Share on Facebook

Main News Page

ਕੈਲੰਡਰ ਵਿਸ਼ੇ ’ਤੇ ਭਾਈ ਪੰਥਪ੍ਰੀਤ ਸਿੰਘ ਨੇ ਮੱਕੜ ਨੂੰ ਘੇਰਿਆ
ਮੱਕੜ ਕੋਈ ਸਿੱਖਾਂ ਦਾ ਗਿਆਰਵਾਂ ਗੁਰੂ ਨਹੀਂ ਹੈ, ਜਿਸ ਦਾ ਹੁਕਮ ਮੰਨਣਾ ਸਾਰੇ ਸਿੱਖਾਂ ਲਈ ਲਾਜ਼ਮੀ ਹੋਵੇ
-: ਭਾਈ ਪੰਥਪ੍ਰੀਤ ਸਿੰਘ ਖ਼ਾਲਸਾ

* ਸੰਗਤ ਨੂੰ ਦੋ ਚਾਰ ਅਗਿਆਨੀ ਸਿੱਖ ਦੱਸਣ ਵਾਲੇ ਮੱਕੜ ਨੇ ਗਿਆਨ ਦੀ ਡਿਗਰੀ ਕਿੱਥੋਂ ਲਈ ਹੈ?
* ਬਠਿੰਡਾ ਦੀ ਸਿੱਖ ਸੰਗਤ ਵਧਾਈ ਦੀ ਪਾਤਰ ਹੈ, ਜਿੱਥੋਂ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਨੇ ਮਿਲ ਕੇ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ

ਬਠਿੰਡਾ, 3 ਅਗਸਤ (ਕਿਰਪਾਲ ਸਿੰਘ): ਸੰਗਤ ਨੂੰ ਦੋ ਚਾਰ ਅਗਿਆਨੀ ਸਿੱਖ ਦੱਸਣ ਵਾਲੇ ਮੱਕੜ ਨੇ ਗਿਆਨ ਦੀ ਡਿਗਰੀ ਕਿੱਥੋਂ ਲਈ ਹੈ? ਇਹ ਸ਼ਬਦ ਨਿਰੋਲ ਸੱਚ ਦਾ ਪ੍ਰਚਾਰ ਕਰ ਰਹੇ ਗੁਰਮਤਿ ਦੇ ਨਿੱਡਰ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖਤੌਰਵਾਲੇ ਨੇ ਬੀਤੀ ਦੇਰ ਰਾਤ ਇੱਥੇ ਗੁਰਦੁਆਰਾ ਸਾਹਿਬ ਬਾਬਾ ਫਰੀਦ ਨਗਰ ਵਿਖੇ ਚੱਲ ਰਹੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਦੂਸਰੇ ਦੀਵਾਨ ’ਚ ਬੀਤੀ ਦੇਰ ਰਾਤ ਗੁਰਮਤਿ ਵਖਿਆਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਬਠਿੰਡਾ ਦੀ ਸਿੱਖ ਸੰਗਤ ਵਧਾਈ ਦੀ ਪਾਤਰ ਹੈ, ਜਿੱਥੋਂ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਨੇ ਮਿਲ ਕੇ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਉਣ ਲਈ ਸਾਂਝੇ ਰੂਪ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਇਹ ਇੱਥੋਂ ਦੀਆਂ ਸੰਗਤਾਂ ਵਿੱਚ ਧਾਰਮਕ ਤੌਰ ’ਤੇ ਏਕਤਾ ਅਤੇ ਕੌਮੀ ਜਾਗਰੂਕਤਾ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਗੁਰੂ ਨੂੰ ਪ੍ਰਣਾਈ ਹੋਈ ਸੰਗਤ ਦੀ ਏਕਤਾ ’ਚ ਬਹੁਤ ਤਾਕਤ ਹੈ। ਏਕਤਾ ਦੀ ਇਸ ਤਾਕਤ ਦਾ ਫੌਰੀ ਤੌਰ ’ਤੇ ਅਸਰ ਇਹ ਹੋਇਆ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕਹਿਣਾ ਪਿਆ ਕਿ ਕੈਲੰਡਰ ਕੋਈ ਗੁਰਬਾਣੀ ਨਹੀਂ ਹੈ, ਇਹ ਮੁੜ ਸੋਧਿਆ ਜਾ ਸਕਦਾ ਹੈ।

ਇਹ ਵੱਖਰੀ ਗੱਲ ਹੈ ਕਿ ਅਗਲੇ ਹੀ ਦਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਿਨਾ ਸੋਚੇ ਸਮਝੇ ਅਕਾਲ ਤਖ਼ਤ ਦੇ ਜਥੇਦਾਰ ਦੇ ਬਿਆਨ ਦੀ ਕਾਟ ਕਰਨ ਲਈ ਸੋਧਾਂ ਤੋਂ ਸਾਫ ਇਨਕਾਰ ਕਰਦਿਆਂ ਇਹ ਬਿਆਨ ਦਾਗ ਦਿੱਤਾ ਕਿ ਦੋ ਚਾਰ ਅਗਿਆਨੀ ਸਿੱਖਾਂ ਦੇ ਰੌਲ਼ਾ ਪਾਉਣ ਨਾਲ ਦੁਬਾਰਾ ਸੋਧਾਂ ਨਹੀਂ ਹੋਣਗੀਆਂ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਬਠਿੰਡਾ ਦੇ ਸਮੁੱਚੇ ਗੁਰਦੁਆਰਿਆਂ ਤੇ ਧਾਰਮਕ ਜਥੇਬੰਦੀਆਂ ਵੱਲੋਂ ਕੀਤੇ ਗਏ ਸਾਂਝੇ ਕੌਮੀ ਉਪ੍ਰਾਲੇ ਦੀ ਦੇਸ਼ ਵਿਦੇਸ਼ ਦੇ ਸਿੱਖਾਂ ਵੱਲੋਂ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਤੋਂ ਉਹ (ਭਾਈ ਪੰਥਪ੍ਰੀਤ ਸਿੰਘ ਵੀ ਰਾਜਸਥਾਨ, ਫਿਰੋਜ਼ਪੁਰ, ਲੁਧਿਆਣਾ ਦੇ ਪਿੰਡਾਂ ਵਿੱਚ ਹੋਏ ਆਪਣੇ ਦੀਵਾਨਾਂ ਦੌਰਾਨ ਨਾਨਕਸ਼ਾਹੀ ਕੈਲੰਡਰ ਦੀ ਕੌਮ ਨੂੰ ਲੋੜ ਦੇ ਵਿਸ਼ੇ ’ਤੇ ਸੰਖੇਪ ਜਾਣਕਾਰੀ ਦੇਣ ਉਪ੍ਰੰਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਮਤੇ ਪਾਸ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਾਹਿਬਾਨ ਨੂੰ ਰਜਿਸਟਰੀਆਂ ਕਰਵਾ ਕੇ ਭੇਜਣ ਦੀ ਪ੍ਰੇਰਣਾ ਕਰਦੇ ਆ ਰਹੇ ਹਨ ਅਤੇ ੳਨ੍ਹਾਂ ਦੀ ਸਹੂਲਤ ਲਈ ਪਾਸ ਕੀਤੇ ਜਾਣ ਵਾਲੇ ਮਤੇ ਦੇ ਖਰੜੇ ਦੀਆਂ ਕਾਪੀਆਂ ਵੰਡ ਰਹੇ ਹਨ। ਜਿਸ ਸਦਕਾ 100 ਤੋਂ ਵੱਧ ਗੁਰਦੁਆਰਾ ਕਮੇਟੀਆਂ ਵੱਲੋਂ ਮਤੇ ਪਾਸ ਕਰਕੇ ਭੇਜੇ ਜਾ ਚੁੱਕੇ ਹਨ; ਜਿਨ੍ਹਾਂ ਦੀਆਂ ਪਹੁੰਚ ਰਸੀਦਾਂ ਉਨ੍ਹਾਂ ਕੋਲ ਪਹੁੰਚ ਚੁੱਕੀਆਂ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਲੋਕਤੰਤਰਕ ਢੰਗ ਨਾਲ ਕੌਮੀ ਮਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਧਿਆਨ ਵਿੱਚ ਲਿਆਉਣ ਵਾਲੇ ਇਨ੍ਹਾਂ ਸਾਰੇ ਸਿੱਖਾਂ ਨੂੰ ਦੋ ਚਾਰ ਅਗਿਆਨੀ ਸਿੱਖ ਦੱਸਣ ਵਾਲਾ ਮੱਕੜ ਵੀ ਸਿੱਖਾਂ ਦਾ ਕੋਈ ਗਿਆਰਵਾਂ ਗੁਰੂ ਨਹੀਂ ਹੈ, ਜਿਸ ਦਾ ਹੁਕਮ ਸਾਨੂੰ ਸਾਰਿਆਂ ਲਈ ਮੰਨਣਾਂ ਲਾਜ਼ਮੀ ਹੋਵੇ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਬੇਸ਼ੱਕ ਮੈਨੂੰ ਕੈਲੰਡਰ ਵਿਗਿਆਨ ਦੀ ਬਹੁਤੀ ਜਾਣਕਾਰੀ ਨਹੀਂ ਹੈ ਪਰ ਇਤਨਾ ਤਾਂ ਜਰੂਰ ਪਤਾ ਹੈ, ਕਿ ਸਾਡੇ ਵਿੱਚੋਂ ਜਿਹੜੇ ਵੀ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦੇ ਹਨ ਉਹ ਸਾਰੇ ਇੱਕੇ ਹੀ ਬੱਝਵੀਂ ਤਰੀਖ ਨੂੰ ਸਾਲ ਵਿੱਚ ਇੱਕ ਹੀ ਵਾਰ ਮਨਾਉਂਦੇ ਹਨ; ਕੋਈ ਵੀ ਸਾਲ ਵਿੱਚ ਦੋ ਵਾਰ ਨਹੀਂ ਮਨਾਉਂਦਾ। ਪਰ ਸਿੱਖ ਕਦੀ ਆਪਣੇ ਗੁਰੂ ਦਾ ਪ੍ਰਕਾਸ਼ ਦਿਹਾੜਾ ਸਾਲ ਵਿੱਚ ਦੋ ਵਾਰ ਮਨਾ ਲੈਂਦੇ ਹਨ ਅਤੇ ਕਿਸੇ ਸਾਲ ਮਨਾਉਂਦੇ ਹੀ ਨਹੀਂ। ਇਸ ਦਾ ਭਾਵ ਹੈ ਕਿ ਗੁਰੂ ਦੇ ਗੁਰਪੁਰਬ ਦੀ ਮਹੱਤਤਾ ਸਿੱਖਾਂ ਲਈ ਆਪਣੇ ਬੱਚੇ ਦੇ ਜਨਮ ਦਿਨ ਜਿੰਨੀ ਵੀ ਨਹੀਂ ਹੈ? ਹੋਰ ਵੇਖੋ ਤੀਜੀ ਚੌਥੀ ਦੇ ਬੱਚੇ ਨੂੰ ਪੁੱਛੋ ਮਹਾਤਮਾ ਗਾਂਧੀ ਦਾ ਜਨਮ ਦਿਨ ਕਦੋਂ ਹੈ, ਉਹ ਝੱਟ ਦੱਸ ਦਿੰਦੇ ਹਨ ਕਿ 2 ਅਕਤੂਬਰ ਨੂੰ ਹੈ। ਨਹਿਰੂ ਦਾ ਜਨਮ ਦਿਨ ਪੁੱਛਣ ’ਤੇ ਦੱਸ ਦਿੰਦੇ ਹਨ ਕਿ 14 ਨਵੰਬਰ ਨੂੰ ਹੈ। ਪਰ ਮੇਰੇ ਸਮੇਤ ਸਾਰੇ ਸਿੱਖਾਂ ਦੀ ਉਮਰ ਬੀਤ ਗਈ ਹੈ ਆਪਣੇ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਂਦਿਆਂ ਦੀ, ਪਰ ਜੇ ਕੋਈ ਸਾਥੋਂ ਪੁੱਛ ਲਵੇ ਕਿ ਗੁਰੂ ਸਾਹਿਬ ਜੀ ਦਾ ਆਉਣ ਵਾਲਾ ਗੁਰਪੁਰਬ ਕਿਹੜੀ ਤਰੀਖ ਨੂੰ ਹੈ; ਤਾਂ ਕਹਿਣਾ ਪੈਂਦਾ ਹੈ ਕਿ ਗੁਰਪੁਰਬ ਦਾ ਤਾਂ ਪਤਾ ਨਹੀਂ ਕਿਹੜੀ ਤਰੀਖ ਨੂੰ ਆਉਣਾ ਹੈ, ਜੰਤਰੀ ਵੇਖ ਕੇ ਦੱਸਾਂਗੇ! ਇਹ ਸਿਰਫ ਇਸ ਕਾਰਣ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਜੀ ਦਾ ਗੁਰਪੁਰਬ ਕਿਸੇ ਬਝਵੀਂ ਤਰੀਖ ਨੂੰ ਨਹੀਂ ਮਨਾਉਂਦੇ ਤੇ ਬਿਕ੍ਰਮੀ ਸਾਲ ਦੇ ਚੰਦਰਮਾਂ ਦੀਆਂ ਤਿੱਥਾਂ ਤਰੀਖਾਂ ਅਨੁਸਾਰ ਮਨਾਉਣ ਕਰਕੇ ਕਦੀ 21-22 ਦਿਨ ਪਹਿਲਾਂ ਆ ਜਾਂਦਾ ਹੈ ਤੇ ਕਦੀ 7-8 ਦਿਨ ਪਿੱਛੋਂ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕੈਨੇਡਾ ਵਿੱਚ 10 ਲੱਖ ਸਿੱਖ ਵਸਦੇ ਹੋਣ ਕਰਕੇ ਉਥੋਂ ਦੀ ਸਰਕਾਰ ਤਿਆਰ ਹੈ ਕਿ ਜੇ ਸਿੱਖ ਗੁਰਪੁਰਬ ਦੀ ਕੋਈ ਬੱਝਵੀਂ ਤਰੀਖ ਦੱਸ ਦੇਣ ਤਾਂ ਇਸ ਦੀ ਸਰਕਾਰੀ ਛੁੱਟੀ ਕੀਤੀ ਜਾ ਸਕਦੀ ਹੈ। ਪਰ ਅਸੀਂ ਦੱਸੀਏ ਕਿੱਥੋਂ? ਇਹ ਮੁਸ਼ਕਲ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਨਾਲ ਹੱਲ ਹੋ ਗਈ ਸੀ, ਪਰ ਗੁਰਪੁਰਬ ਮਨਾਉਣ ਦੀ ਥਾਂ ਆਪਣੇ ਡੇਰੇ ਦੇ ਸਾਧਾਂ ਦੀਆਂ ਬਰਸੀਆਂ ਅਤੇ ਪੂਰਨਮਾਸ਼ੀਆਂ, ਮੱਸਿਆ, ਦਸਵੀਆਂ ਮਨਾਉਣ ਵਾਲਿਆਂ ਨੇ ਸੋਧਾਂ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਦਾ ਮੁੜ ਕਤਲ ਕਰਵਾਕੇ ਸਥਿਤੀ ਪਹਿਲਾਂ ਨਾਲੋਂ ਵੀ ਵੱਧ ਵਿਗਾੜ ਦਿੱਤੀ ਹੈ।

ਉਨ੍ਹਾਂ ਕਿਹਾ ਜੇ ਮੱਸਿਆ ਸੰਗ੍ਰਾਂਦਾ ਮਨਾਉਣ ਵਾਲੇ ਗਾਂਧੀ, ਨਹਿਰੂ ਦਾ ਜਨਮ ਦਿਨ ਅਤੇ ਭਾਰਤ ਦਾ ਅਜਾਦੀ ਦਿਨ ਤੇ ਗਣਤੰਤਰਤਾ ਦਿਨ, 2 ਅਕਤੂਬਰ, 14 ਨਵੰਬਰ, 15 ਅਗਸਤ, 26 ਜਨਵਰੀ ਆਦਿਕ ਨੂੰ ਮਨਾਇਆ ਜਾ ਰਿਹਾ ਹੈ ਤਾਂ ਸਿੱਖ ਆਪਣੇ ਇਤਿਹਾਸਕ ਦਿਹਾੜੇ ਬੱਝਵੀਆਂ ਤਰੀਖਾਂ ਨੂੰ ਕਿਉਂ ਨਹੀਂ ਮਨਾ ਸਕਦੇ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਸ ਲਈ ਸਾਨੂੰ ਮੱਕੜ ਦੇ ਕਿਸੇ ਬਿਆਨ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਤੇ ਕੌਮੀਏਕਤਾ ਦਾ ਪ੍ਰਗਟਾਵਾ ਕਰਦੇ ਹੋਏ 2003 ਵਾਲਾ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕਰਵਾਉਣ ਲਈ ਇੰਨੀ ਵੱਡੀ ਗਿਣਤੀ ਵਿੱਚ ਮਤੇ ਪਾਸ ਕਰਕੇ ਭੇਜੇ ਜਾਣ ਤਾ ਕਿ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲਿਆਂ ਨੂੰ ਇਹ ਦੱਸਿਆ ਜਾਵੇ ਕਿ ਕਿਸੇ ਸਿੱਖ ਨੇ (ਕੁਸੋਧੇ) ਕੈਲੰਡਰ ਨੂੰ ਪ੍ਰਵਾਨ ਨਹੀਂ ਕੀਤਾ; ਇਹ ਸਿਰਫ ਅਕਾਲ ਤਖ਼ਤ ਰਾਹੀਂ ਕੌਮ ’ਤੇ ਠੋਸਿਆ ਗਿਆ ਹੈ।

ਉਨ੍ਹਾਂ ਕਿਹਾ ਜੇ ਸਾਰੇ ਜਾਗਰੂਕ ਸਿੱਖ ਆਪਣਾ ਕੌਮੀ ਫਰਜ ਪਛਾਣ ਕੇ ਮਤੇ ਭੇਜਣੇ ਜਾਰੀ ਰੱਖਣ, ਤਾਂ ਇੱਕ ਨਾ ਇੱਕ ਦਿਨ ਇਨ੍ਹਾਂ ਨੂੰ ਅਸਲੀ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਨਾ ਹੀ ਪੈਣਾ ਹੈ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top