Share on Facebook

Main News Page

ਕਥਿਤ ਦਸਮ ਗ੍ਰੰਥ ਬਾਰੇ ਫੇਰ ਵਾਦ ਵਿਵਾਦ
-: ਡਾ. ਗੁਰਮੇਲ ਸਿੰਘ ਸਿੱਧੂ

ਜਿਹੜਾ ‘ਦਸਮ ਗ੍ਰੰਥ’ ਅੱਜਕਲ ਵਿਵਾਦ ਗ੍ਰਸਤ ਹੈ ਉਸ ਦੀ ਸੰਪਾਦਨਾ ਅੰਮ੍ਰਿਤਸਰ ਦੀ ਸੋਧਕ ਕਮੇਟੀ ਨੇ 1898 ਈ. ਵਿਚ ਕੀਤੀ ਸੀ। ਉਸ ਵੇਲੇ ਇਕੱਤਰ ਕੀਤੀਆਂ ਗਈਆਂ 32 ਬੀੜਾਂ ਦੀ ਪੰਜ ਸਾਲਾਂ ਦੀ ਘੋਖ ਵਿਚਾਰ ਤੋਂ ਬਾਅਦ ਇਹ ਗ੍ਰੰਥ ਛਾਪਿਆ ਗਿਆ ਸੀ। ਸੰਪਾਦਨਾ ਦੇ ਦਿਨਾਂ ਤੋਂ ਹੀ ਇਸ ਬਾਰੇ ਵਾਦ ਵਿਵਾਦ ਚਲਦਾ ਆ ਰਿਹਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਇਹ ਹੋਰ ਵੀ ਭਖ ਉਠਿਆ ਹੈ।

ਕੁਝ ਲੋਕ ਇਸ ਗ੍ਰੰਥ ਦੀ ਸਾਰੀ ਬਾਣੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਦਸਤੇ ਮੁਬਾਰਕ ਨਾਲ ਲਿਖੀ ਹੋਈ ਮੰਨਦੇ ਹਨ, ਕੁਝ ਸਾਰੀ ਬਾਣੀ ਨੂੰ ਨਿਕਾਰਦੇ ਹਨ ਪਰ ਬਹੁਤੇ ਵਿਦਵਾਨ, ਕੁਝ ਬਾਣੀ ਤੋਂ ਸਿਵਾਏ, ਇਸ ਵਿਚਲੀ ਸਾਰੀ ਬਾਣੀ ਨੂੰ ਦਸਵੇਂ ਪਾਤਸ਼ਾਹ ਦੀ ਲਿਖਤ ਪਰਵਾਨ ਨਹੀਂ ਕਰਦੇ। ਇਹ ਭਿੰਨ ਭਿੰਨ ਵਿਚਾਰ ਅੱਜ ਦੇ ਨਹੀਂ, ਸਦੀਆਂ ਤੋਂ ਚਲਦੇ ਆ ਰਹੇ ਹਨ। ਪਹਿਲਾਂ ਤਾਂ ਕਿਸੇ ਧਰਮ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਕੋਈ ਵਿਵਾਦ ਪੈਦਾ ਹੋਣਾ ਹੀ ਮੰਦਭਾਗੀ ਗੱਲ ਹੈ, ਪਰ ਜੇ ਇਹ ਵਾਦ ਵਿਵਾਦ ਦਸਮ ਪਾਤਸ਼ਾਹ ਵਲੋਂ ਰਚੇ ਹੋਏ ਕਿਸੇ ਗ੍ਰੰਥ ਬਾਰੇ ਹੋਵੇ ਤਾਂ ਇਹ ਅਤਿਅੰਤ ਦੁਰਭਾਗੀ ਗੱਲ ਹੈ। ਗੁਰੂ ਗੋਬਿੰਦ ਸਿੰਘ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸਰੂਪ ਸਨ ਜਿਨ੍ਹਾਂ ਨੇ ਸਿੱਖ ਧਰਮ ਦੀ 'ਨਾਨਕੀਅਨ ਫ਼ਿਲਾਸਫ਼ੀ' ਦੇ ਅਧਾਰ ਤੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ।

ਅਜਿਹੇ ਲਾਸਾਨੀ ਗੁਰੂ ਦੀ ਕਿਰਤ ਬਾਰੇ ਕਿਸੇ ਪ੍ਰਕਾਰ ਦੇ ਵਾਦ ਵਿਵਾਦ ਦੀ ਭਿਣਕ ਵੀ ਪੈਣੀ, ਸਿੱਖ ਧਰਮ ਦੀ ਬੁਨਿਆਦ ਅਤੇ ਮਾਣ ਮਰਯਾਦਾ ਨੂੰ ਚਣੌਤੀ ਦੇਣ ਦੇ ਤੁੱਲ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਵਾਦ ਵਿਵਾਦ ਸ਼ੁਰੂ ਹੋਇਆ ਹੈ ਤਾਂ ਇਸ ਦੇ ਪਿੱਛੇ ਕੋਈ-ਨ-ਕੋਈ ਅਜੇਹਾ ਕਾਰਣ, ਮਸਲਾ, ਜਾਂ ਹਿੱਤ ਜਰੂਰ ਹੋਵੇਗਾ ਜਿਸ ਨੇ ਇਸ ਪਰਕਾਰ ਦੀ ਸੋਚ ਨੂੰ ਜਨਮ ਦਿੱਤਾ। ਇਤਿਹਾਸ ਗਵਾਹ ਹੈ ਕਿ ਧਰਮਾਂ ਦੀ ਮਾਣ ਮਰਯਾਦਾ ਨੂੰ ਚਣੌਤੀ ਦੇਣ ਜਾਂ ਆਂਚ ਪਹਿਚਾਉਣ ਦੇ ਜ਼ਿੰਮੇਦਾਰ ਅਕਸਰ ਧਰਮਾਂ ਦੇ ਉਹ ਕਾਰਕੁਨ ਹੁੰਦੇ ਹਨ ਜਿਨ੍ਹਾਂ ਨੇ ਕੋਈ ਰਾਜਨੀਤਕ, ਸਮਾਜਿਕ ਅਤੇ ਖਾਸ ਕਰਕੇ ਧਾਰਮਿਕ ਲਾਹਾ ਲੈਣਾ ਹੁੰਦਾ ਹੈ। ਦਸਮ ਗ੍ਰੰਥ ਦੀ ਪਰਮਾਣਿਕਤਾ ਨੂੰ ਮੁੱਦਾ ਬਣਾਕੇ ਸਮੇਂ ਸਮੇਂ ਸਿੱਖ ਧਰਮ ਦੀਆਂ ਜੜ੍ਹਾਂ ਵਿਚ ਤੇਲ ਦੇਣ ਪਿੱਛੇ ਵੀ ਕੁਝ ਅਜੇਹੇ ਹੀ ਕਾਰਨ ਜਾਪਦੇ ਹਨ। ਲਾਹਾ ਲੈਣ ਵਾਲੇ ਸਮੇਂ ਸਮੇਂ ਦਸਮ ਗ੍ਰੰਥ ਦੇ ਮਸਲੇ ਨੂੰ ਭਖਦਾ ਰਖਦੇ ਹਨ। ਇਸ ਵਿਵਾਦ ਨੂੰ ਸੁਲਘਾਉਣ ਲਈ ਗੁਰਦੁਆਰਾ ਸੈਨ ਹੋਜ਼ੇ ਵਿਖੇ ਇਕ ਕਾਨਫ੍ਰੰਸ, ਸਨਿੱਚਰਵਾਰ, 27 ਜੁਲਾਈ, 2013, ਨੂੰ ਹੋ ਰਹੀ ਹੈ। ਇਸ ਕਾਨਫ੍ਰੰਸ ਵਿਚ ਫੇਰ ਕਥਤ ਦਸਮ ਗ੍ਰੰਥ ਦੀ ਸਾਰੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਦੇ ਮੁਬਾਰਕ ਨਾਮ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣਗੇ।

ਇਸ ਵਿਚ ਕੋਈ ਸੰਦੇਹ ਨਹੀਂ ਕਿ ਦਸਮ ਗੁਰੂ ਨੇ ਖੰਡੇ ਦੀ ਪਹੁਲ ਨਾਲ ਸਿੱਖਾਂ ਨੂੰ ਅੰਮ੍ਰਿਤ ਛਕਾਕੇ ਸਿੰਘ ਬਣਾਇਆ। ਇਸ ਇਤਿਹਾਸਕ ਮੌਕੇ ‘ਤੇ ਪੰਜ ਬਾਣੀਆਂ ਪੜ੍ਹੀਆਂ ਗਈ ਅਤੇ ਪੰਜ ਕਕਾਰ ਸਜਾਏ ਗਏ। ਇਹ ਸਾਰਾ ਕੌਤਕ ਹਜ਼ਾਰਾਂ ਸਿੱਖਾਂ ਨੇ ਅੱਖੀਂ ਦੇਖਿਆ ਅਤੇ ਕੰਨੀਂ ਸੁਣਿਆ। ਇਸ ਕੋਤਕ ਦੇ ਸਰਵਣੀ ਅਤੇ ਨੇਤਰੀ ਬਿੰਬ (
Audio-Visual Image) ਨੂੰ ਸਿੱਖਾਂ ਨੇ ਹਿਰਦੇ ਵਸਾਇਆ ਅਤੇ ਸੀਨਾ-ਬ-ਸੀਨਾ ਅੱਗੇ ਤੋਰਿਆ, ਜੋ ਸਾਡੇ ਤੱਕ ਬਿਨਾ ਕਿਸੇ ਮਿਲਾਵਟ ਦੇ ਇਨਬਿਨ ਪਹੁੰਚਿਆ। ਇਸ ਲਈ ਅੰਮ੍ਰਿਤ ਛਕਾਉਣ ਵੇਲੇ ਪੜ੍ਹੀਆਂ ਗਈਆਂ ਬਾਣੀਆਂ ਨਿਰਸੰਦੇਹ ਗੁਰੂ ਗੋਬਿੰਦ ਸਿੰਘ ਹੋਰਾਂ ਦੀਆਂ ਹਨ, ਜਿਨ੍ਹਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ। ਪਰ ਦਸਮ ਗ੍ਰੰਥ ਵਿਚ ਬਹੁਤ ਕੁਝ ਅਜੇਹਾ ਹੈ ਜੋ ਸਿੱਖ ਧਰਮ ਮਰਯਾਦਾ ਨਾਲ ਮੇਲ ਨਹੀਂ ਖਾਂਦਾ। ਕੁਝ ਹਿੱਸੇ ਤਾਂ ਅਜੇਹੇ ਹਨ (ਚਰਿਤ੍ਰੋਪਾਖਿਆਨ) ਜਿਨ੍ਹਾਂ ਨੂੰ ਗੁਰੂ ਸਹਿਬ ਦੇ ਨਾਮ ਨਾਲ ਜੋੜਨਾ ਪਰਲੇ ਦਰਜੇ ਦੀ ਧਰਮ ਅਵੱਗਿਆ (Blasphemous) ਵਿਚ ਗਿਣਿਆਂ ਜਾਣਾ ਚਾਹੀਦਾ। ਦਸਮ ਗ੍ਰੰਥ ਦੀ ਕਾਢ ਸਿੱਖਾਂ ਨੂੰ "ਇਕ ਗ੍ਰੰਥ ਇਕ ਪੱਥ" ਦੇ ਸ਼ੂਤਰ ਨਾਲੋਂ ਤੋੜ ਕੇ ਖੇਰੂ ਖੈਰੂੰ ਕਰਨ ਦੀ ਬ੍ਰਿਟਿਸ਼ ਸਰਕਾਰ ਦੀ ਗਿਣੀ ਮਿਥੀ ਸਾਜਿਸ ਸੀ।

ਪਰ ਅਸੀਂ ਅੱਜ ਵੀ ਗੋਰਿਆਂ ਦੀ ਸਾਜਿਸ਼ ਨੂੰ ਅੱਗੇ ਤੋਰੀ ਜਾ ਰਹੇ ਹਾਂ। ਲਗਦਾ ਹੈ ਕਿ ਸਾਡੇ ਤੇ ਅਜੇ ਵੀ ਗੁਲਾਮ ਯਹਨੀਅਤ ਦਾ ਮੁਲੰਮਾ ਚੜ੍ਹਿਆ ਹੋੲਆਿ ਹੈ। ਵੱਧ ਵੱਧ ਤੋਂ ਕਥਤ ਦਸਨ ਗ੍ਰੰਥ ਨੂੰ ਸਿੱਖ ਇਤਿਹਾਸ ਦਾ ਵਿਰਸਾ ਕਿਹਾ ਜਾ ਸਕਦਾ ਹੈ। ਇਸ ਤੱਥ ਦੀ ਤਸਦੀਕ ਆਕਾਤ ਤਖਤ ਵਲੋਂ ਮਿਤੀ 6.6.08 ਨੂੰ ਯਾਰੀ ਕੀਤੇ ਗਏ ਮੱਤੇ ਵਿਚ ਭਲੀਭਾਂਤ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ "ਸਮੁੱਚੇ ਸਿੱਖ ਪੰਥ ਨੂੰ ਵਿਦਿਤ ਹੋਵੇ ਕਿ ਸ੍ਰੀ ਦਸਮ ਗ੍ਰੰਥ ਸਿੱਖ ਪੰਥ ਦੇ ਸਾਹਿਤ ਤੇ ਇਤਿਹਾਸ ਦਾ ਅਨਿੱਖੜਵਾਂ ਅੰਗ ਹੈ, ਪਰ ਇਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਨਹੀਂ ਦਿੱਤੀ। ਆਪ ਜੀ ਵਲੋਂ ਗੁਰਗੱਦੀ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਹੈ। ਇਸ ਕਰਕੇ ਗੁਰੂ ਗ੍ਰੰਥ ਸਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ।" (ਮਤਾ ਨੱਥੀ ਕੀਤਾ ਜਾਂਦਾ ਹੈ)।

ਇਸ ਮਤੇ ਦੀ ਤਸਦੀਕ ਹੁਣੇ ਹੁਣੇ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਨੇ ਕੀਤੀ। (ਦੇਖੋ ਹੇਠਾਂ)

ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਮਿਤੀ: 7.22.2013
ਤਲਵੰਡੀ ਸਾਬੋ, ਗੁਰੂ ਕੀ ਕਾਸ਼ੀ (ਬਠਿੰਡਾ)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਜਰੂਰੀ: ਜਥੇਦਾਰ ਨੰਦਗੜ੍ਹ

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਵਿਸ਼ਵ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਇੰਨ-ਬਿੰਨ ਕੀਤੀ ਜਾਵੇ। ਬਲਵੰਤ ਸਿੰਘ ਨੰਦਗੜ੍ਹ ਅਨੁਸਾਰ ਸਿੱਖ ਰਹਿਤ ਮਰਯਾਦਾ ਸਿੱਖ ਪੰਥ ਦਾ ਉਹ  ਅਮੁੱਲਾ ਦਸਤਾਵੇਜ ਹੈ, ਜਿਸ ਵਿਚ ਦੀਰਘ ਵਿਚਾਰਾਂ ਉਪਰੰਤ ਨਿਯਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਹੁਕਮ ‘ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਯੋ ਗ੍ਰੰਥ’ ਨੂੰ ਅਮਲੀ ਰੂਪ ਪ੍ਰਦਾਨ ਕਰਦਿਆਂ ਤੇ ਸਿੱਖ  ਪੰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਨੂੰ ਸਦੀਵਕਾਲ ਬਰਕਰਾਰ ਰੱਖਣ ਹਿਤ ਰਹਿਤ ਮਰਯਾਦਾ ਵਿਚ  ਇਹ ਹਦਾਇਤ ਦਿਤੀ ਗਈ ਹੈ:

"ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।"

ਬਲਵੰਤ ਸਿੰਘ ਨੰਦਗੜ੍ਹ ਨੇ ਬਿਆਨ ਨੂੰ ਜਾਰੀ ਰੱਖਦਿਆਂ ਆਖਿਆ ਕਿ ਕੁਝ ਸ਼ਰਾਰਤੀ ਅਨਸਰ ਨਿਤਨੇਮ ਤੇ ਅੰਮ੍ਰਿਤ ਦੀਆਂ ਬਾਣੀਆਂ ਬਾਰੇ ਕੂੜ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਨੂੰ ਮੂੰਹ ਤੋੜ ਜਵਾਬ ਦਿਤੇ ਜਾਣ ਦੀ ਲੋੜ ਹੈ। ਪਰ ਅਜਿਹੇ ਪੰਥ ਵਿਰੋਧੀ ਅਨਸਰਾਂ ਦਾ ਵਿਰੋਧ ਕਰਨ ਮੌਕੇ ਇਸ ਗਲ ਦਾ ਧਿਆਨ ਵੀ ਰੱਖੇ ਜਾਣ ਦੀ ਲੋੜ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੁਤਬੇ ਨੂੰ ਕੋਈ ਠੇਸ ਨਾ ਪਹੁੰਚੇ। ਅਜਿਹਾ ਨਾ ਹੋਵੇ ਕਿ ਪੰਥ ਦੋਖੀਆਂ ਦੇ ਕੂੜ ਪ੍ਰਚਾਰ ਦਾ ਵਿਰੋਧ ਕਰਨ ਦੇ ਆਹਰ ਵਿਚ ਕਿਤੇ ਅਸੀਂ ਖੁਦ ਵੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਜਾਂ ਰੁਤਬੇ ਨੂੰ ਠੇਸ ਪਹੁੰਚਾਣ ਦੇ ਭਾਗੀ ਬਣ ਬੈਠੀਏ। ਇਸ ਤੋਂ ਬਚਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਗਏ ਗੁਰਮਤੇ ਦੀ ਰੌਸ਼ਨੀ ਵਿਚ ਪੰਥ ਦੋਖੀਆਂ ਦਾ ਜਬਰਦਸਤ ਢੰਗ ਨਾਲ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਦਸਮ ਗ੍ਰੰਥ ਸੰਬੰਧੀ 6 ਜੂਨ 2008 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਇਹ ਗੁਰਮਤਾ ਜਾਰੀ ਹੋਇਆ ਹੈ “ਸਮੁੱਚੇ ਸਿੱਖ ਪੰਥ ਨੂੰ ਵਿਦਿਤ ਹੋਵੇ ਕਿ ਸ੍ਰੀ ਦਸਮ ਗ੍ਰੰਥ ਸਿੱਖ ਪੰਥ ਦੇ ਸਾਹਿਤ ਤੇ ਇਤਿਹਾਸ ਦਾ ਅਨਿਖੜਵਾਂ ਅੰਗ ਹੈ ਪਰ ਇਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਨਹੀਂ ਦਿੱਤੀ। ਆਪ ਜੀ ਵਲੋਂ ਗੁਰਤਾਗੱਦੀ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ”। ਇਸ ਲਈ ਸਾਰੀਆਂ ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਇਸ ਗੁਰਮਤੇ ‘ਤੇ ਦ੍ਰਿੜਤਾ ਸਹਿਤ ਅਮਲ ਕਰਦਿਆਂ ਗੁਰੂ ਨਿੰਦਕਾਂ ਨੂੰ ਭਾਂਜ ਦੇਣ ਦੀ ਲੋੜ ਹੈ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੇ ਰੁਤਬੇ ਨੂੰ ਵੀ ਕੋਈ ਆਂਚ ਨਹੀਂ ਆਵੇਗੀ।

ਗੁਰੂ ਪੰਥ ਦਾ ਦਾਸ
(ਬਲਵੰਤ ਸਿੰਘ ਨੰਦਗੜ੍ਹ)
ਜਥੇਦਾਰ, ਤਖਤ ਸ੍ਰੀ ਦਮਦਮਾ ਸਾਹਿਬ

ਟਿਪਣੀ: ਹੁਣ ਅਹਿਮ ਸਵਾਲ ਇਹ ਹੈ ਕਿ ਆਪਣੇ ਆਪ ਨੂੰ ਸਿੱਖ ਪੰਥ ਦੇ ਰਖਵਾਲੇ ਕਹਾਉਣ ਵਾਲੇ ਸਿੱਖ, ਅਕਾਲ ਤਖਤ ਸਾਹਿਬ ਵਲੋਂ ਜਾਰੀ ਕੀਤੇ ਹੋਏ ਮਤੇ ‘ਤੇ ਫੁਲਾਂ ਦਾ ਗੁਲਦਸਤਾ ਚੜ੍ਹਾਉਂਦੇ ਹਨ ਜਾਂ ਕੰਡਿਆਂ ਦਾ ਤਾਜ ਅਰਪਨ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top