Share on Facebook

Main News Page

ਲੋਕਾਂ ਨੇ ਅੱਧੀ ਰਾਤ ਨੂੰ ਲੁਟੇਰਿਆਂ ਵਰਗੇ ਹਥਿਆਰਾਂ ਸਮੇਤ ਕਾਬੂ ਕੀਤੇ ਪੁਲਿਸੀਏ

* ਲੋਕਾਂ ’ਤੇ ਲਾਠੀਚਾਰਜ ਕਰਦੀ ਹੋਏ ਪੁਲੀਸ ਮੁਲਜ਼ਮ

ਚੇਤਨਪੁਰਾ, 4 ਅਗਸਤ : ਅੱਜ ਪੁਲੀਸ ਥਾਣਾ ਕੰਬੋਜ ਅਧੀਨ ਪੈਂਦੇ ਪਿੰਡ ਬੱਲ ਖੁਰਦ ਵਿੱਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਅੱਜਕੱਲ੍ਹ ਉੱਡ ਰਹੀਆਂ ਅਫ਼ਵਾਹਾਂ ਕਾਰਨ ਰਾਤ ਨੂੰ ਗਸ਼ਤ ਕਰ ਰਹੀ ਪੁਲੀਸ ਪਾਰਟੀ ਨੂੰ ਪਿੰਡ ਵਾਸੀਆਂ ਨੇ ਬੰਦੀ ਬਣਾ ਲਿਆ ਤੇ ਪੁਲੀਸ ਪਾਰਟੀ ਦੀ ਗੱਡੀ ਵਿੱਚੋਂ ਕਿਰਪਾਨਾਂ, ਡਾਂਗਾਂ ਤੇ ਹੋਰ ਹਥਿਆਰ ਮਿਲੇ।

ਥਾਣਾ ਕੰਬੋਜ ਦੇ ਐਸ.ਐਚ.ਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੰਦੀ ਬਣਾਏ ਗਏ ਪੁਲੀਸ ਮੁਲਾਜ਼ਮਾਂ ਵਿੱਚ ਏਐਸਆਈ ਮੋਹਣ ਸਿੰਘ, ਹੌਲਦਾਰ ਸੁਲੱਖਣ ਸਿੰਘ, ਡਰਾਈਵਰ ਬਲਜੀਤ ਸਿੰਘ ਤੇ ਪੀਐਸਓ ਹਰਜੀਤ ਸਿੰਘ ਸ਼ਾਮਲ ਸਨ ਜਿਨ੍ਹਾਂ ਨੂੰ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੋਕਾਂ ਦੀ ਗ੍ਰਿਫ਼ਤ ਵਿੱਚੋਂ ਛੁਡਾਇਆ ਗਿਆ।

ਇਸ ਘਟਨਾ ਦੇ ਵਿਰੋਧ ਵਿੱਚ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਲੋਕਾਂ ਨੇ ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਰੋਡ ਜਾਮ ਕਰ ਦਿੱਤਾ। ਪੁਲੀਸ ਦੀ ਗੱਡੀ ਵਿੱਚੋਂ ਮਿਲੇ ਤੇਜ਼ਧਾਰ ਹਥਿਆਰਾਂ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਰਚਾ ਸੀ। ਲੋਕਾਂ ਦਾ ਕਹਿਣਾ ਸੀ ਕਿ ਪੁਲੀਸ ਪਿੰਡਾਂ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਉਨ੍ਹਾਂ ਦੀ ਮੰਗ ਸੀ ਕਿ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਧਰਨਾ ਦੇ ਰਹੇ ਲੋਕਾਂ ਨੂੰ ਪੁਲੀਸ ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕਾਂ ਨੇ ਇੱਟਾਂ ਰੋੜਿਆਂ ਨਾਲ ਪੁਲੀਸ ’ਤੇ ਧਾਵਾ ਬੋਲ ਦਿੱਤਾ ਤੇ ਪੁਲੀਸ ਦੀ ਇੱਕ ਬੱਸ 'ਤੇ ਮਹਿੰਦਰਾ ਗੱਡੀ ਭੰਨ੍ਹ ਦਿੱਤੀ ਜਿਸ ਦੇ ਵਿਰੋਧ ਵਿੱਚ ਪੁਲੀਸ ਵੱਲੋਂ ਲੋਕਾਂ ’ਤੇ ਲਾਠੀਚਾਰਜ, ਹਵਾਈ ਫਾਇਰ ਕੀਤੇ ਗਏ ਤੇ ਗੈਸ ਦੇ ਗੋਲੇ ਛੱਡੇ ਗਏ। ਇਸ ਦੌਰਾਨ ਕੁਝ ਪੁਲੀਸ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਸੱਟਾਂ ਵੀ ਲੱਗੀਆਂ। ਇਸ ਮੌਕੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ, ਮਨਮੋਹਨ ਸਿੰਘ ਐਸ.ਐਸ.ਪੀ ਜ਼ਿਲ੍ਹਾ ਦਿਹਾਤੀ, ਜਗਜੀਤ ਸਿੰਘ ਐਸ.ਪੀ ਜਗਜੀਤ ਸਿੰਘ ਤੇ ਐਸ.ਐਸ.ਓ ਯਾਦਵਿੰਦਰ ਸਿੰਘ ਥਾਣਾ ਕੰਬੋਜ ਨੇ ਲੋਕਾਂ ਨੂੰ ਸ਼ਾਂਤ ਕਰਦਿਆਂ ਭਰੋਸਾ ਦਿੱਤਾ ਕਿ ਜੇਕਰ ਪੁਲੀਸ ਮੁਲਾਜ਼ਮਾਂ ਦੀ ਕੋਈ ਗਲਤੀ ਹੋਈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Source: http://punjabnewsusa.com/wp/?p=36555


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top