Share on Facebook

Main News Page

ਗੁਰੂ ਨਾਨਕ ਸਾਹਿਬ ਦੀ ਸਿਖਿਆ ਤੋਂ ਮੁਨਕਰ ਇਨਸਾਨ ਫਸਿਆ ਵਹਿਮਾਂ ਵਿੱਚ
-: ਦਲਜੀਤ ਸਿੰਘ ਇੰਡੀਆਨਾ

ਗੁਰੂ ਨਾਨਕ ਸਾਹਿਬ ਚੰਗੀ ਤਰ੍ਹਾਂ ਜਾਣਦੇ ਸਨ ਕਿ ਵਹਿਮਾਂ ਭਰਮਾਂ ਵਿੱਚ ਫਸਿਆ ਮਨੁੱਖ, ਮਨ ਅਤੇ ਸੋਚ ਕਰਕੇ ਕਦੀ ਸੁਖੀ ਨਹੀਂ ਹੋ ਸਕਦਾ। “ਸੋ ਸੁਖੀਆ ਜਿਸੁ ਭ੍ਰਮੁ ਗਇਆ’ ਅੰਕ 1180” ਸੁਖੀ ਕੇਵਲ ਓਹੀ ਹੋ ਸਕਦਾ ਹੈ, ਜਿਸ ਦੀ ਮੱਤ ਵਹਿਮਾਂ-ਭਰਮਾਂ ਤੋਂ ਬਚੀ ਹੋਈ ਹੋਵੇ।

ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ‘ਜੇ ਲੋਕ ਕਿਸੇ ਭਰਮ ਕਰਕੇ ਰਿਵਾਜ਼ਾਂ ਅਤੇ ਰਸਮਾਂ ਦੇ ਸਮੁੰਦਰ ਵਿੱਚ ਡੁੱਬੇ ਹੋਏ ਹਨ, ਗੁਰੂ ਸਾਹਿਬ ਉਹਨਾਂ ਦੇ ਵਿਰੁੱਧ ਹਨ ਅਤੇ ਜਿਹੜੇ ਗੁਰਮੁੱਖ ਵਹਿਮਾਂ ਭਰਮਾਂ ਦੇ ਖਿਆਲਾਂ ਦੇ ਸਮੁੰਦਰ ਤੋਂ ਤਰ ਕੇ ਪਾਰ ਹੋਣ ਵਾਲੇ ਹਨ, ਉਹਦੇ ਸਹਾਇਕ ਹਨ’।

ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਥਾਂ-ਪੁਰ-ਥਾਂ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਵਿਰੁੱਧ ਬਗ਼ਾਵਤ ਕਰਕੇ ਲੋਕਾਈ ਨੂੰ ਸਹੀ ਰਸਤਾ ਦਿਖਾਇਆ। ਲੋਕਾਈ ਦੇ ਦਰਦ ਨੂੰ ਗੁਰੂ ਨਾਨਕ ਸਾਹਿਬ ਨੇ ਆਪਣਾ ਦਰਦ ਸਮਝਿਆ ਤੇ ਲੰਮੀਆਂ ਯਾਤਰਾਵਾਂ ਕਰਕੇ ਆਪਣੇ ਬਿਬੇਕ-ਗਿਆਨ ਨਾਲ ਲੋਕਾਈ ਨੂੰ ਲੋਕ ਭਾਸ਼ਾ ਵਿੱਚ ਅਕਾਲ ਪੁਰਖ ਦਾ ਅਸਲ ਗਿਆਨ ਸਮਝਾਇਆ। ਗੁਰੂ ਨਾਨਕ ਸਾਹਿਬ ਜਿਥੋਂ ਵੀ ਲੰਘਦੇ ਗਏ, ਵਹਿਮ ਭਰਮ ਤੇ ਅੰਧ-ਵਿਸ਼ਵਾਸ ਦੀ ਪਸਰੀ ਸੰਘਣੀ ਧੁੰਧ ਛੱਟਦੀ ਗਈ। ਭਾਂਵੇਂ ਲੰਮੇ ਪੈਂਡੇ ਦੀ ਧੂੜ ਨਾਲ ਉਹਨਾਂ ਦੀਆਂ ਪਿੰਜਣੀਆਂ ਲੱਥ-ਪੱਥ ਹੋਈਆਂ। ਅੱਡੀਆਂ ਤਿੜਕ ਗਈਆਂ … ਪਰ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ਵਿੱਚ ਦਗ਼ਦੀਆਂ ਮੱਘਦੀਆਂ ਤੇਜ਼ ਅੱਖਾਂ ਦੇ ਇਲਾਹੀ ਨੂਰ ਨੇ ਆਪਣੇ ਰਸਤੇ ਵਿੱਚ ਆਉਣ ਵਾਲੀ ਹਰ ਵਹਿਮ-ਭਰਮ, ਕੂੜ ਅਤੇ ਅੰਧ-ਵਿਸ਼ਵਾਸ ਦੀ ਰੁਕਾਵਟ ਨੂੰ ਤਹਿਸ-ਨਹਿਸ ਕਰ ਦਿਤਾ। ਬਾਬੇ ਨਾਨਕ ਦਾ ਪੁੱਟਿਆ ਹਰ ਕਦਮ ਵਹਿਮਾਂ-ਭਰਮਾਂ ਅਤੇ ਪੁਜਾਰੀਆਂ ਲਈ ਖਤਰਨਾਕ ਸਾਬਤ ਹੋਇਆ।

ਪਰ ਅੱਜ ਸਿੱਖ ਵੀ ਇਹਨਾ ਵਹਿਮਾ ਭਰਮਾ ਵਿਚ ਇਨਾ ਫਸੇ ਹੋਏ ਹਨ, ਕਿ ਹਰ ਰੋਜ ਅਤਿ ਦੀ ਮਹਿੰਗਾਈ ਦੇ ਸਮੇਂ ਵਿਚ ਵੀ ਪੰਜਾਬ ਦੇ ਲੋਕ ਆਪਣਾ ਢਿੱਡ ਭਰਨ ਦੀ ਥਾਂ ਖਾਣ-ਪੀਣ ਵਾਲੀਆਂ ਕੀਮਤੀ ਚੀਜ਼ਾਂ ਜਾਦੂ-ਟੂਣਿਆਂ ਵਿਚ ਬਰਬਾਦ ਕਰਨ ਵਿਚ ਰੁੱਝੇ ਹੋਏ ਹਨ। ਸਿਰਫ਼ ਪੰਜਾਬ ਵਿਚ ਹੀ ਹਰ ਸਾਲ ਤਕਰੀਬਨ 14 ਕਰੋੜ ਇਕ ਲੱਖ 40 ਹਜ਼ਾਰ ਰੁਪਏ ਦੀਆਂ ਮਿਰਚਾਂ ਤੇ ਨਿੰਬੂ ਲੋਕ ਆਪਣੀਆਂ ਦੁਕਾਨਾਂ, ਘਰਾਂ ਤੇ ਵਾਹਨਾਂ ਉੱਤੇ ਟੰਗ ਕੇ ਖ਼ਰਾਬ ਕਰ ਦਿੰਦੇ ਹਨ। ਇਨ੍ਹਾਂ ਅੰਧਵਿਸ਼ਵਾਸਾਂ ਕਾਰਨ ਹੀ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਅੱਜ ਅਸਮਾਨੀ ਚੜ੍ਹੀਆਂ ਹੋਈਆਂ ਹਨ, ਇਕ ਹਫ਼ਤੇ ਵਿਚ ਪੰਜ ਲੱਖ ਤੇ ਇਕ ਸਾਲ ਵਿਚ ਦੋ ਕਰੋੜ 60 ਲੱਖ ਰੁਪਏ ਦੇ ਨਿੰਬੂ ਮਿਰਚ ਅਜਾਈਂ ਗਵਾ ਦਿੰਦੇ ਹਨ। ਸਰਵੇ ਮੁਤਾਬਕ ਜੇਕਰ ਇਸ ਰਾਸ਼ੀ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਕੁੱਲ 14 ਕਰੋੜ ਇਕ ਲੱਖ 40 ਹਜ਼ਾਰ ਰੁਪਏ ਬਣਦਾ ਹੈ।

ਅਸੀਂ ਵਹਿਮਾ ਵਿੱਚ ਫਸ ਕੇ ਇਨੇ ਪੈਸੇ ਦੀ ਬਰਬਾਦੀ ਕਰ ਰਹੇ ਹਾਂ, ਛੋਟੇ ਹੁੰਦੇ ਦੇਖਦੇ ਹੁੰਦੇ ਸੀ ਸਿਰਫ ਹਿੰਦੂਆਂ ਦੀਆਂ ਦੁਕਾਨਾਂ ਉਪਰ ਨਿਂਬੂ ਅਤੇ ਮਿਰਚਾਂ ਟੰਗੀਆਂ ਹੁੰਦੀਆਂ ਸਨ, ਪਰ ਅੱਜ ਤਾਂ ਸਿੱਖ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਅਜ ਇਸ ਤਰਾਂ ਦੇ ਨਿਂਬੂ ਕਾਰਾਂ ਵਿੱਚ ਟਰੈਕਟਰਾਂ ਤੇ ਮੋਟਰਸਾਇਕਲ 'ਤੇ, ਇਥੋ ਤੱਕ ਕਿ ਖੇਤੋ ਪੱਠੇ ਲਿਆਉਣ ਵਾਲੀ ਰੇਹੜੀ ਨਾਲ ਵੀ ਬੰਨੇ ਹੋਏ ਨੇ... ਪਰ ਅੱਜ ਤੱਕ ਕਿਸੇ ਕੋਲ ਇਸ ਗੱਲ ਦਾ ਜਵਾਬ ਨਹੀਂ ਕਿ ਇਹਨਾ ਮਿਰਚਾਂ ਅਤੇ ਨਿਂਬੂਆਂ ਦਾ ਕੀ ਫਾਇਦਾ ਹੈ । ਇਹ ਦੇਖੋ ਦੇਖੀ ਵਹਿਮ ਵਿੱਚ ਫਸੇ ਲੋਕ ਐਵੇਂ ਫਜੂਲ ਵਿੱਚ ਪੈਸੇ ਦੀ ਬਰਬਾਦੀ ਕਰੀ ਜਾਂਦੇ ਨੇ... ਜੇਕਰ ਇਨਾ ਪੈਸਾ ਕਿਸੇ ਲੋੜਵੰਦ ਨੂੰ ਦਿੱਤਾ ਜਾਵੇ, ਤਾਂ ਲੋਕਾਈ ਦਾ ਕਿਨਾ ਫਾਇਦਾ ਹੋ ਸਕਦਾ ਹੈ । ਅਕਲ ਤੋ ਕੰਮ ਲਵੋ ਕੁਝ ਨਹੀਂ ਰਖਿਆ ਇਹੋ ਜਿਹੇ ਵਹਿਮਾਂ ਵਿੱਚ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top