Share on Facebook

Main News Page

ਅਖੌਤੀ ਦਸਮ ਗ੍ਰੰਥ ਬਾਰੇ ਸੈਨ ਹੋਜ਼ੇ ਵਿਖੇ ਹੋਈ ਕਾਨਫਰੰਸ ਦਾ ਸਾਰਾਂਸ਼ ਤੇ ਵਿਸ਼ਲੇਸ਼ਣ
-: ਡਾ. ਗੁਰਮੇਲ ਸਿੰਘ ਸਿੱਧੂ

ਜੁਲਾਈ 27, 2013 ਨੂੰ ਸੈਨ ਹੋਜ਼ੇ ਗੁਰਦੁਆਰੇ ਵਿਚ ਦਸਮ ਗ੍ਰੰਥ ਬਾਰੇ ਕਾਨਫ੍ਰੰਸ ਕਰਾਈ ਗਈ ਜਿਸ ਵਿਚ ਭਾਤਰ, ਇੰਗਲੈਂਡ ਅਤੇ ਉੱਤਰੀ ਅਮਰੀਕਾ ਦੇ ਬੁਲਾਰਿਆਂ ਨੇ ਭਾਗ ਲਿਆ।ਦਸਮ ਗ੍ਰੰਥ ਬਾਰੇ ਚਿਰਾਂ ਤੋਂ ਚਲਦੇ ਆ ਰਹੇ ਵਾਦ ਵਿਵਾਦ ਬਾਰੇ ਵਿਚਾਰ ਕਰਨਾ ਇਸ ਕਾਨਫ੍ਰੰਸ ਦਾ ਮੂਲ ਮੁੱਦਾ ਸੀ। ਕੀ ਇਸ ਕਾਨਫ੍ਰੰਸ ਨੇ ਇਸ ਮੁੱਦੇ ਨੂੰ ਨਤਾਰਨ ਵਿਚ ਕੋਈ ਯੋਗਦਾਨ ਪਾਇਆ ਹੈ ਜਾਂ ਨਹੀਂ। ਇਸ ਦਾ ਵਿਸ਼ਲੇਸ਼ਣ ਬੁਲਾਰਿਆਂ ਵਲੋਂ ਪੇਸ਼ ਕੀਤੇ ਗਏ ਵਿਚਾਰਾਂ ਨੂੰ ਦਰਸਾ ਕੇ ਕਰਦੇ ਹਾਂ।

ਗੁਰਤੇਜ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ ਦੇ ਨਿਕਾਸ ਅਤੇ ਵਿਕਾਸ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਬੀੜ ਕਈ ਪੜਾਵਾਂ ਥਾਣੀ ਹੋਕੇ ਸਾਡੇ ਪਾਸ ਪਹੁੰਚੀ ਹੈ। ਇਹ ਕੋਈ ਨਵੀਂ ਵਾਕਫੀਅਤ ਨਹੀਂ ਸੀ। ਮੂਲ ਰੂਪ ਵਿਚ ਉਸ ਨੇ ਪੁਰਾਣੀ ਸ਼ਰਾਬ ਨੂੰ ਨਵੀਆਂ ਬੋਤਲਾਂ ਵਿਚ ਪਾਕੇ ਬੇਚਣ ਦੀ ਕੋਸ਼ਿਸ਼ ਕੀਤੀ। ਇਹ ਉਸੇ ਤਰਾਂ ਦੀ ਗੱਲ ਹੈ ਜਿਵੇਂ ਕੋਈ ਪੁਰਾਣੀ ਧੁੰਨ ਨੂੰ ਇਲੈਕਟ੍ਰੌਨਿਕ ਸਾਜਾਂ ਰਾਹੀਂ ਵਜਾ ਕੇ ਨਵਾਂਪੰਨ ਪੈਦਾ ਕਰਨ ਦੀ ਕੋਸ਼ਿਸ਼ ਕਰੇ। ਇਕ ਗੁਰੂ ਗ੍ਰੰਥ ਸਿੱਖ ਰਹਿਤ ਮਰਯਾਦਾ ਦੀ ਕਾ ਇਹ ਮੁੱਦੇ ਪਿਛੇ ਜਹੀ ਹੋਈਆਂ 4 ਅਤੇ 5 ਮਿਤੀਆਂ ਨੂੰ ਸੈਂਟਾ ਕਲਾਰਾ, ਸੈਂਟਾ ਆਨਾ ਅਤੇ ਯੂ ਸੀ ਰਿਵਰਸਾਈਡ ਵਿਚ ਹੋਈਆਂ ਕਾਨਫ੍ਰੰਸਾ ਵਿਚ ਨਿਪਟਾਇਆ ਗਿਆ ਸੀ।

ਇੰਗਲੈਂਡ ਦੇ ਗੁਰਿੰਦਰ ਸਿੰਘ ਮਾਨ ਨੇ ਦਸਮ ਗ੍ਰੰਥ ਦੀਆਂ ਮਿਲਦੀਆਂ ਪੁਰਾਤਨ ਬੀੜਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਜੋੜਨ ਤੇ ਜ਼ੋਰ ਦਿੱਤਾ। ਉਸ ਨੇ ਕਿਹਾ ਕਿ ਜਿੰਨੀਆਂ ਬੀੜਾਂ ਮਿਲਦੀਆਂ ਹਨ (ਭਾਈ ਮਨੀ ਸਿੰਘ ਵਾਲੀ ਬੀੜ , ਮੋਤੀ ਬਾਗ ਵਾਲੀ ਬੀੜ, ਸੰਗਰੂਰ ਵਾਲੀ ਬੀੜ, ਪਟਨੇ ਵਾਲੀ ਬੀੜ, ਅਨੰਦਪੁਰੀ ਬੀੜ) ਉਨ੍ਹਾਂ ਵਿਚ ਕੁਝ ਵਰਕੇ ਗੁਰੂ ਗੋਬਿੰਦ ਸਿੰਘ ਦੇ ਦਸਤੇ ਮੁਬਾਰਕ ਨਾਲ ਲਿਖੇ ਹੋਏ ਹਨ। ਪਰ ਉਸ ਨੇ ਆਪਣੀ ਦਲੀਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਵਰਕੇ ਵਾਕਈ ਗੁਰੂ ਸਾਹਿਬ ਦੀ ਹੱਥ ਲਿਖਤ ਹਨ। ਕੀ ਉਸ ਪਾਸ ਗੁਰੂ ਸਾਹਿਬ ਦੀ ਕਿਸੇ ਮੌਲਕ ਹੱਥ ਲਿਖਕ ਦਾ ਨਮੂਨਾ ਹੈ ਜਾਂ ਕੋਈ ਹੋਰ ਗਵਾਹੀ ਉਲਭਦ ਹੈ, ਜੋ ਉਸ ਦੀ ਦਲੀਲ ਦੀ ਪੁਸ਼ਟੀ ਕਰ ਸਕੇ। ਮਾਨ ਦੀ ਪੇਸ਼ਕਸ਼ ਪਾਣੀ ਰਿੜਕਨ ਵਾਂਗ ਸੀ।

ਡਾ. ਜੋਧ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਕੋਈ 150 ਵੱਖ ਵੱਖ ਛੰਦਾਂ ਵਿਚ ਬਾਣੀ ਲਿਖੀ। ਜਾਪ ਸਾਹਿਬ ਅਤੇ ਬਚਿੱਤਰ ਨਾਨਟ ਬਾਰੇ ਬੋਲਦਿਆਂ ਕਿਹਾ ਕਿ ਬਚਿੱਤਰ ਨਾਟਕ ਵਿਚ ਦੇਵੀ ਦੇਤਿਆਂ ਨਾਲੋਂ ਖੜਗ ਦੀ ਸ਼ਕਤੀ ਨੂੰ ਵਧੇਰੇ ਮਾਨਤਾ ਦਿੱਤੀ ਗਈ ਹੈ। ਕ੍ਰਿਸ਼ਨ ਅਵਤਾਰ ਅਤੇ ਰਾਮ ਅਵਤਾਰ ਬਾਰੇ ਕਿਹਾ ਕਿ ਇਹ ਤਾਂ ਉਦਾਹਰਨਾਂ ਹਨ ਜਿਨ੍ਹਾਂ ਰਾਹੀਂ ਸਿੱਖ ਦੀ ਸ਼ਕਤੀ ਨੂੰ ਦਰਸਾਇਆ ਗਿਆ ਹੈ। ਉਸ ਦੀਆਂ ਦਲੀਲਾਂ ਵਿਚ ਕੁਝ ਸ਼ੰਕੇ ਵੀ ਸਨ ਜਿਨ੍ਹਾਂ ਤੋਂ ਭਾਸਦਾ ਸੀ ਕਿ ਦਸਮ ਗ੍ਰੰਥ ਵਿਚ ਬਾਣੀ ਹੈ, ਜਾਂ ਇਹ ਇਤਿਹਾਸਕ ਦਸਤਾਵੇਜ਼ ਹੈ। ਅਕਾਲ ਤਖਤ ਦੇ ਹੁਕਮਨਾਮੇਂ ਅਨੁਸਾਰ ਦਸਮ ਗ੍ਰੰਥ ਸਿੱਖ ਸਾਹਿਤ ਤੇ ਸਿੱਖ ਇਤਿਹਾਸਕ ਅੰਗ ਹੈ।

ਪ੍ਰਭਸ਼ਰਨਜੀਤ ਸਿੰਘ ਨੇ ਕਿਹਾ ਕਿ ਮਿਸ਼ਨਰੀ ਕਾਲਜਾਂ ਤੋਂ ਪੜ੍ਹੇ ਹੋਏ ਗ੍ਰੰਥੀ ਅਰਧ ਪੜ੍ਹੇ ਲਿਖੇ ਹਨ, ਪਰ ਆਪਣੇ ਨਾਂ ਨਾਲ ਪ੍ਰੋਫੈਸਰ ਪਦ ਦੀ ਵਰਤੋਂ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਝੋਂਕਦੇ ਹਨ। ਉਨ੍ਹਾਂ ਦਾ ਗਿਆਨ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਲਈ ਥੋਥਾ ਹੈ। ਉਸ ਨੇ ਕਿਹਾ ਕਿ ਸੰਪਰਦਾਵਾਂ ਵਲੋਂ ਕੀਤੀ ਗਈ ਬਾਣੀ ਦੀ ਵਿਆਖਿਆ ਲੋਕ ਪੱਧਰ ਤੇ ਵਿਚਰਦੀ ਹੈ ਜਿਸ ਵਿਚ ਕਥਾ ਕਥਾਵਾਂ ਦੀ ਭਰਮਾਰ ਹੁੰਦੀ ਹੈ। ਸੰਪਰਦਾਏ ਵਿਆਖਿਆ ਮਿਸ਼ਨਰੀਆਂ ਵਲੋਂ ਕੀਤੀ ਜਾਂਦੀ ਹੈ ਅਤੇ ਵੱਖ ਵੱਖ ਸੰਪਰਦਾਵਾਂ ਦੇ ਵਿਦਵਾਨਾਂ ਨੇ ਇਸ ਵਿਚ ਚੋਖਾ ਯੋਗਦਾਨ ਪਾਇਆ ਹੈ। ਉਸ ਨੇ ਖਾਸ ਕਰਕੇ ਨਿਰਮਲਾ, ਨਿਹੰਗ ਸਿੰਘ, ਦਮਦਮੀ ਟਕਸਾਲ ਦੇ ਕੰਮ ਨੂੰ ਸਲਾਹਿਆ। ਦਸਮ ਗ੍ਰੰਥ ਦੇ ਸੰਬੰਧ ਵਿਚ ਬੋਲਦਿਆਂ ਉਸ ਨੇ ਹਰਜਿੰਦਰ ਸਿੰਘ ਦਿਲਗੀਰ, ਪ੍ਰੋ. ਦਰਸ਼ਨ ਸਿੰਘ, ਇੰਦਰ ਸਿੰਘ ਘੱਗਾ, ਸਰੂਪ ਸਿੰਘ ਅਲੱਗ ਆਦਿ ਦੇ ਦਸਮ ਗ੍ਰੰਥ ਦੇ ਵਿਰੁਧੀ ਵਿਚਾਰਾਂ ਨੂੰ ਗਲਤ ਦੱਸਿਆ। ਪਰ ਇਸ ਦੇ ਕੋਈ ਠੋਸ ਸਬੂਤ ਪੇਸ਼ ਨਹੀਂ ਦਿੱਤੇ। ਦਸਮ ਗ੍ਰੰਥ ਦੇ ਵਿਰੋਧੀਆਂ ਤੇ ਚੋਟ ਕਰਦਿਆਂ ਕਿਹਾ ਕਿ, ਕੀ ਕਿਸੇ ਹੋਰ ਅਨੁਸਾਸ਼ਨ ਵਿਚ ਵਿਦਵਤਾ ਰੱਖਣ ਵਾਲਾ ਇਨਸਾਨ, ਧਰਮ ਦੀ ਵਿਆਖਿਆ ਵਿਚ ਓਨਾ ਹੀ ਕੁਸ਼ਲ ਹੋ ਸਕਦਾ ਹੈ? ਸਾਡੇ ਵਿਦਵਾਨਾਂ ਨੂੰ ਵੈਸਟ੍ਰਨ ਫਿਲਾਸਫੀ ਦੀ ਸਮਝ ਨਹੀਂ, ਪਰ ਉਸ ਦੇ ਸਿਧਾਂਤਾਂ ਨੂੰ ਸਿੱਖੀ ਤੇ ਲਾਗੂ ਕਰਕੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ।

ਟਿਪਣੀ: ਪ੍ਰਭਸ਼ਰਜੀਤ ਨੂੰ ਇਹ ਜ਼ਰੂਰ ਪਤਾ ਹੋਵੇਗਾ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਵਿਆਖਿਆ ਆਮ ਕਰਕੇ ਉਨ੍ਹਾਂ ਵਿਦਵਾਨਾਂ ਨੇ ਕੀਤੀ ਹੈ ਜਿਨ੍ਹਾਂ ਦੀ ਮੁੱਡਲੀ ਵਿਦਿਆ ਥਿਓਲੋਜੀ/ਗੁਰਬਾਣੀ ਵਿਚ ਨਹੀਂ ਸਗੋਂ ਕਿਸੇ ਹੋਰ ਖੇਤਰ ਵਿਚ ਸੀ ਜਿਵੇਂ, ਭਾਈ ਜੋਧ ਸਿੰਘ ਮੈਥੇਮੈਟਿਕਸ ਦੀ ਐਮ.ਏ. ਸਨ ਅਤੇ ਪ੍ਰੋ. ਤੇਜਾ ਸਿੰਘ ਅੰਗ੍ਰੇਜ਼ੀ ਦੇ ਐਮ.ਏ. ਸਨ, ਡਾ ਬਲਬੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਕੈਮਿਸਟ੍ਰੀ ਦੀ ਅਮ.ਐਸਸੀ ਸਨ। ਨਾਲੇ ਅੰਗਰੇਜ, ਮੁਸਮਾਨ ਅਤੇ ਬੰਗਾਲੀ ਵਿਦਵਾਨਾਂ ਨੇ ਸਿੱਖ ਵਿਦਵਾਨਾਂ ਨਾਲੋਂ ਸਿੱਖ ਧਰਮ ਬਾਰੇ ਕਿਤੇ ਬੱਧ ਲਿਖਿਆ ਹੈ; ਉਨ੍ਹਾਂ ਦੀ ਵਿਹਾਰਕ ਵਿਦਿਆ ਗੁਰਬਾਣੀ ਵਿਚ ਨਹੀਂ ਸੀ।

ਡਾ. ਹਰਭਜਨ ਸਿੰਘ ਨੇ ਦਸਮ ਗ੍ਰੰਥ ਦਾ ਕਰਤਿਤਵ ਤੇ ਵਿਦਵਤਾ ਭਰਪੂਰ ਭਾਸ਼ਣ ਦਿੱਤਾ। ਉਨ੍ਹਾਂ ਅਨੁਸਰ ਦਸਮ ਗ੍ਰੰਥ, ਦਸਮੇ ਗੁਰੂ ਦਾ ਕਲਾਮ ਹੈ ਪਰ ਇਸ ਵਿਚ ਉਨ੍ਹਾਂ ਦੇ ਕੌਤਕ ਹਨ। ਗੁਰੂ ਗ੍ਰੰਥ ਵਿਚ ਬਾਣੀ ਹੈ ਅਤੇ ਦਸਮ ਗ੍ਰੰਥ ਵਿਚ ਗੁਰੂ ਦੇ ਕੌਤਕ ਹਨ। ਦਸਮ ਗ੍ਰੰਥ ਵਿਚਲੇ ਕੌਤਕਾਂ ਨੂੰ ਸਮਝਣਾ ਔਖਾ ਹੈ, ਬਾਣੀ ਸਮਝਣੀ ਸੌਖੀ ਹੈ, ਕਿਉਂਕਿ ਗੁਰਬਾਣੀ ਸ਼ਬਦ ਪ੍ਰਧਾਨ ਹੈ ਅਤੇ ਕੌਤਕ ਮਿਥਿਹਾਸ ਪ੍ਰਧਾਨ ਹੁੰਦੇ ਹਨ। ਇਸ ਲਈ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਤੁਲ ਨਹੀਂ ਸਮਝਿਆ ਜਾ ਸਕਦਾ। ਗੁਰੂ ਗੋਬਿੰਦ ਸਾਹਿਬ ਨੂੰ ਭਾਰਤੀ ਸੰਸਕ੍ਰਿਤੀ ਬਾਰੇ ਸੰਪੂਰਨ ਗਿਆਨ ਸੀ, ਜਿਸ ਨੂੰ ਕੌਤਕਾਂ ਰਾਹੀਂ ਬਿਆਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿਚਲੀਆਂ ਸਾਰੀਆਂ ਬਾਣੀਆਂ, ਜਾਪ ਸਾਹਿਬ ਤੋਂ ਲੈਕੇ ਚ੍ਰਿਤਰੋਪਾਖਿਆਨ ਤੱਕ, ਸਿਧਾਂਤਕ ਤੌਰ 'ਤੇ ਜੁੜੀਆਂ ਹੋਈਆਂ ਹਨ। ਮਿਸਾਲ ਵਜੋਂ, ਚ੍ਰਿਤਰੋਪਾਖਿਆਨ ਵਿਚ ਦਸਰਥ ਦੀ ਕੇਕਈ ਦੀ ਕਹਾਣੀ ਹੈ ਅਤੇ ਇਹ ਕਹਾਣੀ ਰਾਮ ਅਵਤਾਰ ਵਿਚ ਵੀ ਮਿਲਦੀ ਹੈ। ਬਚਿੱਤਰ ਨਾਟਕ ਬਾਰੇ ਬੋਲਦਿਆਂ ਕਿਹਾ ਕਿ ਇਸ ਵਿਚ ਕਾਲ ਦੀ ਮਹਿਮਾ ਨੂੰ ਕਾਲਪਨਿਕ ਘਟਨਾਵਾਂ ਰਾਹੀਂ ਦਰਸਾਇਆ ਗਿਆ ਹੈ।

ਦਸਮ ਗ੍ਰੰਥ ਵਿਚਲੇ ਪਾਤਰ ਖੜਗ ਸਿੰਘ ਬਾਰੇ ਕਿਹਾ ਕਿ ਇਹ ਗੁਰੂ ਜੀ ਦੀ ਭੂਤਕਾਲੀ ਕਲਪਣਾ ਸੀ ਜੋ ਭਵਿਖਵਾਦੀ ਖਾਲਸਾ ਸਾਜਨ ਦੀ ਵਿਉਂਬੰਦੀ ਲਈ ਕੀਤੀ ਗਈ ਸੀ। ਖੜਗ ਸਿੰਘ ਸਾਰੇ ਦੇਵੀ ਦੇਵਤਿਆਂ ਦੇ ਤੁੱਲ ਹੈ ਇਸ ਲਈ ਸਾਰੀਆਂ ਨਾਲੋਂ ਬਲਵਾਨ ਹੈ। ਦੇਵਤਿਆਂ ਨੇ ਖੜਗ ਸਿੰਘ ਨੂੰ ਭਾਂਜ ਦੇਣ ਲਈ ਅਪੱਸਰਾ ਨੂ ਬੁਲਾਇਆ। ਚ੍ਰਿਤਰੋਪਾਖਿਆਨ ਵਿਚ ਵੀ ਅਜੇਹੇ ਕੌਤਕ ਹਨ ਜੋ ਇਨਸਾਨ ਦੇ ਬਲ ਨੂੰ ਖੋਖਾ ਕਰਨ ਲਈ ਦਰਸਾਏ ਗਏ ਹਨ। ਉਸ ਨੇ ਕਿਹਾ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਮਕਸਦ ਧਾਰਮਿਕ ਪ੍ਰਚਾਰ ਕਰਨਾ ਨਹੀਂ ਬਲਕਿ ਇਨ੍ਹਾਂ ਨੂੰ ਸਾਡੇ ਸਨਮੁਖ ਰੱਖ ਕੇ ਇਕ ਸੇਹਤਮੰਦ ਸਮਾਜ ਸਿਰਜਨ ਸੀ। ਉਸ ਨੇ ਇਹ ਵੀ ਕਿਹਾ ਕਿ ਦੇਵੀ ਨੂੰ ਵੱਖ ਵੱਖ ਵਿਸ਼ੇਸ਼ਣਾਂ ਰਾਹੀਂ ਇਸਤਰੀ ਲਈ ਵਰਤਿਆ ਗਿਆ ਹੈ ਇਸੇ ਲਈ ਚੰਡੀ ਚ੍ਰਿਤਰ ਵਿਚ ਇਸਤਰੀ ਨੂੰ ਮੁੱਖ ਸਥਾਨ ਦਿੱਤਾ ਹੈ। ਚ੍ਰਿਤਰੋਪਾਖਿਆਨ ਦੀ ਇਸਤਰੀ ਨੂੰ ਚੰਡੀ ਦੇ ਰੂਪ ਵਿਚ ਚਿਤਰਿਆ ਹੈ। ਕਈ ਕਹਿੰਦੇ ਹਨ ਕਿ ਦਸਮ ਗ੍ਰੰਥ ਵਿਚ ਅੰਗ੍ਰੇਜ਼ੀ ਦੇ ਅੱਖਰ ਮਿਲਦੇ ਹਨ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅੰਗ੍ਰੇਜ਼ੀ ਤੇ ਸੰਸਕ੍ਰਤਿ ਸਕੀਆਂ ਭੈਣਾਂ ਹਨ ਇਸ ਲਈ ਕੁਝ ਸ਼ਬਦਾਂ ਦਾ ਮਿਲਣਾ ਜ਼ਰੂਰੀ ਹੈ ਜਿਵੇਂ ਨੀਅਰ ਅਤੇ ਵਾਟਰ।

ਦਸਮ ਗ੍ਰੰਥ ਦੀਆਂ ਉਪਲੱਬਧ ਬੀੜਾਂ ਵਿਚਲੇ ਵਖਰਾੳੇ ਬਾਰੇ ਹਰਭਜਨ ਸਿੰਘ ਨੇ ਕਿਹਾ, ਕਿ ਇਹ ਵਖਰਾਉ ਦਰਅਸਲ ਇਸ ਦੀ ਪ੍ਰਮਾਣਿਕਤਾ ਦਾ ਸੱਭ ਤੋਂ ਪੁਖਤਾ ਸਬੂਤ ਹੈ। ਗ੍ਰੰਥ ਦੀ ਨਕਲ ਕਰਦਿਆਂ ਕਾਤਿਬ ਦੀ ਆਪਣੀ ਸ਼ਰਧਾ ਵੀ ਹੁੰਦੀ ਹੈ, ਜਿਸ ਕਰਕੇ ਉਸ ਦੇ ਹਿੱਤ ਦਾ ਭਾਰੂ ਹੋਣਾ ਸੁਭਾਵਕ ਹੈ। ਦਸਮ ਗ੍ਰੰਥ ਵਿਚ ਆਏ ਵੱਖ ਵੱਖ ਕਵੀਆਂ ਦੇ ਨਾਵਾਂ ਬਾਰੇ ਕਿਹਾ ਕਿ ਰਾਮ ਅਤੇ ਸ਼ਾਮ ਇਕੋ ਕਵੀ ਦੇ ਨਾਂ ਹਨ ਅਤੇ ਉਹ ਕਵੀ ਹਨ ਗੁਰੂ ਗੋਬਿੰਦ ਸਿੰਘ ਜੀ। ਇਨ੍ਹਾਂ ਕਵੀਆਂ ਦੀ ਸ਼ੈਲੀ ਅਤੇ ਬੋਲੀ ਇਕੋ ਹੈ। ਉਸ ਨੇ ਕਿਹਾ ਕਿ ਚ੍ਰਿਤਰੋਪਾਖਿਆਨ ਦਾ ਵਿਰੋਧ ਵਿਕਾਸਮੁਖੀ ਹੈ ਜੋ ਜਾਣਬੁਝ ਕੇ ਕੀਤਾ ਗਿਆ। ਇਸਤਰੀ-ਮਰਦ ਦੇ ਸੰਬੰਧ ਸਮੇਂ ਸਮੇਂ ਬਦਲਦੇ ਰਹੇ ਹਨ। ਚ੍ਰਿਤੋਪਾਖਿਆਨ ਬਾਰੇ ਅਜੇਹੀਆਂ ਗੱਲਾਂ ਗ੍ਰੰਥ-ਨਿੰਦਕ ਉਹ ਲੋਕ ਕਰਦੇ ਹਨ, ਜਿਨ੍ਹਾਂ ਨੇ ਇਸ ਨੂੰ ਗੌਹ ਨਾਲ ਨਹੀਂ ਪੜ੍ਹਿਆ।ਇਸ ਦੇ ਚਾਰ ਭਾਗ ਹਨ, ਪਹਿਲਾ ਭਾਗ ਇਸਤਰੀ ਦੀ ਸਮਰੱਥਾ ਬਾਰੇ ਹੈ। ਦੂਜੇ ਵਿਚ ਪੁਰਸ਼ ਪ੍ਰਧਾਨ ਸਮਾਜ ਦੀਆਂ ਕਹਾਣੀਆਂ ਹਨ ਜਿਨ੍ਹਾਂ ਰਾਹੀਂ ਇਸਤਰੀ ਦੀ ਬੇਬਸੀ ਦਾ ਜ਼ਿਕਰ ਕੀਤਾ ਗਿਆ ਹੈ। ਤੀਜੇ ਭਾਗ ਵਿਚ ਕਾਮ ਦੇ ਅਪਰਾਧਾਂ ਦੀਆਂ ਕਹਾਣੀਆਂ ਹਨ, ਚੌਥੇ ਵਿਚ ਰਾਹ ਦਿਖਾੳ ਹਿਦਾਇਤਾਂ ਹਨ। ਪਰ ਹਰ ਕਹਾਣੀ ਵਿਚ ਕੋਈ ਨਾ ਕੋਈ ਉਪਦੇਸ਼ ਹੈ ਜਿਵੇਂ ਨਸ਼ੀਆਂ ਅਤੇ ਕਾਮ ਦਾ ਡੂੰਘਾ ਸੰਬੰਧ ਹੈ ਜਿਨ੍ਹਾਂ ਕਰਕੇ ਵਕਾਰ ਪੈਦੇ ਹੁੰਦੇ ਹਨ।

ਹਰਭਜਨ ਸਿੰਘ ਨੇ ਡਾ. ਜਸਬੀਰ ਸਿੰਘ ਮਾਨ ਬਾਰੇ ਟਿਪਣੀ ਕਰਦਿਆਂ ਕਿਹਾ ਕਿ ਉਹ ਇਕ ਪਾਸੇ ਤਾਂ ਕਹਿੰਦਾ ਹੈ ਕਿ 18ਵੀਂ ਸਦੀ ਵਿਚ ਦਸਮ ਗ੍ਰੰਥ ਦੀ ਕੋਈ ਬੀੜ ਨਹੀਂ ਮਿਲਦੀ ਅਤੇ ਦੂਜੇ ਪਾਸੇ 18ਵੀਂ ਸਦੀ ਦੇ ਕੁਝ ਗ੍ਰੰਥਾਂ ਨੂੰ ਤਿਥੀਆਂ ਸਮੇਤ ਬਿਆਨ ਕਰਦਾ ਹੈ। ਉਸ ਨੇ ਕਿਹਾ ਕਿ ਇਹ ਵਿਦਵਤਾ ਦੀ ਘਾਟ ਦਾ ਨਤੀਜਾ ਹੈ।

ਟਿਪਣੀ: ਪ੍ਰੋ. ਹਰਭਜਨ ਸਿੰਘ ਨੇ ਡਾ. ਮਾਨ ਨੂੰ ਗ਼ਲਤ ਕੋਟ ਕੀਤਾ ਹੈ। ਡਾ. ਮਾਨ ਨੇ ਇਹ ਲਿਖਿਆ ਹੈ ਕਿ 18ਵੀਂ ਸਦੀ ਵਿਚ ਸੋਧਕ ਕਮੇਟੀ ਵਲੋਂ ਛਾਪੇ ਸਮਕਾਲੀ ਦਸਮ ਗਰੰਥ (1897) ਨਾਲ ਮਿਲਦੀ ਕੋਈ ਬੀੜ ਉਪਲੱਭਦ ਨਹੀਂ। 18ਵੀਂ ਸਦੀ ਵਿਚ ਜਿਹੜੀਆਂ ਬੀੜਾਂ ਸਾਡੇ ਪਾਸ ਹਨ, ਉਹ ਨਾ ਤਾਂ ਸੰਪੂਰਨ ਤੌਰ 'ਤੇ ਆਪਸ ਵਿਚੀ ਮਿਲਦੀਆਂ ਹਨ ਅਤੇ ਨਾ ਹੀ ਸੋਧਕ ਕਮੇਟੀ ਵਲੋਂ ਛਾਪੇ ਹੋਏ ਦਸਮ ਗ੍ਰੰਥ ਨਾਲ ਮਿਦੀਆਂ ਹਨ (ਦੇਖੋ ਡਾ. ਮਾਨ ਦਾ ਲੰਬਾ ਲੇਖ: Authenticity of Standard Version of Dasam Granth: History and its Text in Literature (Globle sikh studies.net)

ਗੁਰਚਰਨਜੀਤ ਸਿੰਘ ਲਾਂਬਾ ਨੇ ਕਿਹਾ ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਸ ਦੇ ਧਾਰਮਿਕ ਗ੍ਰੰਥਾਂ ਤੇ ਹਮਲਾ ਕਰੋ। ਜਿਹੜਾ ਦਸਾਂ ਗੁਰੂਆਂ ਦੀ ਬਾਣੀ ਤੇ ਨਿਸਚਾ ਨਹੀਂ ਰਖਦਾ ਉਹ ਸਿੱਖ ਨਹੀਂ ਅਤੇ ਦਸਮ ਗ੍ਰੰਥ ਦਸਵੇਂ ਗੁਰੂ ਸਾਹਿਬ ਦਾ ਲਿਖਿੳਾ ਹੋਇਆ ਹੈ। ਦਸਮ ਗ੍ਰੰਥ ਦੇ ਵਿਰੋਧੀਆਂ ਤੇ ਚੋਟ ਕਰਦਿਆਂ ਉਨ੍ਹਾਂ ਕਿਹਾ ਕਿ, ਜਬਾਬ ਕਿਸੇ ਦਲੀਲ ਦਾ ਹੁੰਦਾ, ਹੁੱਜਤ ਦਾ ਜਬਾਬ ਕੋਈ ਨਹੀਂ ਹੁੰਦਾ।ਉਨ੍ਹਾਂ ਕਿਹਾ ਕਿ ਸਿੱਖੀ ਬਾਰੇ ਕਿੰਤੂ ਪ੍ਰੰਤੂ 1947 ਤੋਂ ਬਾਅਦ ਸ਼ੁਰੂ ਹੋਇਆ। ਸੰਨ 1873 ਵਿਚ ਲਿਖੀ ਦਯਾ ਨੰਦ ਸ਼੍ਰਸਵਤੀ ਦੀ ਪੁਸਤਕ, “ਸਤਿਆਰਥ ਪ੍ਰਕਾਸ਼” ਵਿਚ ਗੁਰੂ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਬੋਲੀ ਵਿਚ ਭੰਡਿਆ ਗਿਆ ਹੈ।

ਉਸ ਨੇ ਦੱਸਿਆ ਕਿ ਜਿਵੇਂ ਵਾਮਮਾਰਗ ਵਾਲਿਆਂ ਨੇ ਪੰਜ ਕੁਕਰਮ ਈਯਾਦ ਕੀਤੇ ਉਸੇ ਤਰਾਂ ਗੁਰੂ ਗੋਬਿੰਦ ਸਿੰਘ ਨੇ ਪੰਜ ਕਕਾਰ ਚਲਾਏ। ਸਿੱਖੀ ਨੂੰ ਖੋਰਾ ਲਾਉਣ ਦਾ ਇਹ ਕੰਮ ਹੁਣ ਆਰ ਐਸ. ਐਸ. ਨੇ ਸੰਭਾਲ ਲਿਆ ਹੈ। ਆਰ ਐਸ. ਐਸ. ਅਤੇ ਦਯਾ ਨੰਦ ਸ੍ਰਸਵਤੀ ਇਕੋ ਥੈਲੀ ਦੇ ਚੱਟੇ ਵੱਟੇ ਹਨ ਜੋ ਪੰਥ ਨੂੰ ਚਿਰਾਂ ਤੋਂ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗ੍ਰੰਥਾਂ ਬਾਰੇ ਬੋਲਦਿਆਂ ਲਾਂਬਾ ਨੇ ਕਿਹਾ ਕਿ ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਕੀਤੀਆਂ ਗਈਆਂ, ੳਹ ਦਸਮ ਗ੍ਰੰਥ ਵਿਚ ਕਹੀਆਂ ਗਈਆਂ ਹਨ, ਉਸੇ ਤਰਾਂ ਜਿਵੇਂ ਹਰਮੰਦਰ ਸਾਹਿਬ ਵਿਚ ਗੁਰਬਾਣੀ ਪੜ੍ਹੀ ਜਾਂਦੀ ਹੈ ਅਤੇ ਆਕਾਲ ਤਖਤ ਤੋਂ ਹੁਕਮਨਾਮੇ ਨਸ਼ਰ ਹੁੰਦੇ ਹਨ। ਗੁਰਬਾਣੀ ਵਿਚ ਸ਼ਾਂਤਮਈ ਵਿਚਾਰ ਹਨ ਅਤੇ ਦਸਮ ਗ੍ਰੰਥ ਵਿਚ ਭਖਦੇ ਅੰਗਾਰੇ ਹਨ। ਜਿਸ ਦਿਨ ਇਹ ਭੜਕ ਪਏ ਉਸ ਦਿਨ ਸਿੱਖ ਪੰਥ ਦੇ ਵਾਰੇ ਨਿਆਰੇ ਹੋ ਜਾਣਗੇ। ਦਸਮ ਗ੍ਰੰਥ ਵਿਚ ਖਾਲਸੇ ਦੀ ਸਿਰਜਨਾ ਦਾ ਜ਼ਿਕਰ ਕਿਉਂ ਨਹੀਂ ਹੈ ਦੇ ਉੱਤਰ ਵਿਚ ਉਸ ਨੇ ਕਿਹਾ ਕਿ ਦਸਮ ਗ੍ਰੰਥ ਖਾਲਸਾ ਸਾਜਨਾ ਤੋਂ ਪਹਿਲਾਂ ਰਚਿਆ ਗਿਆ ਸੀ, ਅਰਥਾਤ, 1699 ਤੋਂ ਪਹਿਲਾਂ।

ਟਿਪਣੀ: 1. ਜੇ ਦਸਮ ਗ੍ਰੰਥ ਸਤਾਰਵੀਂ ਸਦੀ ਦੇ ਆਖੀਰ ਵਿਚ (1698) ਰਚਿਆ ਗਿਆ ਸੀ ਤਾਂ ਇਸ ਵਿਚ 1706-7 ਵਿਚ ਲਿਖਿਆ ਜ਼ਫਰਨਾਮਾ ਕਿਵੇਂ ਸ਼ਾਮਿਲ ਹੋ ਗਿਆ ਅਤੇ ਸ਼ਬਦ “ਮਿੱਤਰ ਪਿਆਰੇ ਨੂੰ”, ਜੋ ਗੁਰੂ ਸਾਹਿਬ ਦੇ ਅਨੰਦਪੁਰ ਛੱਡਣ ਤੋਂ ਬਾਅਦ ਮਾਸੀਵਾੜੇ ਦੇ ਜੰਗਲਾਂ ਵਿਚ ਉਚਾਰਿਆ ਗਿਆ ਸੀ, ਉਹ ਕਿਵੇਂ ਦਰਜ ਹੋ ਗਿਆ?

ਡ. ਜਸਬੀਰ ਸਿੰਘ ਮਾਨ ਤੇ ਚੋਟ ਕਰਦਿਆਂ ਲਾਂਬਾ ਜੀ ਨੇ ਇਹ ਵੀ ਕਿਹਾ ਕਿ ਉਹ ਸਾਰਾ ਦਸਮ ਗ੍ਰੰਥ ਕਿਸੇ ਆਤਮਾ ਰਾਮ ਦਾ ਲਿਖਿਆ ਦਸਦਾ ਹੈ।
ਟਿਪਣੀ: ਡਾ. ਮਾਨ ਨੇ ਤ੍ਰਿਭੰਗੀ ਛੰਦ ਦੇ ਕੁਝ ਛੰਦਾਂ (201-230) ਨੂੰ ਆਤਮਾ ਰਾਮ ਵਲੋਂ ਲਿਖੇ ਹੋਏ ਦੱਸਿਆ ਹੈ ਜਿਸ ਦੀ ਪ੍ਰੋੜ੍ਹਤਾ ਰਣਧੀਰ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਕੀਤੀ ਹੈ। ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਇਹ ਛੰਧ ਪੰਡੱਤ ਰਾਮ ਕਿਸ਼ਨ ਦੀ ਪੁਸਤਕ “ਭਗਵਤੀ ਪਦੇ ਪੁਸ਼ਪੰਜਲ” ਵਿਚੋਂ ਲਏ ਗਏ ਹਨ।(ਦੇਖੋ, ਕਪਰਦਨ, ਮਹਾਨ ਕੋਸ਼)।

ਗਿਆਨੀ ਸ਼ੇਰ ਸਿੰਘ ਨੇ ਕਿਹਾ ਕਿ ਪਹਿਲਾਂ ਵਿਚਾਰ ਅਉਂਦੇ ਹਨ ਤੇ ਗ੍ਰੰਥ ਬਾਅਦ ਵਿਚ ਰਚੇ ਜਾਂਦੇ ਹਨ। ਜਿਵੇਂ ਛੇਵੇਂ ਪਾਤਸ਼ਾਹ ਨੇ ਬੀਰਤਾ ਦੀ ਨੀਂਹ, ਪਰ ਬੀਰ ਰਸ ਨੂੰ ਮਹੱਤਤਾ ਦਸਮ ਗ੍ਰੰਥ ਵਿਚ ਦਿੱਤੀ ਗਈ। ਦਸਮ ਗ੍ਰੰਥ ਬੀਰ ਰਸ ਦਾ ਸੋਮਾ ਸਰੋਤ ਹੈ।

ਸਵਾਲਾਂ ਜਬਾਬਾਂ ਦੇ ਸੈਸ਼ਨ ਵਿਚ ਸੰਗਤ ਵਲੋਂ ਕੁਝ ਸਵਾਲ

  1. ਕੀ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਗੁਰਦੁਆਰਿਆਂ ਵਿਚ ਪ੍ਰਚਾਰ ਕਰਨ ਦੀ ਇਜ਼ਾਜ਼ਤ ਦਿੱਤੀ ਜਾਣੀ ਚਾਹੀਦੀ?
    ਉਤਰ: ਉਹ ਭੰਡੀ ਪ੍ਰਚਾਰ ਕਰ ਰਿਹਾ ਹੈ। ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜੋ ਪ੍ਰਬੰਧਕ ਕਮੇਟੀ ਤੇ ਨਿਰਭਰ ਕਰਦਾ ਹੈ। (ਲਾਂਬਾ)
  2. ਦ.ਗ. ਵਿਚ ਨਾਨਕ ਸ਼ਬਦ ਕਿਉਂ ਨਹੀਂ ਵਰਤਿਆ ਗਿਆ?
    ਉਤਰ: ਗ.ਗ.ਸ. ਵਿਚ ਧੁਰ ਕੀ ਬਾਣੀ ਹੈ ਤੇ ਦ.ਗ. ਵਿਚ ਕੌਤਕ ਹਨ। ਗੁਰਬਾਣੀ ਵਿਚ ਨਾਮ “ਨਾਨਕ” ਕਿਰਤਮ ਨਾਮ ਹੈ ਅਰਥਾਤ ਰੂਹਾਨੀ ਵਿਸ਼ੇਸ਼ਣ ਹੈ। (ਹਰਭਜਨ ਸਿੰਘ)
  3. ਜਾਪ ਸਹਿਬ ਦੀ ਕੀ ਮਹੱਤਤਾ ਹੈ?
    ਉੱਤਰ: ਜਾਪ ਸਾਹਿਬ ਦ.ਗ. ਦਾ ਸੰਖੇਪ ਰੂਪ ਹੈ ਉਸੇ ਤਰਾਂ ਜਿਵੇਂ ਜਪੁਜੀ ਗੁਰੂ ਗ੍ਰੰਥ ਸਾਹਿਬ ਦਾ ਮੂਲ ਹੈ।
  4. ਦ.ਗ. ਬਾਰੇ ਬਹੁਤਾ ਵਾਦ ਵਿਵਾਦ ਪਛਮ ਵਿਚ ਹੋਇਅ ਹੈ, ਪੂਰਬ ਵਿਚ ਕਿਉਂ ਨਹੀਂ ਹੋਇਆ?
    ਉੱਤਰ: ਪੰਜਾਬ ਵਿਚ ਹਿੰਦੂਇਜ਼ਮ ਦਾ ਪ੍ਰਭਾਵ ਕਰਕੇ ਇਹ ਵਾਦ ਵਿਵਾਦ ਦਬਾਇਆਂ ਜਾਂਦਾ ਹੈ ਪਰ ਵਿਦੇਸ਼ਾਂ ਵਿਚ ਹਿੰਦੂ ਗੌਰਮਿੰਟ ਵਲੋਂ ਏਜੰਟ ਭੇਜ ਕੇ ਇਸ ਨੂੰ ਭਖਾਇਆ ਜਾਂਦਾ ਹੈ।(ਲਾਂਬਾ)
  5. ਸ਼੍ਰੀ ਗੁਰੂ ਗ੍ਰੰਥ ਸਹਿਬ ਨੂੰ ਗੁਰਤਾ ਗੱਦੀ ਮਿਲਣ ਤੋਂ ਪਹਿਲਾਂ ਇਸ ਦੀ ਕੀ ਮਹੱਤਤਾ ਸੀ?
    ਉੱਤਰ: ਇਸ ਨੂੰ ਪੋਥੀ ਸਾਹਿਬ ਕਿਹਾ ਜਾਂਦਾ ਹੈ।(ਹਰਭਜਨ ਸਿੰਘ)
  6. ਚਿਰਤੋਪਾਕਿਆਨ ਕਿੱਥੇ ਲਿਖਿਆ ਗਿਆ?
    ਉੱਤਰ: 1753 ਵਿਚ ਪੌਂਟਾ ਸਹਿਬ ਵਿਖੇ ਰਚਿਆ ਗਿਆ।(ਹਰਭਜਨ ਸਿੰਘ)
    ਟਿਪਣੀ: ਡਾ. ਗੁਰਿੰਦਰ ਮਾਨ (ਯੂ.ਕੇ) ਆਪਣੇ ਲੈਚਰ ਵਿਚ ਕਿਹਾ ਕਿ ਚ੍ਰਿਰੋਪਾਖਿਆਨ ਗੁਰਦੁਆਰਾ ਭਬੌਰ ਸਾਹਿਬ ਵਿਖੇ ਲਿਖਿਆ ਗਿਆ। ਪਰ ਆਪਣੀ ਹੀ ਪੁਸਤਕ, ਧੳਸੳਮ ਘਰੳਨਟਹ; ਥੁੲਸਟੋਿਨ ੳਨਦ ਅਨਸਾੲਰਸ ਵਿਚ ਇਸ ਨੂੰ ਆਨੰਦਪੁਰ ਵਿਖੇ ਲਿਖੀ ਦੱਸਿਆ ਗਿਆ ਹੈ। ਇਨ੍ਹਾਂ ਵਿਦਿਵਾਨਾਂ ਨੂੰ ਪਹਿਲਾਂ ਖੁਦ ਨਿਰਣਾ ਕਰ ਲੈਣਾ ਚਹੀਦਾ ਹੈ ਇਸ ਦਾ ਸਹੀ ਲਿਖਣ ਅਸਥਾਨ ਕਿਹੜਾ ਹੈ?
  7. ਕੀ ਤ੍ਰੀਆਚਰਿਤਰ ਬਾਣੀ ਹੈ?
    ਉੱਤਰ: ਇਸ ਨੂੰ ਬਾਣੀ ਨਹੀਂ ਕਿਹਾ ਜਾ ਸਕਦਾ ਇਹ ਤਾਂ ਚਰਿਤਰ ਹਨ/ਕੌਤਕ ਹਨ। (ਹਰਭਜਨ ਸਿੰਘ)
  8. ਸਿੱਖਾਂ ਦੇ ਦੋ ਗੁਰੂ ਗ੍ਰੰਥ ਸਾਹਿਬ ਕਿਉਂ ਹਨ?
    ਉੱਤਰ: ਗ੍ਰੰਥ ਤਾਂ ਇਕੋ ਗੂਰੂ ਗ੍ਰੰਥ ਸਾਹਿਬ ਹੀ ਹੈ, ਪਰ ਦ.ਗ. ਛੋਟਾ ਗ੍ਰੰਥ ਹੈ।
    ਟਿਪਣੀ: ਪਰ ਇਹ ਛੋਟਾ ਗ੍ਰੰਥ ਹੁਣ ਕਿੱਥੇ ਹੈ, ਇਸ ਦਾ ਕੋਈ ਨਿਰਣਾ ਨਹੀਂ ਕੀਤਾ ਗਿਆ।
  9. ਦ.ਗ. ਦੇ ਕਿੰਤੂ ਪ੍ਰੰਤੂ ਕਰਨ ਦਾ ਕੁਝ ਲੋਕਾਂ ਨੂੰ ਖਿਆਲ ਕਿੱਥੋਂ ਆਇਆ?
    ਉੱਤਰ: ਕੁਝ ਭੁਲੇ ਹੋਏ ਲੋਕ ਇਹ ਸਵਾਲ ਪੈਦਾ ਕਰਦੇ ਹਨ।
    ਟਿਪਣੀ: ਇਹ ਸਵਾਲ ਤਾਂ ਉਨ੍ਹਾਂ ਲੋਕਾਂ ਨੂੰ ਵੀ ਕੀਤਾ ਜਾ ਸਕਦਾ ਜੋ ਦ.ਗ. ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਦਸਦੇ ਹਨ।
  10. ਦੇਹ ਸ਼ਿਵਾ ਵਿਚ ਸ਼ਬਦ ‘ਸ਼ਿਵਾ’ ਕਿਉਂ ਵਰਤਿਆ ਗਿਆ ਹੈ?
    ਉੱਤਰ: ਜੇ ਅਸੀਂ ਸ਼ਿਵ ਦਾ ਅਰਥ ਦ.ਗ. ਦੀ ਆਈਡਿਓਲੋ ਅਨੁਸਾਰ ਕਰੀਏ ਤਾਂ ਇਸ ਦੀ ਮਹੱਤਤਾ ਨੂੰ ਸਮਝਿਆ ਜਾ ਸਕਦਾ ਹੈ। (ਹਰਭਜਨ ਸਿੰਘ)

ਵਿਸ਼ਲੇਸ਼ਣ

ਇਹ ਕਾਨਫ੍ਰੰਸ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਨ ਲਈ ਕਰਾਈ ਗਈ ਸੀ। ਕੀ ਇਹ ਆਪਣੇ ਮਕਸਦ ਵਿਚ ਸਫਲ ਰਹੀ ਜਾਂ ਕਥਤ ਮੁੱਦੇ ਨੂੰ ਹੋਰ ਵੀ ਉਲਝਾ ਦਿੱਤਾ ਗਿਆ ਹੈ। ਵਿਚਾਰਨ ਵਾਲੀ ਗੱਲ ਇਹ ਸੀ ਕਿ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਬਾਰੇ ਅਸਲ ਮਸਲੇ ਕਿਹੜੇ ਹਨ। ਪ੍ਰਥਮ ਮਸਲਾ ਇਹ ਹੈ ਕਿ ਦਸਮ ਗ੍ਰੰਥ ਦੀ ਅਸਲੀ ਬੀੜ ਕਿਹੜੀ ਹੈ ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤੇ ਮੁਬਾਰਕ ਨਾਲ ਲਿਖੀ ਗਈ ਸੀ। ਜੇ ਕੋਈ ਅਜੇਹੀ ਬੀੜ ਹੈ ਤਾਂ ਸਾਡੇ ਪਾਸ ਕੀ ਪ੍ਰਮਾਣ ਹਨ ਕਿ ਇਹ ਬਾਕਈ ਦਸਮ ਪਾਤਸ਼ਾਹ ਦੀ ਕਲਮ ਦੁਆਰਾ ਲਿਖੀ ਗਈ ਰਚਨਾ ਹੈ। ਅਸਲ ਵਿਚ ਪ੍ਰਥਮ ਮਸਲਾ ਦਸਮ ਗ੍ਰੰਥ ਦੀ ਪ੍ਰਮਾਣਿਕਤਾ (Authenticity) ਦਾ ਹੈ, ਇਸ ਵਿਚਲੀ ਬਾਣੀ ਦੀ ਸਿਫਤ ਸਲਾਹ ਜਾਂ ਮਾਨਤਾ ਦੂਜੇ ਨੰਬਰ ਤੇ ਚਲੇ ਜਾਂਦੇ ਹੈ। ਪ੍ਰਮਾਣ ਵਜੋਂ ਆਦਿ ਬੀੜ ਜਾਂ ਕਰਤਾਪੁਰੀ ਬੀੜ ਦੀ ਪ੍ਰਮਾਣਿਕਤਾ ਦਾ ਕੋਈ ਮਸਲਾ ਨਹੀਂ ਕਿਉਂਕਿ ਇਹ ਪੰਜਵੇਂ ਪਾਤਸ਼ਾਹ ਨੇ ਜਿਉਂਦਿਆਂ ਜੀ ਲਿਖੀ ਅਤੇ ਹਰਿਮੰਦਰ ਸਾਹਿਬ ਵਿਚ, ਸਿੱਖਾਂ ਦੀ ਹਾਜ਼ਰੀ ਵਿਚ, ਇਸ ਦਾ ਪਹਿਲਾ ਪ੍ਰਕਾਸ਼ ਖੁਦ ਕੀਤਾ। ਪਰ ਦਸਮ ਗ੍ਰੰਥ ਦੇ ਲਿਖਣ ਜਾਂ ਪ੍ਰਕਾਸ਼ ਕਰਨ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ।

ਇਤਿਹਾਸਕ ਮਾਪ ਦੰਡਾਂ ਅਨੁਸਾਰ ਕਿਸੇ ਬੀੜ/ਗ੍ਰੰਥ ਦੀ ਪ੍ਰਮਾਣਿਕਤਾ ਸਿੱਧ ਕਰਨ ਲਈ ਕੁਝ ਮੂਲ ਸ਼ਰਤਾਂ ਦਾ ਪੂਰਾ ਹੋਣਾ ਜ਼ਰੂਰੀ ਹੈ:

- ਗ੍ਰੰਥ ਦਾ ਲੇਖਕ/ਰਚਨਹਾਰ ਕੌਣ ਹੈ?
- ਜੇ ਗ੍ਰੰਥ ਦਾ ਕੋਈ ਕਾਤਿਬ ਹੈ ਤਾਂ ਉਹ ਕੌਣ ਹੈ?
- ਗ੍ਰੰਥ ਕਿੱਥੇ ਰਚਿਆ ਗਿਆ?
- ਗ੍ਰੰਥ ਦੀ ਲਿਖਣ ਤਿਥੀ ਕਿਹੜੀ ਹੈ?
- ਕੀ ਗ੍ਰੰਥ ਦੀ ਸਮਗਰੀ ਵਿਚ ਅੰਦਰੂਨੀ ਇਕਸਾਰਤਾ ਹੈ?

ਕਾਨਫ੍ਰੰਸ ਵਿਚ ਇਨ੍ਹਾਂ ਚੋਂ ਕਿਸੇ ਵੀ ਮਾਪਦੰਡ ਨੂ ਨਿੱਠ ਕੇ ਨਹੀਂ ਵਿਚਾਰਿਆ ਗਿਆ। ਸੱਭ ਬੁਲਾਰੇ ਇਹੀ ਰੱਟ ਲਾਈ ਗਏ ਕਿ ਦਸਮ ਗ੍ਰੰਥ, ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਅਤੇ ਇਸ ਵਿਚ ਫਲਾਨੀਆਂ ਫਲਾਨੀਆਂ ਬਾਣੀਆਂ ਹਨ। ਕਥਤ ਦਸਮ ਗ੍ਰੰਥ ਨਾਲ ਜੋੜੀਆਂ ਜਾਂਦੀਆਂ ਕੁਝ ਬੀੜਾ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਵਿਚ ਪ੍ਰਮੁਖ ਤੌਰ ਤੇ ਭਾਈ ਮਨੀ ਸਿੰਘ ਵਾਲੀ ਬੀੜ (1713), ਮੋਤੀ ਬਾਗ ਵਾਲੀ ਬੀੜ (1775), ਸੰਗਰੂਰ ਵਾਲੀ ਬੀੜ (1857), ਪਟਨੇ ਸਾਹਬ ਵਾਲੀ ਬੀੜ (1698), ਅਤੇ ਅਨੰਦਪੁਰੀ ਬੀੜ (?) ਆਦਿ, ਗੁਰੂ ਗੋਬਿੰਦ ਸਿੰਘ ਸਿੰਘ ਜੀ ਵਲੋਂ ਰਚੇ ਗਏ ਦਸਮ ਗ੍ਰੰਥ ਦੇ ਉਤਾਰੇ ਦੱਸੇ ਜਾਂਦੇ ਹਨ। ਜੇ ਇਹ ਬੀੜਾਂ ਮੌਲਕ ਦਸਮ ਗ੍ਰੰਥ ਦੇ ਉਤਾਰੇ ਹਨ ਤਾਂ ਇਨ੍ਹਾਂ ਦੇ ਬਾਣੀ ਕ੍ਰਮ ਅਤੇ ਅੰਦਰ ਅੰਕਿਤ ਕੀਤੀਆਂ ਵੱਖ ਵੱਖ ਬਾਣੀਆਂ ਵਿਚ ਅੰਤਰ ਨਹੀਂ ਹੋਣਾ ਚਾਹੀਦਾ। ਪਰ ਇਨ੍ਹਾਂ ਚੋਂ ਕੋਈ ਵੀ ਬੀੜ ਇਕ ਦੂਜੇ ਨਾਲ ਇਨਬਿਨ ਨਹੀਂ ਮਿਲਦੀ। ਇਨ੍ਹਾਂ ਤੋਂ ਇਲਾਬਾ ਹੋਰ ਵੀ ਸੈਂਕੜੇ ਬੀੜਾਂ ਮਿਲਦੀਆਂ ਹਨ ਜਿਨ੍ਹਾਂ ਵਿਚ ਕਾਫੀ ਫਰਕ ਹੈ। ਬੀੜਾਂ ਦੇ ਇਸ ਘਚੋਲੇ ਨੂੰ ਦੇਖਦਿਆਂ, ਗੁਰਮਤ ਗ੍ਰੰਥ ਪ੍ਰਚਾਰਕ ਸਭਾ, ਅੰਮ੍ਰਿਤਸਰ ਨੇ ਅਜੇਹੀਆਂ 32 ਬੀੜਾਂ ਇਕੱਠੀਆਂ ਕਰਕੇ 1897 ਵਿਚ ਇਕ ਪ੍ਰਮਾਣਕ ਦਸਮ ਗ੍ਰੰਥ ਸੰਪਾਦ ਕੀਤਾ।ਪਰ, ਜਿਵੇਂ ਡਾ. ਰਤਨ ਸਿੰਘ ਜੱਗੀ ਲਿਖਦੇ ਹਨ, “ਇਨ੍ਹਾਂ 32 ਬੀੜਾਂ ਵਿਚ ਕੋਈ ਵੀ ਅਤਿ ਪੁਰਾਤਨ ਜਾਂ ਇਤਿਹਾਸਿਕ ਬੀੜ ਨਹੀਂ ਸੀ।” ਅੱਜਕਲ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜਿਆ ਜਾ ਰਿਹਾ ਹੈ। ਕਾਨਫ੍ਰੰਸ ਵਿਚ ਵੀ ਇਸੇ ਗ੍ਰੰਥ ਦੀ ਪ੍ਰਮਾਣਿਕ ਤੇ ਜ਼ੋਰ ਦਿੱਤਾ ਗਿਆ। ਸਿੱਧ ਹੈ ਕਿ ਸੋਧਕ ਕਮੇਟੀ ਵਲੋਂ ਸੰਪਾਦ ਕੀਤੇ ਹੋਏ ਦਸਮ ਗ੍ਰੰਥ ਦੀ ਕੋਈ ਪ੍ਰਮਾਣਿਕਤਾ ਨਹੀਂ। ਜੇ ਬਿਸਮਿੱਲਾ ਹੀ ਗ਼ਲਤ ਹੈ ਤਾਂ ਨਮਾਜ਼ ਪੜ੍ਹਨ ਦਾ ਕੀ ਮਕਸਦ।

ਵੈਸੇ ਤਾਂ ਗੱਲ ਏਥੇ ਹੀ ਮੁਕ ਜਾਣੀ ਚਾਹੀਦੀ ਹੈ ਅਤੇ ਕਥਤ ਦਸਮ ਗ੍ਰੰਥ ਦੀਆਂ ਬਾਣੀਆ ਤੇ ਕੋਈ ਵਿਚਾਰ ਚਰਚਾ ਨਹੀਂ ਹੋਣੀ ਚਾਹੀਦੀ। ਪਰ ਕਾਨਫ੍ਰੰਸ ਵਿਚ ਬਾਣੀਆਂ ਤੇ ਕਾਫੀ ਵਿਚਾਰ ਚਰਚਾ ਕੀਤੀ ਗਈ ਅਤੇ ਅੰਦਰੂਨੀ ਗਵਾਹੀ ਦੇ ਆਧਾਰ ਤੇ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਸਿੱਧ ਕਰਨ ਲਈ ਉਪਰਾਲੇ ਕੀਤੇ ਗਏ। ਖਾਸ ਕਰਕੇ ਡਾ. ਹਰਭਜਨ ਸਿੰਘ, ਗੁਰਚਰਨ ਸਿੰਘ ਲਾਂਬਾ ਅਤੇ ਕੁਝ ਹੱਦ ਤੱਕ ਇੰਗਲੈਂਡ ਦੇ ਗੁਰਿੰਦਰ ਸਿੰਘ ਮਾਨ ਨੇ ਬਾਣੀਆਂ ਦੀ ਗਵਾਹੀ ਦੇ ਆਧਾਰ ਤੇ ਕਥਤ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਨ ਦੇ ਯਤਨ ਕੀਤੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਡਾ. ਹਰਭਜਨ ਸਿੰਘ ਇਕ ਵਿਦਵਾਨ ਹਨ ਅਤੇ ਉਨ੍ਹਾਂ ਨੂੰ ਭਾਸ਼ਾ ਦੀ ਸਮਝ ਹੈ ਅਤੇ ਸ਼ਬਦਾਂ ਨਾਲ ਖੇਲਣ ਦੇ ਮਾਹਿਰ ਹਨ। ਦਸਮ ਗ੍ਰੰਥ ਦੀ ਪ੍ਰਮਾਣਿਕਤਾ ਨੂੰ ਉਹ ਤੱਥਾਂ ਨਾਲੋਂ ਕੱਥਾਂ ਨੂੰ ਆਧਾਰ ਬਣਾ ਕੇ, ਸ਼ਬਦ ਅਡੰਬਰ ਅਤੇ ਅਰਥ-ਜਾਲ ਦੇ ਜਾਦੂਮਈ ਪ੍ਰਭਾਵ ਨਾਲ ਸਿੱਧ ਕਰਨ ਦਾ ਯਤਨ ਕੀਤਾ। ਪਰ ਉਨ੍ਹਾਂ ਦੀ ਇਕ ਗੱਲ ਸੰਤੋਖਜਨਕ ਹੈ ਕਿ ਉਹ ਦਸਮ ਗ੍ਰੰਥ ਦੀ ਸਮੱਗਰੀ ਨੂੰ ਬਾਣੀ ਨਹੀਂ, ਗੁਰੂ ਸਾਹਿਬ ਦੇ ਕੋਤਕ ਦਸਦੇ ਹਨ। ਮੁਕਾਬਲੇ ਤੇ ਲਾਂਬਾ ਸਾਹਿਬ ਦਸਮ ਗ੍ਰੰਥ ਦੀ ਬਾਣੀ ਨੂੰ ਕਰੜੇ ਸ਼ਬਦਾਂ ਵਿਚ ਗੁਰੂ ਸਾਹਿਬ ਦੇ ਨਾਂ ਨਾਲ ਜੋੜਦੇ।ਗੁਰਿੰਦਰ ਮਾਨ ਦੀ ਦਲੀਲ਼ ਕਿ ਬੀੜਾਂ ਵਿਚ ਮਿਲਦੇ ਕੁਝ ਪੱਤਰੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਦੇ ਲਿਖੇ ਹੋਏ ਹਨ, ਇਕ ਬੇਦਲੀਲ ਯਤਨ ਸੀ ਕਿਉਂਕਿ ਇਸ ਗੱਲ ਨੂੰ ਸਿੱਧ ਕਰਨ ਲਈ ਉਸ ਪਾਸ ਕੋਈ ਪੁੱਖਤਾ ਸਬੂਤ ਜਾਂ ਦਲੀਲ ਨਹੀਂ ਸੀ।
ਕਾਨਫ੍ਰੰਸ ਦੇ ਅੰਤ ਵਿਚ ਪੁੱਛੇ ਗਏ ਕੁਝ ਸਾਵਲ ਵਾਜਿਬ ਸਨ ਪਰ ਬਹੁਤੇ ਸਾਧਾਰਨ ਪੱਧਰ ਦੇ ਸਨ।ਜਿਸ ਤੋਂ ਪਤਾ ਲਗਦਾ ਹੈ ਕਿ ਸੰਗਤ ਵਿਚ ਦਸਮ ਗ੍ਰੰਥ ਦੇ ਸ਼ਰਧਲੂ ਵੱਧ ਅਤੇ ਵਿਸ਼ਲੇਸ਼ਣੀ ਸਮਝਣ ਵਾਲੇ ਘੱਟ ਸਨ।ਇਸ ਦਾ ਕਾਰਨ ਇਹ ਲਗਦਾ ਹੈ ਕਿ ਕਾਨਫ੍ਰੰਸ ਵਿਚ ਦਸਮ ਗ੍ਰੰਥ ਦੇ ਵਿਰੋਧੀ ਸੰਗਤਾਂ ਦੀ ਘਾਟ ਸੀ।

ਆਖੀਰ ਵਿਚ ਇਸ ਗੱਲ ਦਾ ਉਲੇਖ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਕਾਫ੍ਰੰਸ ਆਕਾਲ ਤਖਤ ਦੇ ਹੁਕਮਨਾਮੇ ਨੂੰ ਨਜ਼ਰ ਅੰਦਾਜ਼ ਕਰਕੇ ਕੀਤੀ ਗਈ। ਆਕਾਤ ਤਖਤ ਵਲੋਂ ਮਿਤੀ 6.6.08 ਨੂੰ ਯਾਰੀ ਕੀਤੇ ਗਏ ਹੁਕਮਨਾਮੇ ਵਿਚ ਕਿਹਾ ਗਿਆ ਹੈ, ਸਮੁੱਚੇ ਸਿੱਖ ਪੰਥ ਨੂੰ ਵਿਦਿਤ ਹੋਵੇ ਕਿ ਸ੍ਰੀ ਦਸਮ ਗ੍ਰੰਥ ਸਿੱਖ ਪੰਥ ਦੇ ਸਾਹਿਤ ਤੇ ਇਤਿਹਾਸ ਦਾ ਅਨਿੱਖੜਵਾਂ ਅੰਗ ਹੈ ਪਰ ਇਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਨਹੀਂ ਦਿੱਤੀ। ਆਪ ਜੀ ਵਲੋਂ ਗੁਰਗੱਦੀ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਹੈ। ਇਸ ਕਰਕੇ ਗੁਰੂ ਗ੍ਰੰਥ ਸਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਸ ਹੁਕਮਨਾਮੇ ਦੀ ਤਸਦੀਕ ਕਾਨਫ੍ਰੰਸ ਤੋਂ ਕੁਝ ਦਿਨ ਪਹਿਲਾਂ (ਮਿਤੀ 7.22.13) ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸ੍ਰੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਵੀ ਕੀਤੀ ਗਈ ਸੀ। ਸਵਾਲ ਪੈਦਾ ਹੁੰਦਾ ਹੈ ਕਿ ਸਿੱਖਾਂ ਲਈ ਆਕਾਲ ਤਖਤ ਵਲੋਂ ਯਾਰੀ ਕੀਤੇ ਗਏ ਹੁਕਮਨਾਮੇ ਦੀ ਕੋਈ ਅਹਿਮੀਅਤ, ਮਹੱਤਤਾ ਜਾਂ ਸਾਰਥਕਤਾ ਵੀ ਹੈ ਕਿ ਨਹੀਂ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top