ਅਤੇ ਹਾੜ ਸੁਦੀ 14 ਦੋਵੇਂ ਤਿੱਥਾਂ ਇੱਕੋ ਹੀ ਦਿਨ ਆ ਗਈਆਂ ਭਾਵ ਇੱਕ ਤਿੱਥ (ਖੈ) ਖਤਮ ਹੋ ਗਈ। ਹੋਰ ਹੈਰਾਨ ਹੋਵੋਗੇ ਕਿ ਸਾਢੇ 29 ਦਿਨਾਂ ਤੋਂ ਉਪਰਲੇ 44 ਮਿੰਟ 2.8 ਸੈਕੰਡ ਦਾ ਵਾਧਾ ਘਾਟਾ ਪੂਰਾ ਕਰਕੇ ਇਸੇ ਮਹੀਨੇ ’ਚ 5 ਜੁਲਾਈ 22 ਹਾੜ ਦਿਨ ਸ਼ੁੱਕਰਵਾਰ ਨੂੰ ਵੀ ਹਾੜ ਵਦੀ 13 ਸੀ ਅਤੇ ਅਗਲੇ ਦਿਨ 6 ਜੁਲਾਈ 23 ਹਾੜ ਦਿਨ ਸ਼ਨੀਵਾਰ ਨੂੰ ਵੀ ਓਹੀ ਤਿੱਥ ਹਾੜ ਵਦੀ 13 ਸੀ। ਬੀਬੀ ਜੀ ਲਈ ਸਵਾਲ ਹੈ ਕਿ ਉਹ ਦੱਸੇ ਕਿ ਕੀ ਇਸ ਨਾਲ ਹਫਤੇ ਦੇ ਦਿਨਾਂ ਦੀ ਤਰਤੀਬ ਨਹੀਂ ਵਿਗੜੀ? ਦੂਜਾ ਸਵਾਲ ਹੈ ਕਿ ਜੇ ਕਿਸੇ ਗੁਰਪੁਰਬ ਦੀ ਅਸਲੀ ਤਿੱਥ ਖੈ ਹੋ ਜਾਵੇ ਤਾਂ ਗੁਰਪੁਰਬ ਕਿਹੜੀ ਤਿੱਥ ਨੂੰ ਮਨਾਈਏ? ਅਤੇ ਜੇ ਗੁਰਪੁਰਬ ਵਾਲੀ ਤਿੱਥ ਲਗਾਤਾਰ ਦੋ ਦਿਨ ਆ ਜਾਵੇ ਤਾਂ ਗੁਰਪੁਰਬ ਕਿਹੜੀ ਤਿੱਥ ਨੂੰ ਮਨਾਈਏ?

ਇਹ ਗੋਰਖ ਧੰਦਾ ਇੱਥੇ ਹੀ ਖਤਮ ਨਹੀਂ ਹੁੰਦਾ। ਕਿਤਾਬਚੇ ਦੇ ਪੰਨਾ ਨੰ: 32 ’ਤੇ ਬੀਬੀ ਜੀ ਖ਼ੁਦ ਲਿਖ ਰਹੀ ਹੈ: ‘ਜਿਸ ਮਹੀਨੇ ਵਿੱਚ ਰਾਸ਼ੀ ਪਰਿਵਰਤਨ ਨਹੀਂ ਹੁੰਦਾ ਉਸ ਨੂੰ ਖਗੋਲ ਜਾਂ ਤਾਰਾ ਵਿਗਿਆਨੀ ਅਧਿਕ ਮਹੀਨਾ ਜਾਂ ਵਾਧੂ ਮਹੀਨੇ ਦਾ ਨਾਮ ਦਿੰਦੇ ਹਨ। ਇਸ ਤਰ੍ਹਾਂ ਇਹ ਬਾਰਾਂ ਦੀ ਥਾਂ ਚੰਦਰ ਸਾਲ ਦੇ ਤੇਰਾਂ ਮਹੀਨੇ ਬਣ ਜਾਂਦੇ ਹਨ। ਇਸੇ ਤਰ੍ਹਾਂ ਕੁਦਰਤ ਦੇ ਵਿਧਾਨ ਅਨੁਸਾਰ ਕਦੇ ਸੂਰਜ ਕਿਸੇ ਇੱਕ ਮਹੀਨੇ ਵਿੱਚ ਦੋ ਵਾਰੀ ਰਾਸ਼ੀ ਪ੍ਰੀਵਰਤਨ ਕਰ ਲੈਦਾ ਹੈ, ਇਸ ਮਹੀਨੇ ਨੂੰ ਵਿਗਿਆਨੀ ਕਸ਼ਿਆ ਜਾਂ ਘਟਿਆ ਮਹੀਨਾ ਆਖ ਦਿੰਦੇ ਹਨ।’ ਹੁਣ ਬੀਬੀ ਜੀ ਲਈ ਸਵਾਲ ਹੈ ਕਿ ਜੇ ਇੱਕੇ ਨਾਮ ਦੇ ਦੋ ਮਹੀਨੇ ਆ ਜਾਣ ਤਾਂ ਉਸ ਮਹੀਨੇ ਵਿੱਚ ਆਉਣ ਵਾਲੇ ਗੁਰਪੁਰਬ ਤੁਸੀਂ ਕਿਹੜੇ ਮਹੀਨੇ ਵਿੱਚ ਮਨਾਓਗੇ ਅਤੇ ਕਿਉਂ? ਜੇ ਕਿਸੇ ਸਾਲ ਇੱਕ ਮਹੀਨਾ ਹੀ ਖਤਮ ਹੋ ਗਿਆ ਤਾਂ ਕਿਹੜੇ ਮਹੀਨੇ ਵਿੱਚ ਮਨਾਓਗੇ ਅਤੇ ਕਿਉਂ? ਸ: ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਤਾਂ ਜੇ ਤੁਸੀਂ ਕਹੋ ਤਾਂ ਕੈਲੰਡਰ ਦਾ ਸਾਧਾਰਨ ਗਿਆਨ ਰੱਖਣ ਵਾਲਾ ਮਨੁੱਖ ਵੀ ਥੋਹੜੇ ਹੀ ਸਮੇਂ ਵਿੱਚ, ਆਉਣ ਵਾਲੇ 1000 ਸਾਲ ਦਾ ਕੈਲੰਡਰ ਬਣਾ ਸਕਦਾ ਹੈ, ਪਰ ਤੁਸੀਂ ਦੱਸੋ ਕਿ ਕੀ ਤੁਸੀਂ ਬਿਕ੍ਰਮੀ ਕੈਲੰਡਰ ਅਨੁਸਾਰ ਆਉਣ ਵਾਲੇ ਸਾਲ ਦਾ ਕੈਲੰਡਰ ਵੀ ਆਪ ਬਣਾ ਸਕਦੇ ਹੋ ਜਾਂ ਬ੍ਰਾਹਮਣ ’ਤੇ ਟੇਕ ਰੱਖੋਗੇ ਕਿ ਜਦੋਂ ਉਸ ਨੇ ਕੈਲੰਡਰ ਬਣਾਇਆ ਤਾਂ ਉਸ ਨੂੰ ਵੇਖ ਕੇ ਬਣਾਓਗੇ? ਗੁਰੂ ਗ੍ਰੰਥ ਸਾਹਿਬ ਜੀ ਤਾਂ ਪੁਕਾਰ ਪੁਕਾਰ ਕੇ ਕਹਿ ਰਹੇ ਹਨ: ‘ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥3॥’ (ਭੈਰਉ ਭਗਤ ਕਬੀਰ ਜੀਉ, ਗੁਰੂ ਗ੍ਰੰਥ ਸਾਹਿਬ - ਪੰਨਾ 1159) ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਵੀ ਪੰਡਿਤਾਂ ਤੋਂ ਪੁੱਛੇ ਬਿਨਾਂ ਕੁਝ ਨਹੀਂ ਕਰ ਸਕਦੇ ਤਾਂ ਦੱਸੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋ, ਜਾਂ ਪੰਡਿਤਾਂ ਦੇ?

ਇਸ ਕਿਤਾਬਚੇ ਦੀ ਭੂਮਿਕਾ ਵਿੱਚ ਤਰਦੀਪ ਸਿੰਘ ਜੀ ਲਿਖ ਰਹੇ ਹਨ: ‘ਜਿਵੇਂ ਅਕਾਲੀ ਰਾਜਨੀਤਕ ਲੋਕ ਆਪਣੇ ਹਰ ਵਿਰੋਧੀ ਨੂੰ ਕਾਂਗਰਸੀ ਗਰਦਾਨਦੇ ਹਨ, ਉਨ੍ਹਾਂ ਹੀ ਪਦ ਚਿੰਨ੍ਹਾਂ ’ਤੇ ਚਲਦੇ ਹੋਏ ਸਾਡੇ ਅਨਪੜ੍ਹ ਅ-ਵਿਗਿਆਨਕ ਅਗਾਂਹ-ਵਧੂ ਅਖੌਤੀ ਮਿਸ਼ਨਰੀ ਆਪਣੇ ਹਰ ਵਿਚਾਰਧਾਰਕ ਵਿਰੋਧੀ ਨੂੰ ਆਰਐੱਸਐੱਸ ਦਾ ਏਜੰਟ ਗਰਦਾਨਦੇ ਹਨ। ਅਜਿਹੇ ਸਿਧਾਂਤ ਵਿਹੂਣੇ ਅਤੇ ਧਾਰਮਿਕ ਰਹੁਰੀਤਾਂ ਤੋਂ ਸੱਖਣੇ ਅਨਸਰਾਂ ਨੂੰ ਜਵਾਬ ਦੇਣ ਲਈ ਅਸੀਂ ਇਸ ਕਿਤਾਬਚੇ ਦਾ ਅਜਿਹਾ ਨਾਮ ਰੱਖਣ ਲਈ ਮਜਬੂਰ ਹੋਏ ਹਾਂ। ਸ: ਤਰਦੀਪ ਸਿੰਘ ਜੀ ਅਤੇ ਸੰਤ ਸਮਾਜ ਸਮੇਤ ਇਸ ਦੇ ਹੋਰ ਸਾਥੀ ਦੱਸਣ ਕਿ ਜੇ ਤੁਸੀਂ ਆਪਣਾ ਕੈਲੰਡਰ ਬਣਾਉਣ ਲਈ ਵੀ ਪੰਡਿਤਾਂ ’ਤੇ ਨਿਰਭਰ। ਬ੍ਰਾਹਮਣ ਵੱਲੋਂ ਲੋਕਾਂ ਦੀ ਲੁੱਟ ਕਰਨ ਲਈ ਪ੍ਰਚਾਰੇ ਗਏ ਵਹਿਮ ਭਰਮ ਤੇ ਕਰਮਕਾਂਡ ਵੀ ਛੱਡਣ ਲਈ ਤਿਆਰ ਨਹੀਂ; ਤਾਂ ਤੁਹਾਨੂੰ ਆਰਐੱਸਐੱਸ ਦੇ ਏਜੰਟ ਨਾ ਆਖਿਆ ਜਾਵੇ ਤਾਂ ਹੋਰ ਕੀ ਆਖੀਏ? ਅਸਲ ਵਿੱਚ ਰਾਜਾ ਭਰਥਰ ਹਰੀ ਦਾ ਵੈਰਾਗ ਸ਼ਤਕ ਵਿੱਚ ਲਿਖਿਆ ਇੱਕ ਸ਼ਲੋਕ ਹੈ ਜਿਸ ਦੇ ਅਰਥ ਹਨ: ਇਸ ਦੁਨੀਆਂ ਵਿੱਚ ਤਿੰਨ ਤਰ੍ਹਾਂ ਦੇ ਇਨਸਾਨ ਹਨ:

1. ਜਿਸ ਨੂੰ ਕੋਈ ਵੀ ਗਿਆਨ ਨਹੀਂ। ਇਸ ਕਿਸਮ ਦੇ ਇਨਸਾਨਾਂ ਨੂੰ ਗਿਆਨ ਦੇ ਕੇ ਕੁਝ ਸਮਝਾਇਆ ਜਾ ਸਕਦਾ ਹੈ।
2. ਜਿਸ ਨੂੰ ਗਿਆਨ ਹੈ। ਵਿਰੋਧੀ ਮੱਤ ਵਾਲੇ ਐਸੇ ਗਿਆਨਵਾਨ ਮਨੁੱਖ ਨੂੰ ਵੀ ਦਲੀਲਾਂ ਦੇ ਕੇ ਆਪਣੀ ਗੱਲ ਸਮਝਾਈ ਜਾ ਸਕਦੀ ਹੈ।
3. ਅਲਪ ਗਿਆਨ ਵਾਲੇ। ਐਸੇ ਅਲਪ ਗਿਆਨ ਵਾਲੇ ਨੂੰ ਤਾਂ ਸਮਝਾਉਣਾ ਸਿਰਫ ਔਖਾ ਹੀ ਨਹੀਂ, ਬਲਕਿ ਅਸੰਭਵ ਹੀ ਹੁੰਦਾ ਹੈ।

ਹੁਣ ਜੇ ਸ: ਤਰਦੀਪ ਸਿੰਘ, ਕਸ਼ਮੀਰ ਸਿੰਘ, ਬੀਬੀ ਅਮਰਜੀਤ ਕੌਰ ਅਤੇ ਉਨ੍ਹਾਂ ਦੇ ਪ੍ਰੋਮੋਟਰ ਸੰਤ ਸਮਾਜ ਦੇ ਆਗੂ ਆਪਣੇ ਆਪ ਨੂੰ ਅਲਪ ਮੱਤ ਦੇ ਨਹੀਂ ਬਲਕਿ ਉਚਕੋਟੀ ਦੇ ਗਿਆਨਵਾਨ ਸਮਝਦੇ ਹਨ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਹ ਜਰੂਰ ਹੀ ਆਰ.ਐੱਸ.ਐੱਸ ਦੇ ਏਜੰਟ ਹਨ।)

ਅਖੀਰ ਵਿੱਚ ਮੈਂ ਇਹੋ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਪ੍ਰੋਟੈਸਟੈਂਟ ਈਸਾਈ ਜਗਤ ਨੂੰ ਜੂਲੀਅਨ ਕੈਲੰਡਰ ਵਿੱਚ 1582 ਵਿੱਚ ਕੀਤੀਆਂ ਸੋਧਾਂ ਆਖਰ 170 ਸਾਲ ਬਾਦ 1752 ਵਿੱਚ ਮੰਨਣੀਆਂ ਹੀ ਪਈਆਂ ਉਸੇ ਤਰ੍ਹਾਂ ਜਦੋਂ ਵੀ ਨਾਨਕਸ਼ਾਹੀ ਕੈਲੰਡਰ ਦੇ ਅੱਜ ਦੇ ਵਿਰੋਧੀਆਂ ਨੂੰ ਗੁਰੂ ਸਾਹਿਬ ਨੇ ਮੱਤ ਬਖ਼ਸ਼ੀ ਉਦੋਂ ਆਖਰ ਇਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ਮੰਨਣਾ ਹੀ ਪੈਣਾ ਹੈ।

ਆਓ ਸਾਰੇ ਰਲ ਕੇ ਅਰਦਾਸ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਇਨ੍ਹਾਂ ਭੁੱਲਿਆਂ ਨੂੰ ਸੁਮੱਤ ਬਖ਼ਸ਼ੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top