Share on Facebook

Main News Page

ਸਿੱਖੀ ਭੇਖ ਵਿੱਚ ਠੱਗ ਰੂਪੀ ਲਿਖਾਰੀ, ਵਿਦਵਾਨ, ਸੰਤ, ਜਥੇਦਾਰ ਅਤੇ ਵੱਖ ਵੱਖ ਡੇਰੇ ਸੰਪ੍ਰਦਾਵਾਂ ਵੜ ਚੁੱਕੇ ਹਨ

* ਕੈਲੀਫੋਰਨੀਆ ਦੇ ਸ਼ਹਿਰ ਫਰੈਸਨੋ ਵਿਖੇ ਪ੍ਰੋ. ਦਰਸ਼ਨ ਖਾਲਸਾ ਦੇ ਗੁਰਬਾਣੀ ਵਿਚਾਰ ਸੁਣਨ ਲਈ ਸੰਗਤਾਂ ਦਾ ਤਾਂਤਾ ਲੱਗਾ

(ਅਵਤਾਰ ਸਿੰਘ ਮਿਸ਼ਨਰੀ/ਤਰਲੋਚਨ ਸਿੰਘ ਦੁਪਾਲਪੁਰ) 25 ਜੁਲਾਈ 2013 ਸ੍ਰੀ ਅਕਾਲ ਤਖਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਨਵੇਂ ਬਣੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਦੇ ਹੋਏ ਇਸ ਸ਼ਬਦ ਦੀ ਸਿਧਾਂਤਕ ਵਿਆਖਿਆ ਕਰਦੇ ਹੋਏ ਸਿੱਖ ਸੰਗਤਾਂ ਨੂੰ ਅਗਿਆਨਤਾ ਅਤੇ ਅੰਨ੍ਹੀ ਸ਼ਰਧਾ ਦੀ ਨੀਂਦਰ ਵਿੱਚੋਂ ਜਾਗਣ ਦਾ ਢੰਡੋਰਾ ਦਿੱਤਾ- ਗਉੜੀ ਗੁਆਰੇਰੀ ਮਹਲਾ ੫ ॥ ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥ ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥ ਰਸਨਾ ਸੋਈ ਲੋਭਿ ਮੀਠੈ ਸਾਦਿ ॥ ਮਨੁ ਸੋਇਆ ਮਾਇਆ ਬਿਸਮਾਦਿ ॥੧॥ ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ ਸਾਬਤੁ ਵਸਤੁ ਓਹੁ ਅਪਨੀ ਲਹੈ ॥੧॥ ਰਹਾਉ ॥ ਸਗਲ ਸਹੇਲੀ ਅਪਨੈ ਰਸ ਮਾਤੀ ॥ ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥ ਮੁਸਨਹਾਰ ਪੰਚ ਬਟਵਾਰੇ ॥ ਸੂਨੇ ਨਗਰਿ ਪਰੇ ਠਗਹਾਰੇ ॥੨॥ ਉਨ ਤੇ ਰਾਖੈ ਬਾਪੁ ਨ ਮਾਈ ॥ ਉਨ ਤੇ ਰਾਖੈ ਮੀਤੁ ਨ ਭਾਈ ॥ ਦਰਬਿ ਸਿਆਣਪ ਨਾ ਓਇ ਰਹਤੇ ॥ ਸਾਧਸੰਗਿ ਓਇ ਦੁਸਟ ਵਸਿ ਹੋਤੇ ॥੩॥ ਕਰਿ ਕਿਰਪਾ ਮੋਹਿ ਸਾਰਿੰਗਪਾਣਿ ॥ ਸੰਤਨ ਧੂਰਿ ਸਰਬ ਨਿਧਾਨ ॥ ਸਾਬਤੁ ਪੂੰਜੀ ਸਤਿਗੁਰ ਸੰਗਿ ॥ ਨਾਨਕੁ ਜਾਗੈ ਪਾਰਬ੍ਰਹਮ ਕੈ ਰੰਗਿ ॥੪॥ ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ ॥ ਇਹ ਪੂੰਜੀ ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥ (182)

ਉਨ੍ਹਾਂ ਨੇ ਕੀਰਤਨ ਵਖਿਆਨ ਕਰਦੇ ਦਰਸਾਇਆ ਕਿ ਲੁਟੇਰੇ ਤਿੰਨ ਤਰ੍ਹਾਂ ਦੇ ਹਨ ਚੋਰ, ਡਾਕੂ ਅਤੇ ਠੱਗ। ਚੋਰ ਹਨੇਰੇ ਵਿੱਚ ਸੁੱਤਿਆਂ, ਡਾਕੂ ਹਥਿਆਰਾਂ ਨਾਲ ਡਰਾ ਕੇ ਦਿਨ ਦੀਵੀਂ ਅਤੇ ਠੱਗ ਤੁਹਾਡਾ ਆਪਣਾ ਬਣ ਕੇ ਭਾਵ ਤੁਹਾਡੇ ਵਿੱਚ ਰਲ ਮਿਲ ਕੇ ਹਰਵੇਲੇ ਲੁੱਟਦਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਖਤਰਨਾਕ ਤੀਜਾ ਠੱਗ ਟੋਲਾ ਹੈ। ਉਨ੍ਹਾਂ ਨੇ ਬੜੇ ਵਿਅੰਗ ਨਾਲ ਕਿਹਾ ਕਿ ਐਸ ਵੇਲੇ ਸਿੱਖੀ ਜਾਂ ਖਾਲਸਾ ਪੰਥ ਰੂਪੀ ਘਰ ਨੂੰ ਭੇਖੀ ਸਾਧ ਸੰਤ ਜਿਨ੍ਹਾਂ ਦੇ ਹਲਵੇ ਮੰਡੇ ਨੂੰ ਸਿੱਖ ਸਿਧਾਂਤਾਂ ਤੋਂ ਖਤਰਾ ਹੈ ਅਤੇ ਕੁਰਪਟ ਰਾਜਨੀਤਕ ਤੇ ਧਾਰਮਿਕ ਲੀਡਰ ਜੋ ਸਰਕਾਰੇ ਦਰਬਾਰੇ ਪਹੁੰਚ ਰੱਖਦੇ ਹਨ ਅਤੇ ਜਿਨ੍ਹਾਂ ਦੀਆਂ ਤਾਰਾਂ ਸਿੱਖ ਸਿਧਾਤਾਂ ਦਾ ਹਰ ਤਰ੍ਹਾਂ ਘਾਣ ਕਰਨ ਵਾਲੀ ਰਾਸ਼ਟਰੀਆ ਸਿੱਖ ਸੰਗਤ (RSS) ਨਾਲ ਵੀ ਜੁੜੀਆਂ ਹੋਈਆਂ ਹਨ। ਇਹ ਸਾਰੇ ਸਿੱਖੀ ਭੇਖ ਧਾਰਨ ਕਰਕੇ, ਭਾਵ ਸਾਡੇ ਆਪਣੇ ਬਣ ਕੇ ਲੁੱਟੀ ਜਾ ਰਹੇ ਹਨ, ਪਰ ਅਸੀਂ ਬਹੁਤੇ ਗਾਫਲਤਾ ਦੀ ਨੀਂਦ ਵਿੱਚ ਸੁੱਤੇ ਪਏ ਹਾਂ। ਚੋਰਾਂ ਤੋਂ ਤਾਲੇ ਲਾ ਕੇ, ਠੱਗਾਂ ਤੋਂ ਪਹਿਰੇਦਾਰ ਰੱਖ ਕੇ ਅਤੇ ਜਾਗ ਕੇ ਬਚਾ ਕੀਤਾ ਜਾ ਸਕਦਾ ਹੈ, ਪਰ ਪਰਵਾਰ ਨਾਲ ਇਕਮਿਕ ਹੋਏ ਠੱਗਾਂ ਤੋਂ ਤਾਲੇ ਅਤੇ ਪਹਿਰੇਦਾਰ ਨਹੀਂ ਬਚਾ ਸਕਦੇ। ਇਹ ਲੋਕ ਸਿੱਖੀ ਭੇਖ ਵਿੱਚ ਲਿਖਾਰੀ, ਵਿਦਵਾਨ, ਸੰਤ, ਜਥੇਦਾਰ ਅਤੇ ਵੱਖ ਵੱਖ ਡੇਰੇ ਸੰਪ੍ਰਦਾਵਾਂ ਵੜ ਚੁੱਕੇ ਹਨ।

ਉਨ੍ਹਾਂ ਠੱਗ ਕਿਵੇਂ ਠੱਗਦੇ ਹਨ ਦੀ ਮਿਸਾਲ ਦਿੱਤੀ ਕਿ ਇੱਕ ਹੀ ਟਰੇਨ ਵਿੱਚ ਸਫਰ ਕਰ ਰਹੇ ਠੱਗਾਂ ਨੇ ਦੇਖਿਆ ਇਹ ਵਧੀਆ ਅਟੈਚੀ ਵਾਲਾ ਕੋਈ ਧਨਾਡ ਹੈ ਜਿਸ ਕੋਲ ਧੰਨ ਦਾ ਖਜ਼ਾਨਾ ਹੈ ਅਤੇ ਜੋ ਸੁੱਤਾ ਪਿਆ ਹੈ ਨੂੰ ਓਦੇ ਵਰਗੇ ਬਣਕੇ ਹੀ ਲੁੱਟਿਆ ਜਾ ਸਕਦਾ ਹੈ। ਉਨ੍ਹਾਂ ਠੱਗਾਂ ਨੇ ਬਿਲਕੁਲ ਓਦੇ ਵਰਗੀ ਅਟੈਚੀ ਕੂੜ ਕਬਾੜ ਨਾਲ ਭਰ ਕੇ ਬਰਾਬਰ ਟਿਕਾ ਦਿੱਤੀ ਅਤੇ ਸੁੱਤੇ ਪਏ ਦਾ ਫਾਇਦਾ ਉਠਾ ਕੇ ਧੰਨ ਵਾਲੀ ਅਟੈਚੀ ਖਿਸਕਾ ਕੇ ਲਏ ਗਏ ਅਤੇ ਨਕਲੀ ਕੂੜ ਕਬਾੜ ਵਾਲੀ ਨੂੰ ਓਥੇ ਧਰ ਗਏ। ਧੰਨਾਡ ਕੂੜ ਕਬਾੜ ਵਾਲੀ ਅਟੈਚੀ ਨੂੰ ਆਪਣੀ ਅਸਲੀ ਅਟੈਚੀ ਸਮਝਦਾ ਰਿਹਾ ਪਰ ਜਦ ਕਾਫੀ ਦੇਰ ਬਾਅਦ ਖੋਲ ਕੇ ਦੇਖਿਆ ਤਾਂ ਲੁੱਟਿਆ ਜਾ ਚੁੱਕਾ ਸੀ। ਅੱਜ ਇਵੇਂ ਹੀ ਭੇਖੀ ਸਾਦਾਂ ਸੰਤਾਂ, ਲੀਡਰਾਂ ਅਤੇ ਅਖੌਤੀ ਜਥੇਦਾਰਾਂ ਰੂਪ ਚੋਰਾਂ, ਡਾਕੂਆਂ ਅਤੇ ਠੱਗਾਂ ਨੇ ਹੁਣ ਆਪਣੇ ਬਣ ਕੇ ਇਤਹਾਸਕ ਗ੍ਰੰਥਾਂ, ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਵਿੱਚ ਬ੍ਰਾਹਮਣ ਵਾਦ ਅਤੇ ਅੰਨ੍ਹੀ ਸ਼ਰਧਾ ਦਾ ਕੂੜ ਕਬਾੜ ਭਰ ਦਿੱਤਾ ਹੈ। ਸਭ ਤੋਂ ਵੱਡਾ ਅਤੇ ਖਤਰਨਾਕ ਵਾਰ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ ਵਜਨੀ ਅਤੇ ਅਕਾਰੀ ਅਖੌਤੀ ਦਸਮ ਗ੍ਰੰਥ ਜੋ ਕੂੜ ਨਾਲ ਭਰਿਆ ਪਿਆ ਹੈ, ਭੁਲੇਖਾ ਪਾਊ ਅਟੈਚੀ ਵਾਂਗ ਬਰਾਬਰ ਧਰ ਦਿੱਤਾ ਹੈ ਅਤੇ ਜਥੇਦਾਰਾਂ ਦੇ ਰੂਪ ਵਿੱਚ ਪਹਿਰੇਦਾਰ ਵੀ ਆਪ ਬਣ ਬੈਠੇ ਹਨ। ਸਿੱਖੀ ਦੀ ਰਹਿਤ ਬਹਿਤ, ਸਰੂਪ, ਨਿਤਨੇਮ, ਅੰਮ੍ਰਿਤ ਸੰਚਾਰ ਅਤੇ ਸਿੱਖੀ ਦੇ ਸੰਸਕਾਰ ਸਾਰਾ ਕੁਝ “ਗੁਰੂ ਗ੍ਰੰਥ ਸਾਹਿਬ” ਜੀ ਤੋਂ ਬਾਹਰੀ ਰਚਨਾਵਾਂ ਨਾਲ ਪੂਰਾ ਕੀਤਾ ਕਰਾਇਆ ਜਾ ਰਿਹਾ ਹੈ। ਇਉਂ ਕਰਕੇ ਉਹ ਲੋਕ ਇਹ ਸਾਬਤ ਕਰਨ ਵਿੱਚ ਲੱਗੇ ਹੋਏ ਹਨ, ਕਿ ਸਿੱਖਾਂ ਦਾ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਵੀ ਪੂਰਾ ਨਹੀਂ, ਜਿਸ ਦੀਆਂ ਬਾਣੀਆਂ ਜਾਂ ਉਪਦੇਸ਼ਾਂ ਨਾਲ ਸਿੱਖੀ ਰਸਮਾਂ ਜਾਂ ਸੰਸਕਾਰ ਪੂਰੇ ਕੀਤੇ ਜਾ ਸੱਕਣ।

ਲਿਖਾਰੀ ਵਿਦਵਾਨਾਂ ਚੋਂ ਉਂਹਾਂ ਨੇ ਪ੍ਰੋ. ਪਿਆਰਾ ਸਿੰਘ ਪਦਮ ਦੀ ਲਿਖੀ ਪੁਸਤਕ “ਰਹਿਤਨਾਮੇ” ਦਾ ਹਵਾਲਾ ਦੇ ਕੇ ਕਿਹਾ ਕਿ ਇੱਕ ਪਾਸੇ ‘ਪਦਮ” ਜੀ ਲਿਖਦੇ ਹਨ ਕਿ ਸਾਰੇ ਰਹਿਤਨਾਮੇ ਸਹੀ ਨਹੀਂ ਜੋ ਗੁਰੂ ਗੋਬਿੰਦ ਸਿੰਘ ਜੀ ਤੋਂ ਕਾਫੀ ਸਮਾਂ ਬਾਅਦ ਵਿੱਚ ਲਿਖੇ ਗਏ ਹਨ ਪਰ ਨਾਲ ਹੀ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਦੀ ਪ੍ਰੋੜਤਾ ਵੀ ਕਰਦਾ ਹੈ ਜਿਸ ਵਿੱਚ ਨਸ਼ਿਆਂ ਦੀ ਖੁੱਲ੍ਹ ਅਤੇ ਬ੍ਰਾਹਮਣੀ ਕਰਮਕਾਂਡਾਂ ਦਾ ਜਿਕਰ ਹੈ। ਇਉਂ ਸਾਡੇ ਆਪਣੇ ਹੀ ਕਿਸੇ ਲਾਲਚ ਅਤੇ ਅਗਿਆਨਤਾ ਅਧੀਨ ਸਿੱਖੀ ਦਾ ਅਮੋਲਕ ਖਜ਼ਾਨਾਂ ਲੁੱਟੀ ਲੁਟਾਈ ਜਾ ਰਹੇ ਹਨ। ਉਨ੍ਹਾਂ ਨੇ ਬੜੇ ਦਾਅਵੇ ਨਾਲ ਕਿਹਾ ਕਿ ਜੇ ਸੰਗਤਾਂ, ਪ੍ਰਚਾਰਕ ਅਤੇ ਪ੍ਰਬੰਧਕ ਅਵਿਦਿਆ ਦੀ ਨੀਂਦ ਚੋਂ ਜਾਗ ਕੇ ਪਾਰਖੂ ਹੋ ਜਾਣ ਜੋ ਖੋਟੇ ਅਤੇ ਖਰੇ ਦੀ ਪਹਿਚਾਨ ਕਰਨੀ ਸਿੱਖ ਜਾਣ ਤਾਂ ਲੁੱਟੇ ਜਾ ਰਹੇ ਸਿੱਖੀ ਸਿਧਾਂਤਾਂ ਦੇ ਅਮੋਲਕ ਖਜ਼ਾਨੇ ਨੂੰ ਬਚਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਵਰਲਡ ਸਿੱਖ ਫੈਡਰੇਸ਼ਨ ਅਤੇ ਹੋਰ ਵੀ ਜਾਗਰੂਕ ਜਥੇਬੰਦੀਆਂ ਦੀ ਸਰਾਹਣਾ ਕਰਦੇ ਹੋਏ ਸਿੱਖ ਸੰਗਤਾਂ, ਪ੍ਰਚਾਰਕਾਂ ਅਤੇ ਪ੍ਰਬੰਧਕਾਂ ਨੂੰ ਵੀ ਜਾਗਰੂਕ ਹੋਣ ਦੀ ਦਰਦ ਭਰੀ ਅਪੀਲ ਕਰਦੇ ਹੋਏ ਇਸ ਮਹਾਂਵਾਕ “ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ ਸਾਬਤੁ ਵਸਤੁ ਓਹੁ ਅਪਨੀ ਲਹੈ” ਨਾਲ ਕੀਰਤਨ ਵਖਿਆਨ ਪੂਰਾ ਕੀਤਾ ਅਤੇ ਦਸਮ ਗ੍ਰੰਥ ਦੇ ਸਮਰਥਕਾਂ ਨੂੰ ਕਿਹਾ ਕਿ ਮੈਂ ਤਾਂ ਕਹਿੰਦਾ ਹਾਂ ਸਾਰੇ ਗ੍ਰੰਥ ਪੜੋ ਪਰ ਵਿਚਾਰ ਨਾਲ ਜੇ ਵਿਚਾਰ ਨਾਲ ਪੜੋਗੇ ਤਾਂ ਬਹੁਤ ਕੁਝ ਸਮਝ ਜਾਓਗੇ ਇਕੱਲਾ “ਪੜਿਐ ਨਾਹੀ ਭੇਦੁ ਬੁਖਿਐ ਪਾਵਣਾ” (ਗੁਰੂ ਗ੍ਰੰਥ) ਦੀਵਾਨ ਦੀ ਸਮਾਪਤੀ ਤੋਂ ਬਾਅਦ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਤ ਕੀਤਾ।

ਫਰਿਜਨੋ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦੀ ਕੀਰਤਨ ਲੜੀ ਦੇ ਆਖਰੀ ਦਿਨ ਕੀਰਤਨ ਵਖਿਆਨ ਤੋਂ ਪਹਿਲਾਂ ਰਸ਼ਪਾਲ ਸਿੰਘ ਬਾਹੋਵਾਲ ਦੇ ਘਰੇ ਵਰਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਦੀ ਇਕ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਪ੍ਰੋ. ਸਾਹਿਬ ਜੀ ਦੇ ਵਰਡ ਸਿੱਖ ਫੈਡਰੇਸ਼ਨ ਦੀ ਨੀਤੀ ਅਤੇ ਕਾਰਜ ਵਿਧੀ ਵਾਰੇ ਵਿਚਾਰ ਲਏ ਗਏ। ਸਮਾਨੰਤਰ ਚਲ ਰਹੀਆਂ ਜਾਗਰੂਕ ਜੱਥੇਬੰਦੀਆਂ ਅਤੇ ਉਹਨਾਂ ਦੇ ਕਰੇ ਜਾ ਰਹੇ ਕੰਮਾ ਨਾਲ ਵਰਡ ਸਿੱਖ ਫੈਡਰੇਸ਼ਨ ਦੇ ਸਹਿਯੋਗ ਵਾਰੇ ਵੀ ਵਿਚਾਰ ਚਰਚਾ ਹੋਈ। ਪ੍ਰੋ.ਸਾਹਿਬ ਨੇ ਸਭ ਜਾਗਰੂਕ ਜੱਥੇਬੰਦੀਆਂ ਨਾਲ ਰਲਕੇ ਕਾਫਲਾ ਵੱਡਾ ਕਰਨਾ ਸਮੇਂ ਦੀ ਲੋੜ ਦੱਸਿਆ। ਵਰਡ ਸਿੱਖ ਫੈਡਰੇਸ਼ਨ ਦੇ ਕਾਰਕੁਨਾਂ ਨੇ ਕਿਹਾ ਕਿ ਉਹ ਸਭ ਜਾਗਰੁਕਾਂ ਨਾਲ ਗੁਣਾਂ ਦੀ ਸਾਂਝ ਦੇ ਮੁਦਈ ਹਨ, ਇਸ ਲਈ ਦੂਜੇ ਗਰੁੱਪਾਂ ਨਾਲ ਛੋਟੇ-ਮੋਟੇ ਫਰਕਾਂ ਨੂੰ ਵਿਰੋਧਤਾ ਨਹੀਂ ਬਣਾਉਂਦੇ। ਵਰਡ ਸਿੱਖ ਫੈਡਰੇਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਇਨਸਾਨ ਨਾਲ ਨਹੀਂ, ਸਗੋਂ ਅਗਿਆਨਤਾ ਨਾਲ ਹੈ, ਇਸ ਲਈ ਵਰਡ ਸਿੱਖ ਫੈਡਰੇਸ਼ਨ ਹਰ ਜਾਗਰੁਕ ਪ੍ਰਚਾਰਕ/ਵਿਦਵਾਨ/ਸੰਸਥਾ ਦੇ ਮੋਡੇ ਨਾਲ ਮੋਡਾ ਲਗਾਕੇ ਚੱਲੇਗੀ।

ਇਸ ਮੀਟਿੰਗ ਦੌਰਾਨ ਪ੍ਰੋ. ਸਾਹਿਬ ਨੇ ਵਧ ਰਹੀ ਜਾਗਰੁਕਤਾ ਪ੍ਰਤੀ ਤਸੱਲੀ ਪ੍ਰਗਟਾਈ। ਇਸ ਮੀਟਿੰਗ ਵਿੱਚ ਪ੍ਰੋ ਦਰਸ਼ਨ ਸਿੰਘ ਜੀ ਨਾਲ ਸਰਬਜੀਤ ਸਿੰਘ ਸੈਕਰਾਮੈਂਟੋ, ਰਸ਼ਪਾਲ ਸਿੰਘ ਬਾਹੋਵਾਲ, ਗੁਰਨੇਕ ਸਿੰਘ ਬਾਗੜੀ, ਰਮਿੰਦਰ ਸਿੰਘ ਸੇਖਾ, ਗੁਰਮੀਤ ਸਿੰਘ ਬਰਸਾਲ, ਬਲਵਿੰਦਰ ਸਿੰਘ ਲੰਗੜੋਆ, ਦਾਸ ਅਵਤਾਰ ਸਿੰਘ ਮਿਸ਼ਨਰੀ, ਹਰਦੀਪ ਸਿੰਘ ਮਾਣਕਰਾਏ, ਬੀਬੀ ਹਰਸਿਮਰਤ ਕੌਰ ਖਾਲਸਾ, ਅੰਮ੍ਰਿਤਪਾਲ ਸਿੰਘ ਭਾਟੀਆ (ਯੂਨਾਈਟਿੱਡ ਸਿੱਖਜ), ਰਵਿੰਦਰ ਸਿੰਘ ਰਵੀ ਹੇਵਰਡ ਅਤੇ ਕੁਝ ਸਥਾਨਕ ਸਿੱਖ ਸ਼ਾਮਿਲ ਹੋਏ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top