Share on Facebook

Main News Page

ਜੈ ਮਸਤਾਂ ਦੀ ਕਹਿਣ ਵਾਲਿਓ.... ਕਦੇ ਛੋਟੇ ਸਾਹਿਬਜ਼ਾਦੇ ਵੀ ਯਾਦ ਕਰ ਲਿਆ ਕਰੋ...
-: ਦਲਜੀਤ ਸਿੰਘ ਇੰਡੀਆਨਾ

ਲਾਡੀ ਸ਼ਾਹ ਕੌਣ ਹੈ ? ਇਸ ਦਾ ਕੀ ਕਾਰਨ ਹੈ ਲੋਕ ਇਸ ਦੇ ਮਗਰ ਇਨੇ ਕਿਓਂ ਲੱਗੇ ਨੇ, ਖਾਸ ਕਰਕੇ ਨੌਜਵਾਨ। ਮੈਨੂੰ ਇਹ ਸਵਾਲ ਹਰ ਰੋਜ਼ ਹੀ ਕਈ ਵੀਰ ਕਰਦੇ ਹਨ, ਇਸ ਦਾ ਕੀ ਇਤਿਹਾਸ ਹੈ ਆਮ ਲੋਕ ਪੁਛਦੇ ਨੇ। ਮੈਂ ਕਈ ਦਿਨਾਂ ਤੋਂ ਖੋਜ ਕਰ ਰਿਹਾ ਸੀ ਇਸ ਬਾਰੇ .. ਪਰ ਮੈਨੂੰ ਕੁੱਝ ਨਹੀਂ ਲਭਿਆ ਇਹਨਾ ਦਾ ਅੱਗਾ ਪਿਛਾ। ਸਾਧਾਰਨ ਸ਼ਬਦਾਂ ਵਿਚ ਲਾਡੀ ਸ਼ਾਹ ਅਤੇ ਇਸ ਤੋ ਪਹਿਲਾਂ ਵੀ ਜਿਨੇ ਇਸ ਡੇਰੇ ਵਿਚ ਬੈਠੇ ਨੇ ਸਭ ਵਿਹਲੜ ਅਤੇ ਐਯਾਸ਼ ਬੰਦੇ ਸਨ ਅਤੇ ਇਥੇ ਇਕ ਮਕਬਰਾ ਹੈ, ਹੋਰ ਕੁੱਝ ਇਸ ਮਕਬਰੇ ਦਾ ਕੀ ਇਤਿਹਾਸ ਹੈ, ਪਤਾ ਨਹੀਂ, ਪਰ ਮਕਬਰੇ ਮੁਸਲਮਾਨਾਂ ਦੇ ਹੁੰਦੇ ਹਨ, ਸਿਖਾਂ ਦਾ ਅਤੇ ਹਿੰਦੂਆਂ ਦਾ ਇਸ ਨਾਲ ਦੂਰ ਦਾ ਵੀ ਵਾਸਤਾ ਨਹੀਂ।

ਅੱਜ ਕੱਲ ਸਿੱਖ ਅਖਵਾਉਣ ਵਾਲਾ ਵੀ ਕਮਲਾ ਹੋਇਆ, ਇਹਨਾ ਮਕਬਰਿਆਂ ਅੱਗੇ ਸਿਰ ਰਗੜਦਾ ਫਿਰਦਾ ਹੈ। ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਤੋਂ ਲੈਕੇ ਦਸਵੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਕ, ਦਸ ਗੁਰੂ ਸਾਹਿਬਾਨ ਤਕ ਜਿਹੜੀ ਘਾਲਣਾ ਘਾਲ ਕੇ ਵਖਰਾ ਇਕ ਨਿਆਰਾ ਖਾਲਸਾ ਬਣਾਇਆ ਸੀ, ਅਜ ਓਹੀ ਸਿੱਖ ਅਖਵਾਉਣ ਵਾਲਾ ਕਬਰਾਂ 'ਤੇ ਮਥੇ ਰਗੜਦਾ ਫਿਰਦਾ ਹੈ, ਮੈਂ ਇਹ ਨਹੀਂ ਕਹਿੰਦਾ ਕਿਸੇ ਧਰਮ ਦਾ ਸਤਿਕਾਰ ਨਾ ਕਰੋ, ਕਿਸੇ ਇਹੋ ਜਿਹੀ ਜਗ੍ਹਾ ਆਪਣਾ ਸਿਰ ਝੁਕਾਉਣ ਤੋਂ ਪਹਿਲਾਂ ਇਹ ਤੇ ਦੇਖ ਲਿਆ ਕਰੋ ਕਿ ਜਿਥੇ ਅਸੀਂ ਜਾ ਰਹੇ ਹਾਂ, ਇਸ ਦਾ ਸਾਡੇ ਧਰਮ ਨਾਲ ਕੋਈ ਸਬੰਧ ਹੈ ਕਿ ਨਹੀਂ? ਇਹ ਜਿਹਨਾ ਨੂੰ ਤੁਸੀਂ ਫੱਕਰ ਦਸਦੇ ਹੋ, ਇਹ ਫੱਕਰ ਨਹੀਂ ਵਿਹਲੜ ਹੈ .. ਕੀ ਵੇਹਲਾ ਰਹ ਕੇ ਦੂਸਰਿਆਂ ਦੀ ਕਮਾਈ 'ਤੇ ਐਸ਼ ਵਾਲਾ ਹੀ ਫੱਕਰ ਹੁੰਦਾ ਹੈ ? ਕੀ ਲੋਕਾਂ ਦੇ ਦਿਤੇ ਪੈਸੇ ਕਲਾਕਾਰਾਂ ਉਪਰ ਦੀ ਸੁੱਟ ਦੇਣ ਵਾਲਾ ਹੀ ਫੱਕਰ ਹੈ? ਨਹੀਂ ਵੀਰੋ ਫੱਕਰ ਓਹ ਹੈ ਜਿਹੜਾ ਸਾਰੀ ਦਿਹਾੜੀ ਰਿਕ੍ਸ਼ਾ ਚਲਾ ਕੇ ਆਪਣਾ ਪਰਿਵਾਰ ਪਾਲ ਰਿਹਾ .. ਫੱਕਰ ਓਹ ਹੈ ਜਿਹੜਾ ਗਰਮੀ ਵਿਚ ਕੱਦੂ ਕੀਤੇ ਗਰਮ ਪਾਣੀ ਵਿਚ ਕੌਡੇ ਲੱਕ ਝੋਨਾ ਲਾ ਰਿਹਾ ਹੈ .. ਫੱਕਰ ਓਹ ਹੈ ਜਿਹੜਾ ਸਾਰੀ ਦਿਹਾੜੀ ਮਿਹਨਤ ਕਰਕੇ ਆਪਣੇ ਬੱਚੇ ਪਾਲਦਾ ਹੈ। ਵਿਹਲੜ ਫੱਕਰ ਨਹੀਂ, ਠੱਗ ਹੁੰਦੇ ਹਨ ..

ਆਹ ਜਲੰਧਰ ਤੇ ਨਕੋਦਰ ਸਾਂਈਡ ਦੇ ਸਿੱਖਾਂ ਵਿੱਚ ਇੱਕ ਹੋਰ ਨਵਾਂ ਹੀ ਰੁਝਾਨ ਚੱਲਿਆ... ਸਤਿ ਸ਼੍ਰੀ ਅਕਾਲ ਅਤੇ ਗੁਰ ਫਤਿਹ ਬੁਲਾਉਣ ਵਾਲਾ ਸਿੱਖ ਅੱਜ ਇਸ ਤਰਾਂ ਦੇ ਡੇਰਿਆਂ, ਦਰਗਾਹਾਂ 'ਚ "ਜੈ ਮਸਤਾ ਦੀ" ਦੀ ਕਰਦਾ ਹੋਇਆ ਆਪਣੇ ਦਾਤੇ, ਸਾਂਈ ਅੱਗੇ ਝੋਲੀਆਂ ਫੈਲਾਉਂਦਾ ਹੋਇਆ ਆਮ ਦਿਸਦਾ ਹੈ। ਇਹਨਾਂ ਸਿੱਖਾਂ ਨੂੰ ਪਤਾ ਹੀ ਨਹੀਂ ਕਿ ਸਿੱਖ ਹੋਣ ਦਾ ਮਤਲਬ ਕੀ ਹੁੰਦਾ...ਸਿੱਖ ਇੱਕ ਵਿਗਿਆਨਕ ਧਰਮ ਹੈ... ਇਸ ਵਿੱਚ ਚਮਤਕਾਰਾਂ ਲਈ ਕੋਈ ਸਥਾਨ ਨਹੀਂ ਹੈ। ਇਸ ਵਿੱਚ ਹੱਥੀ ਕਿਰਤ ਕਰਨ ਅਤੇ ਚੰਗੇ ਆਚਰਣ ਨੂੰ ਹੀ ਸਭਤੋਂ ਉੱਤਮ ਮੰਨਿਆ ਗਿਆ ਹੈ। ਵੈਸੇ ਇਹਨਾਂ ਸਿੱਖਾਂ ਦੇ ਅਜਿਹੇ ਡੇਰਿਆਂ ਵਿੱਚ ਜਾਣ ਪਿੱਛੇ ਵੀ ਕਾਰਨ ਹੈ... ਅੱਜ ਦੀ ਦਿਖਾਵੇਬਾਜ਼ੀ ਦੇ ਯੁੱਗ ਵਿੱਚ ਹਰ ਇਨਸਾਨ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਆਪਣੀ ਚਾਦਰ ਤੋਂ ਵਧ ਪੈਰ ਪਸਾਰਦਾ ਹੈ। ਹਰ ਕੋਈ ਸੋਚਦਾ ਹੈ ਲੈ ਮੇਰੇ ਗਵਾਂਡੀ ਕੋਲ ਵਧੀਆ ਕੋਠੀ ਪਾ ਲਈ, ਕਾਰ, ਮੋਟਰਸੈਕਲ ਲੈ ਲਿਆ... ਫਲਾਣਾ ਦੋਸਤ, ਰਿਸ਼ਤੇਦਾਰ ਵਿਦੇਸ਼ ਚਲਾ ਗਿਆ, ਫਲਾਣੇ ਦਾ ਵਪਾਰ ਵਧੀਆ ਚੱਲ ਪਿਆ ਵਗੈਰਾ-ਵਗੈਰਾ...ਕਾਸ਼ ਮੇਰੇ ਕੋਲ ਵੀ ਇਹ ਸਭ ਹੋਵੇ...ਚਲੋ ਦਾਤਾ ਜੀ ਕੋਲ।

ਜਿਆਦਾਤਰ ਇਨਸਾਨ ਲਾਲਚ, ਬੇਈਮਾਨੀ ਤੇ ਅਜਿਹੇ ਹੋਰ ਬੁਰੇ ਕੰਮ ਕਰਦਾ ਹੈ...ਨਤੀਜੇ ਵਜੋਂ ਸਰੀਰਕ, ਮਾਨਸਿਕ ਕਸ਼ਟ ਅਤੇ ਘਰੇਲੂ ਕਲੇਸ਼ ਹੋਣਾ ਆਮ ਗੱਲ ਹੈ। ਫਿਰ ਇਹਨਾਂ ਸਮਸਿਆਵਾਂ ਦੇ ਕਾਰਨ ਲਭਕੇ ਉਸਦੀ ਜੜ ਖਤਮ ਕਰਨ ਦੀ ਬਜਾਏ ਇਹਨਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਸ਼ਾਰਟਕੱਟ ਲਭਦਾ ਹੋਇਆ, ਅਜਿਹੇ ਡੇਰਿਆਂ ਨੂੰ ਰੁੱਖ ਕਰ ਲੈਂਦਾ ਹੈ। ਹਰ ਵੇਲੇ ਸਾਂਈ ਜੀ ਨੂੰ ਧਿਆਉਣ ਨਾਲ ਉਸਨੂੰ ਲੱਗਦਾ ਹੈ ਕੇ ਸਾਂਈ ਜੀ ਹਰ ਸਮੇਂ ਮੇਰੇ ਅੰਗ-ਸੰਗ ਨੇ। ਇਹ ਗੱਲ ਹੀ ਉਸਨੂੰ ਮਾਨਸਿਕ ਤੌਰ 'ਤੇ ਕਈ ਵਾਰ ਮਜਬੂਤ ਬਣਾ ਦਿੰਦੀ ਹੈ ਅਤੇ ਉਸਦੇ ਕਈ ਕੰਮ ਸਿਰੇ ਵੀ ਚੜ ਜਾਂਦੇ ਨੇ, ਜਾਂ ਕਈ ਕੰਮ ਕੁਦਰਤੀ ਆਪਣੇ ਸਮੇਂ ਅਨੁਸਾਰ ਖੁਦ ਹੀ ਹੋ ਜਾਂਦੇ ਨੇ... ਬੱਸ ਹੋ ਗਈ ਸਾਂਈ ਜੀ ਦੀ ਬੱਲੇ-ਬੱਲੇ। ਫਿਰ ਅਜਿਹਾ ਸਾਂਈ ਜੀ ਦਾ ਭਗਤ ਆਪਣੇ ਨਾਲ 10 ਹੋਰ ਸ਼ਰਧਾਲੂਆਂ ਨੂੰ ਜੋੜਦਾ ਹੈ। ਸਾਂਈ ਜੀ ਦੀ ਕਰਾਮਾਤ ਦੁਆਰਾ ਹੋਇਆ ਫਾਇਦਾ ਦੱਸਕੇ। ਬੱਸ ਫਿਰ ਇਹਨਾਂ ਲੋਕਾਂ ਦੇ ਚੜਾਏ ਹੋਏ ਚੜਾਵੇ ਦੀ ਬਦੌਲਤ ਐਸ਼ਪ੍ਰਸਤੀ ਕਰ ਰਹੇ ਮਸਤ ਬਾਬੇ ਸਾਂਈ ਅਤੇ ਦਾਤੇ ਬਣ ਜਾਂਦੇ ਹਨ। ਫੇਰ ਇਹਨਾ ਦੀ ਪ੍ਰਸਿਧੀ ਦਾ ਇਕ ਹੋਰ ਕਾਰਨ ਹੈ ਇਹਨਾ ਦੇ ਡੇਰਿਆਂ ਵਿਚ ਪ੍ਰਸਿਧ ਕਲਾਕਾਰਾਂ ਦਾ ਆਉਣਾ .. ਜਦੋ 1980 ਤੋ ਲੈਕੇ 1990 ਤੱਕ ਸਿੱਖ ਸੰਘਰਸ਼ ਜੋਰਾਂ ਤੇ ਸੀ, ਓਸ ਸਮੇ ਦੋਰਾਨ ਗੁਰਦਾਸ ਮਾਨ ਇਕ ਨਾਮੀ ਕਲਾਕਾਰ ਬਣ ਗਿਆ। ਗੁਰਦਾਸ ਮਾਨ ਪੰਡਤਾਂ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾ ਕੇ ਬੰਬਈ ਜਾ ਵਸਿਆ, ਪਰ ਗੁਰਦਾਸ ਮਾਨ ਪੰਜਾਬ ਵਿਚ ਅਖਾੜੇ ਨਹੀਂ ਲਾਉਂਦਾ ਸੀ, ਓਹ ਸਿਰਫ ਵਿਦੇਸ਼ਾ ਵਿਚ ਜਾ ਵੱਡੇ ਸਹਿਰਾਂ ਵਿਚ ਗਾਉਂਦਾ ਸੀ ।

ਕਲਾਕਾਰ ਵੀ ਆਪਣੀ ਮਸ਼ਹੂਰੀ ਵਾਸਤੇ ਕੋਈ ਨਾ ਕੋਈ ਤਰੀਕਾ ਅਪਣਾਉਂਦਾ ਹੈ .. ਜਦੋਂ ਸਿੱਖ ਸੰਘਰਸ਼ ਥੋੜਾ ਘਟਿਆ ਤੇ ਗੁਰਦਾਸ ਮਾਨ ਨੇ ਲਾਡੀ ਸਾਹ ਦੇ ਆਉਣਾ ਸ਼ੁਰੂ ਕਰ ਦਿਤਾ . .ਬਹੁਤੇ ਲੋਕ ਗੁਰਦਾਸ ਮਾਨ ਨੂੰ ਦੇਖਣ ਵਾਸਤੇ ਹੀ ਇਹਨਾ ਡੇਰਿਆਂ ਵਾਲ ਜਾਣ ਲੱਗੇ ਅਤੇ ਇਹਨਾ ਸਾਧਾਂ ਵਲੋਂ ਇਹਨਾ ਕਲਾਂਕਾਰਾਂ ਉਪਰ ਨੋਟਾਂ ਦੀ ਬਰਸਾਤ ਹੋਣ ਲੱਗੀ, ਓਹ ਕਿਥੇ ਜਾਂਦੇ ਕਿਥੋ ਆਉਂਦੇ ਇਸ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ? ਇਹ ਇਕ੍ ਡਰਾਮਾ ਹੁੰਦਾ ਹੈ ਜਿਹੜੇ ਨੋਟ ਉਪਰੋ ਸੁੱਟੇ ਜਾਂਦੇ ਨੇ ਇਹ ਬਾਅਦ ਵਿੱਚ ਇਕਠੇ ਕਰਕੇ ਇਹ ਸਾਧ ਆਪ ਹੀ ਰਖ ਲੈਂਦੇ ਨੇ .. ਪਰ ਪਾਗਲ ਲੋਕ ਅਸ਼ ਅਸ਼ ਕਰ ਉਠਦੇ ਨੇ ..ਆਮ ਬੰਦਾ ਇਹਨਾ ਗੱਲਾਂ ਤੋਂ ਹੀ ਪ੍ਰਭਾਵਿਤ ਹੋ ਜਾਂਦਾ ਹੈ .. ਗੁਰਦਾਸ ਮਾਨ ਇਕ ਵਧੀਆ ਕਲਾਕਾਰ ਹੈ ..ਇਕ ਵਧੀਆ ਕਲਾਕਾਰ, ਇਕ ਵਧੀਆ ਇਨਸਾਨ ਹੋਵੇ ਇਹ ਜਰੂਰੀ ਨਹੀਂ ਹੈ। ਇਹਨਾ ਕਲਾਕਾਰਾਂ ਨੂੰ ਆਪਣੀ ਮਸ਼ਹੂਰੀ ਵਾਸਤੇ ਇਕਠ ਦੀ ਲੋੜ ਹੁੰਦੀ ਹੈ ..ਸਾਧਾਂ ਨੂੰ ਆਪਣੇ ਡੇਰੇ ਵਿੱਚ ਲੋਕਾਂ ਦੀ ਭੀੜ ਇਕਠੀ ਕਰਨ ਵਾਸਤੇ ਕਲਾਕਾਰਾਂ ਦੀ ਲੋੜ ਹੁੰਦੀ ਹੈ ..ਹੋਰ ਕੁਝ ਵੀ ਨਹੀਂ ਇਹ ਡਰਾਮਾ ਹੈ । ਗੁਰਦਾਸ ਮਾਨ ਇਕ ਵਧੀਆ ਕਲਾਕਾਰ ਹੈ ..ਪਰ ਓਹ ਸਭ ਤੋਂ ਵਧੀਆ ਬਿਜਨਿਸ ਮੈਨ ਹੈ। ਅਜ ਤਕ ਕੋਈ ਵੀ ਇਹ ਆਖੇ ਵੀ ਗੁਰਦਾਸ ਮਾਨ ਨੇ ਲੋਕਾਈ ਵਾਸਤੇ ਕੋਈ ਕੰਮ ਕੀਤਾ ਹੈ, ਨਹੀਂ। ਹਾਕਮ ਸੂਫੀ ਗੁਰਦਾਸ ਮਾਨ ਨੂੰ ਇਥੇ ਪਹੁਚਾਉਣ ਵਾਲਾ ਸੀ, ਪਰ ਓਸ ਦੀ ਮੌਤ ਵੇਲੇ ਇਹ ਬੰਦਾ ਓਸ ਦੇ ਭੋਗ ਤੇ ਵੀ ਨਹੀਂ ਗਿਆ।

ਸੋ ਸਾਨੂ ਸੋਚਣ ਦੀ ਲੋੜ ਹੈ ਇਕ ਗਾਉਣ ਵਾਲਾ ਵਧੀਆ ਗਾਇਕ ਹੋ ਸਕਦਾ, ਪਰ ਸਾਡਾ ਮਾਰਗਦਰਸ਼ਕ ਨਹੀਂ। ਸਾਡਾ ਮਾਰਗ ਦਰਸ਼ਕ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹੈ, ਇਕ ਸਿਗਰਟਾਂ ਪੀਣ ਵਾਲੇ ਨਸ਼ੇੜੀ ਨੰਗ ਧੜੰਗੇ ਸਾਡੇ ਮਾਰਗ ਦਰਸ਼ਕ ਨਹੀਂ ਹੋ ਸਕਦੇ । ਜਿਹੜਾ ਨਸ਼ੇੜੀ ਵਿਹਲੜ ਹੈ, ਲੋਕਾਂ ਦੀ ਕਮਾਈ 'ਤੇ ਆਪ ਐਸ਼ ਕਰਦਾ ਹੈ, ਇਹੋ ਜਿਹੇ ਲੋਕ ਸਮਾਜ ਦਾ ਕੁਝ ਸਵਾਰਦੇ ਨਹੀਂ ਹੁੰਦੇ, ਸਗੋਂ ਸਮਾਜ ਨੂੰ ਨਿਘਾਰ ਵਾਲੇ ਪਾਸੇ ਲੈਕੇ ਜਾਂਦੇ ਹਨ। ਸੋ ਮੇਰੀ ਇਹ ਗਲ ਹੈ ਥੋੜੀ ਜਿਹੀ ਸਖਤ, ਪਰ ਹੈ ਸਚਾਈ, ਤੁਸੀਂ ਆਪ ਠੰਡੇ ਦਿਮਾਗ ਨਾਲ ਸੋਚੋ, ਕਿ ਜਿਹੜਾ ਇਨਸਾਨ ਆਪਣਾ ਢਿੱਡ ਆਪ ਕਮਾ ਕੇ ਨਹੀਂ ਭਰ ਸਕਦਾ ਓਹ ਤਹਾਨੂੰ ਕਿਹੜੇ ਪਾਸਿਓੁਂ ਕੁੱਝ ਦੇ ਦੇਵੇਗਾ। ਅੱਜ ਜਮਾਨਾ ਚੰਦ 'ਤੇ ਫਿਰਦਾ ਹੈ ਅਤੇ ਅਸੀਂ ਇਹਨਾ ਕਬਰਾਂ 'ਤੇ ਧੱਕੇ ਖਾਂਦੇ ਫਿਰਦੇ ਹਾਂ। ਕੁਝ ਨਹੀਂ ਰਖਿਆ ਇਹਨਾ ਮਲੰਗਾ ਕੋਲ, ਇਹ ਸਭ ਨਸ਼ੇੜੀ ਨੇ, ਇਹ ਸਮਾਜ ਵਿਚ ਫੈਲਿਆ ਹੋਇਆ ਕੋਹੜ ਹੈ। ਲੋਕ ਇਸ ਨੂੰ ਸਾਂਈ ਆਖਦੇ ਨੇ, ਇਸ ਨੂੰ ਲਖਾਂ ਦਾ ਦਾਤਾ ਆਖਦੇ ਹਨ .. ਮੈਂ ਤਾਂ ਆਖਦਾ, ਇਹ ਬੰਦਾ ਅਖਵਾਉਣ ਦੇ ਵੀ ਲਾਇਕ ਨਹੀਂ ਹੈ .. ਜਿਸ ਦੀ ਫੋਟੋ ਧਿਆਨ ਨਾਲ ਦੇਖੋ ਜਿਹੜੇ ਬੰਦੇ ਨੇ ਸਿਗਰਟਾਂ ਅਤੇ ਚਿਲਮਾ ਪੀ ਪੀ ਕੇ ਆਪਣੇ ਦੰਦ ਗਾਲ ਲਏ, ਆਪਣੇ ਦੰਦ ਨਹੀਂ ਸਭਾਲ ਸਕਿਆ, ਓਹ ਤੁਹਾਨੂੰ ਤੰਦਰੁਸਤੀ ਕਿਹੜੇ ਪਾਸਿਓੁਂ ਦੇ ਦੇਵੇਗਾ!!

ਸੋ ਜਾਗ ਜਾਵੋ ਵੀਰੋ, ਜਾਗ ਜਾਵੋ, ਕੁੱਝ ਨਹੀਂ ਰਖਿਆ ਇਹਨਾਂ ਮੜ੍ਹੀਆਂ ਵਿਚ, ਇਹ ਇਨਸਾਨ ਨੇ ਇੱਟਾਂ ਬਣਾਈਆਂ, ਇਹਨਾਂ ਉਪਰ ਹਰਾ ਕਪੜਾ ਪਾ ਦਿੱਤਾ, ਅਸੀਂ ਮੱਥਾ ਟੇਕਣਾ ਸ਼ੁਰੂ ਕਰ ਦਿਤਾ .. ਅਤੇ ਇਹਨਾ ਵਿਹਲੜਾਂ ਦੀ ਲਾਟਰੀ ਲੱਗ ਗਈ।

ਅਖੌਤੀ ਸਾਈਂ ਲਾਡੀ ਸ਼ਾਹ ਦੇ ਡੇਰੇ 'ਤੇ ਗੁਰਦਾਸ ਮਾਨ

 

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top