Share on Facebook

Main News Page

ਬਚਿਤ੍ਰ ਨਾਟਕ (ਕਥਿਤ ਦਸਮ ਗ੍ਰੰਥ) ਨੂੰ ਗੁਰੂ ਸਥਾਪਿਤ ਕਰਨ ਦੀਆਂ ਕੁਟਿਲ ਨਾਟਕੀ ਚਾਲਾਂ
-: ਜਗਤਾਰ ਸਿੰਘ ਜਾਚਕ

ਬਚਿਤ੍ਰ ਨਾਟਕ (ਕਥਿਤ ਦਸਮ ਗ੍ਰੰਥ) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਗੁਰੂ ਸਥਾਪਿਤ ਕਰਨ ਦੀਆਂ ਕੁਟਿਲ ਚਾਲਾਂ ਦੀ ਲੜੀ ਵਿੱਚ ਪਹਿਲਾਂ ਤਾਂ ਇਸ ਬਿਪਰਵਾਦੀ ਤੇ ਸਾਕਤ ਮੱਤੀ ਪੁਸਤਕ ਦੇ ਉਪਾਸ਼ਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਆਦਿ ਗ੍ਰੰਥ’ ਕਹਿਣਾ ਸ਼ੁਰੂ ਕੀਤਾ; ਤਾਂ ਕਿ ਸਿੱਖੀ ਖੇਤਰ ਵਿੱਚ ਕਿਸੇ ਦੂਜੇ ਗ੍ਰੰਥ ਦੀ ਹੋਂਦ ਸਥਾਪਿਤ ਕੀਤੀ ਜਾ ਸਕੇ । ਕਿਉਂਕਿ, ‘ਆਦਿ’ (ਪਹਿਲਾ) ਲਿਖਣ ਨਾਲ ‘ਜੁਗਾਦਿ’ (ਦੂਜਾ) ਹੋਣ ਦੀ ਸੰਭਾਵਨਾ ਸੁਭਾਵਿਕ ਹੀ ਕਾਇਮ ਹੋ ਜਾਂਦੀ ਹੈ । ਅੰਗਰੇਜ਼ ਲੇਖਕ ਮਿਸਟਰ ਟਰੰਪ ਵੱਲੋਂ ਇਸ ਲਹਿਰ ਨੂੰ ਬਢਾਵਾ ਦਿੱਤਾ ਗਿਆ । ਅਫ਼ਸੋਸ ਹੈ ਕਿ ਪਾਵਨ ਬੀੜਾਂ ਦੀ ਛਪਾਈ ਵੇਲੇ ਸ਼੍ਰੋਮਣੀ ਕਮੇਟੀ ਵੀ ਬਜ਼ਾਰੀ ਪ੍ਰਕਾਸ਼ਕਾਂ ਦੀ ਰੀਸੇ ਇਸ ਸਾਜਿਸ਼ ਦਾ ਸ਼ਿਕਾਰ ਹੋ ਗਈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਇਤਿਹਾਸ ਇਸ ਹਕੀਕਤ ਦਾ ਗਵਾਹ ਹੈ ਕਿ ਅਠਾਰਵੀਂ ਸਦੀ ਤੱਕ ਦੀ ਕੋਈ ਐਸੀ ਬੀੜ ਨਹੀਂ ਮਿਲਦੀ, ਜਿਸ ਦੇ ਤਤਕਰੇ ਵਿੱਚ ਜਾਂ ਨਾਂ ਵਜੋਂ ‘ਆਦਿ’ ਲਫ਼ਜ਼ ਦੀ ਵਰਤੋਂ ਕੀਤੀ ਹੋਵੇ । ਕਿਉਂਕਿ, ਤਦੋਂ ਤੱਕ ਸਿੱਖੀ ਦੇ ਵਿਹੜੇ ਵਿੱਚ ਕੋਈ ਦੂਜਾ ਗ੍ਰੰਥ ਨਹੀਂ ਸੀ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਰਾਬਰ ਦਾ ਸਤਿਕਾਰ ਦਿੱਤਾ ਜਾ ਸਕੇ । ਗਿਆਨੀ ਗਿਆਨ ਸਿੰਘ ਜੀ ਹੁਰਾਂ ਪੰਥ ਪ੍ਰਕਾਸ਼ ਵਿੱਚ ਸਪਸ਼ਟ ਲਿਖਿਆ ਹੈ ਕਿ : ਜੋ ਅਬ ਗਰੰਥ ਦਸਮ ਗੁਰ ਕੇਰਾ । ਕਹਿਲਾਵਤ ਮੱਧ ਪੰਥ ਵਡੇਰਾ । ਗੁਰ ਕੇ ਸਮੇਂ ਬੀੜ ਨਹਿ ਤਾਕੀ । ਭਾਈ ਬਾਣੀਆਂ ਰਹੀ ਇਕਾਂਕੀ

ਵਿਵਾਦਤ ਦਸਮ ਗ੍ਰੰਥ ਦੀ ਸੰਪਾਦਨਾ ਦਾ ਇਤਿਹਾਸ ਗਵਾਹ ਹੈ ਕਿ ਅੰਗਰੇਜ਼ ਸਰਕਾਰ ਅਤੇ ਸ੍ਰੀ ਦਰਬਾਰ ’ਤੇ ਕਾਬਜ਼ ਮਹੰਤਾਂ ਦੇ ਕੰਟਰੋਲ ਹੇਠ ਸ੍ਰੀ ਅੰਮ੍ਰਿਤਸਰ ਦੀ ਕਿਸੇ ਸੋਧਕ ਕਮੇਟੀ ਵੱਲੋਂ ਅਠਾਰਵੀ ਸਦੀ ਦੇ ਅੰਤਲੇ ਸਾਲਾਂ ਵਿੱਚ ਵਿਸ਼ੇਸ ਤੌਰ ’ਤੇ ਇਸ ਗ੍ਰੰਥ ਦੀ ਵਿਸ਼ੇਸ਼ ਸੰਪਾਦਨਾ ਹੋਈ ਤੇ 19ਵੀਂ ਸਦੀ ਦੇ ਅਰੰਭਕ ਸਾਲ ਵਿੱਚ ‘ਸ੍ਰੀ ਦਸਮ ਗ੍ਰੰਥ ਸਾਹਿਬ’ ਨਾਂ ਹੇਠ ਪਹਿਲੀ ਬੀੜ ਛਪੀ । ਦੁਕਾਨਦਾਰ ਵਪਾਰੀਆਂ ਨੇ ਆਪਣੀ ਵਿਕਰੀ ਵਧਾਉਣ ਲਈ ਸੰਪਰਦਾਈ ਧਿਰਾਂ ਦੀ ਸਹਿਮਤੀ ਨਾਲ ਅਛੋਪਲੇ ਜਿਹੇ ਢੰਗ ਨਾਲ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’ ਲਿਖਣਾ ਸ਼ੁਰੂ ਕਰ ਦਿੱਤਾ । ਪੰਜਾਬ ਤੋਂ ਬਾਹਰ ਸਰਕਾਰੀ ਕੰਟਰੋਲ ਹੇਠਲੇ ਦੋ ਤਖ਼ਤ ਸਹਿਬਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਂਗ ਚਰਚਿਤ ਦਸਮ ਗ੍ਰੰਥ ਦਾ ਪ੍ਰਕਾਸ਼ ਵੀ ਸ਼ੁਰੂ ਕਰ ਦਿੱਤਾ ਗਿਆ । ਪਰ, ਦੁੱਖ ਦੀ ਗੱਲ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਿਆਈ ਪ੍ਰਤੀ ਨਿਰਣੈਜਨਕ ਪੰਥਕ ਫੈਸਲੇ ਦੀ ਮੱਦ ਹੋਣ ਦੇ ਬਾਵਜੂਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਪਰੋਕਤ ਕਿਸਮ ਦੀ ਬੱਜਰ ਅਵਗਿਆ ਨੂੰ ਬੰਦ ਕਰਵਾਉਣ ਲਈ ਕੋਈ ਵਿਸ਼ੇਸ਼ ਆਦੇਸ਼ ਜਾਰੀ ਨਹੀਂ ਕੀਤੇ ਜਾ ਸਕੇ । ਭਾਵੇਂ ਕਿ 2008 ਤੋਂ ਦਸਮ ਗ੍ਰੰਥ ਵਿਵਾਦ ਨੂੰ ਸਲਝਾਉਣ ਲਈ ਪੰਥ-ਦਰਦੀ ਸਿੱਖ ਵਿਦਵਾਨਾਂ ਤੇ ਸੰਸਥਾਵਾਂ ਵੱਲੋਂ ਵਾਰ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ । ਕਿਉਂਕਿ, ਇਸ ਵਿਵਾਦ ਨੇ ਪੰਥਕ ਏਕਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਬੰਦਕ ਸਿਰਦਾਰੀ ਨੂੰ ਬਹੁਤ ਢਾਅ ਲਾਈ ਹੈ ; ਜੋ ਕੌਮੀ ਭਵਿੱਖ ਲਈ ਖ਼ਤਰਨਾਕ ਹੈ ।

ਚਾਹੀਦਾ ਤਾਂ ਇਹ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਪੰਥ ਦਰਦੀ ਸਿੱਖ ਵਿਦਾਵਨਾਂ ਤੇ ਸੰਸਥਾਵਾਂ ਦੀ ਪਿੱਠ ਥਾਪੜਦਾ, ਜਿਹੜੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਗੁਰਿਆਈ ਵਾਲੀ ਇਲਾਹੀ ਸ਼ਾਨ ਨੂੰ ਬਰਕਰਾਰ ਰਖਣ ਲਈ ਅਵਾਜ਼ ਬੁਲੰਦ ਕਰ ਰਹੇ ਸਨ । ਪਰ, ਰਾਜ-ਸੱਤਾ ਦੇ ਲਾਲਚੀ ਤੇ ਸੱਤਾਧਾਰੀ ਸਿੱਖ ਆਗੂਆਂ ਦੀ ਬਦਨੀਤੀ ਕਾਰਨ ਹੋਇਆ ਇਸ ਦੇ ਉੱਲਟ । ਸਿੱਟਾ ਇਹ ਨਿਕਲਿਆ ਕਿ ਬਚਿਤਰ ਨਾਟਕ ਦੇ ਉਪਾਸ਼ਕਾਂ ਦੇ ਹੌਂਸਲੇ ਵਧੇ । ਬਚਿਤ੍ਰ ਨਾਟਕ ਨੂੰ ਗੁਰੂ ਸਥਾਪਿਤ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਪਾਹੀ ਬਨਾਉਣ ਤੋਂ ਅਸਮਰਥ ਦੱਸ ਕੇ ਅਧੂਰਾ ਸਾਬਤ ਕਰਨ ਅਤੇ ਉਸ ਅੰਦਰਲੀ ਅਸ਼ਲੀਲਤਾ ਨੂੰ ਲਕਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸ਼ਲੀਲ ਦੱਸਣ ਦਾ ਗੁਨਾਹ ਤਾਂ ਉਹ ਪਹਿਲਾਂ ਹੀ ਕਰ ਰਹੇ ਸਨ । ਹੁਣ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ‘ਪੋਥੀ ਸਾਹਿਬ’ ਅਤੇ ਬਚਤ੍ਰਿ ਨਾਟਕ ਨੂੰ ‘ਗ੍ਰੰਥ ਸਾਹਿਬ’ ਲਿਖਣ ਦੀ ਇੱਕ ਨਵੀਨ ਤੇ ਖ਼ਤਰਨਾਕ ਚਾਲ ਚੱਲੀ ਹੈ ; ਤਾਂ ਕਿ ‘ਗੁਰੂ ਮਾਨਿਓ ਗ੍ਰੰਥ’ ਦੇ ਆਖ਼ਰੀ ਗੁਰੂ ਆਦੇਸ਼ ਨੂੰ ਕਥਿਤ ਦਸਮ ਗ੍ਰੰਥ ਦੇ ਹੱਕ ਵਿੱਚ ਵਰਤਿਆ ਜਾ ਸਕੇ । ਉਨ੍ਹਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੋਥੀ ਸਾਹਿਬ ਵਿੱਚੋਂ ਦਸਮ ਗ੍ਰੰਥ ਸਾਹਿਬ ਨਿਕਲੇ ਹਨ । ਅਜਿਹਾ ਪ੍ਰਚਾਰ ਕਰਕੇ ਉਹ ਸਿੱਖਾਂ ਦੇ ਇਸ ਵਿਸ਼ਵਾਸ਼ ਨੂੰ ਰੋਲਣਾ ਚਹੁੰਦੇ ਹਨ ਕਿ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖਾਂ ਦੇ ਇੱਕੋ-ਇੱਕ ਗੁਰੂ ਹਨ ।

ਦਾਸ ਨੂੰ ਈਮੇਲ ਰਾਹੀਂ ਇੱਕ ਲੇਖ ਮਿਲਿਆ ਹੈ, ਜੋ ਇਸ ਬਿਚਤ੍ਰਨਾਟਕੀ ਕੁਟਿਲ ਚਾਲ ਦਾ ਪ੍ਰਤੱਖ ਪ੍ਰਮਾਣ ਹੈ । ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਰਿਤ੍ਰੋਪਖਿਆਨ ਵਾਲੀ ਅਸ਼ਲੀਲਤਾ ਦਾ ਸੋਮਾ ਸਿੱਧ ਕਰਦਿਆਂ, 8 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਪੋਥੀ ਸਾਹਿਬ ਲਿਖਿਆ ਗਿਆ ਹੈ ਅਤੇ ਬਚਿਤ੍ਰਨਾਟਕ ਨੂੰ ਗ੍ਰੰਥ ਸਾਹਿਬ ਜਾਂ ਦਸਮ ਗ੍ਰੰਥ । ਪੋਥੀ ਤੇ ਗ੍ਰੰਥ ਵਿੱਚ ਅੰਤਰ ਦਰਸਾਅ ਕੇ ਸ਼ਰਧਾਲੂ ਗੁਰਸਿਖਾਂ ਨੂੰ ਗੁੰਮਰਾਹ ਕਰਨ ਲਈ ਜਪਜੀ ਸਾਹਿਬ ਦੀ ਪਾਵਨ ਤੁਕ ‘"ਅਸੰਖ ਗਰੰਥ ਮੁਖਿ ਵੇਦ ਪਾਠ ॥" ਦੀ ਚਲਾਕੀ ਭਰੀ ਸੁਆਰਥੀ ਵਰਤੋਂ ਕੀਤੀ ਗਈ ਹੈ । ਕਿਉਂਕਿ, ਜੋ ਅਰਥ ਕੀਤੇ ਗਏ ਹਨ, ਉਹ ਪ੍ਰਕਰਣਿਕ ਤੇ ਵਿਆਕਰਣਿਕ ਦ੍ਰਿਸ਼ਟੀਕੋਨ ਤੋਂ ਬਿਲਕੁਲ ਗ਼ਲਤ ਹਨ । ਕਿਸੇ ਵੀ ਕੋਸ਼ ਵਿੱਚ ‘ਵੇਦ’ ਲਫ਼ਜ਼ ਦਾ ਅਰਥ ਪੋਥੀ ਨਹੀਂ ਹੈ । ਲੇਖਕ ਲਿਖਦਾ ਹੈ :

"ਅੱਜਕਲ ਇਕ ਮਨਮਤਿ ਤੋਂ ਭਰੀ ਨਵੇਕਲੀ ਸੋਚ ਵਾਲੇ ਕੁਝ ਮੁੱਠੀ ਭਰ ਮੂੜ੍ਹ ਮਤੀਏ, ਆਪ ਨੂੰ ਸਿੱਖ ਅਖਵਾਉਣ ਵਾਲੇ ਸਤਿਗੁਰ ਦੀ ਗੁਰਬਾਣੀ 'ਤੇ ਸ਼ੰਕੇ ਕਰਦੇ ਹਨ।"

ਉਹ ਪੋਥੀ ਸਾਹਿਬ ਤੋਂ ਉਤਪੰਨ ਹੋਇ ਅਤੇ ਦਸਮ ਗ੍ਰੰਥ ਵਿਚ ਦਰਜ਼ ਹੋਇ ਵਿਸਤਾਰ ਪੁਰਵਕ ਇਸ ਬ੍ਰਹਮ ਗਿਆਨ ਤੇ ਜਾਣੂ ਨਹੀਂ ਜਾਪਦੇ ਅਤੇ ਇਸ ਨੂੰ ਅਸ਼ਲੀਲਤਾ ਦਾ ਰੁੱਖ ਦੇਣਾਂ ਚਾਹੁਂਦੇ ਹਨ। ਜੋ ਕਿ ਭਵਿੱਖ ਵਿਚ ਬਹੁਤ ਹੀ ਮੰਦਭਾਗਾ ਸਾਬਿਤ ਹੋ ਸਕਦਾ ਹੈ। ਕਿਉਂਕਿ ਬਹੁਤਾਤ ਵਿਚ ਸਿੱਖ ਪੋਥੀ ਸਾਹਿਬ ਨੂੰ ਕੇਵਲ ਮੱਥਾ ਟੇਕ ਕੇ ਹੀ ਮੁਕਤੀ ਦੀ ਦਾਤ ਲੱਭਦੇ ਹੈ। ਇਸ ਦੀ ਗਹਿਨ ਵਿਚਾਰ ਕਰਨ ਤੋਂ ਅਵੇਸਲੇ ਹਨ, ਸਤਿਗੁਰ ਅਨੁਸਾਰ ਕੇਵਲ ਗਹਿਨ ਵਿਚਾਰ ਕਰਨ ਵਾਲਾ ਹੀ ਪਰਵਾਣਿਤ ਸਿੱਖ ਹਨ।

ਪੋਥੀ ਸਾਹਿਬ ਅਤੇ ਗ੍ਰੰਥ ਸਾਹਿਬ ਦੇ ਫਰਕ ਨੂੰ ਗੁਰਬਾਣੀ ਵਿਚੋਂ ਸਮਝਣ ਦੀ ਲੋੜ ਹੈ। "ਪੋਥੀ ਪਰਮੇਸ਼ਰ ਕਾ ਥਾਨ" ਵਿਚ ਕੇਵਲ ਇਕ ਵਾਰ ਗਰੰਥ ਸ਼ਬਦ ਦੀ ਵਰਤੋਂ ਹੋਈ ਹੈ ਓੁਹ ਵੀ ਕੇਵਲ ਜਪੁਜੀ ਸਾਹਿਬ ਵਿਚ "ਅਸੰਖ ਗਰੰਥ ਮੁਖਿ ਵੇਦ ਪਾਠ ॥" ਪੰਨਾ ੩

ਜਿਸ ਦਾ ਗੁਰਮਤਿ ਅਨੁਸਾਰ ਇਹ ਅਰਥ ਬਣਦਾ ਹੈ ਮੁਖੀ ਵੇਦ "ਪੋਥੀ ਪਰਮੇਸ਼ਰ ਕਾ ਥਾਨ" ਦੇ ਪਾਠ ਵਿਚੋਂ ਹੀ, ਬ੍ਰਹਮ ਗਿਆਨ ਦਾ ਹੋਰ ਵਿਸਤਾਰ ਦੇਣ ਵਾਸਤੇ ਅਗੋਂ ਹੋਰ ਗਰੰਥ ਰਚੇ ਜਾਂਦੇ ਹਨ।ਜਿਨਾਂ ਦੀ ਗਿਣਤੀ ਅਸੰਖ ਵੀ ਹੋ ਸਕਦੀ ਹੈ।

ਨੋਟ: ਇਥੇ "ਮੁਖਿ" ਸ਼ਬਦ ਦੇ ਅਰਥ ਮੁੱਖ ਦੁਆਰਾ ਨਹੀਂ ਲੈਣੇ। ਪਰ ਮੁਖਯ, ਉਤਮ ਪਰਧਾਨ ਵਾਲੇ ਅਰਥ ਲੈਣੇ ਹਨ। ਜਿਵੇ ਕਿ ਇਸ ਪੰਕਤੀ ਵਿਚ। ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਪੰਨਾ ੮੭੭ ਪੋਥੀ ਸਾਹਿਬ ਵਿਚ ਜਪੁ ਹੈ ਅਤੇ ਦਸਮ ਗਰੰਥ ਵਿਚ ਜਾਪੁ ਹੈ । ਜੋ ਜਪੁ ਚੋਂ ਸਮੱਝਿ ਲਿਆ ਹੈ, ਜਾਪੁ ਦੁਆਰਾ ਬਿਆਨ ਕਰ ਦਿੱਤਾ ਹੈ ।”

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਇਸ਼ਟ ਮੰਨਣ ਵਾਲੇ ਸਮੂਹ ਗੁਰਸਿੱਖ ਸੰਗਤਾਂ ਨੂੰ ਉਪਰੋਕਤ ਕਟਿਲ ਚਾਲ ਤੋਂ ਅਤਿਅੰਤ ਸੁਚੇਤ ਹੋਣ ਦੀ ਲੋੜ ਹੈ । ਸ਼ਬਦ ਕੋਸ਼ਾਂ ਮੁਤਾਬਿਕ ਪੁਸਤਕ, ਪੋਥੀ ਤੇ ਗ੍ਰੰਥ ਲਫ਼ਜ਼ ਸੰਸਕ੍ਰਿਤ ਦੇ ਨਾਮ ਪੁਸਤਕਃ ਤੋਂ ਵਿਉਂਤੇ ਗਏ ਸਮਾਨਰਥਕ ਨਾਂਵ ਹਨ । ਅਰਬੀ ਵਿੱਚ ‘ਪੁਸਤਕ’ ਨੂੰ ‘ਕਿਤਾਬ’ ਕਿਹਾ ਜਾਂਦਾ ਹੈ । ‘ਕਤੇਬ’ ਲਫ਼ਜ਼ ਕਿਤਾਬ ਦਾ ਰੂਪਾਂਤਰ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਬੀ ਧਰਮ ਗ੍ਰੰਥਾਂ (ਵੇਦ, ਪੁਰਾਣ ਆਦਿਕ) ਲਈ ਪੁਸਤਕ, ਪੋਥੀ ਤੇ ਗ੍ਰੰਥ ਨਾਂ ਵਰਤੇ ਮਿਲਦੇ ਹਨ ਅਤੇ ਪਛਮੀ ਧਰਮ ਗ੍ਰੰਥਾਂ (ਕੁਰਾਨ, ਅੰਜੀਲ ਆਦਿਕ) ਲਈ ‘ਕਿਤੇਬ’। ਇਹ ਸਾਰੇ ਨਾਂਵ ਸਮਾਨਰਥਕ ਹਨ । ਜਿਵੇਂ:

ਵਾਚਹਿ ਪੁਸਤਕ ਵੇਦ ਪੁਰਾਨਾਂ ॥
{ਅੰਕ 1043}

ਪੋਥੀ ਪੰਡਿਤ ਬੇਦ ਖੋਜੰਤਾ ਜੀਉ ॥ {ਅੰਕ 216}

ਅਸੰਖ ਗਰੰਥ ਮੁਖਿ ਵੇਦ ਪਾਠ ॥ {ਅੰਕ ੩}

ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥ {ਅੰਕ 24}

ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਸੰਗ੍ਰਹਿ ਕੀਤੀ ‘ਧੁਰ ਕੀ ਬਾਣੀ’ ਦੀ ਪਹਿਲੀ ਪੋਥੀ ਲਈ ਭਾਈ ਗੁਰਦਾਸ ਜੀ ਨੇ ਦੋ ਵਾਰ ‘ਕਿਤਾਬ’ ਨਾਂ ਦੀ ਵਰਤੋਂ ਕੀਤੀ ਹੈ :

ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ। {ਵਾਰ 1 ਪਉੜੀ 32}

ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ। {ਵਾਰ 1 ਪਉੜੀ 33}

ਕਿਉਂਕਿ, ਭਾਰਤੀ ਧਾਰਮਿਕ ਜਗਤ ਅੰਦਰ ਧਰਮ ਪੁਸਤਕਾਂ ਨੂੰ ‘ਪੋਥੀ’ ਅਤੇ ‘ਗ੍ਰ੍ਰੰਥ’ ਕਹਿਣ ਦਾ ਰਿਵਾਜ਼ ਵਧੇਰੇ ਪ੍ਰਚਲਿਤ ਸੀ । ਇਸ ਲਈ ਗੁਰੂ ਦਰਬਾਰ ਵਿੱਚ ਵੀ ਗੁਰਬਾਣੀ ਸੰਗ੍ਰਹਿ ਪੁਸਤਕਾਂ (ਕਿਤਾਬਾਂ) ਨੂੰ ਅਦਬ ਵਜੋਂ ‘ਪੋਥੀ’ ਅਤੇ ‘ਗ੍ਰੰਥ’ ਆਖਿਆ ਗਿਆ । ਜਿਵੇਂ, ਪ੍ਰਸਿੱਧ ਹਨ ਸ੍ਰੀ ਗੋਇੰਦਵਾਲ ਵਾਲੀਆਂ ਪੋਥੀਆਂ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਨ੍ਹਾਂ ਸਾਰੀਆਂ ਪੋਥੀਆਂ ਦੀ ਪਰਖ ਪੜਚੋਲ ਕਰਕੇ ਭਾਈ ਗੁਰਦਾਸ ਜੀ ਪਾਸੋਂ ਇੱਕ ਪੋਥੀ ਲਿਖਵਾਈ, ਜਿਸ ਨੂੰ ਹੁਣ ਕਰਤਾਰਪੁਰੀ ਬੀੜ ਆਖਿਆ ਜਾਂਦਾ ਹੈ । ਇਸ ਪਾਵਨ ਬੀੜ ਦੇ ਤਤਕਰੇ ਉਪਰ ਇਉਂ ਇੱਕ ਸੂਚਨਾ ਦਰਜ ਹੈ : “ ਸੰਮਤ 1661 ਮਿਤੀ ਭਾਦੋਉ ਵਦੀ ਏਕਮ 1 ਪੋਥੀ ਲਿਖ ਪਹੁੰਚੇ ।” ਇਸ ਲਈ ਅਦਬ ਵਜੋਂ ਇਸ ਪਾਵਨ ਬੀੜ ਨੂੰ ‘ਪੋਥੀ ਸਾਹਿਬ’ ਵੀ ਕਿਹਾ ਜਾਂਦਾ ਹੈ । ਪਰ, ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਲੈ ਕੇ ਅਠਰਾਵੀਂ ਸਦੀ ਤਕ ਦੀਆਂ ਜੋ ਹੱਥ ਲਿਖਤੀ ਬੀੜਾਂ ਹਨ, ਉਨ੍ਹਾਂ ਦੇ ਤਤਕਰੇ ਦਾ ਆਮ ਸਿਰਲੇਖ ਹੈ : ਤਤਕਰਾ ਗ੍ਰੰਥ ਜੀ ਕਾ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਤੂਬਰ 1708 ਨੂੰ ਜੋਤੀ-ਜੋਤਿ ਸਮਾਵਣ ਵੇਲੇ ਜਦੋਂ ਪੰਥ ਨੂੰ ਸਿੱਧੇ ਰੂਪ ਵਿੱਚ ਗ੍ਰੰਥ ਦੇ ਲੜ ਲਾਇਆ ਤਾਂ ਇਸ ਉਪਰੰਤ ‘ਗ੍ਰੰਥ’ ਨਾਲ ‘ਗੁਰੂ’ ਪਦ ਦਾ ਵਿਸ਼ੇਸ਼ਣ ਜੁੜਿਆ । ਇਸ ਲਈ ਤਦੋਂ ਤੋਂ ਗੁਰਸਿੱਖ ‘ਧੁਰ ਕੀ ਬਾਣੀ’ ਦੀ ਪਾਵਨ ਬੀੜ ਨੂੰ ‘ਪੋਥੀ ਸਾਹਿਬ’ ਜਾਂ ‘ਗ੍ਰੰਥ ਸਾਹਿਬ’ ਦੀ ਥਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਕਹਿ ਕੇ ਸੀਸ ਝਕਾਉਂਦੇ ਆ ਰਹੇ ਹਨ । ਇਸ ਲਈ ਕਿਸੇ ਵੀ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ‘ਪੋਥੀ ਸਾਹਿਬ’ ਕਹਿਣਾ ਜਾਂ ਲਿਖਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਤੋਂ ਮਨੁਕਰ ਹੋਣ ਤੁੱਲ ਹੈ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਪੰਜਾਬ ਦੀ ਸੱਤਾ ’ਤੇ ਕਾਬਜ਼ ਰਾਜਨੀਤਕ ਆਗੂਆਂ ਦੇ ਸੁਆਰਥੀ ਵਰਤਾਰੇ ਨੂੰ ਮੁਖ ਰਖਦਿਆਂ ਅਜੌਕੇ ਮਹੌਲ ਵਿੱਚ ਇਹ ਆਸ ਰਖਣੀ ਤਾਂ ਮੂਰਖਤਾ ਹੀ ਮੰਨੀ ਜਾਵੇਗੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਦਸਮ ਗ੍ਰੰਥ ਵਿਵਾਦ ਨੂੰ ਸੁਲਝਾਇਆ ਜਾ ਸਕੇਗਾ । ਪਰ, ਫਿਰ ਵੀ ਸਭਿਅਕ ਢੰਗ ਨਾਲ ਸਾਨੂੰ ਉੱਦਮ ਜਾਰੀ ਰੱਖਣਾ ਚਾਹੀਦਾ ਹੈ । ਉਪਰੋਕਤ ਕਿਸਮ ਦੀਆਂ ਕੁਟਿਲ ਚਾਲਾਂ ਦੀ ਰੋਕਥਾਮ ਲਈ ਜੇਕਰ ਕੁਝ ਪੰਥ-ਦਰਦੀ ਸਿੱਖ ਵਿਦਵਾਨ ਤੇ ਸੰਸਥਾਵਾਂ ਮਿਲ ਕੇ ਯੋਗ ਢੰਗ ਨਾਲ ਹੰਭਲਾ ਮਾਰਨ ਤਾਂ ਸਿੱਖ ਰਹਿਤ ਮਰਯਾਦਾ ਦੀ ਰੌਸ਼ਨੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਐਸਾ ਆਦੇਸ਼ ਜਾਰੀ ਕਰਵਾਉਣ ਵਿੱਚ ਸਫਲ ਹੋਇਆ ਜਾ ਸਕਦਾ ਹੈ; ਜਿਸ ਵਿੱਚ ਲਿਖਿਆ ਹੋਵੇ ਕਿ “ਕੋਈ ਵੀ ਸੰਸਥਾ ਜਾਂ ਪ੍ਰਕਾਸ਼ਕ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਿੱਖ ਸਾਹਿਤ ਨਾਲ ਸਬੰਧਤ ਕਿਸੇ ਪੋਥੀ, ਪੁਸਤਕ ਜਾਂ ਗ੍ਰੰਥ ਨਾਲ ‘ਗੁਰੂ’ ਲਫ਼ਜ਼ ਦੀ ਵਰਤੋਂ ਨਾ ਕਰੇ ਅਤੇ ਨਾ ਹੀ ਕੋਈ ਲੇਖਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ‘ਆਦਿ ਗ੍ਰੰਥ’ ਜਾਂ ‘ਪੋਥੀ ਸਾਹਿਬ’ ਲਿਖਣ ਦੀ ਭੁੱਲ ਕਰੇ” ।

ਇਸ ਵਿਸ਼ੇ ਸਬੰਧੀ ਵਿਦਵਾਨ ਸੱਜਣਾ ਤੇ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਵਿਸ਼ੇਸ਼ ਪਤਰ ਲਿਖਣੇ ਚਾਹੀਦੇ ਹਨ ਅਤੇ ਮਿਲ ਕੇ ਗੱਲਬਾਤ ਵੀ ਕਰਨੀ ਚਾਹੀਦੀ ਹੈ । ਕਿਉਂਕਿ, ਸਾਡੇ ਕੋਲ ਇਸ ਮਸਲੇ ਦੇ ਹੱਲ ਲਈ ਹੋਰ ਕੋਈ ਥਾਂ ਤੇ ਚਾਰਾ ਨਹੀਂ ਹੈ । ਇਹੀ ਕਾਰਣ ਹੈ ਕਿ ਗੁੱਸੇ ਤੇ ਨਿਰਾਸ਼ਤਾ ਦੇ ਆਲਮ ਵਿੱਚ ਗੁਆਚੇ ਜਿਹੜੇ ਸਾਡੇ ਵੀਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਬੰਦਕ ਸਿਰਦਾਰੀ ਦੀ ਸ਼ਾਨ ਤੋਂ ਵੀ ਮਨੁਕਰ ਹੋ ਰਹੇ ਹਨ । ਉਨ੍ਹਾਂ ਨੂੰ ਵੀ ਕੌਮੀ ਮਸਲਿਆਂ ਨਾਲ ਸਬੰਧਤ ਸੁਆਲ ਪੁੱਛਣ ਵਾਸਤੇ ਅਖ਼ੀਰ ਸ੍ਰੀ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਨੂੰ ਹੀ ਸੰਬੋਧਨ ਹੋਣਾ ਪੈਂਦਾ ਹੈ । ਸਿੱਖ ਮਾਨਸਕਿਤਾ ਤੇ ਸੱਤਾਧਾਰੀ ਤਾਣੇ-ਬਾਣੇ ਨੂੰ ਧਿਆਨ ਵਿੱਚ ਰਖਦਿਆਂ ਬਦਕਲਾਮੀ ਤੇ ਕੰਮਪਿਊਟਰੀ ਬੰਬਾਂ ਨਾਲ ਪ੍ਰਾਪਤੀ ਦੀ ਥਾਂ ਹੋਰ ਨੁਕਸਾਨ ਹੋ ਸਕਦਾ ਹੈ । ਕੋਈ ਵੀ ਸਘੰਰਸ਼ ਕਿਸੇ ਇੱਕ ਪੈਂਤੜੇ ਨਾਲ ਜਿਤਣਾ ਅਸੰਭਵ ਹੁੰਦਾ ਹੈ । ਜਿਤ ਦੀ ਆਸ ਵਿੱਚ ਕਈ ਵਾਰ ਗਰਮ ਤੇ ਕਈ ਵਾਰ ਨਰਮ ਵੀ ਹੋਣਾ ਪੈਂਦਾ ਹੈ । ਆਸ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਨੋ ਮਨੋ ਸਮਰਪਤ ਸਾਰੇ ਮਾਈ-ਭਾਈ ਇਸ ਪੱਖੋਂ ਅਵੱਸ਼ ਸੋਚਣਗੇ ਅਤੇ ਅਜਿਹੇ ਯਤਨ ਕਰਨਗੇ, ਜਿਨ੍ਹਾਂ ਦੇ ਕੋਈ ਸਾਰਥਿਕ ਸਿੱਟੇ ਨਿਕਲ ਸਕਣ । ਭੁੱਲ-ਚੁੱਕ ਮੁਆਫ਼ ।

ਗੁਰੂ ਪੰਥ ਦਾ ਦਾਸ :

ਜਗਤਾਰ ਸਿੰਘ ਜਾਚਕ, ਨਿਊਯਾਰਕ
ਮਿਤੀ 27 ਜੁਲਾਈ 2013


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top