Share on Facebook

Main News Page

ਦੁੱਖਖ਼ਬਰੀ ! ਨਸ਼ਿਆਂ ਦੀ ਰਾਜਧਾਨੀ ਬਣਿਆ ਹਿੰਦੋਸਤਾਨ ਦਾ ਰੰਗਲਾ ਪੰਜਾਬ, ਸਰਕਾਰ ਦੇ ਵੱਲੋਂ ਕਾਗਜ਼ਾਂ 'ਚ ਨਸ਼ਾ ਮੁਕਤ ਕਰਾਰ
- ਡਾ. ਅਮਰੀਕ ਕੰਡਾ

ਮੋਗਾ (ਡਾ. ਅਮਰੀਕ ਕੰਡਾ): ਦੁੱਧ, ਦਹੀਂ, ਲਸੀਆਂ, ਮੱਖਣ, ਘਿਉ ਪੀਣ ਵਾਲੇ ਜਾਣੇ ਜਾਂਦੇ ਪੰਜਾਬ ਦੇ ਗੱਭਰੂਆਂ ਨੂੰ ਪਤਾ ਨਹੀਂ ਕੀਹਦੀ ਨਜ਼ਰ ਲੱਗ ਗਈ ਹੈ। ਇਹ ਗੱਭਰੂ ਹੁਣ ਨਸ਼ੇੜੀਆਂ ਦੇ ਨਾਂ ਤੋਂ ਜਾਣੇ ਜਾਂਦੇ ਹਨ।

ਪਿਛਲੇ ਦਿਨੀ ਇਹ ਖਬਰ ਲੱਗੀ ਸੀ ਕਿ ਮੋਗਾ ਬਣਿਆ ਨਸ਼ੇ ਦੀ ਰਾਜਧਾਨੀ ਇਹ ਸੱਚ ਹੈ। ਪਰ ਹੁਣ ਤਾਂ ਹਿੰਦੋਸਤਾਨ ਦੇ ਨਕਸ਼ੇ 'ਤੇ ਰੰਗਲਾ ਪੰਜਾਬ ਫਿੱਕਾ ਹੋ ਗਿਆ ਹੈ ਤੇ ਪੰਜਾਬ ਹਿੰਦੋਸਤਾਨ ਦੇ ਨਸ਼ੇ ਦੀ ਰਾਜਧਾਨੀ ਬਣ ਗਿਆ ਹੈ। ਜਿਸ ਹਿਸਾਬ ਨਾਲ ਪੰਜਾਬ 'ਚ ਨਸ਼ੇ ਵੱਧ ਰਹੇ ਨੇ ਤੇ ਨਸ਼ਿਆਂ ਦੀ ਅੱਤ ਹੋ ਗਈ ਹੈ, ਉਹ ਦਿਨ ਹੁਣ ਦੂਰ ਨਹੀਂ ਪੰਜਾਬ ਦੀਆਂ ਧੀਆਂ ਨੇ ਹੀ ਹੁਣ ਇਸ ਪੰਜਾਬ ਨੂੰ ਜਿਉਂਦਾ ਰੱਖਣਾ ਹੈ, ਕਿਉਂਕਿ ਗੱਭਰੂ ਤਾਂ ਹੁਣ ਨਸ਼ੇ ਨੇ ਖਾ ਲਏ, ਨਸ਼ਾ ਇਸ ਕਦਰ ਵਧ ਗਿਆ ਹੈ ਕਿ ਲੋਕ ਇੱਕ ਦੂਜੇ ਤੋਂ ਹੀ ਡਰੀ ਜਾਂਦੇ ਨੇ ਆਪਣੀ ਗਲੀ ਮੁਹੱਲੇ 'ਚ ਹੀ ਔਰਤਾਂ ਕੁੜੀਆਂ ਬੁੜੀਆਂ ਦਾ ਨਿੱਕਲਣਾ ਮੁਸ਼ਕਿਲ ਹੋ ਗਿਆ ਹੈ।

ਹਰ ਰੋਜ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਟੁੱਟੇ ਛਿੱਤਰ ਵਾਂਗ ਵੱਧ ਰਹੀਆਂ ਹਨ । ਨਸ਼ੇ 'ਚ ਫੁੱਲ ਟੈਟ ਸਕੂਟਰਾਂ ਮੋਟਸਾਈਕਲਾਂ, ਕਾਰਾਂ ਦੇ ਐਕਸੀਡੈਂਟਾਂ ਦੀ ਤਦਾਦ ਦਿਨੋ ਦਿਨ ਵੱਧਦੀ ਜਾ ਰਹੀ ਹੈ। ਚੈਨੀਆਂ, ਵਾਲੀਆਂ, ਪਰਸ, ਮੋਬਾਈਲ ਖੋਹਣਾ ਤਾਂ ਆਮ ਗੱਲ ਹੋ ਗਈ ਹੈ । ਕਾਰਨ ਇੱਕੋ ਨਸ਼ਾ ਹੈ, ਉਹ ਵੀ ਭਾਂਤ ਭਾਂਤ ਦਾ। ਪਰ ਪੁਲਿਸ ਤੇ ਸਰਕਾਰਾਂ ਦਾ ਕਹਿਣਾ ਹੈ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ, ਉਹ ਸ਼ਾਇਦ ਕਾਗਜ਼ੀ ਗੱਲ ਕਰ ਰਹੇ ਨੇ।

ਇਹ ਸਾਰਾ ਮਸਲਾ ਕੀ ਹੈ? ਅਸਲ 'ਚ ਇਹ ਲੁੱਟਾਂ ਖੋਹਾਂ ਕਰਨ ਵਾਲੇ ਕੌਣ ਨੇ..? ਇਹ ਨਸ਼ੇੜੀ ਗੱਭਰੂ ਸਾਡੇ ਆਪਣੇ ਹੀ ਬੱਚੇ ਨੇ। ਇਹ ਕਿਤੋਂ ਬਾਹਰਲੀ ਸਟੇਟ ਚੋਂ ਨਹੀਂ ਆਏ ਤੇ ਨਾ ਹੀ ਕਿਸੇ ਹੋਰ ਦੇਸ਼ ਦੇ ਨੇ। ਬੱਸ ਕਈ ਮਾਪਿਆਂ ਨੂੰ ਪਤਾ ਹੁੰਦਾ ਸਾਡਾ ਮੁੰਡਾ ਨਸ਼ਾ ਕਰਦਾ, ਪਰ ਉਹ ਅੰਦਰੋਂ ਦੁਖੀ ਹੁੰਦੇ ਨੇ ਪਰ ਲੋਕ ਕੀ ਕਹਿਣਗੇ, ਸਰੀਕਾ ਕੀ ਕਹੂਗਾ, ਇਹੋ ਜਿਹੀਆਂ ਗੱਲਾਂ ਲੈ ਕੇ ਬੈ ਗਈਆਂ ਨੇ। ਸਾਨੂੰ ਲੋੜ ਹੈ ਆਪਣੇ ਆਪਣੇ ਪੀੜੇ ਥੱਲੇ ਸੋਟਾ ਫੇਰਨ ਦੀ।

ਇੱਕ ਪੁਲਿਸ ਅਫਸਰ ਨੇ ਨਾਂ ਗੁਪਤ ਰੱਖਣ 'ਤੇ ਦਸਿਆ ਕਿ ਅਸੀਂ ਇਹਨਾਂ ਨਸ਼ੇੜੀਆਂ ਨੂੰ ਫੜਦੇ ਹਾਂ, ਤਾਂ ਸਾਨੂੰ ਧਮਕੀਆਂ ਤੇ ਸਿਆਸਤਦਾਨਾਂ ਕੋਲੋਂ ਗਾਲ੍ਹਾਂ ਮਿਲਦੀਆਂ ਨੇ ਅਸੀਂ ਕੀ ਕਰੀਏ…? ਸ਼ਾਡੇ ਅਫਸਰਾਂ ਨੂੰ ਉਪਰੋਂ ਫੋਨ ਆ ਜਾਂਦਾ ਹੈ।

ਮੇਰੇ ਦੋਸਤ ਸ੍ਰ. ਚਰਨਜੀਤ ਕੰਬੋ ਜੀ ਦਾ ਕਹਿਣਾ ਹੈ, ਹੁਣ ਤਾਂ ਘਰ ਤੋਂ ਬਾਹਰ ਨਿੱਕਲਣ 'ਤੇ ਡਰ ਲਗਦਾ ਹੈ ਕਿ ਕਿਤੇ ਕੋਈ ਨਸ਼ੇੜੀ ਸਿਰ 'ਚ ਚੀਜ ਨਾ ਮਾਰ ਦੇਵੇ। ਉਹਨਾਂ ਕਿਹਾ ਮੈਡੀਕਲਾਂ ਸਟੋਰਾਂ ਵਾਲਿਆਂ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਦਵਾਈ ਲੈਣ ਵਾਲੇ ਦੀ ਸ਼ਕਲ ਵੇਖ ਕੇ ਤੇ ਆਪਣੀ ਅਕਲ ਵੇਖ ਪਰਖ ਕੇ ਦਵਾਈ ਦਿਉ, ਕਿਉਂਕਿ ਕੱਲ ਨੂੰ ਤੁਹਾਡਾ ਬੱਚਾ ਵੀ ਇਸ ਨਸ਼ੇ ਦੀ ਦਲਦਲ ਚ ਜਾ ਸਕਦਾ ਹੈ।

ਇਹ ਜਿਹੜਾ ਉੱਪਰੋਂ ਫੋਨ ਆਉਂਦਾ ਹੈ, ਇਹ ਤਾਂ ਅਸੀਂ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰ ਰਹੇ ਹਾਂ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਛੱਡੋ ਝੂਠੇ ਸਟੇਟਸ ਸਿੰਬਲ ਨੂੰ, ਛੱਡੋ ਸਰੀਕੇ ਬਾਜ਼ੀ ਨੂੰ, ਛੱਡੋ ਲੋਕ ਕੀ ਕਹਿਣਗੇ ਨੂੰ, ਆਪਣੇ ਆਪਣੇ ਜਵਾਕਾਂ ਨੂੰ ਸੰਭਾਲੀਏ। ਆਪਣੇ ਘਰ ਤੋਂ ਬਿਨਾਂ ਕਿਸੇ ਡਰ ਤੋਂ ਸ਼ੁਰੂ ਕਰੀਏ। ਕਿਉਂਕਿ ਸਰਕਾਰ ਕੋਈ ਵੀ ਆ ਜਾਵੇ ਉਸ ਕੋਲੋਂ ਕੋਈ ਤਵਕੋਂ ਨਹੀਂ ਕੀਤੀ ਜਾ ਸਕਦੀ। ਇਹਨਾਂ ਨੂੰ ਤਾਂ ਉੱਪਰ ਵਾਲਾ ਹੀ ਅਕਲ ਦੇ ਸਕਦਾ ਜਿਹੜੇ ਸਭ ਕੁੱਛ ਵੇਖਦੇ ਹੋਏ ਵੀ ਸਿਆਸਤ ਦੇ ਨਸ਼ੇ 'ਚ ਅੰਨੇ ਹੋਏ ਫਿਰਦੇ ਨੇ।

1764 - ਗੁਰੂ ਰਾਮ ਦਾਸ ਨਗਰ, ਨੇੜੇ ਨੈਸਲੇ, ਮੋਗਾ-142001 ਪੰਜਾਬ, ਭਾਰਤ
098557-35666


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top