Share on Facebook

Main News Page

ਇਕ ਹੋਰ ਕਰਮਕਾਂਡ ਦੀ ਬ੍ਰਾਂਚ ਖੋਲਣ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ

ਅੰਮ੍ਰਿਤਸਰ, 29 ਜੁਲਾਈ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਇਤਿਹਾਸਕ ਦੁੱਖ ਭੰਜਨੀ ਬੇਰੀ ਦੀ ਸਾਂਭ ਸੰਭਾਲ ਤੇ ਲੰਮੇਰੀ ਉਮਰ ਲਈ ਮਾਹਰਾਂ ਵੱਲੋਂ ਦਿੱਤੇ ਸੁਝਾਅ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਸ਼ੁਰੂ ਕੀਤੇ ਜਾ ਰਹੇ ਹਨਾ। ਕਾਰ ਸੇਵਾ ਦਾ ਆਰੰਭ ਕਰਦੇ ਹੋਏ ਪੰਜ ਪਿਆਰੇ, ਜਿਸ ਤਹਿਤ ਦੁੱਖ ਭੰਜਨੀ ਬੇਰੀ ਵਾਲੀ ਥਾਂ ’ਤੇ ਅਖੰਡ ਪਾਠ ਰੱਖਣ ਲਈ ਬਣੇ ਇਕ ਕਮਰੇ ਨੂੰ ਇਥੋਂ ਹਟਾਇਆ ਜਾਵੇਗਾ ਅਤੇ ਇਸ ਦੀ ਥਾਂ ਸਾਹਮਣੇ ਪਾਸੇ ਵਰਾਂਡੇ ਦੇ ਉਪਰ ਅਖੰਡ ਪਾਠ ਰੱਖਣ ਲਈ 10 ਨਵੇਂ ਕਮਰੇ ਬਣਾਏ ਜਾਣਗੇ। ਇਹ ਨਵੇਂ ਕਮਰੇ ਬਣਾਉਣ ਲਈ ਅੱਜ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਆਰੰਭ ਪੰਜ ਪਿਆਰਿਆਂ ਨੇ ਟੱਕ ਲਾ ਕੇ ਕੀਤਾ।

ਇਥੇ ਸਥਾਪਿਤ ਤਿੰਨ ਪੁਰਾਤਨ ਬੇਰਾਂ ਦੇ ਦਰਖ਼ਤ ਬੇਰ ਬਾਬਾ ਬੁੱਢਾ ਸਾਹਿਬ, ਦੁੱਖ ਭੰਜਨੀ ਬੇਰੀ ਅਤੇ ਲਾਚੀ ਬੇਰ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਪਿਛਲੇ ਇਕ ਦਹਾਕੇ ਤੋਂ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ। ਇਨ੍ਹਾਂ ਪੁਰਾਤਨ ਤੇ ਇਤਿਹਾਸਕ ਦਰਖ਼ਤਾਂ ’ਤੇ ਲਾਖ ਦੇ ਕੀੜੇ ਨੇ ਵੱਡਾ ਹਮਲਾ ਕੀਤਾ ਸੀ, ਜਿਸ ਕਾਰਨ ਇਹ ਦਰਖ਼ਤ ਸੁੱਕ ਰਹੇ ਸਨ ਅਤੇ ਇਨ੍ਹਾਂ ਨੇ ਫਲ ਦੇਣਾ ਵੀ ਬੰਦ ਕਰ ਦਿੱਤਾ ਸੀ। ਮਾਹਰਾਂ ਵੱਲੋਂ ਹਰ ਵਰ੍ਹੇ ਇਨ੍ਹਾਂ ਦਰਖ਼ਤਾਂ ਦੀ ਕਾਂਟ ਛਾਂਟ ਕਰਨ ਮਗਰੋਂ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ। ਸਿੱਟੇ ਵਜੋਂ ਸਭ ਤੋਂ ਪੁਰਾਤਨ ਬੇਰ ਬਾਬਾ ਬੁੱਢਾ ਸਾਹਿਬ ਮੁੜ ਹਰੀ ਹੋ ਗਈ ਹੈ ਅਤੇ ਫਲ ਦੇ ਰਹੀ ਹੈ। ਮਾਹਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿੱਤਾ ਸੀ ਕਿ ਪੁਰਾਤਨ ਬੇਰਾਂ ਦੀ ਸਾਂਭ ਸੰਭਾਲ ਅਤੇ ਲੰਮੇਰੀ ਉਮਰ ਲਈ ਇਨ੍ਹਾਂ ਦੇ ਆਲੇ ਦੁਆਲੇ ਮਿੱਟੀ ਦੇ ਘੇਰੇ ਨੂੰ ਖੁੱਲ੍ਹਾ ਕਰਨ ਦੀ ਲੋੜ ਹੈ ਤਾਂ ਜੋ ਇਨ੍ਹਾਂ ਦੀਆਂ ਜੜ੍ਹਾਂ ਨੂੰ ਲੋੜ ਅਨੁਸਾਰ ਧੁੱਪ, ਹਵਾ ਤੇ ਪਾਣੀ ਮਿਲ ਸਕੇ।

ਇਸ ਸਬੰਧੀ ਬੇਰ ਬਾਬਾ ਬੁੱਢਾ ਸਾਹਿਬ ਦੇ ਆਲੇ ਦੁਆਲੇ ਬਣਾਏ ਗਏ ਪੱਥਰ ਦੇ ਥੜੇ ਨੂੰ ਤੋੜ ਕੇ ਇਸਦਾ ਮਿੱਟੀ ਦਾ ਘੇਰਾ ਹੋਰ ਖੁੱਲ੍ਹਾ ਕੀਤਾ ਗਿਆ ਹੈ। ਦੁੱਖ ਭੰਜਨੀ ਬੇਰੀ ਵਾਲੀ ਥਾਂ ’ਤੇ ਆਲੇ ਦੁਆਲੇ ਪੱਕੀ ਉਸਾਰੀ ਹੋ ਚੁੱਕੀ ਹੈ। ਇਸ ਥਾਂ ’ਤੇ ਦੋ ਕਮਰੇ ਬਣੇ ਹੋਏ ਹਨ, ਜਿੱਥੇ ਅਖੰਡ ਪਾਠ ਰੱਖੇ ਜਾਂਦੇ ਹਨ। ਇਸੇ ਤਰ੍ਹਾਂ ਅੱਠ ਸੱਠ ਤੀਰਥ ਵਾਲੀ ਥਾਂ ਵੀ ਪੱਥਰ ਲਾ ਕੇ ਪੱਕੀ ਕੀਤੀ ਹੋਈ ਹੈ। ਇਸਦੇ ਆਲੇ ਦੁਆਲੇ ਬਾਕੀ ਥਾਂ ਵੀ ਪੱਥਰ ਲਾ ਕੇ ਪੱਕੀ ਕੀਤੀ ਹੋਣ ਕਾਰਨ ਇਸ ਪੁਰਾਤਨ ਬੇਰ ਦਾ ਨੁਕਸਾਨ ਹੋ ਰਿਹਾ ਹੈ। ਹੁਣ ਮਾਹਰਾਂ ਦੇ ਸੁਝਾਅ ਨੂੰ ਮੰਨਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਭੰਜਨੀ ਬੇਰੀ ਵਾਲੀ ਥਾਂ ’ਤੇ ਬਣੇ ਇਕ ਕਮਰੇ ਨੂੰ ਹਟਾਉਣ ਦੀ ਯੋਜਨਾ ਹੈ ਤਾਂ ਜੋ ਇਸਦਾ ਮਿੱਟੀ ਦਾ ਘੇਰਾ ਵੱਡਾ ਕੀਤਾ ਜਾ ਸਕੇ, ਜਿੱਥੋਂ ਇਸ ਪੁਰਾਤਨ ਦਰਖ਼ਤ ਨੂੰ ਧੁੱਪ, ਹਵਾ ਤੇ ਪਾਣੀ ਲੋੜੀਂਦੀ ਮਿਕਦਾਰ ਵਿਚ ਮਿਲ ਸਕੇ। ਇਸੇ ਮੰਤਵ ਨਾਲ ਹੁਣ ਇਥੋਂ ਇਕ ਕਮਰਾ ਹਟਾਇਆ ਜਾਵੇਗਾ ਜਦੋਂ ਕਿ ਇਸ ਦੇ ਸਾਹਮਣੇ ਬਣੇ ਵਰਾਂਡੇ ਦੇ ਉਪਰ ਦਸ ਨਵੇਂ ਕਮਰੇ ਬਣਾਏ ਜਾਣਗੇ, ਜਿੱਥੇ ਅਖੰਡ ਪਾਠ ਰੱਖੇ ਜਾਇਆ ਕਰਨਗੇ।

ਅੱਜ ਇਨ੍ਹਾਂ ਨਵੇਂ ਕਮਰਿਆਂ ਦੀ ਉਸਾਰੀ ਲਈ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਕਾਰ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਕਾਰ ਸੇਵਾ ਦੀ ਸ਼ੁਰੂਆਤ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮੱਲ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਤੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਟੱਕ ਲਾਇਆ। ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਦੁੱਖ ਭੰਜਨੀ ਬੇਰੀ ਦੇ ਸਾਹਮਣੇ ਵਰਾਂਡੇ ਉਪਰ ਦਸ ਕਮਰੇ ਅਤੇ ਸੁਖ ਆਸਨ ਲਈ ਇਕ ਵੱਡਾ ਕਮਰਾ ਤਿਆਰ ਕੀਤਾ ਜਾਵੇਗਾ। ਇਹ ਸਾਰੇ ਕਮਰੇ ਵਾਤਾਨੁਕੂਲਤ ਹੋਣਗੇ, ਜਿਥੇ ਅਖੰਡ ਪਾਠ ਰੱਖਣ ਸਮੇਂ ਸ਼ਰਧਾਲੂ ਬੈਠ ਕੇ ਗੁਰਬਾਣੀ ਸੁਣ ਸਕਣਗੇ। ਉਸਾਰੀ ਦਾ ਕਾਰਜ ਪੰਜ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਇਤਿਹਾਸਕ ਬੇਰ ਦੇ ਦਰਖ਼ਤਾਂ ਦੀ ਸਾਂਭ ਸੰਭਾਲ ਲਈ ਮਾਹਰਾਂ ਵੱਲੋਂ ਦਿੱਤੇ ਸੁਝਾਅ ਅਨੁਸਾਰ ਲੋੜੀਂਦਾ ਵਾਤਾਵਰਨ ਮੁਹੱਈਆ ਕੀਤਾ ਜਾਵੇਗਾ। ਇਸ ਮੌਕੇ ਸਕੱਤਰ ਤਰਲੋਚਨ ਸਿੰਘ ਤੇ ਰੂਪ ਸਿੰਘ, ਮੈਨੇਜਰ ਪ੍ਰਤਾਪ ਸਿੰਘ, ਵਧੀਕ ਮੈਨੇਜਰ ਰਜਿੰਦਰ ਸਿੰਘ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਗੁਰਨਾਮ ਸਿੰਘ, ਰਾਮ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top