Share on Facebook

Main News Page

ਅਜੋਕੇ ਸਿੱਖ ਅਖਵਾਉਣ ਵਾਲੇ, ਕੀ ਸ਼ਨੀ ਦੇ ਪੁਜਾਰੀ ਹਨ ?
-: ਸੰਪਾਦਕ ਖ਼ਾਲਸਾ ਨਿਊਜ਼

 

ਫਤਹਿ ਮਲਟੀਮੀਡੀਆ ਵਲੋਂ ਪੁਛਿਆ ਗਿਆ ਸਵਾਲ "ਅਜੋਕੇ ਸਿੱਖ ਅਖਵਾਉਣ ਵਾਲੇ, ਕੀ ਸ਼ਨੀ ਦੇ ਪੁਜਾਰੀ ਹਨ ?" ਸਿੱਖ ਅਖਵਾਉਣ ਵਾਲੇ ਸ਼ਨੀ ਤਾਂ ਕੀ, ਹਰ ਉਸ ਚੀਜ਼ ਦੇ ਪੁਜਾਰੀ ਹਨ, ਜਿਨ੍ਹਾਂ ਤੋਂ ਗੁਰੂ ਸਾਹਿਬ ਨੇ ਹਟਾਇਆ ਸੀ। ਅਜੋਕਾ ਸਿੱਖ ਤਾਂ ਮਹਾਂਕਾਲ, ਦੁਰਗਾ, ਲਛਮੀ, ਵਿਸ਼ਵਕਰਮਾ, ਸਾਂਈ, ਅਖੌਤੀ ਸਾਧ, ਪਖੰਡੀ ਬਾਬੇ, ਮੜੀਆਂ, ਮਸਾਣਾਂ, ਗੁੱਗੇ, ਪੀਰ ਹੋਰ ਬੇਅੰਤ ਕਿਸਮ ਦੇ ਮਨਮਤਾਂ ਦੇ ਪੂਜਾਰੀ ਹਨ, ਜਦਕਿ ਗੁਰੂ ਵਲੋਂ ਸਿਰਫ ਇੱਕ ਅਕਾਲਪੁਰਖ ਅਤੇ ਗੁਰੂ ਦੀ ਬਾਣੀ ਨੂੰ  / ਗੁਰੂ ਦੀ ਬਾਣੀ ਦੀ ਮੰਨਣ ਲਈ, ਅਤੇ ਕਿਸ ਤਰ੍ਹਾਂ ਨਿਰਮਲ ਜੀਵਨ ਜੀਊਣਾ ਹੈ, ਸਿਰਫ ਉਪਦੇਸ਼ ਨਹੀਂ, ਆਪ ਉਸ ਅਨੁਸਾਰ ਜੀਵਨ ਜੀਉ ਕੇ ਵਿਖਾਇਆ।

ਫਤਹਿ ਮਲਟੀਮੀਡੀਆ ਵਲੋਂ ਬਣਾਈ ਗਈ ਇਹ ਵੀਡੀਓ ਪੋਲ ਖੋਲਦੀ ਹੈ ਉਨ੍ਹਾਂ ਸਿੱਖ ਅਖਵਾਉਣ ਵਾਲਿਆਂ ਦੀ, ਜਿਹੜੇ ਸਿਰਫ ਪੱਗ ਬੰਨਣ, ਦਾੜੀ ਕੇਸ ਨਾ ਕੱਟਣ ਤੱਕ ਹੀ ਸੀਮਿਤ ਨੇ, ਤੇ ਸਿਰਫ ਇਸ ਨੂੰ ਹੀ ਸਿੱਖੀ ਸਮਝਦੇ ਹਨ। ਕੇਸ, ਦਾੜੀ, ਅਤੇ ਬਾਕੀ ਸਰੀਰ ਦੇ ਰੋਮ ਨਾ ਕੱਟਣਾ, ਮਨੁੱਖ ਦੀ ਨਿਸ਼ਾਨੀ ਹੈ, ਸਿੱਖ ਦੀ ਨਹੀਂ। ਜੋ ਸਿੱਖ ਗੁਰੂ ਦਾ ਕਹਿਆ ਮੰਨਦਾ ਹੈ, ਰੱਬ ਦੀ ਕੁਦਰਤ ਨੂੰ ਮੰਨਦਾ ਹੈ ਤਾਂ ਉਸ ਰੱਬ ਦੀ ਬਣਾਈ ਇਸ ਦੇਹੀ ਨੂੰ ਸਾਂਭ ਕੇ ਰੱਖਣਾ ਉਸਦਾ ਫਰਜ਼ ਹੈ। ਜਿਸ ਤਰ੍ਹਾਂ ਸ਼ਰੀਰ ਦੇ ਬਾਕੀ ਅੰਗਾਂ ਦੀ ਸੰਭਾਲ ਜ਼ਰੂਰੀ ਹੈ, ਕੇਸਾਂ ਤੇ ਰੋਮਾਂ ਦੀ ਵੀ ਜ਼ਰੂਰੀ ਹੈ। ਤੇ ਸਿੱਖ ਉਸ ਕਾਦਰ ਦੀ ਕੁਦਰਤ ਦੇ ਵਿਰੁੱਧ ਨਹੀਂ ਜਾਂਦਾ।

ਪਰ ਸਿੱਖ ਅਖਵਾਉਣ ਵਾਲਾ ਸਿੱਖ ਉਦੋਂ ਬਣਦਾ ਹੈ, ਜਦੋਂ ਗੁਰੂ ਦੇ ਕਹੇ ਅਨੁਸਾਰ ਚੱਲੇ, ਬਾਣੀ ਪੜ੍ਹੇ, ਸਮਝੇ ਅਤੇ ਉਸ 'ਤੇ ਅਮਲ ਕਰੇ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ:

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥

ਗੁਰੂ ਰਾਮਦਾਸ ਜੀ ਕਹਿੰਦੇ ਹਨ:

ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥

ਪਰ, ਸਿੱਖ ਅਖਵਾਉਣ ਵਾਲਾ ਪੱਥਰਾਂ ਦਾ ਪੁਜਾਰੀ ਕਿਵੇਂ ਬਣ ਗਿਆ, ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਹਨ:

ਮਃ ੧ ॥ ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥ {ਪੰਨਾ 556}

ਅਰਥ: ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ, ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ, ਇਹਨਾਂ ਅੰਨਿ੍ਹਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾਹ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾਹ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ।

(ਹੇ ਭਾਈ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹਉ) ਜਦੋਂ ਉਹ ਆਪ (ਪਾਣੀ ਵਿਚ) ਡੁੱਬ ਜਾਂਦੇ ਹਨ (ਤਾਂ ਉਹਨਾਂ ਨੂੰ ਪੂਜ ਕੇ) ਤੁਸੀ (ਸੰਸਾਰ-ਸਮੁੰਦਰ ਤੋਂ) ਕਿਵੇਂ ਤਰ ਸਕਦੇ ਹਉ?

ਇਹ ਗੱਲ ਸਿਰਫ ਹਿੰਦੂਆਂ ਤੱਕ ਸੀਮਿਤ ਨਹੀਂ, ਹਰ ਉਸ ਵਿਅਕਤੀ ਲਈ ਹੈ ਜੋ ਗੁਰੂ ਗ੍ਰੰਥ ਸਾਹਿਬ ਨੂੰ / ਦੀ ਮੰਨਦਾ ਹੈ।

ਗੁਰੂ ਅਰਜਨ ਸਾਹਿਬ ਜੀ ਵੀ ਕਹਿੰਦੇ ਹਨ:

ਮਹਲਾ ੫ ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥੨॥ ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥ ਦੂਜੈ ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥ {ਪੰਨਾ 1160}

ਅਰਥ:- ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ।1।ਰਹਾਉ। ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ । ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ ।1। ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ, ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ । ਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁਝ ਦੇ ਸਕਦਾ ਹੈ, (ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ ।2। ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ, ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ । ਤੇ, ਜੇ ਕੋਈ ਮੁਰਦੇ ਨੂੰ ਗੰਦ ਵਿਚ ਰੋਲ ਦੇਵੇ, ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ ।3। ਕਬੀਰ ਆਖਦਾ ਹੈ-ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ ‘ਹੇ ਰੱਬ ਨਾਲੋਂ ਟੁੱਟੇ ਹੋਏ ਮੂਰਖ! ਸਮਝ ਕੇ ਵੇਖ, ਰੱਬ ਨੂੰ ਛੱਡ ਕੇ ਹੋਰ ਹੋਰ ਵਿਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ । ਸਦਾ ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ’ ।4।4।12।

ਗੁਰੂ ਸਾਹਿਬ ਨੇ ਤਾਂ ਇਸ ਲੋਕਾਈ ਨੂੰ ਸਮਝਾਇਆ ਸੀ, ਤੇ ਗੁਰੂ ਨਾਨਕ ਦਾ ਸਿੱਖ ਅਖਵਾਉਣ ਵਾਲਾ ਆਪ ਹੀ ਇਨ੍ਹਾਂ ਪੱਥਰਾਂ ਦੀ ਪੂਜਾ ਕਰਣ ਲੱਗ ਪਿਆ, ਹੈ ਨਾ ਅੰਧੇਰ...

ਸਿੱਖ ਅਖਵਾਉਣ ਵਾਲੇ ਪੱਥਰ ਤਾਂ ਕੀ, ਮੜੀਆਂ, ਮਸਾਣਾਂ, ਗੁੱਗੇ, ਪੀਰ, ਅਖੌਤੀ ਸਾਧ, ਬਾਬੇ, ਹਰ ਕਿਸੇ ਨੂੰ ਪੂਜਣ ਲੱਗ ਪਏ, ਗੁਰਦੁਆਰਿਆਂ ਵਿੱਚ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਵਾਂਗ ਮੱਥਾ ਟੇਕਣ ਅਤੇ ਚੱਕਰ ਕੱਟਣ ਤੱਕ ਹੀ ਸੀਮਿਤ ਹੈ, ਗੁਰੂ ਕੀ ਕਹਿੰਦਾ ਹੈ, ਉਸ ਬਾਰੇ ਕੋਈ ਖਿਆਲ ਨਹੀਂ।

ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥ ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥ ਗੁਣ ਨਾਨਕੁ ਬੋਲੈ ਭਲੀ ਬਾਣਿ ॥ ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥

ਗੁਰੂ ਨਾਨਕ ਦੀ ਭਲੀ ਬਾਣੀ ਸਮਝਣ ਦਾ ਸਮਾਂ ਨਹੀਂ, ਐਂਵੇਂ ਪੱਥਰਾਂ 'ਤੇ ਨੱਕ ਰਗੜੀ ਜਾਂਦਾ ਹੈ। ਗੁਰੂ ਕਹਿੰਦਾ ਹੈ ਕਿ ਸੁਜਾਖੇ ਬਣੋ, ਮੱਨ ਦੀਆਂ ਅੱਖਾਂ ਖੋਲੋ, ਪਛਾਣੋ ਸਹੀ ਕੀ ਹੈ, ਤੇ ਗਲਤ ਕੀ ਹੈ।

ਸੰਗਮਰਮਰ ਦੇ ਬਣੇ ਗੁਰਦੁਆਰੇ ਤਾਂ ਆਪ ਹੀ ਵਪਾਰ ਕੇਂਦਰ, ਭਰਮ ਜਾਲ ਫੈਲਾਉਣ ਦੇ ਅੱਡੇ ਬਣ ਗਏ ਹਨ, ਗੁਰ ਦੇ ਕਹਿਣੇ ਤੋਂ ਉਲਟ ਕੰਮ ਕਰਕੇ ਸਿੱਖ ਅਖਵਾਉਣ ਵਾਲਿਆਂ ਦਾ ਬੁਰਾ ਹਾਲ ਹੈ। ਇਹ ਤਾਂ ਸ਼ਨੀ ਦਾ ਮੰਦਿਰ ਹੈ, ਅਜੋਕੇ ਸਿੱਖ ਤਾਂ ਸ਼ਨੀਵਾਰ ਵਾਲੇ ਦਿਨ ਗੁਰਦੁਆਰੇ ਵੀ ਛੋਲਿਆਂ ਦਾ ਪ੍ਰਸ਼ਾਦ ਚੜਾਉਂਦੇ ਨੇ, ਜੋ ਕਿ ਹੋਰ ਇੱਕ ਭਰਮ ਅਧੀਨ ਹੋਣ ਵਾਲਾ ਕਰਮਕਾਂਡ ਹੈ। ਛੋਲੇ ਖਾਣੇ ਮਾੜੇ ਨਹੀਂ, ਪਰ ਸ਼ਨੀਵਾਰ ਨੂੰ ਹੀ ਕਿਉਂ, ਹੋਰ ਕਿਸੇ ਦਿਨ ਕਿਉਂ ਨਹੀਂ? ਕਿਉਂਕਿ ਸ਼ਨੀਵਾਰ ਵਾਲੇ ਦਿਨ ਸ਼ਨੀ ਦੇਵਤੇ ਦੀ ਅਖੌਤੀ ਕ੍ਰੋਪੀ ਤੋਂ ਬੱਚਣ ਲਈ ਇਹ ਕਰਮਕਾਂਡ ਸਿੱਖਾਂ 'ਚ ਵੜਿਆ ਹੈ।

ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥ ਪਸੂ ਭਏ ਅਭਿਮਾਨੁ ਨ ਜਾਈ ॥੨॥

ਇਸ ਮਨਮੁਖ ਨੂੰ ਗੁਰਮਤਿ ਚੰਗੀ ਨਹੀਂ ਲਗਦੀ, ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਰੱਖਦਾ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਚੁਕੀ ਭੈੜੀ ਮਤਿ ਦੇ ਪਿੱਛੇ ਲੱਗ ਕੇ ਹੀ ਕਾਰ ਕਰੀ ਜਾਂਦਾ ਹੈ।

ਅੰਤ ਵਿਚ ਗੁਰੂ ਸਾਹਿਬ ੳਨੁਸਾਰ ਸਿੱਖ ਸਿਰਫ ਉਹੀ ਹੈ ਜੋ ਗੁਰੂ ਦੇ ਭਾਣੇ ਵਿੱਚ ਚੱਲੇ, ਜੋ ਆਪਣੀ ਕੁਮੱਤ ਅਨੁਸਾਰ ਚਲਦੇ ਨੇ ਧੱਕੇ ਖਾਂਦੇ ਨੇ, ਤੇ ਸਿੱਖ ਅਖਵਾਉਣ ਵਾਲੇ ਖਾ ਰਹੇ ਨੇ।

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top