Share on Facebook

Main News Page

ਵਿਆਹ-ਸ਼ਾਦੀ ਦੀਆਂ ਰਸਮਾਂ ਲਈ ਗੁਰਬਾਣੀ ਦੀ ਵਰਤੋਂ ਬਾਰੇ
-: ਜਸਬੀਰ ਸਿੰਘ ਵਿਰਦੀ

ਅੱਜ ਤੋਂ ਕੁਝ ਸਮਾਂ ਪਹਿਲਾਂ ਤੱਕ ਸਿੱਖੀ ਨੂੰ ਖੋਰਾ ਲਗਾਣ ਲਈ ਬਾਹਰੋਂ ਅਨਮਤੀਏ ਘੁਸਪੈਠ ਕਰਕੇ ਕੋਈ ਨਾ ਕੋਈ ਨਵੀਂ ਢੁੱਚਰ ਡਾਹੀ ਰੱਖਦੇ ਸੀ। ਪਰ ਹੁਣ ਤਾਂ ਅਨਮਤੀਆਂ ਨਾਲੋਂ ਜਿਆਦਾ ਸਿੱਖੀ ਭੇਸ ਵਿੱਚ ਹੀ ਸਿੱਖੀ ਨੂੰ ਖੋਰਾ ਲਗਾਣ ਵਾਲੇ ਪੈਦਾ ਹੋ ਗਏ ਹਨ। ਤਰਾਸਦੀ ਇਹ ਹੈ ਕਿ ਗੁਰਮਤਿ ਨੂੰ ਖੋਰਾ ਲਗਾਣ ਵਾਲੇ ਹੀ ਇਹ ਲੋਕ ਆਪਣੇ ਆਪ ਨੂੰ ਜਾਗਰੁਕ ਅਤੇ ਗੁਰਮਤਿ ਦੇ ਅਸਲੀ ਪ੍ਰਚਾਰਕ ਦੱਸ ਰਹੇ ਹਨ। ਗੁਰਮਤਿ ਦੇ ਨਾਮ ਤੇ ਹੀ ਇਨ੍ਹਾਂ ਲੋਕਾਂ ਨੇ ਆਪਣੀਆਂ ਵੱਖਰੀਆਂ ਸੰਸਥਾਵਾਂ ਖੋਲ੍ਹ ਰੱਖੀਆਂ ਹਨ। ਗੁਰੂ ਸਾਹਿਬਾਂ ਨੂੰ ਗੁਰੂ ਕਹਿਣ ਵਿੱਚ ਵੀ ਇਨ੍ਹਾਂ ਲੋਕਾਂ ਨੂੰ ਇਤਰਾਜ ਹੈ। ਗੁਰੂ ਸਾਹਿਬਾਂ ਦੇ ਪੁਰਬ ਮਨਾਣੇ ਵੀ ਇਨ੍ਹਾਂ ਨੂੰ ਵਿਅਰਥ ਕੰਮ ਲੱਗਦਾ ਹੈ। ਹੋਰ ਤਾਂ ਹੋਰ ਕਿਸੇ ਵੀ ਤਰੀਕੇ ਨਾਲ ਇਨ੍ਹਾਂ ਨੂੰ ਗੁਰੂ ਸਾਹਿਬਾਂ ਦਾ ਨਾਮ ਉਚਾਰਨਾ ਵੀ ਗਵਾਰਾ ਨਹੀਂ। ਗੁਰੂ ਸਾਹਿਬਾਂ ਨੂੰ ਬਾਬਾ ਨਾਨਕ, ਦੂਸਰੇ ਨਾਨਕ, ਤੀਸਰੇ ਨਾਨਕ, ਚੌਥੇ ਨਾਨਕ ਆਦਿ ਨਾਵਾਂ ਨਾਲ ਸੰਬੋਧਨ ਕਰਨਾ ਪਸੰਦ ਕਰਦੇ ਹਨ।

ਹੁਣ ਇਨ੍ਹਾਂ ਲੋਕਾਂ ਨੇ ਇਕ ਨਵੀਂ ਢੁੱਚਰ ਖੜ੍ਹੀ ਕਰ ਦਿੱਤੀ ਹੈ ਕਿ, ਵਿਆਹ-ਸ਼ਾਦੀ ਦੀਆਂ ਰਸਮਾਂ ਲਈ ਗੁਰਬਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ 773-74 ਪੰਨੇ ਤੇ ਦਰਜ ਲਾਵਾਂ ਦੇ ਪਾਠ ਦਾ ਲੜਕਾ-ਲੜਕੀ ਦੇ ਵਿਆਹ ਨਾਲ ਕੋਈ ਸੰਬੰਧ ਨਹੀਂ ਇਸ ਲਈ ਵਿਆਹ ਸ਼ਾਦੀ ਦੇ ਮੌਕੇ ਲਵਾਂ ਦਾ ਪਾਠ ਕਰਨਾ ਉੱਚਿਤ ਨਹੀਂ। ਲਿਖਦੇ ਹਨ- “ਇਹ ਤਾਂ ਦੋ ਪਰਿਵਾਰਾਂ ਦੀ ਆਪਸੀ ਸਮਝਦਾਰੀ ਹੈ ਕਿ ਉਨ੍ਹਾਂ ਨੇ ਲੜਕਾ-ਲੜਕੀ ਦਾ ਵਿਆਹ ਕਿੱਥੇ ਕਰਨਾ ਹੈ ਅਤੇ ਲੜਕੇ ਅਤੇ ਲੜਕੀ ਦੀ ਆਪਣੀ ਇੱਛਾ ਅਨੁਸਾਰ ਪਰਿਵਾਰ ਦੀ ਸਹਿਮਤੀ ਨਾਲ ਹੋਣਾ ਹੁੰਦਾ ਹੈ। ਕਾਨੂੰਨੀ ਤੌਰ ’ਤੇ ਕੋਰਟ ਮੈਰਿਜ ਵੀ ਕੀਤੀ ਜਾ ਸਕਦੀ ਹੈ। ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਮੁਸ਼ਕਿਲ ਪੈਦਾ ਨਾ ਹੋਵੇ”।

ਵਿਚਾਰ- ਪਤਾ ਨਹੀਂ ਇਨ੍ਹਾਂ ਲੋਕਾਂ ਦੇ ਕੀ ਇਰਾਦੇ ਹਨ, ਇਹ ਤਾਂ ਰੱਬ ਹੀ ਜਾਣਦਾ ਹੈ। ਪਰ ਇੱਕ ਗਲ ਤਾਂ ਪ੍ਰਤੱਖ ਨਜ਼ਰ ਆ ਰਹੀ ਹੈ ਕਿ ਇਹ ਲੋਕ ਗੁਰਮਤਿ ਨਾਲ ਸੰਬੰਧਤ ਸਭ ਕੁਝ ਖ਼ਤਮ ਕਰ ਦੇਣਾ ਚਾਹੁੰਦੇ ਹਨ ਜਾਂ ਫੇਰ ਸਭ ਕੁਝ ਬਦਲ ਦੇਣਾ ਚਾਹੁੰਦੇ ਹਨ।

ਗੁਰਬਾਣੀ ਫੁਰਮਾਨ ਹੈ-
ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ॥” (101)
ਸਹਜਿ ਸੁਭਾਇ ਬੋਲੈ ਹਰਿ ਬਾਣੀ॥ਆਠ ਪਹਰ ਪ੍ਰਭ ਸਿਮਰਹੁ ਪ੍ਰਾਣੀ॥” (191)

ਗੁਰਬਾਣੀ ਅਨੁਸਾਰ ਬੰਦੇ ਨੇ ਹਰ ਵਕਤ ਗੁਰੂ ਦੀ ਬਾਣੀ ਹੀ ਪੜ੍ਹਨੀ, ਉਚਾਰਨੀ, ਸੁਣਨੀ ਹੈ, ਆਪਣੇ ਦੁਨਿਆਵੀ ਧੰਦੇ, ਕੰਮ-ਕਾਰ ਕਰਦਿਆਂ ਉਸੇ ਦਾ ਹੀ ਨਾਮ ਧਿਆਣਾ ਹੈ, ਤਾਂ ਫੇਰ ਵਿਆਹ-ਸ਼ਾਦੀ ਦੇ ਮੌਕੇ ਤੇ ਕੋਈ ਬਾਣੀ ਪੜ੍ਹੀ ਜਾਣੀ ਗੁਰਮਤਿ ਦੇ ਉਲਟ ਕਿਵੇਂ ਹੋ ਸਕਦੀ ਹੈ?

ਰਹੀ ਵਿਆਹ-ਸ਼ਾਦੀ ਵੇਲੇ ਲਾਵਾਂ ਦਾ ਪਾਠ ਪੜ੍ਹਨ ਦੀ ਗੱਲ- ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਲਾਵ’ ਦਾ ਅਰਥ ਹੈ ਵਿਆਹ ਸਮੇਂ ਦੀ ਪਰਿਕ੍ਰਮਾ (ਫੇਰਾ), ਜਿਸ ਦ੍ਵਾਰਾ ਪਿਤਾ ਦੇ ਘਰ ਨਾਲੋਂ ਸੰਬੰਧ ਤੋੜਕੇ ਪਤੀ ਨਾਲ ਜੋੜਿਆ ਜਾਂਦਾ ਹੈ “ਹਰਿ ਪਹਿਲੜੀ ਲਾਵ॥” …।

ਸੋਚਣ ਵਾਲੀ ਗੱਲ ਹੈ ਕਿ ਲੜਕੇ ਲੜਕੀ ਦਾ ਵਿਆਹ ਕਰਨਾ ਗੁਰਮਤਿ ਦੇ ਉਲਟ ਨਹੀਂ ਹੈ। ਨਾ ਹੀ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਵਿਆਹ-ਸ਼ਾਦੀ ਦੇ ਵਕਤ ਦਿੱਤੀਆਂ ਜਾਂਦੀਆਂ ਲਾਵਾਂ (ਪਰਿਕ੍ਰਮਾ/ਫੇਰਿਆਂ) ਨੂੰ ਕਿਤੇ ਗ਼ਲਤ ਦੱਸਿਆ ਹੈ। ਨਾ ਹੀ ਗੁਰਬਾਣੀ ਵਿੱਚੋਂ ਕੋਈ ਐਸੀ ਸੇਧ ਮਿਲਦੀ ਹੈ ਕਿ ਵਿਆਹ-ਸ਼ਾਦੀ ਦੇ ਮੌਕੇ ਤੇ ਕਿਸੇ ਖਾਸ ਬਾਣੀ ਦਾ ਪਾਠ ਪੜ੍ਹਨਾ ਗੁਰਮਤਿ ਦੇ ਉਲਟ ਹੈ। ਤਾਂ ਕੀ ਮੁਮਕਿਨ ਨਹੀਂ ਕਿ ਗੁਰੂ ਸਾਹਿਬ ਨੇ ਵਿਆਹ-ਸ਼ਾਦੀ ਦੇ ਮੌਕੇ ਲਈ ਖਾਸ ਤੌਰ ‘ਤੇ ਲਾਵਾਂ ਵਾਲੀ ਬਾਣੀ ਉਚਾਰੀ ਹੋਵੇ।

ਇਹ ਠੀਕ ਹੈ ਕਿ ਇਸ ਬਾਣੀ ਦਾ ਅਸਲੀ ਭਾਵ ਪ੍ਰਭੂ ਮਿਲਾਪ ਨਾਲ ਸੰਬੰਧਤ ਹੈ। ਪਰ ਜੇ ਇਹ ਬਾਣੀ ਲੜਕਾ-ਲੜਕੀ ਦੇ ਵਿਆਹ ਸਮੇਂ ਪੜ੍ਹੀ ਜਾਂਦੀ ਹੈ, ਜਿਸ ਨਾਲ ਮੌਕੇ ਤੇ ਵਿਆਹ-ਸ਼ਾਦੀ ਦੀ ਰਸਮ ਵੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗੁਰੂ ਦੀ ਬਾਣੀ ਪੜ੍ਹਕੇ ਹੋ ਜਾਂਦੀ ਹੈ। ਦੋ ਪਰਿਵਾਰਾਂ ਦਾ ਮਿਲਾਪ ਗੁਰੂ ਨੂੰ ਸਾਖਸ਼ੀ ਰੱਖਕੇ ਹੋ ਜਾਂਦਾ ਹੈ, ਤਾਂ ਇਸ ਵਿੱਚ ਗੁਰਮਤਿ ਦੇ ਉਲਟ ਕੀ ਹੈ? ਅਸਲੀ ਅਰਥ ਤਾਂ ਸਾਰੀ ਗੁਰਬਾਣੀ ਦੇ ਸਿੱਧੇ ਅਸਿੱਧੇ ਤਰੀਕੇ ਨਾਲ ਪ੍ਰਭੂ ਮਿਲਾਪ ਲਈ ਹੀ ਹਨ। ਹਾਂ ਇਹ ਗੱਲ ਜਰੂਰ ਹੈ ਕਿ ਇਸ ਲਾਵਾਂ ਦੇ ਪਾਠ ਨੂੰ ਸਿਰਫ ਲੜਕੇ ਲੜਕੀ ਦੇ ਵਿਆਹ ਸਮੇਂ ਲਈ ਹੀ ਰਾਖਵਾਂ ਅਤੇ ਇਸ ਪਾਠ ਦੇ ਅਸਲੀ ਅਰਥ ਵੀ ਲੜਕੇ ਲੜਕੀ ਦੇ ਵਿਆਹ ਤੱਕ ਹੀ ਸੀਮਿਤ ਨਹੀਂ ਕਰ ਦੇਣੇ ਚਾਹੀਦੇ।

ਦਰਅਸਲ ਲਾਵਾਂ ਦਾ ਪਾਠ ਪੜ੍ਹਨ ਨਾਲ ਗੁਰਮਤਿ ਦੀ ਕੋਈ ਉਲੰਘਣਾ ਨਹੀਂ ਹੁਮਦਿ, ਪਰ ਇਨ੍ਹਾਂ ਲੋਕਾਂ ਦਾ ਮਕਸਦ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰਬਾਣੀ ਦੇ (ਲਾਵਾਂ ਦੇ) ਪਾਠ ਨਾਲੋਂ ਤੋੜਨਾ ਹੈ। ਅਤੇ ਸ਼ਾਇਦ ਆਣ ਵਾਲੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਨਾਲੋਂ ਹੀ ਤੋੜਨਾ ਮਕਸਦ ਹੋਵੇ। ਇਨ੍ਹਾਂ ਲੋਕਾਂ ਨੇ ਗੁਰਮਤਿ/ਗੁਰਬਾਣੀ ਨਾਲ ਜੁੜੀਆਂ ਸਭ ਪ੍ਰੰਪਰਾਵਾਂ, ਗਤੀ-ਵਿਧੀਆਂ ਨੂੰ ਕਿਸੇ ਨਾ ਕਿਸੇ ਬਹਾਨੇ ਰੱਦ ਕਰਨ ਦੀ ਠਾਣੀ ਹੋਈ ਹੈ। ਇਸ ਲਈ ਕੋਈ ਨਾ ਕੋਈ ਨਵੀਂ ਹੀ ਢੁੱਚਰ ਡਾਹੀ ਰੱਖਦੇ ਹਨ। ਸ਼ਾਇਦ ਜਲਦੀ ਹੀ ਇਹ ਲੋਕ ਇਹ ਨੁਕਤਾ ਵੀ ਲੈ ਕੇ ਆ ਜਾਣ ਕਿ ਜਦੋਂ ਦੋ ਗੁਰਸਿੱਖ ਆਪਸ ਵਿੱਚ ਮਿਲਦੇ ਜਾਂ ਜੁਦਾ ਹੁੰਦੇ ਹਨ ਤਾਂ ‘ਸਤਿ ਸਿਰੀ ਅਕਾਲ’ (ਅਕਾਲ ਪੁਰਖ ਦੀ ਹੋਂਦ ਸਤਯ ਹੈ) ਨਹੀਂ ਬੁਲਾਣੀ ਚਾਹੀਦੀ ਕਿਉਂਕਿ ਕਿਸੇ ਦੇ ਆਪਸ ਵਿੱਚ ਮਿਲਣ ਅਤੇ ਜੁਦਾ ਹੋਣ ਦਾ ਅਕਾਲ ਪੁਰਖ ਦੀ ਹੋਂਦ ਨਾਲ ਕੀ ਸੰਬੰਧ? ਮੁਸਲਮਾਨ ਆਪਸ ਵਿੱਚ ਜੁਦਾ ਹੋਣ ਵੇਲੇ ‘ਖੁਦਾ ਹਾਫਿਜ਼’ (ਖੁਦਾ ਸਭ ਦਾ ਨਿਗਹਬਾਨ ਹੈ) ਕਹਿੰਦੇ ਹਨ। ਗੱਲ ਤਾਂ ਹਰ ਵੇਲੇ, ਹਰ ਕੰਮ ਵਿੱਚ ਪਰਮਾਤਮਾ ਨੂੰ ਹਾਜਰ ਨਾਜਰ ਸਮਝਣ ਦੀ, ਯਾਦ ਰੱਖਣ ਦੀ ਹੈ।

ਜੇ ਕੋਈ ਕਿਰਸਾਣ ਕਿਰਸਾਣੀ ਕਰਦਾ ਹੋਇਆ ਨਾਲ ਇਹ ਸ਼ਬਦ ਪੜ੍ਹਦਾ ਹੈ –“ਮਨੁ ਹਾਲੀ ਰਿਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥…” (595) ਜੇ ਜੁੱਤੀਆਂ ਗੰਢਦੇ ਹੋਏ ਪ੍ਰਭੂ ਦੇ ਗੁਣ ਗਾਏ ਜਾ ਸਕਦੇ ਹਨ, ਤਾਂ ਵਿਆਹ ਸ਼ਾਦੀ ਵੇਲੇ ਗੁਰਬਾਣੀ ਪੜ੍ਹਨ ਨਾਲ ਗੁਰਮਤਿ ਦਾ ਉਲੰਘਣ ਕਿਵੇਂ ਹੋ ਗਿਆ? ਜੇ ਵਿਆਹ-ਸ਼ਾਦੀ ਦੇ ਮੌਕੇ ਸਿੱਖ ਜਗਤ ਵਿੱਚ ਇਕ-ਸਾਰਤਾ ਰੱਖਣ ਲਈ ਲਾਵਾਂ ਦਾ ਪਾਠ ਪੜ੍ਹਿਆ ਜਾਂਦਾ ਹੈ ਤਾਂ ਇਸ ਵਿੱਚ ਗੁਰਮਤਿ ਦੀ ਉਲੰਘਣਾ ਕਿਵੇਂ ਹੋ ਗਈ?

ਸੋਚਣ ਵਾਲੀ ਗੱਲ ਹੈ ਕਿ ਜੇ ਵਿਆਹ ਸ਼ਾਦੀ ਦੇ ਮੌਕੇ ਗੁਰਬਾਣੀ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਤਾਂ ਕੀ ਲੱਚਰ ਗੀਤਾਂ ਦੀ ਵਰਤੋਂ ਹੋਣੀ ਚਾਹੀਦੀ ਹੈ? ਇਨ੍ਹਾਂ ਲੋਕਾਂ ਦਾ ਕਹਿਣਾ ਹੈ- “ਕਾਨੂੰਨੀ ਤੌਰ ’ਤੇ ਕੋਰਟ ਮੈਰਿਜ ਵੀ ਕੀਤੀ ਜਾ ਸਕਦੀ ਹੈ। ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਮੁਸ਼ਕਿਲ ਪੈਦਾ ਨਾ ਹੋਵੇ”।

ਸਵਾਲ ਪੈਦਾ ਹੁੰਦਾ ਹੈ ਕਿ ਕੋਰਟ ਮੈਰਿਜ ਕੋਈ ਮੁਸ਼ਕਿਲ ਪੈਦਾ ਹੋਣ ਨੂੰ ਕਿਵੇਂ ਰੋਕ ਸਕਦੀ ਹੈ?ਚਕੋਰਟ ਤਾਂ ਵੱਧ ਤੋਂ ਵੱਧ ਇਹ ਕਰ ਸਕਦੀ ਹੈ ਕਿ ਜੇ ਆਪਸ ਵਿੱਚ ਨਹੀਂ ਬਣਦੀ ਤਾਂ ਤਲਾਕ ਹੋ ਜਾਵੇ।ਚਜਦਕਿ ਗੁਰੂ ਦੀ ਹਜੂਰੀ ਵਿੱਚ ਗੁਰੂ ਦੀ ਬਾਣੀ ਪੜ੍ਹਕੇ (ਗੁਰੂ ਨੂੰ ਸਾਖਸ਼ੀ ਮੰਨ ਕੇ) ਹੋਏ ਵਿਆਹ ਵਿੱਚ ਗੁਰਸਿੱਖ ਦੇ ਮਨ ਅੰਦਰ ਗੁਰੂ ਦਾ ਭੈ ਅਤੇ ਭਾਉ ਹੁੰਦਾ ਹੈ, ਜਿਸ ਨਾਲ ਗੁਰਸਿਖ ਵਿਆਹ ਸ਼ਾਦੀ ਦੇ ਬੰਧਨ ਨੂੰ ਪਵਿੱਤਰ ਬੰਧਨ ਸਮਝ ਕੇ ਸਵਿਕਾਰਦਾ ਅਤੇ ਨਿਭਾਂਦਾ ਹੈ, ਜਿਸ ਨਾਲ ਤਲਾਕ ਹੋਣ ਦੀ ਨੌਬਤ ਹੀ ਨਹੀਂ ਆਂਦੀ (ਇਹ ਗੱਲ ਵੱਖਰੀ ਹੈ ਕਿ ਨਿਜੀ ਤੌਰ ਤੇ ਕੋਈ ਗੁਰਸਿੱਖ ਇਸ ਗੱਲ ਨੂੰ ਦਿਲੋਂ ਕਿੰਨੀਂ ਕੁ ਸਮਝਦਾ ਮੰਨਦਾ ਅਤੇ ਨਿਭਾਂਦਾ ਹੈ)।

ਅੱਜ ਦੇ ਦੌਰ ਵਿੱਚ ਇੱਕ ਪਾਸੇ ਸਿੱਖੀ ਵਿੱਚ ਬ੍ਰਹਮਣਵਾਦ ਦੀ ਘੁਸਪੈਠ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਬ੍ਰਹਮਣਵਾਦ ਨੂੰ ਸਿੱਖੀ’ਚੋਂ ਕੱਢਣ ਦੇ ਬਹਾਨੇ ਨਵਾਂ ਹੀ ਕੋਈ ‘ …ਵਾਦ’ ਸਿੱਖੀ ਵਿੱਚ ਵਾੜਿਆ ਜਾ ਰਿਹਾ ਹੈ। ਇਸ ਲਈ ਹਰ ਗੁਰਸਿੱਖ ਨੂੰ ਸੁਚੇਤ ਹੋਣ ਦੀ ਜਰੂਰਤ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top