Share on Facebook

Main News Page

ਰੋਲਟ ਐਕਟ ਨੂੰ ਲੋਕ ਵਿਰੋਧੀ ਦੱਸਣ ਵਾਲੇ ਲੋਕ, ਐੱਨ.ਐੱਸ.ਏ ਟਾਡਾ ਅਤੇ ਪੋਟਾ ਵਰਗੇ ਕਾਨੂੰਨਾਂ ਸਬੰਧੀ ਪੁੱਛੇ ਜਾਣ ’ਤੇ ਧਾਰ ਲੈਂਦੇ ਹਨ ਚੁੱਪ
-: ਕਿਰਪਾਲ ਸਿੰਘ ਬਠਿੰਡਾ
ਮੋਬ: 9855480797

ਸਿਆਸੀ ਲੋਕ ਹਰ ਮਸਲੇ ’ਤੇ ਨਿਭਾ ਰਹੇ ਹਨ ਦੂਹਰਾ ਕਿਰਦਾਰ:
* ਐੱਨ.ਐੱਸ.ਏ ਦਾ ਵਿਰੋਧ ਪਰ ਉਸ ਤੋਂ ਵੀ ਸਖਤ ਕਾਨੂੰਨ ਪੋਟਾ ਦੀ ਹਮਾਇਤ
* ਸਿੱਖਾਂ ਦੇ ਕਾਤਲ ਟਾਈਟਲਰ, ਸੱਜਣ ਕੁਮਾਰ ਨੂੰ ਸਖਤ ਸਜਵਾਂ ਦੀ ਮੰਗ ਪਰ ਮੁਸਲਮਾਨਾਂ ਦੇ ਕਾਤਲ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਹਮਾਇਤ
* ਸਿੱਖਾਂ ਲਈ ਵੱਖਰਾ ਕਾਨੂੰਨ, ਵੱਖਰੇ ਅਨੰਦ ਮੈਰਿਜ ਐਕਟ ਦੀ ਮੰਗ, ਪਰ ਸਿੱਖਾਂ ਲਈ ਬਣਾਏ ਗਏ ਵੱਖਰੇ ਨਾਨਕਸ਼ਾਹੀ ਕੈਲੰਡਰ ਦਾ ਖ਼ੁਦ ਹੀ ਕਤਲ ਕਰਕੇ ਕੀਤਾ ਬਿਕ੍ਰਮੀ ਕੈਲੰਡਰ ਨਾਲ ਰਲ ਗੱਡ

ਅੱਜ ਸਵੇਰੇ 8.35 ਤੋਂ ਸਵਾ ਕੁ ਨੌ ਵਜੇ ਤੱਕ ਡੀ.ਡੀ. ਪੰਜਾਬੀ ਤੋਂ ਲਾਈਵ ਪ੍ਰੋਗਰਾਮ ‘ਗੱਲਾਂ ਤੇ ਗੀਤ’ ਵਿਖਾਇਆ ਜਾ ਰਿਹਾ ਸੀ, ਜਿਸ ਵਿੱਚ ਡਾ: ਦਿਨੇਸ਼ ਅਰੋੜਾ ਜੀ ‘ਅਜਾਦੀ ਦੇ ਸੰਘਰਸ਼ ਵਿੱਚ ਅਸਹਿਯੋਗ ਲਹਿਰ ਦੀ ਦੇਣ’ ਸਬੰਧੀ ਗੱਲਬਾਤ ਕਰ ਰਹੇ ਸਨ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਸਮੇਂ, ਭਾਰਤ ਦੀ ਅਜਾਦੀ ਦੀ ਲਹਿਰ ਦੌਰਾਨ ਅੰਗਰੇਜ ਸਰਕਾਰ ਵੱਲੋਂ ਕੀਤੇ ਗਏ ਜੁਲਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਆਜਾਦੀ ਦੀ ਮੰਗ ਨੂੰ ਦਬਾਉਣ ਲਈ 1919 ਵਿੱਚ ਅੰਗਰੇਜ ਸਰਕਾਰ ਨੇ ਰੋਲਟ ਐਕਟ ਬਣਾਇਆ। ਇਸ ਐਕਟ ਰਾਹੀਂ ਅੰਗਰੇਜ ਹਕੂਮਤ ਨੂੰ ਆਪਣੇ ਵਿਰੋਧ ਵਿੱਚ ਉਠ ਰਹੀ ਜਾਂ ਉਠ ਸਕਦੀ ਕਿਸੇ ਵੀ ਅਵਾਜ਼ ਨੂੰ ਕੁਚਲਣ ਦੀ ਅਥਾਹ ਸ਼ਕਤੀ ਮਿਲ ਗਈ। ਕਿਸੇ ਵੀ ਵਿਅਕਤੀ ਨੂੰ ਬਿਨਾਂ ਉਸ ਦਾ ਕਸੂਰ ਦੱਸੇ ਜਾਂ ਮੁਕੱਦਮਾ ਚਲਾਏ ਜੇਲ੍ਹ ਵਿੱਚ ਬੰਦ ਕੀਤਾ ਜਾ ਸਕਦਾ ਸੀ। ਇਹ ਕਾਨੂੰਨ ਬਿਨਾਂ ਸ਼ੱਕ ਮਨੁੱਖੀ ਅਧਿਕਾਰਾਂ ’ਤੇ ਹਮਲਾ ਅਤੇ ਲੋਕ ਵਿਰੋਧੀ ਸੀ, ਜਿਸ ਕਾਰਣ ਆਮ ਭਾਰਤੀ ਲੋਕਾਂ ਦੇ ਮਨਾ ਵਿੱਚ ਸੁਭਾਵਕ ਤੌਰ ’ਤੇ ਅਤੇ ਅਜਾਦੀ ਘੁਲਾਟੀਆਂ ਦੇ ਮਨਾਂ ਵਿੱਚ ਵਿਸ਼ੇਸ਼ ਕਰਕੇ ਰੋਹ ਜਾਗਣਾ ਲਾਜ਼ਮੀ ਸੀ। ਇਸੇ ਰੋਹ ਦਾ ਹੀ ਸਿੱਟਾ ਸੀ ਕਿ ਵੱਡੇ ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡ ਪਿੰਡ ਤੱਕ ਰੋਲਟ ਐਕਟ ਦੇ ਵਿਰੋਧ ਵਿੱਚ ਜਲੂਸ ਕੱਢੇ ਗਏ। 1919 ਦੀ ਵੈਸਾਖੀ ਨੂੰ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ਵਿਖੇ ਵਾਪਰਿਆ ਖੂਨੀ ਕਾਂਡ ਇਸ ਦਾ ਹੀ ਸਿੱਟਾ ਸੀ ਕਿਉਂਕਿ ਉਸ ਸਮੇਂ ਅਜਾਦੀ ਸੰਗਰਾਮੀਏ ਰੋਲਟ ਐਕਟ ਦੇ ਵਿਰੋਧ ਵਿੱਚ ਹੀ ਇੱਥੇ ਵੱਡੀ ਕਾਨਫਰੰਸ ਕਰ ਰਹੇ ਸਨ ਜਿਸ ਦੌਰਾਨ ਜਨਰਲ ਓਡਵਾਇਰ ਅੰਨ੍ਹੇਵਾਹ ਗੋਲ਼ੀ ਚਲਾਉਣ ਅਤੇ ਭਗਦੜ ਕਾਰਣ 329 ਲੋਕ ਮਾਰੇ ਗਏ ਅਤੇ ਦੋ ਹਜਾਰ ਤੋਂ ਵੱਧ ਜਖ਼ਮੀ ਹੋਏ।

ਡਾ: ਅਰੋੜਾ ਦੇ ਮੂੰਹੋਂ ਇਹ ਸ਼ਬਦ ਸੁਣਦੇ ਸਾਰ ਉਨ੍ਹਾਂ ਤੋਂ ਕੁਝ ਸਵਾਲ ਪੁੱਛਣ ਲਈ ਦੂਰਦਰਸ਼ਨ ਵੱਲੋਂ ਦਿੱਤੇ ਗਏ ਦੋ ਨੰਬਰ 0181-2814261 ਅਤੇ 2814264 ਵਾਰੋ ਵਾਰੀ ਮਿਲਾਉਣ ਲਈ ਕਾਫੀ ਸਮਾ ਲਗਾਤਾਰ ਕੀਤੀ ਕੋਸ਼ਿਸ਼ ਉਪ੍ਰੰਤ ਆਖਰ ਦੂਰਦਰਸ਼ਨ ਕੇਂਦਰ ਨਾਲ ਸਿੱਧਾ ਸੰਪਰਕ ਹੋ ਗਿਆ। ਟੈਲੀਫੋਨ ਉਪ੍ਰੇਟਰ ਨੂੰ ਸ਼ਾਇਦ ਮੇਰਾ ਉਚਾਰਣ ਠੀਕ ਸੁਣਾਈ ਨਾ ਦਿੱਤਾ ਹੋਵੇ ਇਸ ਲਈ ਉਨ੍ਹਾਂ ਮੇਰਾ ਨਾਮ ਕਿਰਪਾਲ ਸਿੰਘ ਦੀ ਬਜਾਏ ਕਰਤਾਰ ਸਿੰਘ ਬਠਿੰਡਾ ਅਨਾਊਂਸ ਅਤੇ ਸਕਰੀਨ ’ਤੇ ਡਿਸਪਲੇਅ ਕੀਤਾ ਤੇ ਮੈਨੂੰ ਆਪਣਾ ਸਵਾਲ ਪੁੱਛਣ ਲਈ ਕਿਹਾ ਗਿਆ।

ਮੌਕਾ ਮਿਲਦੇ ਸਾਰ ਮੈਂ ਡਾ: ਅਰੋੜਾ ਸਾਹਿਬ ਜੀ ਨੂੰ ਸੰਬੋਧਨ ਹੁੰਦੇ ਸਵਾਲ ਕੀਤਾ ਕਿ ਅੱਜ ਅਸੀਂ ਸਾਰੇ ਭਾਰਤੀ ਅੰਗਰੇਜ ਸਰਕਾਰ ਵਲੋਂ; ਭਾਰਤੀਆਂ ਵੱਲੋਂ ਉੱਠੀ ਅਜਾਦੀ ਦੀ ਮੰਗ ਦੀ ਅਵਾਜ਼ ਦਬਾਉਣ ਲਈ, ਪਾਸ ਕੀਤੇ ਲੋਕ ਵਿਰੋਧੀ ਰੋਲਟ ਐਕਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਪਰ ਅਜਾਦ ਭਾਰਤ ਵਿੱਚ ਆਪਣੀ ਹੀ ਸਰਕਾਰ ਨੇ ਇੱਥੋਂ ਦੇ ਸ਼ਹਿਰੀਆਂ ਦੀ ਧਾਰਮਕ, ਆਰਥਿਕ ਤੇ ਰਾਜਨੀਤਕ ਆਜਾਦੀ ਦੀ ਉਠੀ ਮੰਗ ਨੂੰ ਦਬਾਉਣ ਲਈ ਸਾਡੀ ਆਪਣੀ ਹੀ ਸਰਕਾਰ ਐੱਨਐੱਸਏ (ਨੈਸ਼ਨਲ ਸਕਿਉਰਟੀ ਐਕਟ), ਟਾਡਾ (ਟੈਰੋਰਿਸਟ ਐਂਡ ਡਿਸਰਪਟਿਵ ਐਕਟੀਵਿਟੀ ਪ੍ਰੀਵੈਂਨਸ਼ਨ ਐਕਟ) ਅਤੇ ਪੋਟਾ (ਪਰੀਵੈਂਨਸ਼ਨ ਆਫ ਟੈਰੋਇਜ਼ਮ ਐਕਟ) ਵਰਗੇ ਸਖਤ ਕਾਲ਼ੇ ਕਾਨੂੰਨ ਬਣਾਏ ਤੇ ਹੁਣ ਇਨ੍ਹਾਂ ਤੋਂ ਵੀ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਤੁਸੀਂ ਕਹਿ ਸਕਦੇ ਹੋ ਕਿ ਦੇਸ਼ ਦੀ ਅਜਾਦੀ, ਏਕਤਾ ਅਤੇ ਅਖੰਡਤਾ ਨੂੰ ਬਚਾਉਣ ਖਾਤਰ ਦੇਸ਼ ਨੂੰ ਤੋੜਨ ਵਾਲੇ ਅਤਿਵਾਦੀਆਂ ਨੂੰ ਦਬਾਉਣ ਲਈ ਇਹ ਕਾਨੂੰਨ ਜਰੂਰੀ ਸਨ। ਪਰ ਇਹ ਦੱਸੋ ਕਿ ਸਿੱਖ ਕੌਮ, ਜਿਸ ਦਾ ਭਾਰਤ ਦੀ ਅਜਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਸੀ, ਦੇ ਬੇਕਸੂਰ ਸਿੱਖਾਂ ਦਾ ਨਵੰਬਰ 1984 ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਸਮੂਹਿਕ ਕਤਲੇਆਮ ਕੀਤਾ ਗਿਆ ਸੀ; ਦੇ ਕਾਤਲਾਂ ਨੂੰ 29 ਸਾਲ ਪਿੱਛੋਂ ਵੀ ਕੋਈ ਸਜਾ ਨਹੀਂ ਦਿੱਤੀ ਗਈ। 2002 ਵਿੱਚ ਗੁਜਰਾਤ ’ਚ ਮੁਸਲਮਾਨਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ; ਕਤਲੇਆਮ ਕਰਵਾਉਣ ਅਤੇ ਇਸ ਦੀ ਸਾਜਿਸ਼ ਰਚਨ ਵਾਲੇ ਕਿਸੇ ਵੱਡੇ ਆਗੂ ਨੂੰ ਹਾਲੀ ਤੱਕ ਕੋਈ ਸਜਾ ਨਹੀਂ ਦਿੱਤੀ ਗਈ। ਜਦ ਅਜਾਦ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਕੋਈ ਇਨਸਾਫ ਨਾ ਮਿਲੇ ਤਾਂ ਕੀ ਉਨ੍ਹਾਂ ਵਿੱਚ ਵੱਖਵਾਦ ਤੇ ਅੱਤਵਾਦ ਦੀ ਭਾਵਨਾ ਪੈਦਾ ਨਹੀਂ ਹੋਵੇਗੀ? ਕੀ ਘੱਟ ਗਿਣਤੀਆਂ ਨੂੰ ਇਨਸਾਫ ਦੇਣ ਅਤੇ ਜਖ਼ਮਾਂ ’ਤੇ ਮਲ੍ਹਮ ਲਾਉਣ ਲਈ ਕਾਤਲਾਂ ਨੂੰ ਸਜਾ ਨਹੀਂ ਦਿੱਤੀ ਜਾਣੀ ਚਾਹੀਦੀ?

ਕਾਫੀ ਸਮਾਂ ਫੋਨ ਮਿਲਾਉਣ ਦੀ ਜਦੋਜਹਿਦ ਵਿੱਚ ਰੁੱਝੇ ਰਹਿਣ ਅਤੇ ਸਵਾਲ ਪੁੱਛੇ ਜਾਣ ਦੌਰਾਣ ਟੀਵੀ ਦੀ ਅਵਾਜ਼ ਬੰਦ ਕਰਵਾਏ ਜਾਣ ਕਰਕੇ ਮੈਂ ਡਾ: ਅਰੋੜਾ ਜੀ ਦਾ ਜਵਾਬ ਚੰਗੀ ਤਰ੍ਹਾਂ ਸੁਣ ਨਹੀਂ ਸਕਿਆ ਪਰ ਜੋ ਮੈਨੂੰ ਸਮਝ ਵਿੱਚ ਆਇਆ ਉਸ ਅਨੁਸਰ ਉਨ੍ਹਾਂ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲ਼ੇ ਕਾਨੂੰਨਾਂ ਸਬੰਧੀ ਕੁਝ ਕਹਿਣ ਤੋਂ ਪੂਰੀ ਤਰ੍ਹਾਂ ਟਾਲ਼ਾ ਵੱਟਿਆ ਅਤੇ ਸਿਰਫ ਇੰਨਾਂ ਹੀ ਕਿਹਾ ਕਿ ਪੀੜਤਾਂ ਨੂੰ ਇਨਸਾਫ ਮਿਲਣਾਂ ਚਾਹੀਦਾ ਹੈ ਅਤੇ ਉਨ੍ਹਾਂ ਦੇ ਜਖ਼ਮਾਂ ’ਤੇ ਮੱਲ੍ਹਮ ਲਾਉਣੀ ਚਾਹੀਦੀ ਹੈ ਤਾ ਕਿ ਸੰਪ੍ਰਦਾਇਕ ਏਕਤਾ ਬਣੀ ਰਹੇ।

ਡਾ: ਅਰੋੜਾ ਤਾਂ ਇੱਕ ਵਿਦਵਾਨ ਹਨ ਤੇ ਅੱਜ ਕੱਲ੍ਹ ਦੇ ਵਿਦਵਾਨਾਂ ਦੀਆਂ ਲੱਤਾਂ ਆਪਣਾ ਹੀ ਭਾਰ ਨਹੀਂ ਝਲਦੀਆਂ ਤਾਂ ਉਹ ਦੇਸ਼ ਦੇ ਰਾਜਨੀਤਕ ਹੁਕਮਰਾਨਾਂ ਵੱਲੋਂ ਘੱਟ ਗਿਣਤੀਆਂ ਲਈ ਪੈਦਾ ਕੀਤੀ ਗਈ ਐਸੀ ਸਥਿਤੀ ਸਬੰਧੀ ਕੌੜਾ ਸੱਚ ਬੋਲ ਜਾਣ, ਉਹ ਵੀ ਉਸ ਸਮੇਂ ਜਦੋਂ ਟੀਵੀ ਚੈੱਨਲ ’ਤੇ ਲਾਈਵ ਪ੍ਰਸਾਰਤ ਹੋ ਰਿਹਾ ਹੋਵੇ; ਬਹੁਤ ਹੀ ਅਸੰਭਵ ਗੱਲ ਹੈ। ਇਸ ਦੇ ਬਾਵਜੂਦ ਅਰੋੜਾ ਸਾਹਿਬ ਜੋ ਵੀ ਬੋਲ ਗਏ, ਉਸ ਲਈ ਉਨ੍ਹਾਂ ਦਾ ਧੰਨਵਾਦ ਹੈ। ਪਰ ਰਾਜਨੀਤਕ ਲੋਕ ਜਿਹੜੇ ਅਜਾਦੀ ਦੀ 67ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਨ ਅਤੇ ਜਿਨ੍ਹਾਂ ਦੇ ਮੋਢਿਆਂ ’ਤੇ ਦੇਸ਼ ਦੀ ਏਕਤਾ, ਅਖੰਡਤਾ, ਸੰਪ੍ਰਦਾਇਕ ਏਕਤਾ ਅਤੇ ਸ਼ਾਂਤੀ ਬਣਾਏ ਰੱਖਣ ਦੀ ਜਿੰਮੇਵਾਰੀ ਹੈ, ਉਨ੍ਹਾਂ ਨੂੰ ਤਾਂ ਇਸ ਦਾ ਜਵਾਬ ਦੇਣਾ ਹੀ ਚਾਹੀਦਾ ਹੈ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦੀ ਏਕਤਾ, ਅਖੰਡਤਾ, ਸੰਪ੍ਰਦਾਇਕ ਸਦਭਤਾਵਨਾ ਅਤੇ ਸ਼ਾਂਤੀ ਸਿਰਫ ਸਖਤ ਕਾਲੇ ਕਾਨੂੰਨ ਬਣਾ ਕੇ ਘੱਟ ਗਿਣਤੀ ਦੇ ਵੀਚਾਰਾਂ ਦੀ ਅਜਾਦੀ ਦੀ ਚਾਹ ਰੱਖਣ ਵਾਲੇ ਪ੍ਰਵਾਨਿਆਂ ਨੂੰ ਲੰਬਾ ਸਮਾ ਜੇਲ੍ਹਾਂ ਵਿੱਚ ਬੰਦ ਰੱਖ ਕੇ, ਝੂਠੇ ਪੁਲਿਸ ਮੁਕਾਬਿਲਆਂ ਵਿੱਚ ਕਤਲ ਕਰਕੇ ਅਤੇ ਫਾਂਸੀਆਂ ’ਤੇ ਲਟਕਾ ਕਦਾਚਿਤ ਨਹੀਂ ਰੱਖੀ ਜਾ ਸਕਦੀ। ਜੇ ਉਹ ਸੱਚ ਮੁੱਚ ਹੀ ਦੇਸ਼ ’ਚ ਸ਼ਾਂਤੀ ਤੇ ਖੁਸ਼ਹਾਲੀ ਚਾਹੁੰਦੇ ਹਨ ਤਾਂ ਸਭ ਨੂੰ ਬਰਾਬਰ ਦੇ ਸ਼ਹਿਰੀ ਹੱਕ ਅਤੇ ਧਾਰਮਿਕ, ਆਰਥਕ ਅਤੇ ਰਾਜਨੀਤਕ ਹੱਕ ਮਾਨਣ ਲਈ ਮਾਹੌਲ ਪ੍ਰਦਾਨ ਕਰਨਾ ਚਾਹੀਦਾ ਹੈ।

ਪਰ ਇਹ ਕਰਨਾ ਕਿਸ ਨੇ ਹੈ। ਰਾਜਨੀਤਕਾਂ ਨੇ ਤਾਂ ਕੁਰਸੀ ਤੱਕ ਪਹੁੰਚਣ ਦਾ ਸਾਧਨ ਹੀ ਦੇਸ਼ ਦੀ ਅਖੌਤੀ ਅਖੰਡਤਾ, ਏਕਤਾ ਦੇ ਨਾਹਰੇ ਹੇਠ ਘੱਟ ਗਿਣਤੀਆਂ ਨੂੰ ਦਬਾ ਕੇ ਬਹੁ ਗਿਣਤੀ ਦੀਆਂ ਵੋਟਾਂ ਨੂੰ ਬਣਾਇਆ ਹੋਇਆ ਹੈ। ਇਹ ਦੋਸ਼ ਸਿਰਫ ਮੈਂ ਜਾਂ ਘੱਟ ਗਿਣਤੀ ਨਾਲ ਸਬੰਧਤ ਕੋਈ ਹੋਰ ਵਿਅਕਤੀ ਹੀ ਨਹੀਂ ਲਾ ਰਹੇ ਸਗੋਂ ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਦੇ ਰਾਜਨੀਤਕ ਆਗੂ ਆਪਣੀਆਂ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਲਈ ਇੱਕ ਦੂਜੇ ’ਤੇ ਦੂਸ਼ਣ ਲਾਉਂਦੇ ਸਮੇਂ ਬਹੁਤ ਕੁਝ ਸੱਚ ਬੋਲ ਜਾਂਦੇ ਹਨ। ਅਸੀਂ ਵੇਖਦੇ ਹਾਂ ਕਿ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਲਈ ਕਾਂਗਰਸ ਭਾਜਪਾ ਨੂੰ ਕਸੂਰਵਾਰ ਦੱਸ ਕੇ ਸੰਪਰਦਾਇਕ ਫਸਾਦ ਕਰਵਾ ਕੇ ਉਸ ਦਾ ਰਾਜਨੀਤਕ ਲਾਹਾ ਖੱਟਣ ਦੇ ਭਾਜਪਾ ’ਤੇ ਦੋਸ਼ ਲਾ ਰਹੀ ਹੈ। ਸਿੱਖਾਂ ਦੇ ਕਤਲੇਆਮ ਸਬੰਧੀ ਇਹੋ ਦੋਸ਼ ਭਾਜਪਾ ਕਾਂਗਰਸ ’ਤੇ ਲਾ ਰਹੀ ਹੈ। ਦੋਵਾਂ ਹੀ ਕੇਸਾਂ ਵਿੱਚ ਹੈ ਇਹ ਦੋਵੇਂ ਪਾਰਟੀਆਂ ਹੀ 16 ਆਨੇ ਸੱਚ ਬੋਲ ਰਹੀਆਂ ਪਰ ਆਪਣੇ ਅੰਦਰ ਝਾਤੀ ਮਾਰਨ ਲਈ ਇਨ੍ਹਾਂ ਦੋਵਾਂ ’ਚੋਂ ਕੋਈ ਵੀ ਤਿਆਰ ਨਹੀਂ। ਸਗੋਂ ਘੱਟ ਗਿਣਤੀਆਂ ਨਾਲ ਸਬੰਧਤ ਵਿਅਕਤੀਆਂ ਨੂੰ ਅਤਿਵਾਦੀ ਗਰਦਾਨ ਕੇ ਫਾਂਸੀਆਂ ’ਤੇ ਲਟਕਾਉਣ, ਤੇ ਉਨ੍ਹਾਂ ਦੇ ਕਾਤਲਾਂ ਨੂੰ ਬਚਾਉਣ ਲਈ ਦੋਵੇਂ ਇੱਕਮੱਤ ਅਤੇ ਇੱਕ ਦੂਸਰੇ ਦੇ ਪੂਰਕ ਹਨ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਕੰਪਲੈਕਸ ’ਤੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ’ਤੇ ਸ਼ਰਮਸ਼ਾਰ ਹੋਣ ਦੀ ਥਾਂ ਭਾਜਪਾ ਦਾ ਮੁੱਖ ਆਗੂ ਲਾਲ ਕ੍ਰਿਸ਼ਨ ਅਡਵਾਨੀ ਤਾਂ ਆਪਣੀ ਸਵੈਜੀਵਨੀ ਵਿੱਚ ਹੀ ਲਿਖ ਰਿਹਾ ਹੈ ਕਿ ਇੰਦਰਾ ਗਾਂਧੀ ਇਹ ਕਾਰਵਾਈ ਕਰਨ ਤੋਂ ਝਿਜਕ ਰਹੀ ਸੀ ਤਾਂ ਉਸ ਨੇ ਹੀ ਵਾਰ ਵਾਰ ਉਸ ਨਾਲ ਮੀਟਿੰਗਾਂ ਕਰਕੇ ਇਹ ਕਾਰਵਾਈ ਕਰਨ ਲਈ ਤਿਆਰ ਕੀਤਾ। ਇਹ ਕਿਸੇ ਤੋਂ ਲੁਕਿਆ ਹੋਇਆ ਤੱਥ ਨਹੀਂ ਹੈ ਕਿ ਅਕਾਲ ਤਖ਼ਤ ’ਤੇ ਹਮਲੇ ਦਾ ਪ੍ਰਤੀਕਰਮ ਸੀ ਇੰਦਰਾ ਗਾਂਧੀ ਦਾ ਕਤਲ ਅਤੇ ਇੰਦਰਾ ਦਾ ਕਤਲ ਦਾ ਸਾਜਸ਼ੀ ਪ੍ਰਤੀਕਰਮ ਸੀ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ। ਇਸ ਲਈ ਸਿੱਖਾਂ ਦੇ ਕਤਲੇਆਮ ਲਈ ਅਡਵਾਨੀ ਤੇ ਇਸ ਦੀ ਪਾਰਟੀ ਭਾਜਪਾ ਬਰਾਬਰ ਦੀ ਦੋਸ਼ੀ ਹੈ। ਭਾਜਪਾ ਅਤੇ ਕਾਂਗਰਸ ਤਾਂ ਕੌਮੀ ਪਾਰਟੀਆਂ ਹੋਣ ਕਰਕੇ ਇਨ੍ਹਾਂ ਦਾ ਤਾਂ ਅਧਾਰ ਹੀ ਬਹੁਗਿਣਤੀ ਦੀਆਂ ਵੋਟਾਂ ਹਨ ਪਰ ਘੱਟ ਗਿਣਤੀਆਂ ’ਤੇ ਹੋ ਰਹੇ ਜੁਲਮਾਂ ਲਈ ਤਾਂ ਇਨ੍ਹਾਂ ਕੌਮਾਂ ਦੇ ਸੁਆਰਥੀ ਆਗੂ ਵੀ ਬਰਾਬਰ ਦੇ ਭਾਈਵਾਲ ਹਨ। ਆਪਣੀ ਕੌਮ ਲਈ ਹਾਅ ਦਾ-ਨਾਹਰਾ ਮਾਰਨਾ ਅਤੇ ਉਨ੍ਹਾਂ ਦੇ ਹਿੱਤਾਂ ਲਈ ਅਵਾਜ਼ ਉਠਾਉਣ ਪਿੱਛੇ ਉਨ੍ਹਾਂ ਦੀ ਭਾਵਨਾ ਕੌਮੀ ਹਿੱਤ ਪੂਰਨ ਦੀ ਨਹੀਂ ਹੁੰਦੀ ਸਗੋਂ ਆਪਣੀਆਂ ਰਾਜਨੀਤਕ ਰੋਟੀਆਂ ਸੇਕਣਾਂ ਹੀ ਹੁੰਦਾ ਹੈ। ਇਨ੍ਹਾਂ ਦੇ ਦੂਹਰੇ ਕਿਰਦਾਰ ਦੀਆਂ ਕੁਝ ਪ੍ਰਤੱਖ ਮਿਸਾਲਾਂ ਹੇਠ ਲਿਖੇ ਅਨੁਸਾਰ ਹਨ:

  1. ਅਕਾਲੀ ਦਲ ਬਾਦਲ, ਅਕਾਲ ਤਖ਼ਤ ’ਤੇ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਹਮਲੇ, ਦਿੱਲੀ ਅਤੇ ਕਾਂਗਰਸੀ ਰਾਜ ਵਾਲੇ ਹੋਰਨਾਂ ਰਾਜਾਂ ਵਿੱਚ ਹੋਏ ਸਿੱਖ ਕਤਲੇਆਮ ਨੂੰ ਤਾਂ ਖ਼ੂਬ ਉਛਾਲਦਾ ਹੈ ਪਰ ਗੁਜਰਾਤ ਵਿੱਚ ਮੁਸਲਮਾਨਾਂ ਦੇ ਹੋਏ ਕਤਲੇਆਮ ’ਤੇ ਤਾਂ ਚੁੱਪ ਧਰਨੀ ਹੀ ਸੀ, ਸਗੋਂ ਜਿਹੜਾ ਅਡਵਾਨੀ ਕਹਿੰਦਾ ਹੈ ਕਿ ਅਕਾਲ ਤਖ਼ਤ ’ਤੇ ਹਮਲਾ ਕਰਵਾਇਆ ਹੀ ਮੈਂ ਹੈ; ਉਸ ਨਾਲ ਪਤੀ ਪਤਨੀ ਦਾ ਰਿਸ਼ਤਾ ਤੇ ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਟਿੱਲ ਦਾ ਜੋਰ ਲਾਇਆ।
  2. ਐੱਨ.ਐੱਸ.ਏ ਅਤੇ ਟਾਡਾ ਦਾ ਵਿਰੋਧ ਪਰ ਉਸ ਤੋਂ ਵੀ ਸਖਤ ਕਾਨੂੰਨ ਪੋਟਾ ਦੀ ਹਮਾਇਤ।
  3. ਸਿੱਖਾਂ ਦੇ ਕਾਤਲ ਟਾਈਟਲਰ, ਸੱਜਣ ਕੁਮਾਰ ਨੂੰ ਸਖਤ ਸਜਵਾਂ ਦੀ ਮੰਗ ਪਰ ਮੁਸਲਮਾਨਾਂ ਦੇ ਕਾਤਲ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਹਮਾਇਤ।
  4. ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਲਈ ਕਾਂਗਰਸ ਦੀ ਸਰਕਾਰ ਨੂੰ ਦੋਸ਼ੀ ਦੱਸਣਾ ਪਰ ਪੰਜਾਬ ਵਿੱਚ ਬੇਕਸੂਰ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਿਲਆਂ ਵਿੱਚ ਕਤਲ ਕਰਨ ਵਾਲਿਆਂ ਨੂੰ ਸਿਰਫ ਬਚਾਉਣਾ ਹੀ ਨਹੀਂ ਸਗੋਂ ਉੱਚ ਅਹੁੱਦਿਆਂ ਨਾਲ ਨਿਵਾਜ਼ਣਾਂ। ਹੋਰ ਤਾਂ ਹੋਰ ਇੱਕ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਅਦਾਲਤ ਵਿੱਚ ਇਹ ਹਲਫੀਆ ਬਿਆਨ (ਕਿ ਉਸ ਨੇ 83 ਬੇਕਸੂਰ ਸਿੱਖਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਹੈ) ਦੇਣ ਪਿੱਛੋਂ ਵੀ ਕੋਈ ਕਾਰਵਾਈ ਨਾ ਕਰਨਾ।
  5. ਸਿੱਖਾਂ ਨੂੰ ਹਿੰਦੂ ਦਰਸਾਉਣ ਵਾਲੀ ਭਾਰਤੀ ਸੰਵਿਧਾਨ ਦੀ ਧਾਰਾ 25(2)(ਬੀ) ਪਾੜ ਕੇ ਸਾੜਨੀ, ਸਿੱਖਾਂ ਲਈ ਵੱਖਰਾ ਕਾਨੂੰਨ, ਵੱਖਰੇ ਅਨੰਦ ਮੈਰਿਜ ਐਕਟ ਦੀ ਮੰਗ ਕਰਨੀ; ਪਰ ਸਿੱਖਾਂ ਲਈ ਬਣਾਏ ਗਏ ਵੱਖਰੇ ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਕੈਲੰਡਰ ਨਾਲ ਰਲ ਗੱਡ ਕਰਕੇ ਇਸ ਦਾ ਖ਼ੁਦ ਹੀ ਕਤਲ ਕਰਨਾ।

ਜਦੋਂ ਕਿਸੇ ਘੱਟ ਗਿਣਤੀ ਕੌਮਾਂ ਦੇ ਸੁਆਰਥੀ ਆਗੂ ਹੀ ਇਸ ਤਰ੍ਹਾਂ ਦੇ ਦੂਹਰੇ ਕਿਰਦਾਰ ਨਿਭਾ ਕੇ ਆਪਣੀ ਹੀ ਕੌਮ ਨੂੰ ਇਸੇ ਤਰ੍ਹਾਂ ਅੱਗ ਦੀ ਭੱਠੀ ਵਿੱਚ ਝੋਕਦੇ ਰਹਿਣ ਤਾਂ ਕੀ ਲੋੜ ਪਈ ਹੈ ਕਿਸੇ ਬਹੁਗਿਣਤੀ ’ਤੇ ਟੇਕ ਰੱਖਣ ਵਾਲੀਆਂ ਪਾਰਟੀਆਂ ਨੂੰ ਕਿ ਉਹ ਘੱਟ ਗਿਣਤੀ ਨੂ ਬਰਾਬਰ ਦੇ ਸ਼ਹਿਰੀ ਮੰਨ ਕੇ ਉਨ੍ਹਾਂ ਦੇ ਧਾਰਮਿਕ, ਆਰਥਕ ਤੇ ਰਾਜਨੀਤਕ ਹੱਕ ਮਾਨਣ ਦੀ ਅਜਾਦੀ ਬਹਾਲ ਕਰਕੇ ਕੋਈ ਇਨਸਾਫ ਦੇਣ ਜਾਂ ਉਨ੍ਹਾਂ ਦੇ ਜਖ਼ਮਾਂ ’ਤੇ ਮੱਲ੍ਹਮ ਲਾਉਣ। ਅੱਜ ਦੇ ਰਾਜਨੀਤਕਾਂ ਦੀ ਹਾਲਤ ਤਾਂ ਉਨ੍ਹਾਂ ਰਾਜਿਆਂ ਨਾਲੋਂ ਕੋਈ ਵੱਖਰੀ ਨਹੀਂ ਜਿਨ੍ਹਾਂ ਸਬੰਧੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ:

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍‍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍‍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਮਲਾਰ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 1288)
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥1॥’ (ਤਿਲੰਗ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 723)

ਐਸੇ ਬਚਨ ਦੇ ਸੂਰਮੇ ਗੁਰੂ ਦੇ ਸਿੱਖਾਂ ਦੇ ਜਥੇਦਾਰ ਕਹਾਉਣ ਦਾ ਦਾਅਵਾ ਕਰਨ ਵਾਲੇ, ਗੁਰੂ ਕੀਆਂ ਕਥਾ ਕਹਾਣੀਆਂ ਸੁਣਾਉਣ ਵਾਲੇ ਸਿੱਖ ਪ੍ਰਚਾਰਕਾਂ ਨੂੰ ਤਾਂ ਚਾਹੀਦਾ ਹੀ ਹੈ ਕਿ ਉਹ ਸ਼੍ਰੀ ਅਕਾਲ ਤਖ਼ਤ ਸਹਿਬ, ਦਰਬਰ ਸਾਹਿਬ ਦੀਵਾਨ ਮੰਜੀ ਹਾਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਜਿੱਥੋਂ ਅਜਾਦੀ ਦੇ ਸੰਘਰਸ਼ ਚਲਦੇ ਰਹੇ, ਧਰਮ ਯੁੱਧ ਮੋਰਚੇ ਚਲਦੇ ਰਹੇ, ਘੱਟ ਤੋਂ ਘੱਟ ਉਥੋਂ ਤਾਂ ਗੁਰੂ ਸਾਹਿਬ ਜੀ ਦੇ ਉਕਤ ਅਤੇ ਅਜੇਹੇ ਅਨੇਕਾਂ ਹੋਰ ਸ਼ਬਦਾਂ ਦੀ ਵਿਆਖਿਆ ਕਰਕੇ ਸਮੇਂ ਦਾ ਸੱਚ ਸੁਣਾ ਦਿਆ ਕਰਨ। ਪਰ ਹੈਰਾਨੀ ਹੈ ਕਿ ਅਸਲ ਤਾਂ ਉਹ ਅਜਿਹੇ ਸ਼ਬਦਾਂ ਨੂੰ ਛੋਂਹਦੇ ਹੀ ਨਹੀਂ ਪਰ ਜੇ ਕਦੀ ਪੜ੍ਹਨੇ ਵੀ ਪੈ ਜਾਣ ਤਾਂ ਮੌਕੇ ਦੇ ਰਾਜਨੀਤਕਾਂ ਦੀ ਗੱਲ ਕਰਨ ਦੀ ਬਜਾਏ ਇਨ੍ਹਾਂ ਸ਼ਬਦਾਂ ਨੂੰ ਕੇਵਲ ਬਾਬਰ, ਔਰੰਗਜ਼ੇਬ ਤੱਕ ਸੀਮਤ ਰਹਿੰਦੇ ਹਨ। ਜੇ ਕੋਈ ਹਿੰਮਤ ਕਰ ਵੀ ਲਏ ਤਾਂ ਉਹ ਆਪਣੇ ਨਿਯੁਕਤੀਕਾਰਾਂ ਦੀ ਬੋਲੀ ਬੋਲਦੇ ਕੇਵਲ ਕਾਂਗਰਸ ਕਾਂਗਰਸ ਕਰਨ ਤੋਂ ਅੱਗੇ ਨਹੀਂ ਨਿਕਲਦੇ। ਭਾਜਪਾ ਅਕਾਲੀਆਂ ਸਬੰਧੀ ਤਾਂ ਜੇ ਕਿਸੇ ਪ੍ਰਚਾਰਕ ਨੂੰ ਕੋਈ ਸਵਾਲ ਪੁੱਛ ਲਿਆ ਜਾਵੇ ਤਾਂ ਉਹ ਇਸ ਤਰ੍ਹਾਂ ਤੜਫ ਉਠਦੇ ਹਨ ਜਿਸ ਤਰ੍ਹਾਂ ਗੁਰਬਾਣੀ ਵਿੱਚ ਬਚਨ ਹਨ: ‘ਨਾਮੁ ਸੁਨਤ ਜਨੁ ਬਿਛੂਅ ਡਸਾਨਾ ॥2॥’ (ਰਾਮਕਲੀ ਮ: 5, ਗੁਰੂ ਗ੍ਰੰਥ ਸਾਹਿਬ – ਪੰਨਾ 893) ਅਤੇ ਕਹਿੰਦੇ ਹਨ ਕਿ ਇਹ ਗੱਲ ਸੁਣਾ ਕੇ ਤੂੰ ਮੇਰੇ ਕੰਨ ਮੈਲ਼ੇ ਕਿਉਂ ਕੀਤੇ ਅਤੇ ਅਜਿਹੇ ਸ਼ਬਦ ਮੇਰੀ ਜ਼ਬਾਨ ’ਚੋਂ ਅਖਵਾ ਕੇ ਮੇਰੀ ਜ਼ਬਾਨ ਗੰਦੀ ਕਿਉਂ ਕਰਨੀ ਚਾਹੁੰਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top