Share on Facebook

Main News Page

ਨਾਨਕਸ਼ਾਹੀ ਕੈਲੰਡਰ ਦੇ ਸਬੰਧ ’ਚ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੇ ਬਿਆਨ ’ਤੇ ਮੱਕੜ ਦੀ ਧਮਕੀ ਦਾ ਪਿਆ ਪ੍ਰਛਾਵਾਂ
-: ਭਾਈ ਸਿਰਸਾ

ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ਪਿੱਛੋਂ ਨਾਨਕਸ਼ਾਹੀ ਕੈਲੰਡਰ ਸਬੰਧੀ ਜਥੇਦਾਰ ਵੱਲੋਂ ਪੈਰ ਪਿੱਛੇ ਖਿਚਣੇ ਕਰ ਸਕਦੇ ਹਨ, ਉਨ੍ਹਾਂ ਲਈ ਵੜੈਚ ਗੁਰਦੁਆਰਾ ਕੇਸ ਵਾਲੀ ਸਥਿਤੀ

ਬਠਿੰਡਾ, 29 ਜੁਲਾਈ (ਕਿਰਪਾਲ ਸਿੰਘ): ਬੀਤੇ ਦਿਨ ਅਨੰਦਪੁਰ ਸਾਹਿਬ ਵਿਖੇ ਬਾਬਾ ਜਰਨੈਲ ਸਿੰਘ ਦੇ ਘਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦੀ ਹਾਜਰੀ ਵਿੱਚ, ਨਾਨਕਸ਼ਾਹੀ ਕੈਲੰਡਰ ਦੇ ਸਬੰਧ ’ਚ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੇ ਬਿਆਨ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਦਿੱਤੇ ਸੰਕੇਤਕ ਚਿਤਾਵਨੀ ਰੂਪ ਬਿਆਨ ਦਾ ਪ੍ਰਛਾਵਾਂ ਪ੍ਰੱਤਖ ਤੌਰ ’ਤੇ ਵਿਖਾਈ ਦੇ ਰਿਹਾ ਹੈ।

ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਪ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਕਹੇ। ਇਹ ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ਦੇ ਗੁਰਦੁਆਰਿਆਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ 2010 ’ਚ ਕੀਤੀਆਂ ਸੋਧਾਂ ਰੱਦ ਕਰਕੇ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕਰਾਉਣ ਲਈ ਸਰਬ ਸੰਮਤੀ ਨਾਲ ਪਾਸ ਕੀਤਾ ਮਤਾ ਜਥੇਦਾਰ ਗਿਆਨੀ ਗੁਰਬਚਨ ਨੂੰ ਸੌਂਪੇ ਜਾਣ ਸਮੇਂ 16 ਜੁਲਾਈ ਨੂੰ ਉਨ੍ਹਾਂ ਇਹ ਗੱਲ ਸਵੀਕਾਰ ਕੀਤੀ ਸੀ ਕਿ ਸੋਧਾਂ ਕਰਨ ਸਮੇਂ ਕੁਝ ਗਲਤੀਆਂ ਹੋਈਆਂ ਹਨ। ਉਸ ਸਮੇਂ ਉਨ੍ਹਾਂ ਬਿਆਨ ਦਿੱਤਾ ਸੀ ਕਿ ਕੈਲੰਡਰ ਕੋਈ ਗੁਰਬਾਣੀ ਨਹੀ ਇਸ ਨੂੰ ਪੰਥਕ ਜਥੇਬੰਦੀਆਂ ਵੱਲੋਂ ਸੁਝਾਉ ਆਉਣ ’ਤੇ ਵਿਦਵਾਨਾਂ ਦੀ ਰਾਇ ਨਾਲ ਦੁਬਾਰਾ ਵੀ ਸੋਧਿਆ ਜਾ ਸਕਦਾ ਹੈ। ਪਰ ਇਸ ਦੇ ਤੁਰੰਤ ਪਿੱਛੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੈਲੰਡਰ ਵਿੱਚ ਕਿਸੇ ਤਰ੍ਹਾਂ ਦੀ ਸੋਧ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਭਾਈ ਸਿਰਸਾ ਨੇ ਕਿਹਾ ਸ: ਮੱਕੜ ਦਾ ਇਹ ਬਿਆਨ ਜਥੇਦਾਰ ਲਈ ਇੱਕ ਤਰ੍ਹਾਂ ਚਿਤਾਵਨੀ ਸੀ ਕਿ ਉਹ ਕੈਲੰਡਰ ’ਚ ਸੋਧਾਂ ਕਰਨ ਦਾ ਜ਼ੋਖ਼ਮ ਨਾ ਉਠਾਵੇ ਨਹੀਂ ਤਾਂ ਉਨ੍ਹਾਂ ਦੀ ਜਥੇਦਾਰੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।

ਇਸੇ ਕਾਰਣ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੋਧਾਂ ਸਬੰਧੀ ਅਪਣੀ ਸੁਰ ਬਦਲਦਿਆਂ ਬੜਾ ਅਜ਼ੀਬ ਬਿਆਨ ਦਿੱਤਾ ਹੈ ਕਿ ਮੌਜੂਦਾ ਨਾਨਕਸ਼ਾਹੀ ਕੈਲੰਡਰ ਸਰਬ ਪ੍ਰਵਾਨਤ ਹੈ ਇਸ ਲਈ ਇਸ ’ਤੇ ਕਿਸੇ ਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਕਰ ਕੋਈ ਕੈਲੰਡਰ ਸਬੰਧੀ ਸੁਝਾਉ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਪੂਰੀ ਛੋਟ ਹੈ। ਭਾਈ ਸਿਰਸਾ ਨੇ ਕਿਹਾ ਕਿ ਸਾਡੇ ਸਰਬਉਚ ਕਹੇ ਜਾਂਦੇ ਜਥੇਦਾਰ ਜੀ ਦਾ ਇਹ ਬਿਆਨ ਉਨ੍ਹਾਂ ਦੀ ਦੁਬਿਧਾ ਅਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਹੋਣ ਨੂੰ ਪ੍ਰਤੱਖ ਤੌਰ ’ਤੇ ਜ਼ਾਹਰ ਕਰ ਰਿਹਾ ਹੈ ਕਿਉਂਕਿ ਜੇ ਇਹ ਵਿਗਾੜਿਆ ਗਿਆ ਕੈਲੰਡਰ ਸਰਬ ਪ੍ਰਵਾਨਤ ਹੈ ਅਤੇ ਇਸ ਨੂੰ ਸਾਰੇ ਹੀ ਮੰਨ ਰਹੇ ਹਨ ਤਾਂ ਕਿਸੇ ਨੂੰ ਇਸ ਵਿੱਚ ਸੋਧਾਂ ਲਈ ਸੁਝਾਉ ਦੇਣ ਦੀ ਲੋੜ ਹੀ ਨਹੀਂ ਹੈ। ਪਰ ਦੇਸ਼ ਵਿਦੇਸ਼ਾਂ ’ਚੋਂ ਇਨ੍ਹਾਂ ਸੋਧਾਂ ਵਿਰੁੱਧ ਆਵਾਜ਼ ਉਠ ਰਹੀ ਹੈ ਤਾਂ ਇਹ ਸਪਸ਼ਟ ਹੈ ਕਿ ਬਹੁ ਗਿਣਤੀ ਸਿੱਖਾਂ ਨੂੰ ਇਹ ਸੋਧਾਂ ਪ੍ਰਵਾਨ ਨਹੀਂ ਹਨ।

ਭਾਈ ਸਿਰਸਾ ਨੇ ਕਿਹਾ ਜੇ ਕਿਸੇ ਨੇ ਸੋਧਾਂ ਲਈ ਸੁਝਾਉ ਦੇਣਾ ਹੈ, ਤਾਂ ਉਸ ਨੂੰ ਇੱਹ ਦੱਸਣਾ ਹੀ ਪੈਣਾ ਹੈ ਕਿ (ਕੁ)ਸੋਧੇ ਕੈਲੰਡਰ ਵਿੱਚ ਕੀ ਕੀ ਨੁਕਸ ਹਨ, ਜਿਹੜੇ ਕਿ ਉਨ੍ਹਾਂ ਨੂੰ ਪ੍ਰਵਾਨ ਨਾ ਹੋਣ ਕਰਕੇ ਉਹ ਇਸ ਵਿੱਚ ਮੁੜ ਸੋਧਾਂ ਦੀ ਮੰਗ ਕਰ ਰਹੇ ਹਨ। ਭਾਈ ਸਿਰਸਾ ਨੇ ਕਿਹਾ ਜਥੇਦਾਰ ਸਾਹਿਬ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਦਬਾਉ ਹੇਠ, ਉਹ ਬਠਿੰਡਾ ਵਿਖੇ ਦਿੱਤੇ ਆਪਣੇ ਬਿਆਨ ’ਤੇ ਪੂਰੇ ਨਾ ਉਤਰੇ ਤਾਂ ਸਥਿਤੀ ਐਸੀ ਬਣ ਸਕਦੀ ਹੈ ਕਿ ਉਨ੍ਹਾਂ ਲਈ ਮੁੜ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣ ਜਿਸ ਤਰ੍ਹਾਂ ਬਿਆਸਾ ਡੇਰੇ ਵੱਲੋਂ ਢਾਹੇ ਗਏ ਵੜੈਚ ਗੁਰਦੁਆਰੇ ਦੀ ਉਸੇ ਸਥਾਨ ’ਤੇ ਮੁੜ ਉਸਾਰੀ ਦੀ ਮੰਗ ਕਰ ਰਹੀਆਂ ਪੰਥਕ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਦੀ ਬੋਲੀ ਬੋਲਦਿਆਂ ਜਥੇਦਾਰ ਵੱਲੋਂ ਸ਼ਰਾਰਤੀ ਕਹਿਣ ਅਤੇ ਡੇਰਾ ਬਿਆਸ ਨੂੰ ਕਲੀਨ ਚਿੱਟ ਦੇਣ ਸਮੇਂ 13 ਜਥੇਬੰਦੀਆਂ ਵੱਲੋਂ ਮਜ਼ਬੂਰਨ ਤੌਰ ’ਤੇ ਉਨ੍ਹਾਂ ਦੇ ਬਾਈਕਾਟ ਕਰਨ ਦਾ ਐਲਾਣ ਕਰਨਾ ਪਿਆ ਸੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top