Share on Facebook

Main News Page

ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਿਆਂ ਦੇ ਦਰਿਆ ਵਿੱਚ ਰੁੜਦੇ ਜਾ ਰਹੇ ਹਨ
-: ਸ਼ਸ਼ੀ ਕਾਂਤ

ਅੰਮ੍ਰਿਤਸਰ 5 ਅਗਸਤ (ਜਸਬੀਰ ਸਿੰਘ ਪੱਟੀ) ਪੰਜਾਬ ਦੇ ਸਾਬਕਾ ਡੀ.ਜੀ.ਪੀ ਜੇਲਾਂ ਸ੍ਰੀ ਸ਼ਸ਼ੀ ਕਾਂਤ ਨੇ ਪੰਜਾਬ ਦੇ ਗਭਰੂਆਂ ਵਿੱਚ ਵੱਧਦੀ ਨਸ਼ਿਆਂ ਦੀ ਲੱਤ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ 70 ਫੀਸਦੀ ਤੋ ਵੀ ਵਧੇਰੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ ਜਿਹਨਾਂ ਨੂੰ ਰੋਕਣ ਲਈ ਜੇਕਰ ਤੁਰੰਤ ਉਪਰਾਲੇ ਨਾ ਕੀਤੇ ਗਏ ਤਾਂ ਪੰਜਾਬ ਦੀ ਅਗਲੀ ਪੀੜੀ ਵਿੱਚ ਵਾਧਾ ਹੋਣਾ ਵੀ ਮੁਸ਼ਕਲ ਹੋ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪਰਧਾਨ ਤੇ ਕਿਸਾਨ ਆਗੂ ਸ੍ਰੀ ਬਲਦੇਵ ਸਿੰਘ ਸਿਰਸਾ ਵੱਲੋਂ ਕਰਵਾਏ ਗਏ ਨਸ਼ਿਆਂ ਵਿਰੁੱਧ ਸੈਮੀਨਾਰ ਨੂੰ ਪੰਜਾਬ ਦੇ ਸਾਬਕਾ ਡੀ.ਜੀ.ਪੀ ਜੇਲਾਂ ਸ੍ਰੀ ਸ਼ਸ਼ੀ ਕਾਂਤ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦਾ ਨੌਜਵਾਨ ਹਰ ਪ੍ਰਕਾਰ ਦੇ ਨਸ਼ਿਆਂ ਦੀ ਕੋਹੜ ਦੀ ਬੀਮਾਰੀ ਦਾ ਸ਼ਿਕਾਰ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇੱਕ ਨਸ਼ਾ ਵਿਰੋਧੀ ਮੰਚ ਬਣਾਇਆ ਹੈ ਤਾਂ ਕਿ ਕੁਝ ਨਾ ਕੁਝ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲਈ ਯਤਨ ਕੀਤੇ ਜਾਣ। ਉਹਨਾਂ ਕਿਹਾ ਕਿ ਇਸ ਮੰਚ ਵੱਲੋ ਪਹਿਲੇ ਪੜਾਅ ਵਿੱਚ ਲੋਕਾਂ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਵੱਖ ਵੱਖ ਥਾਵਾਂ ਤੇ ਸੈਮੀਨਾਰ ਤੇ ਮੀਟਿੰਗਾਂ ਕਰਨ ਦਾ ਸਿਲਸਿਲਾ ਆਰੰਭ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਜਦੋਂ ਲੋਕ ਲਹਿਰ ਖੜੀ ਹੋ ਗਈ ਤਾਂ ਫਿਰ ਦੂਸਰੇ ਪੜਾਅ ਵਿੱਚ ਉਹਨਾਂ ਲੋਕਾਂ ਦੇ ਖਿਲਾਫ ਨਾ ਮਿਲਵਰਤਨ ਦਾ ਅੰਦੋਲਨ ਚਲਾਇਆ ਜਾਵੇਗਾ ਜਿਹੜੇ ਨਸ਼ਿਆਂ ਦੇ ਵਪਾਰੀ ਹਨ। ਉਹਨਾਂ ਕਿਹਾ ਕਿ ਤੀਸਰੇ ਪੜਾਅ ਵਿੱਚ ਸੜਕਾਂ ਤੇ ਉਤਰਨ ਦਾ ਪ੍ਰੋਗਾਰਮ ਦਿੱਤਾ ਜਾਵੇਗਾ ਅਤੇ ਉਹਨਾਂ ਲੋਕਾਂ ਦੀ ਜਨਤਕ ਤੌਰ 'ਤੇ ਜੁੱਤੀ ਪਰੇਡ ਕੀਤੀ ਜਾਵੇਗੀ ਜਿਹੜੇ ਨਸ਼ਿਆਂ ਦੀ ਸੌਦਾਗਰੀ ਕਰਦੇ ਹਨ। ਉਹਨਾਂ ਕਿਹਾ ਕਿ ਇਹ ਮੁਹਿੰਮ ਚੁਟਕੀ ਵਜਾਇਆ ਹੀ ਨੇਪਰੇ ਨਹੀ ਚੜ ਸਕਦੀ ਸਗੋਂ ਇਸ ਨੂੰ ਸਮਾਂ ਤਾਂ ਜਰੂਰ ਲੱਗੇਗਾ। ਉਹਨਾਂ ਕਿਹਾ ਕਿ ਇਹਨਾਂ ਤਿੰਨ ਪੜਾਵਾਂ ਤੋ ਪਹਿਲਾਂ ਜਨਤਾ ਦੇ ਸਹਿਯੋਗ ਦੀ ਸਖਤ ਜਰੂਰਤ ਹੈ।

ਉਹਨਾਂ ਕਿਹਾ ਕਿ ਬੜੇ ਹੀ ਅਫਸੋਸ਼ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਪੰਜਾਬ ਵਿੱਚ ਪ੍ਰਵਾਸੀ ਮਜਦੂਰ ਆ ਕੇ ਆਪਣੇ ਬੱਚਿਆ ਦਾ ਪੇਟ ਪਾਲਣ ਲਈ ਮਿਹਨਤ ਮਜਦੂਰੀ ਕਰਦੇ ਹਨ ਅਤੇ ਜਿਸ ਪ੍ਰਕਾਰ ਨਾਲ ਸਾਡੀ ਨੋਜਵਾਨ ਪੀੜੀ ਨਸ਼ਿਆਂ ਵਿੱਚ ਗਰਕਦੀ ਜਾ ਰਹੀ ਹੈ ਉਸ ਤੋ ਤਾਂ ਇਹ ਚਿੰਤਾ ਸਤਾ ਰਹੀ ਹੈ ਕਿ ਪੰਜਾਬੀਆ ਦੀ ਅਗਲੀ ਪੀੜੀ ਵੀ ਪ੍ਰਵਾਸੀ ਮਜਦੂਰਾਂ ਦੀ ਹੀ ਨਾ ਬਣ ਜਾਵੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਜਿਸ ਨੂੰ ਸਿੱਖਾਂ ਦਾ ਮੱਕਾ, ਸਿੱਖਾਂ ਦੀ ਰਾਜਧਾਨੀ ਮੰਨਿਆ ਜਾਂਦਾ ਹੈ ਅਤੇ ਇਥੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਵੀ ਹੈ ਅਤੇ ਬਹੁਤ ਸਾਰੇ ਲੋਕ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਹਨ, ਪਰ ਅੱਜ ਇਥੋਂ ਦੀ ਦਿਸ਼ਾ ਤੇ ਦਸ਼ਾ ਵੇਖ ਕੇ ਰੋਣ ਆਉਦਾ ਹੈ ਕਿ ਅੱਜ ਅੰਮ੍ਰਿਤਸਰ ਨਸ਼ਿਆਂ ਦੀ ਬਹੁਤ ਵੱਡੀ ਮੰਡੀ ਬਣ ਚੁੱਕਾ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਨਸ਼ੇ ਪਾਕਿਸਤਾਨ ਸਰਹੱਦ ਤੋ ਪਹਿਲਾਂ ਵੀ ਆਉਦੇ ਰਹੇ ਹਨ ਪਰ ਪਹਿਲੇ ਸਮੱਗਲਰ ਇੰਨੇ ਕੁ ਇਮਾਨਦਾਰ ਜਰੂਰ ਸਨ ਕਿ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨਹੀ ਦਿੰਦੇ ਸਨ। ਉਹਨਾਂ ਕਿਹਾ ਕਿ ਅੱਜ ਸਰਹੱਦ ਤੇ ਕੰਡਿਆਲੀ ਤਾਰ ਲੱਗ ਗਈ ਹੈ ਅਤੇ ਫਿਰ ਵੀ ਜੇਕਰ ਨਸ਼ੇ ਪਾਕਿਸਤਾਨ ਤੋ ਆ ਰਹੇ ਹਨ ਤਾਂ ਫਿਰ ਇਸ ਵਿੱਚ ਕੋਈ ਸ਼ੱਕ ਦੀ ਗੁੰਜਾਇਸ ਬਾਕੀ ਨਹੀ ਰਹਿੰਦੀ ਕਿ ਸਭ ਕੁਝ ਮਿਲੀ ਭੁਗਤ ਨਾਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਕਈ ਪ੍ਰਕਾਰ ਦੀਆ ਸਿਆਸੀ ਸਮੱਗਲਰਾਂ ਕੋਲੋ ਧਮਕੀਆ ਮਿਲ ਰਹੀਆ ਹਨ ਪਰ ਉਹਨਾਂ ਨੇ ਸਾਰਾ ਪਲੰਦਾ ਆਪਣੇ ਵਕੀਲਾਂ ਨੂੰ ਦੇ ਰੱਖਿਆ ਹੈ ਕਿ ਜੇਕਰ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਇਹ ਸਾਰਾ ਪਲੰਦਾ ਯੂ.ਐਨ.ਓ, ਸੀ.ਬੀ.ਆਈ ਤੇ ਮੀਡੀਆ ਨੂੰ ਰੀਲੀਜ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਨਸ਼ੇ ਜਿਥੇ ਤਰਨ ਤਾਰਨ ਵਿੱਚ ਆਟੇ ਵਾਂਗ ਵਿਕਦੇ ਹਨ ਉਥੇ ਮਜੀਠਾ ਵਿੱਚ ਵੀ ਪੁਲੀਸ ਦੀ ਨਿਗਰਾਨੀ ਹੇਠ ਸ਼ਰੇਆਮ ਨਸ਼ਿਆਂ ਦਾ ਵਪਾਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ‘‘ਨਸ਼ਿਆਂ ਦੇ ਪੱਟਦੇ ਪੰਜਾਬੀ ਗਭਰੂ’’ ਵਾਲਾ ਅਖਾਣ ਪੰਜਾਬ ਦੋ ਨੌਜਵਾਨਾਂ 'ਤੇ ਪੂਰੀ ਤਰਾ ਢੁੱਕਦਾ ਹੈ।

ਇਸੇ ਤਰਾ ਸ਼ੋਸ਼ਲਿਸ਼ਟ ਪਾਰਟੀ ਦੇ ਲੀਡਰ ਬਲਵੰਤ ਸਿੰਘ ਖੇੜਾ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਮੁਹਿੰਮ ਅੱਜ ਕੋਈ ਨਵੀ ਨਹੀ ਸ਼ੁਰੂ ਕੀਤੀ ਗਈ ਸਗੋਂ ਅਜਾਦੀ ਤੋਂ ਪਹਿਲਾਂ ਹੀ ਮਹਾਤਮਾ ਗਾਂਧੀ ਨੇ ਇਸ ਮੁਹਿੰਮ ਦਾ ਅਗਾਜ ਕੀਤਾ ਸੀ ਕਿਉਕਿ ਉਹ ਭਾਰਤ ਨੂੰ ਨਸ਼ਾ ਮੁਕਤ ਸਟੇਟ ਬਣਾਉਣਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਉਸ ਵੇਲੇ ਸਿਆਸੀ ਆਗੂ ਨਸ਼ਿਆਂ ਦੇ ਖਿਲਾਫ ਜੇਲਾਂ ਵਿੱਚ ਜਾਂਦੇ ਸਨ ਪਰ ਅੱਜ ਸਿਆਸੀ ਆਗੂ ਹੀ ਨਸ਼ਿਆਂ ਦੇ ਵਪਾਰੀ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸ਼ਸ਼ੀ ਕਾਂਤ ਵੱਲੋਂ ਸ਼ੁਰੂ ਕੀਤੀ ਮੁਿਹੰਮ ਦਾ ਡੱਟ ਤੇ ਸਾਥ ਦਿੱਤਾ ਜਾਣਾ ਚਾਹੀਦਾ ਹੈ। ਖਾਲਸਾ ਕਾਲਜ ਦੀ ਗਵਰਨਿੰਗ ਕੋਸ਼ਲ ਦੇ ਮੈਂਬਰ ਪ੍ਰੋ. ਸਰਬਜੀਤ ਸਿੰਘ ਛੀਨਾ ਨੇ ਕਿਹਾ ਕਿ ਸਾਰੀਆ ਅਲਾਮਤਾਂ ਦੀ ਜੜ ਬੇਰੁਜਗਾਰੀ ਹੈ ਜਿਸ ਨੂੰ ਖਤਮ ਕਰਨ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀ ਹੈ। ਉਹਨਾਂ ਕਿਹਾ ਕਿ ਸ਼ਰਾਬ ਹੀ ਨਸ਼ਿਆਂ ਦਾ ਆਧਾਰ ਬਣਦੀ ਹੈ।

ਨਸ਼ਿਆਂ ਵਿਰੁੱਧ ਕਿਤਾਬਾਂ ਲਿਖਣ ਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬਾਦ ਕਰਨ ਵਾਲੇ ਡਾਂ ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਨੌਜਵਾਨ ਵਿੱਚ ਨਸ਼ਿਆਂ ਦਾ ਰੁਝਾਨ ਵਧੇਰੇ ਕਰਕੇ ਮਾਨਸਿਕ ਦਬਾਊ ਕਾਰਨ ਬਣਦਾ ਹੈ। ਉਹਨਾਂ ਕਿਹਾ ਕਿ 67 ਫੀਸਦੀ ਲੋਕ ਸਿਰਫ ਡਿਪਰੈਸ਼ਨ ਕਾਰਨ ਹੀ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੇ ਹਨ ਜੋ ਬਾਅਦ ਵਿੱਚ ਹੋਰ ਘਾਤਕ ਨਸ਼ਿਆਂ ਦਾ ਦਲ ਦਲ ਵਿੱਚ ਫਸ ਜਾਂਦੇ ਹਨ। ਉਹਨਾਂ ਕਿਹਾ ਕਿ ਸ਼ਰਾਬ ਹੀ ਬਾਕੀ ਨਸ਼ਿਆਂ ਦੀ ਜੜ ਹੁੰਦੀ ਹੈ ਅਤੇ ਸ਼ਰਾਬ ਦਾ ਸਮਾਜੀਕਰਨ ਕਰਨ ਦੀ ਬਜਾਏ ਸ਼ਰਾਬ ਦੇ ਵਪਾਰੀਆ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੁਆਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ (ਗੁਰੂ ਨਾਨਕ ਹਸਪਤਾਲ) ਵਿਖੇ ਦਾਖਲ ਨਸ਼ੇੜੀਆ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਨਸ਼ੇ ਹਰ ਰੋਜ ਕਿੰਨੀ ਰਾਸ਼ੀ ਦਾ ਕਰ ਲੈਦੇ ਹਨ ਤਾਂ ਉਹਨਾਂ ਕਿਹਾ ਕਿ 1500 ਤੋ 2000 ਹਜਾਰ ਰੁਪਏ ਖਰਚ ਕਰਦੇ ਹਨ ਜਿਹੜੇ ਕਿਸੇ ਵੀ ਮਾਂ ਬਾਪ ਦੇ ਸਹਿਣਯੋਗ ਰਾਸ਼ੀ ਨਹੀ ਹੈ। ਉਹਨਾਂ ਕਿਹਾ ਕਿ ਮਾਂ ਪਿਉ ਨੂੰ ਚਾਹੀਦਾ ਹੈ ਕਿ ਉਹ ਘਰ ਵਿੱਚ ਬੱਚਿਆ ਕੇ ਵਿੱਚ ਬੈਠ ਕੇ ਉਹਨਾਂ ਵਿੱਚ ਆਦਰਸ਼ ਸੰਸਕਾਰਾਂ ਦੀ ਭਾਵਨਾ ਉਜਾਗਰ ਕਰਨ ਪਰ ਅਜਿਹਾ ਹੋ ਨਹੀ ਰਿਹਾ ਹੈ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ੍ਰੀ ਗੁਰਵਿੰਦਰ ਸਿੰਘ ਸ਼ਾਮਪੁਰਾ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਤਿੰਨ ਨੰਨੇ ਪਰਧਾਨ ਤੇ ਇਹਨਾਂ ਤਿੰਨਾਂ ਦੀ ਲਪੇਟ ਵਿੱਚ ਸਾਡਾ ਸਮਾਜ ਪੂਰੀ ਤਰਾ ਆ ਚੁੱਕਾ ਹੈ ਜਿਹਨਾਂ ਵਿੱਚ ਨਸ਼ਾ, ਨੰਗੇਜ ਤੇ ਨਕਲ ਸ਼ਾਮਲ ਹਨ। ਨਸ਼ਾ ਸਾਨੂੰ ਸਰਕਾਰ ਦੇ ਰਹੀ ਹੈ, ਨੰਗੇਜ ਟੀ.ਵੀ ਪਰੋਸ ਰਿਹਾ ਹੈ ਜਦ ਕਿ ਨਕਲ ਮਾਰ ਕੇ ਪਾਸ ਹੋਣ ਵਾਲੇ ਬੱਚੇ ਨਾ ਦੇਸ ਭਗਤ ਹੋ ਸਕਦੇ ਹਨ ਅਤੇ ਨਾ ਹੀ ਕੋਈ ਸਾਰਥਿਕ ਨੌਕਰੀ ਕਰਨ ਦੇ ਕਾਬਲ ਹੁੰਦੇ ਹਨ। ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕਤੱਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਨਸ਼ਿਆਂ ਦੇ ਵਪਾਰੀਆ ਦੇ ਬਣੇ ਗਠਜੋੜ ਜਿਹਨਾਂ ਵਿੱਚ ਪੁਲੀਸ, ਪੋਲੀਟੀਸੀਅਲ ਤੇ ਬਿਊਰੋ ਕਰਟੇਸ ਸ਼ਾਮਲ ਹਨ ਨੂੰ ਤੋੜਨ ਦੀ ਬਹੁਤ ਜਰੂਰਤ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਧਰਮ ਦਾ ਸਹਾਰਾ ਲੈ ਕੇ ਇਸ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ ਕਿਉਕਿ ਧਰਮ ਹੀ ਨੈਤਿਕਤਾ ਦਾ ਪਾਠ ਪੜਾਉਦਾ ਹੈ। ਅਮਰੀਕਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਸ੍ਰੀ ਸੰਪੂਰਨ ਸਿੰਘ ਨੇ ਕਿਹਾ ਕਿ ਇਸ ਲੜਾਈ ਨੂੰ ਜੰਗੀ ਪੱਧਰ ਤੇ ਵਿੱਢਿਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੇ ਕਮੇਟੀ ਹਰ ਪ੍ਰਕਾਰ ਦਾ ਸਾਥ ਦੇਣ ਲਈ ਵਚਨਬੱਧ ਹੈ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਸਾਬਕਾ ਫੌਜੀਆ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸਾਬਕਾ ਅਕਾਲੀ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਤੇ ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਸੁਰਿੰਦਰ ਸਿੰਘ ਦੋਬਲੀਆ ਨੇ ਵੀ ਆਪਣੇ ਵਿਚਾਰ ਰੱਖੇ।

ਬਲਦੇਵ ਸਿੰਘ ਸਿਰਸਾ ਨੇ ਜਿਥੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ ਉਥੇ ਉਹਨਾਂ ਨੇ ਦੱਸਿਆ ਕਿ ਤਰਨ ਤਾਰਨ ਜਿਲੋ ਇੱਕ ਅਕਾਲੀ ਵਿਧਾਇਕ ਦੇ ਖਿਲਾਫ ਉਹਨਾਂ ਨੇ ਅਦਾਲਤ ਵਿੱਚ ਨਸ਼ਿਆਂ ਦੀ ਤਸਕਰੀ ਕਰਨ ਦਾ ਕੇਸ ਵੀ ਕੀਤਾ ਹੋਇਆ ਹੈ। ਸ਼ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਸ੍ਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋ ਜੰਗੀ ਪੱਧਰ ਤੇ ਮੁਹਿੰਮ ਵਿੱਢੀ ਗਈ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਹਨਾਂ ਕਿਹਾ ਕਿ ਉਹਨਾਂ ਦੇ ਆਗੂ ਭਾਂਵੇ ਜੇਲ ਵਿੱਚ ਹਨ ਫਿਰ ਵੀ ਨਸ਼ਿਆਂ ਤੋ ਹੋਰ ਸਮਾਜਿਕ ਬੁਰਾਈਆ ਦੇ ਖਿਲਾਫ ਸੰਘਰਸ਼ ਜਾਰੀ ਰਹੇਗਾ।

 

Source: Punjab Spectrum


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top