Share on Facebook

Main News Page

ਕਿਸਾਨਾਂ ਦੇ ਉਜਾੜੇ ਬਾਰੇ ਮੋਦੀ ਨਾਲ ਗੱਲ ਕਰਾਂਗੇ, ਪਰ ਅਜੇ ਤਾਂ ਜੀ ਮੈਂਨੂੰ ਇਸ ਬਾਰੇ ਪਤਾ ਨਹੀਂ
-: ਬਾਦਲ

ਅੰਮ੍ਰਿਤਸਰ, 1 ਅਗਸਤ:- ਗੁਜਰਾਤ ’ਚੋਂ ਕੱਢੇ ਜਾ ਰਹੇ ਪੰਜਾਬੀ ਕਿਸਾਨਾਂ ਦਾ ਮਾਮਲਾ ਇਥੇ ਸਿਆਸੀ ਮੁੱਦਾ ਬਣਿਆ ਹੋਇਆ ਹੈ ਪਰ ਪੰਜਾਬ ਸਰਕਾਰ ਨੂੰ ਉਜਾੜੇ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਇਹ ਖੁਲਾਸਾ ਅੱਜ ਉਸ ਵੇਲੇ ਹੋਇਆ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਇਸ ਮਾਮਲੇ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਮੰਗੀ ਗਈ।

ਦਾਣਾ ਮੰਡੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ 6118 ਪੰਚਾਂ-ਸਰਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਾਦਲ ਨੇ ਆਖਿਆ ਕਿ ਉਹ ਜਲਦੀ ਹੀ ਇਕ ਵਫਦ ਗੁਜਰਾਤ ਭੇਜ ਕੇ ਪੰਜਾਬੀ ਕਿਸਾਨਾਂ ਦੇ ਉਜਾੜੇ ਦੇ ਕਾਰਨਾਂ ਦਾ ਪਤਾ ਲਾਉਣ ਦਾ ਯਤਨ ਕਰਨਗੇ।

ਉਨ੍ਹਾਂ ਆਖਿਆ ਕਿ ਫਿਲਹਾਲ ਇਨ੍ਹਾਂ ਕਾਰਨਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕਿਸੇ ਪੀੜਤ ਨੇ ਇਸ ਬਾਰੇ ਵਿਸਥਾਰ ਵਿਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਹੱਲ ਲਈ ਉਹ ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਮੋਦੀ ਨਾਲ ਵੀ ਗੱਲ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਗੁਜਰਾਤ ਵਿੱਚ ਕਿਸਾਨਾਂ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਗੁਜਰਾਤ ਵਿੱਚ ਕਿਸਾਨਾਂ ਦੇ ਉਜਾੜੇ ਦੇ ਮਾਮਲੇ ’ਤੇ ਪੰਜਾਬ ਸਰਕਾਰ ਗੰਭੀਰ ਹੈ।

ਸ੍ਰੀ ਬਾਦਲ ਇਥੋਂ ਨੇੜਲੇ ਪਿੰਡ ਰਣੀਕੇ ਸਥਿਤ ਸ਼ਿਵ ਜੀ ਮੰਦਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਕਿਸਾਨਾਂ ਦਾ ਮਾਮਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮੁੱਖ ਮੰਤਰੀ ਨਰਿੰਦਰ ਮੋਦੀ ਕੋਲ ਉਠਾਇਆ ਜਾਵੇਗਾ। ਪੰਜਾਬ ਵਿੱਚ ਅਣਅਧਿਕਾਰਤ ਕਲੋਨੀਆਂ ਦੇ ਮਾਮਲੇ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਕਲੋਨੀਆਂ ਨੂੰ ਨਿਯਮਤ ਕਰਨ ਦਾ ਮਾਮਲਾ ਕੈਬਨਿਟ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਅਤੇ ਕੈਬਨਿਟ ਦਾ ਫ਼ੈਸਲਾ ਹੀ ਲਾਗੂ ਹੋਵੇਗਾ।

Source: http://www.punjabspectrum.com/2013/08/17019


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top