Share on Facebook

Main News Page

ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਮਨ ਦਾ ਮੁਗਾਲਤਾ, ਜਾਂ ਕੁਝ ਹੋਰ ?
-:
ਇੰਦਰਜੀਤ ਸਿੰਘ, ਕਾਨਪੁਰ

ਮਿਤੀ 27 ਜੁਲਾਈ 2013 ਨੂੰ ਗਿਆਨੀ ਜਗਤਾਰ ਸਿੰਘ ਜਾਚਕ ਜੀ ਦਾ ਇਕ ਲੇਖ "ਬਚਿਤ੍ਰ ਨਾਟਕ (ਕਥਿਤ ਦਸਮ ਗ੍ਰੰਥ) ਨੂੰ ਗੁਰੂ ਸਥਾਪਿਤ ਕਰਨ ਦੀਆਂ ਕੁਟਿਲ ਨਾਟਕੀ ਚਾਲਾਂ" ਖ਼ਾਲਸਾ ਨਿਊਜ਼ 'ਤੇ ਪੜ੍ਹਿਆ । ਫੌਰੀ ਤੌਰ 'ਤੇ ਤਾਂ ਇਹ ਲੇਖ ਗਿਆਨ ਦੇਂਣ ਵਾਲਾ ਲੱਗਾ,  ਲੇਕਿਨ ਇਸ ਲੇਖ ਦਾ ਅਖੀਰਲਾ ਪਹਿਰਾ ਪੜ੍ਹ ਕੇ, ਬਹੁਤ ਹੀ ਹੈਰਾਨਗੀ ਅਤੇ ਮਲਾਲ ਹੋਇਆ ਕਿ ਗਿਆਨੀ ਜੀ ਵਰਗਾ ਜਾਗਰੂਕ ਅਖਵਾਉਣ ਵਾਲਾ ਇਕ ਸੁਚੇਤ ਸਿੱਖ ਵੀ ਹੱਲੀ ਅਪਣੇ ਮੰਨ ਵਿੱਚ ਇਹ ਮੁਗਾਲਤਾ ਪਾਲੀ ਬੈਠਾ ਹੈ, ਕਿ ਅਕਾਲ ਤਖਤ 'ਤੇ ਕਾਬਿਜ ਕੁੱਝ "ਸਿਆਸੀ ਮੁਹਰੇ" ਅਖੌਤੀ ਦਸਮ ਗ੍ਰੰਥ ਵਰਗੇ ਭਖਦੇ ਮੁੱਦੇ ਨੂੰ ਹਲ ਕਰ ਦੇਣਗੇ। ਗਿਆਨੀ ਜੀ ਇਸ ਲੇਖ ਵਿੱਚ ਲਿਖਦੇ ਹਨ ਕਿ -

"...ਇਸ ਵਿਸ਼ੇ ਸਬੰਧੀ ਵਿਦਵਾਨ ਸੱਜਣਾ ਤੇ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਵਿਸ਼ੇਸ਼ ਪਤਰ ਲਿਖਣੇ ਚਾਹੀਦੇ ਹਨ ਅਤੇ ਮਿਲ ਕੇ ਗੱਲਬਾਤ ਵੀ ਕਰਨੀ ਚਾਹੀਦੀ ਹੈ ।.."

ਗਿਆਨੀ ਜੀ ਨੇ ਦੂਜਿਆਂ ਨੂੰ ਤਾਂ ਇਹ ਸਲਾਹ ਸਹਿਜੇ ਹੀ ਦੇ ਦਿੱਤੀ ਹੈ ਕਿ ਸਾਰੇ ਇਸ ਵਿਸ਼ੇ 'ਤੇ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਨੂੰ ਪੱਤਰ ਲਿਖਣ, ਲੇਕਿਨ ਸ਼ਾਇਦ ਆਪ ਕਦੀ ਵੀ ਇਨ੍ਹਾਂ ਨੂੰ ਕੋਈ ਖੱਤ ਇਸ ਬਾਰੇ ਨਹੀਂ ਲਿਖਿਆ ਹੋਣਾਂ। ਇਸੇ ਲਈ ਇਹ ਮੁਗਾਲਤਾ ਪਾਲ ਲਿਆ ਹੈ ਕਿ ਪੱਤਰ ਲਿਖਣ ਨਾਲ,  ਇਹ ਲੋਗ ਇਸ ਮੁੱਦੇ ਨੂੰ ਹਲ ਕਰ ਸਕਦੇ ਹਨ। ਦਾਸ ਇਨ੍ਹਾਂ ਨੂੰ 2006 ਤੋਂ ਲੈ ਕੇ 2008 ਤਕ ਇਸ ਮੁੱਦੇ ਤੇ ਲਗਾਤਾਰ ਪੱਤਰ ਲਿੱਖਦਾ ਰਿਹਾ ਹੈ, ਜਿਸਦੇ ਸੱਤ Reminder ਮੇਰੇ ਕੋਲ ਅੱਜ ਵੀ ਮੌਜੂਦ ਹਨ। ਇਨ੍ਹਾਂ ਨੇ,  ਕਿਸੇ ਇਕ ਵੀ ਖੱਤ ਦਾ ਕੋਈ ਮਾਕੂਲ ਜਵਾਬ  ਨਹੀਂ ਦਿਤਾ, ਮੁੱਦੇ ਨੂੰ ਹੱਲ ਕਰਨਾਂ ਤਾਂ ਦੂਰ ਦੀ ਗਲ ਹੈ। ਇਨ੍ਹਾਂ ਖਤਾ ਤੋਂ ਅਲਾਵਾਂ ਇਸ ਬੰਦੇ ਨਾਲ, ਇਸ ਦੀ ਕਾਨਪੁਰ ਫੇਰੀ ਦੇ ਦੌਰਾਨ  ਅੱਧਾ ਘੰਟਾ, ਭਰੀ ਸੰਗਤ ਵਿੱਚ ਸਵਾਲਾਂ ਦਾ ਸਿਲਸਿਲਾ ਚਲਦਾ ਰਿਹਾ, ਲੇਕਿਨ ਇਸਨੇ ਸਾਡੀ ਇਕ ਗੱਲ ਦਾ ਵੀ ਜਵਾਬ ਨਹੀਂ ਦਿਤਾ। ਇਹ ਸਿਰਫ ਇਹ ਹੀ ਕਹਿੰਦਾ ਰਿਹਾ ਕਿ "ਅਕਾਲ ਤਖਤ 'ਤੇ ਆ ਜਾਉ ! ਤੁਹਾਨੂੰ ਸਾਰੇ ਜਵਾਬ ਦਿਤੇ ਜਾਣਗੇ। ਗਿਆਨੀ ਜੀ ਅਗੇ ਲਿਖਦੇ ਹਨ-

"
........
ਕਿਉਂਕਿ, ਸਾਡੇ ਕੋਲ ਇਸ ਮਸਲੇ ਦੇ ਹੱਲ ਲਈ ਹੋਰ ਕੋਈ ਥਾਂ ਤੇ ਚਾਰਾ ਨਹੀਂ ਹੈ ।......" ਇਹੀ ਕਾਰਣ ਹੈ ਕਿ ਗੁੱਸੇ ਤੇ ਨਿਰਾਸ਼ਤਾ ਦੇ ਆਲਮ ਵਿੱਚ ਗੁਆਚੇ ਜਿਹੜੇ ਸਾਡੇ ਵੀਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਬੰਦਕ ਸਿਰਦਾਰੀ ਦੀ ਸ਼ਾਨ ਤੋਂ ਵੀ ਮਨੁਕਰ ਹੋ ਰਹੇ ਹਨ ।......."

ਗਿਆਨੀ ਜੀ, ਆਪ ਜੀ ਦੀ ਇਹ ਗਲ ਸੁਣ ਕੇ ਤਾਂ ਬਹੁਤ ਹੀ ਹੈਰਾਨਗੀ ਹੋਈ ਕਿ "
ਇਸ ਮਸਲੇ ਦੇ ਹੱਲ ਲਈ ਕੌਮ ਕੋਲ ਹੋਰ ਕੋਈ ਥਾਂ ਤੇ ਚਾਰਾ ਨਹੀਂ ਹੈ" ਜੇ ਸਿੱਖਾਂ ਕੋਲ ਉਸ ਬੰਦੇ ਦੇ ਕੋਲ ਜਾਂਣ ਤੋਂ ਅਲਾਵਾ ਹੋਰ ਕੋਈ ਚਾਰਾ ਨਹੀਂ....." ਤਾਂ ਸਾਨੂੰ ਸਿੱਖ ਅਖਵਾਉਣ ਦਾ ਹੀ ਕੋਈ ਹਕ ਨਹੀਂ।

 ਜਿਸ ਬੰਦੇ ਦੇ ਕੰਨਾ ਵਿੱਚ, ਸਿਆਸਤਦਾਨਾਂ ਨੇ ਸ਼ੌਹਰਤ ਅਤੇ ਦੌਲਤ ਦਾ ਸਿੱਕਾ ਢਾਲ  ਕੇ ਉਸਨੂੰ  ਬੋਲਾ, ਬਹਿਰਾ ਅਤੇ ਅੰਧ੍ਹਾ ਕਰ ਦਿਤਾ ਹੋਵੇ। ਜਿਸ ਨੂੰ ਦੌਲਤ ਦੀ ਖਨ ਖਨ ਦੀ ਅਵਾਜ ਤੋਂ ਅਲਾਵਾ ਕੁਝ ਵੀ ਸੁਨਾਈ ਨਾਂ  ਦਿੰਦਾ ਹੋਵੇ,  ਉਸਨੇ ਤੁਹਾਡੀ ਗੱਲ ਕੀ ਸੁਨਣੀ ਅਤੇ ਹਲ ਕਰਣੀ ਹੈ? ਗਿਆਨੀ ਜੀ ਇਸੇ ਪਹਿਰੇ ਵਿੱਚ ਜੋ ਕੁਝ ਆਪ ਜੀ ਨੇ ਅੱਗੇ ਲਿਖਿਆ ਹੈ, ਉਸ  ਦੀ ਉੱਮੀਦ ਤਾਂ ਆਪ ਜੀ ਵਰਗੇ ਵਿਦਵਾਨ ਕੋਲੋਂ ਉੱਕਾ ਹੀ ਨਹੀਂ ਸੀ। ਗਿਆਨੀ ਜੀ ਅੱਗੇ ਲਿਖਦੇ ਹਨ ਕਿ -

"........ਇਹੀ ਕਾਰਣ ਹੈ ਕਿ ਗੁੱਸੇ ਤੇ ਨਿਰਾਸ਼ਤਾ ਦੇ ਆਲਮ ਵਿੱਚ ਗੁਆਚੇ ਜਿਹੜੇ ਸਾਡੇ ਵੀਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਬੰਦਕ ਸਿਰਦਾਰੀ ਦੀ ਸ਼ਾਨ ਤੋਂ ਵੀ ਮਨੁਕਰ ਹੋ ਰਹੇ ਹਨ। ਉਨ੍ਹਾਂ ਨੂੰ ਵੀ ਕੌਮੀ ਮਸਲਿਆਂ ਨਾਲ ਸਬੰਧਤ ਸੁਆਲ ਪੁੱਛਣ ਵਾਸਤੇ ਅਖ਼ੀਰ ਸ੍ਰੀ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਨੂੰ ਹੀ ਸੰਬੋਧਨ ਹੋਣਾ ਪੈਂਦਾ ਹੈ ।......."

ਗਿਆਨੀ ਜੀ,  ਇਕ ਗੁਰੂ ਦਾ ਸਿੱਖ  ਬਿਨਾਂ ਕਾਰਣ,  
ਨਾਂ ਤਾਂ ਗੁੱਸੇ ਵਿੱਚ ਆਂਉਦਾ ਹੈ, ਅਤੇ ਨਾਂ ਹੀ ਨਿਰਾਸ਼ ਹੁੰਦਾ ਹੈ। ਉਹ ਤਾਂ ਅਪਣੇ ਟੀਚੇ ਦੀ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਅਕਲਾ ਤਖਤ  ਸਿੱਖੀ ਦੀ ਵਖਰੀ ਹੋਂਦ, ਪ੍ਰਭੂਸੱਤਾ ਅਤੇ ਸੰਪੂਰਣਤਾ ਦਾ ਪ੍ਰਤੀਕ ਰਿਹਾ ਹੈ। ਜਿਸ ਦੀ ਅਸਮਤ ਅਤੇ ਰੁਤਬੇ ਨੂੰ "ਜਾਲ੍ਹੀ ਕੂੜਨਾਮੇ"  ਜਾਰੀ ਕਰ ਕਰ ਕੇ ਤੁਹਾਡੇ ਇਨ੍ਹਾਂ ਅਖੌਤੀ "ਜੱਥੇਬੰਦਕ ਸਿਰਦਾਰਾਂ" ਨੇ ਹਮੇਸ਼ਾ ਹੀ ਰੋਲਿਆ ਹੈ। ਨਾਨਕ ਸ਼ਾਹੀ ਕੈਲੰਡਰ ਨੂੰ ਕਤਲ ਕਰਨ ਵਾਲੇ,  ਗੁਰੂ ਗ੍ਰੰਥ ਸਾਹਿਬ ਨੂੰ  ਅਧੂਰਾ ਸਾਬਿਤ ਕਰਦਿਆਂ, ਕੂੜ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਸਾਬਿਤ ਕਰਨ ਵਾਲੇ, ਇਕ ਮਾਮੂਲੀ ਜਹੇ ਥਾਨੇਦਾਰ ਨੂੰ "ਸਿੱਖਾਂ ਨੂੰ ਜੁੱਤੀਆਂ ਮਾਰਨ" ਦਾ ਹੁਕਮ ਦੇਣ ਵਾਲੇ ਇਸ "ਸਿਆਸੀ ਮੁਹਰੇ" ਨੂੰ ਤੁਸੀਂ "ਜੱਥੇਬੰਦਕ ਸਿਰਦਾਰ" ਦੀ ਉਪਾਧੀ ਦੇ ਰਹੇ ਹੋ? ਤੁਹਾਡੀ ਵਿਦਵਤਾ ਅਤੇ ਗਿਆਨ ਦੀ ਇਹ ਕੇੜ੍ਹੀ ਪਰਿਭਾਸ਼ਾ ਹੈ, ਇਸ ਦੀ ਸਮਝ ਨਹੀਂ ਲਗ ਰਹੀ।

ਇਕ ਸਿੱਖ ਨੂੰ ਤਾਂ ਅਪਣੇ ਗੁਰੂ ਰੂਪੀ "ਜੱਥੇਦਾਰ" ਕੋਲੋਂ "ਸਿਰਦਾਰੀ" ਮਿਲਦੀ ਹੈ, ਅਤੇ "ਸਰਬਤ ਖਾਲਸੇ ਵਾਲੀ  ਜੱਥੇਬੰਦੀ" ਨੂੰ ਹੀ ਕੌਮੀ ਫੈਸਲਿਆਂ ਦਾ ਹੱਕ ਪ੍ਰਾਪਤ ਹੈ। ਤੁਸੀਂ ਇਨ੍ਹਾਂ ਸਿਆਸਤਦਾਨਾਂ ਦੇ ਟੁਕੜਬੋਚਾਂ ਨੂੰ ਕਿਸ ਅਧਾਰ 'ਤੇ
"ਜੰਥੇਬੰਦਕ ਸਿਰਦਾਰ"
ਐਲਾਨ ਰਹੇ ਹੋ? ਤੁਸੀਂ ਅਗੇ ਲਿਖਿਆ ਹੈ ਕਿ-

ਉਨ੍ਹਾਂ ਨੂੰ ਵੀ ਕੌਮੀ ਮਸਲਿਆਂ ਨਾਲ ਸਬੰਧਤ ਸੁਆਲ ਪੁੱਛਣ ਵਾਸਤੇ ਅਖ਼ੀਰ ਸ੍ਰੀ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਨੂੰ ਹੀ ਸੰਬੋਧਨ ਹੋਣਾ ਪੈਂਦਾ ਹੈ ।......."

ਗਿਆਨੀ ਜੀ,  
ਸਵਾਲ ਤਾਂ ਇਕ ਜੱਜ ਵੀ ਕਾਤਿਲ ਕੋਲੋਂ ਪੁਛਦਾ ਹੈ, ਕੀ ਉਹ ਜੱਜ ਕਾਤਿਲ ਅਗੇ ਸਮਰਪਣ ਕਰ ਦੇਂਦਾ ਹੈ?, ਜਾਂ ਸਵਾਲ ਕਰਣ ਲਈ  ਜੱਜ ਨੂੰ, ਉਸ ਕਾਤਿਲ  ਅਗੇ  ਸੰਬੋਧਨ ਹੋਣਾਂ ਪੈਂਦਾ ਹੈ? ਸਿੱਖੀ  ਵਿੱਚ,  ਕੌਮ ਅਤੇ ਪੰਥ ਦੇ ਉਹ ਪਾਂਧੀਆਂ ਦੀ ਜੱਥੇਬੰਦੀ ਹੀ ਜੱਜ ਹੈ,  ਜੋ ਸਿੱਖ ਸਿਧਾਂਤਾਂ  ਉਤੇ, ਹਰ ਵੇਲੇ ਜਾਗ੍ਰਤ ਅਤੇ ਸੁਚੇਤ ਹੋ ਕੇ ਪਹਿਰਾ ਦੇਂਦੀ ਰਹਿੰਦੀ ਹੈ।  ਇਨ੍ਹਾਂ ਬੁਰਛਾਗਰਦਾਂ  ਅਗੇ ਤਾਂ ਉਹ ਸੰਬੋਧਨ ਹੂੰਦੇ ਹਨ, ਜਿਨਾਂ ਨੂੰ ਇਨ੍ਹਾਂ ਦੀ ਦਰਕਾਰ ਹੁੰਦੀ ਹੈ, ਜਿਨਾਂ ਨੇ ਇਨ੍ਹਾਂ ਦੇ ਅਗੇ ਲੰਮੇ ਪੈ ਕੇ, ਇਨ੍ਹਾਂ ਦੇ ਸਕਤਰੇਤ ਵਿੱਚ ਪੇਸ਼ ਹੋ ਕੇ, ਅਪਣਾਂ ਢਿੱਡ ਪਾਲਨਾਂ ਹੁੰਦੀ ਹੈ। ਅਪਣੀਆਂ ਸੀ.ਡੀਆਂ ਅਤੇ ਕਿਤਾਬਾਂ ਰਿਲੀਜ ਕਰਵਾਉਣੀਆਂ ਹੁੰਦੀਆਂ ਨੇ। ਯਾਦ ਕਰੋ ਆਸ਼ਟ੍ਰੇਲਿਆ ਵਾਲੀ ਉਹ ਸੀ.ਡੀ !  ਜਿਸਨੂੰ ਰਿਲੀਜ ਕਰਵਾਉਣ ਲਈ ਤੁਸੀ ਵੀ ਇਸੇ ਬੁਰਛਾਗਰਦ ਕੋਲ, ਸਕਤੱਰੇਤ" ਵਾਲੀ ਕਾਲੀ ਕੋਠਰੀ ਵਿੱਚ  ਗਏ ਸੀ। ਕਿਤੇ ਇਸ ਗੱਲ ਨੂੰ ਜਸਟੀਫਾਈ ਕਰਨ ਲਈ ਹੀ ਤਾਂ ਤੁਸੀ ਇਨ੍ਹਾਂ ਨੂੰ "ਜੰਥੇਬੰਦਕ ਸਿਰਦਾਰ"  ਦੀ ਉਪਾਧੀ ਤਾਂ ਨਹੀਂ ਦਿੱਤੀ ? ਗਿਆਨੀ ਜੀ ਅੱਗੇ ਲਿਖਦੇ ਹਨ-

"......... ਸਿੱਖ ਮਾਨਸਕਿਤਾ ਤੇ ਸੱਤਾਧਾਰੀ ਤਾਣੇ-ਬਾਣੇ ਨੂੰ ਧਿਆਨ ਵਿੱਚ ਰਖਦਿਆਂ ਬਦਕਲਾਮੀ ਤੇ ਕੰਮਪਿਊਟਰੀ ਬੰਬਾਂ ਨਾਲ ਪ੍ਰਾਪਤੀ ਦੀ ਥਾਂ ਹੋਰ ਨੁਕਸਾਨ ਹੋ ਸਕਦਾ ਹੈ । ਕੋਈ ਵੀ ਸਘੰਰਸ਼ ਕਿਸੇ ਇੱਕ ਪੈਂਤੜੇ ਨਾਲ ਜਿਤਣਾ ਅਸੰਭਵ ਹੁੰਦਾ ਹੈ ।

ਗਿਆਨੀ ਜੀ ਲਗਦਾ ਹੈ ਤੁਸੀਂ ਹੱਲੀ ਵੀ ਕਿਸੇ ਪੁਰਾਣੀ ਦੁਨੀਆਂ ਵਿੱਚ ਰਹਿੰਦੇ ਹੋ। ਕੰਪਯੂਟਰ ਅਤੇ ਇੰਟਰਨੇਟ ਹੀ ਇਕ ਐਸਾ ਮਾਧਿਅਮ ਹੈ, ਜੋ ਸਿੱਖਾਂ ਨੂੰ ਬਹੁਤ ਤੇਜੀ ਨਾਲ ਸੁਚੇਤ ਅਤੇ ਅਵੇਅਰ ਕਰ ਰਿਹਾ ਹੈ। ਕੰਪਯੂਟਰ ਦੇ ਕਾਰਣ ਹੀ ਅੱਜ ਆਪ ਜੀ ਦਾ ਇਹ ਲੇਖ ਕੌਮ ਤਕ ਪੁਜਿਆ ਅਤੇ ਇਸ ਦਾ ਜਵਾਬ ਤੁਹਾਨੂੰ ਦੂਜੇ ਹੀ ਦਿਨ ਮਿਲ ਰਿਹਾ ਹੈ, ਵਰਨਾਂ ਤੁਸੀ ਇਕ ਸਾਲ ਕਿਤਾਬ ਲਿਖਦੇ ਰਹਿੰਦੇ ਅਤੇ ਉਹ ਕਿਤਾਬ ਛੱਪਦੀ ਤਾਂ ਹੀ ਤੁਹਾਡੇ ਵਿਚਾਰ ਪਾਠਕਾਂ ਤਕ ਪੁਜਣੇ ਸਨ। ਅੱਜ ਇੰਟਰਨੇਟ ਕਰਕੇ ਹੀ ਅਮਰੀਕਾ, ਜਰਮਨ, ਕਨੇਡਾ ਆਦਿਕ  ਦੇਸ਼ਾਂ ਵਿੱਚ ਬੈਠਾ ਸਿੱਖ ਇਕ ਦੂਜੇ ਨੂੰ ਜਾਂਣ ਰਿਹਾ ਹੈ, ਇਕ ਦੂਜੇ ਨੂੰ ਸਮਝ ਰਿਹਾ ਹੈ। ਇਕ ਦੂਜੇ ਨਾਲ ਵਿਚਾਰ ਸਾਂਝੇ ਕਰ ਰਿਹਾ ਹੈ।  ਇਹ "
ਕੰਮਪਿਊਟਰੀ ਬੰਬ" ਹੀ ਕੌਮ ਨੂੰ ਮੁੜ ਸੁਰਜੀਤ ਕਰਨ ਦਾ ਕਾਰਣ ਬਣੇਗਾ। ਕਿਸੇ ਨਵੀਂ,  ਤੇਜ ਅਤੇ ਆਧੁਨਿਕ ਤਕਨੀਕ ਨੂੰ  ਵਰਤਨਾਂ ਕੋਈ ਮਾੜੀ ਗੱਲ ਨਹੀਂ ਹੈ।

ਗਿਆਨੀ ਜੀ  ਕਿਸੇ ਮੁਹਿਮ, ਕਿਸੇ ਲਹਿਰ ਦਾ ਹਿੱਸਾ ਬਣ ਸਕਦੇ ਹੋ ਤੇ ਬਣੋ, ਇਨ੍ਹਾਂ ਸਿਆਸੀ ਮੁਹਰਿਆਂ ਨੂੰ "ਜਥੇਬੰਦਕ ਸਿਰਦਾਰੀਆਂ" ਨਾਂ ਵੰਡੋ ! ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top