Share on Facebook

Main News Page

ਸੈਨਹੋਜ਼ੇ ਵਿਖੇ ਅਖੌਤੀ ਦਸਮ ਗ੍ਰੰਥ ਸੰਬੰਧੀ ਹੋਏ ਸੈਮੀਨਾਰ ਦਾ ਮਨੋਰਥ
-: ਸਤਿਨਾਮ ਸਿੰਘ ਮੌਂਟਰੀਅਲ  514-219-2525

ਸਿਆਣੇ ਕਹਿੰਦੇ ਹਨ ਕਿ ਜਿਸ ਸੱਚ ਨੂੰ ਦਬਾਇਆ ਨਾ ਜਾ ਸਕੇ, ਬਦਲਿਆ ਨਾ ਜਾ ਸਕੇ, ਉਸ ਦੇ ਆਲੇ ਦੁਵਾਲੇ ਦਾ ਘੇਰਾ ਹੀ ਇਨਾ ਸਖਤ ਕਰਦਿਓ ਕਿ ਮੱਨੁਖ ਉਸ ਸੱਚ ਤੱਕ ਪਹੁੰਚ ਹੀ ਨਾਂ ਸਕੇ।

ਸ੍ਰੀ ਗੁਰੂ ਗਰੰਥ ਸਾਹਿਬ ਜੀ ਇੱਕ ਐਸਾ ਸੱਚ ਹੈ, ਜਿਸ ਨੂੰ ਨਾ ਤਾਂ ਦਬਾਇਆ ਜਾ ਸਕਦਾ ਹੈ ਅਤੇ ਨਾ ਹੀ ਬਦਲਿਆ ਜਾ ਸਕਦਾ ਹੈ, ਇਸ ਗੱਲ ਦਾ ਸਿੱਖਾਂ ਦੇ ਦੁਸ਼ਮਣ ਨੂੰ ਵੀ ਪਤਾ ਹੈ, ਇਹੋ ਹੀ ਕਾਰਨ ਹੈ ਕਿ ਇਸ ਮਹਾਨ ਸੱਚ ਨੂੰ ਦਬਾਣ ਦੇ ਲਈ ਸਮੇਂ ਸਮੇਂ ਵੱਖਰੀ ਵੱਖਰੀ ਚਾਲ ਚੱਲੀ ਜਾ ਰਹੀ ਹੈ।

ਉਂਝ ਚਾਲਾਂ ਤਾਂ ਬਹੁਤ ਚਲੀਆਂ ਜਾ ਰਹੀਆਂ ਹਨ, ਅਤੇ ਕੀ ਕੀ ਹਨ, ਇਹਨਾਂ ਦੀ ਸਮੇਂ ਸਮੇਂ ਵਿਚਾਰ ਹੁੰਦੀ ਰਵੇਗੀ, ਪਰ ਅੱਜ ਆਪਾਂ ਵਿਚਾਰਾਂਗੇ ਕਿ ਸੈਨਹੋਜ਼ੇ ਸੈਮੀਨਾਰ ਦਾ ਮਨੋਰਥ, ਖਾਸ ਕਰਕੇ ਡਾ: ਹਰਭਜਨ ਸਿੰਘ ਜੀ ਦੇਹਰਾਦੂਨ ਵਾਲਿਆਂ ਦੇ ਦਿਤੇ ਹੋਏ ਲੈਕਚਰ ਦਾ ਸੱਚ।

1- ਸੱਭ ਤੋਂ ਪਹਿਲਾਂ ਸਟੇਜ ਸੈਕਟਰੀ ਨੇ ਆਖਿਆ ਕਿ ਇਹ ਸੈਮੀਨਾਰ ਸ੍ਰੀ ਅਕਾਲ ਤਖਤ ਨੂੰ ਸਮੱਰਪਤ ਹੈ

ਟਿੱਪਣੀ: ਇਸ ਦਾ ਮਤਲਬ ਸਾਫ ਹੈ ਕਿ ਸੈਮੀਨਾਰ ਸ੍ਰੀ ਬਾਦਲ ਨੂੰ ਸਮੱਰਪਤ ਸੀ, ਥੋੜਾ ਦਿਮਾਗ 'ਤੇ ਬੋਝ ਹੋਰ ਦੇਕੇ ਸੋਚਾਂਗੇ ਤਾਂ ਇਸ ਦਾ ਸਿੱਧਾ ਸਿੱਧਾ ਅਰਥ ਹੈ, ਕਿ ਇਹ ਸੈਮੀਨਾਰ ਆਰ.ਐਸ.ਐਸ ਨੂੰ ਹੀ ਸਮੱਰਪਤ ਸੀ। ਇੱਕ ਪਾਸੇ ਤਾਂ ਇਹ ਲੋਕ ਆਖ ਰਹੇ ਸੀ, ਕਿ ਸੈਮੀਨਾਰ ਅਕਾਲ ਤਖਤ ਨੂੰ ਸਮੱਰਪਤ ਹੈ, ਦੂਜੇ ਪਾਸੇ ਸਾਰੇ ਹੀ ਪ੍ਰਚਾਰਕਾਂ ਨੇ ਅਕਾਲ ਤਖਤ ਦੀ ਰਹਿਤ ਮਰਿਯਾਦਾ ਨੂੰ ਲਾਂਭੇ ਰੱਖ ਕੇ ਵਿਚਾਰ ਦਿਤੇ।

2- ਅੱਗੇ ਸਿੱਖ ਕੌਮ ਦੇ ਜਥੇਦਾਰ ਦਾ ਸੰਦੇਸ਼ ਸੁਣਾਇਆ ਗਿਆ, ਜਥੇਦਾਰ ਨੇ ਆਖਿਆ ਕੇ ਦਸਮ ਗਰੰਥ (ਬਚਿਤ੍ਰ ਨਾਟਕ) ਦੇ ਵਿਰੋਧੀਆਂ ਦਾ ਕੋਈ ਸਟੈਂਡ ਨਹੀਂ ਹੈ, ਇਹ ਲੋਕ ਸ੍ਰੀ ਅਕਾਲ ਤੱਖਤ ਤੋਂ ਛੇਕੇ ਹੋਏ ਹਨ, ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ ਵਾਲੀ ਹਾਲਤ ਹੈ ਇਹਨਾਂ ਦੀ

ਟਿੱਪਣੀ: ਕੀ ਇਹਨਾ ਜਥੇਦਾਰਾਂ ਨੇ ਕਦੇ ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਿਆ ਹੋਵੇਗਾ? ਇਹ ਅਖੌਤੀ ਜਥੇਦਾਰ ਜਦੋਂ ਨੀਲ ਧਾਰੀਆਂ ਦੇ ਜਾਂਦੇ ਹਨ, ਉਥੇ ਜਾਕੇ ਉਹਨਾਂ ਦੀ ਜੈ ਬੋਲਦੇ ਹਨ, ਰਾਜ ਯੋਗੀ ਦੀਆਂ ਉਪਾਧੀਆਂ ਦਿੰਦੇ ਹਨ, ਕਦੇ ਇਹ ਲੋਕ ਨੰਦਸਰੀਆਂ ਦੇ ਡੇਰੇ ਜਾਕੇ ਉਹਨਾਂ ਦੀ ਜੈ ਬੋਲਦੇ ਹਨ, ਕਦੇ ਤਰਮਾਲੇ ਵਾਲੇ ਦੇ ਡੇਰੇ ਜਾਕੇ ਉਹਨਾਂ ਦੀ ਜੈ ਬੋਲਦੇ ਹਨ, ਕਦੇ ਬਲਾਤਕਾਰੀ ਮਾਨ ਸਿਓ ਪਹੇਵੇ ਵਾਲੇ ਤੋਂ ਸੋਨੇ ਦੇ ਖੰਡੇ ਲੈਂਦੇ ਹਨ, ਕਦੇ ਬਾਦਲ ਦੀ ਜੈ ਬੋਲਦੇ ਹਨ, ਕੀ ਸਟੈਂਡ ਹੈ ਇਹਨਾ ਅਖੌਤੀ ਜਥੇਦਾਰਾਂ ਦਾ? ਜੋ ਕਮਜੋਰੀਆਂ ਇਨਾ ਜਥੇਦਾਰਾਂ ਦੇ ਆਪਣੇ ਵਿੱਚ ਹਨ, ਇਹ ਦੂਜਿਆਂ ਤੇ ਥੋਪ ਰਹੇ ਹਨ।

ਜ੍ਹਿਨਾਂ ਗੁਰਸਿੱਖਾਂ ਨੂੰ ਇਹ ਅਕਾਲ ਤਖਤ ਤੋਂ ਛੇਕੇ ਹੋਏ ਆਖ ਰਿਹਾ ਹੈ, ਉਹਨਾਂ ਗੁਰਸਿੱਖਾਂ ਦਾ ਅਕੀਦਾ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ 'ਤੇ ਹੈ, ਉਹ ਸਿੱਖ ਜਣੇ ਖਣੇ ਦੇ ਡੇਰੇ 'ਤੇ ਜਾਕੇ ਜੈ ਨਹੀਂ ਬੋਲਦੇ।

3- ਅੱਗੇ ਡਾ: ਹਰਭਜਨ ਸਿੰਘ ਜੀ, ਨੇ ਸੱਭ ਤੋ ਪਹਿਲਾਂ ਕਾਲ 'ਤੇ ਅਕਾਲ ਦੇ ਫਰਕ ਨੂੰ ਦਸਣ ਦੀ ਕੋਸ਼ਿਸ਼ ਕੀਤੀ, ਡਾ: ਜੀ ਨੇ ਦਸਿਆਂ ਕਿ ਅਕਾਲ ਉਹ ਹੈ, ਜੋ ਸਮੇਂ ਤੋਂ ਪਰੇ ਹੈ, ਜੋ ਜਨਮ ਵਿੱਚ ਨਹੀਂ ਆਉਂਦਾ, ਕਾਲ ਉਹ ਹੈ ਜੋ ਸਮੇਂ ਸਮੇਂ ਜਨਮ ਲੈਂਦਾ ਹੈ, (ਗੌਡ ਇਨ ਹਿਸਟਰੀ) ਜਿਵੇਂ ਕਿ ਜੀਸਸ ਜੀ, ਮੁਹੰਮਦ ਸਾਹਿਬ ਜੀ, ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ, ਗੁਰੂ ਨਾਨਕ ਜੀ, ਗੁਰੂ ਗੋਬਿੰਦ ਸਿੰਘ ਜੀ, ਭਾਵ ਕਿ ਕੌਮਾਂ ਦੇ ਰੈਹਬਰ। ਡਾ: ਸਾਹਿਬ ਨੇ ਅੱਗੇ ਕਿਹਾ ਕਿ ਅਕਾਲ ਉਸਤਤ ਵਿੱਚ ਅਕਾਲ ਦੀ ਉਸਤਤ ਹੈ, ਅਤੇ ਬਚਿਤ੍ਰ ਨਾਟਕ ਵਿੱਚ ਕਾਲ ਦੀ ਹੀ ਉਸਤਤ ਹੈ

ਟਿੱਪਣੀ: ਡਾ: ਹਰਭਜਨ ਸਿੰਘ ਜੀ ਦੇ ਕਹਿਣ ਦਾ ਭਾਵ ਹੈ ਕਿ ਅਕਾਲ ਹੀ ਕਾਲ ਦਾ ਰੂਪ ਧਾਰ ਕੇ ਸਮੇਂ ਸਮੇਂ ਆਉਂਦਾ ਹੈ। ਡਾ: ਜੀ ਇਹ ਭੁਲ ਰਹੇ ਹਨ ਕਿ ਬਚਿਤ੍ਰ ਨਾਟਕ ਗਰੰਥ ਵਿੱਚ ਹੀ ਪਿਛਲੇ ਹੋ ਚੁਕੇ ਅਵਤਾਰਾਂ ਦਾ ਖੰਡਨ ਕੀਤਾ ਹੋਇਆ ਹੈ। ਜੇ ਬਚਿਤ੍ਰ ਨਾਟਕ ਗਰੰਥ ਵਿੱਚ ਕਾਲ ਦੀ ਉਸਤਤ ਹੈ ਫਿਰ ਪਹਿਲ਼ਾ ਹੋ ਚੁਕੇ ਅਵਤਾਰਾ ਦਾ ਖੰਡਨ ਕਿਉਂ ਹੈ? ਜੇ ਸਮੇਂ ਸਮੇਂ ਅਕਾਲ ਹੀ ਆਪਣਾ ਕਾਲ ਰੂਪ ਧਾਰਦਾ ਹੈ, ਫਿਰ ਸਾਰੇ ਧਰਮਾਂ ਦੇ ਵਖਰੇ ਵਖਰੇ ਅਸੂਲ ਕਿਉਂ ਹਨ? ਹਰ ਇੱਕ ਧਰਮ ਦੂਜੇ ਧਰਮ ਦੀ ਵਿਚਾਰ ਧਾਰਾ ਨੂੰ ਰੱਦ ਕਿਉਂ ਕਰਦਾ ਹੈ? ਹਰ ਇੱਕ ਧਰਮ ਦਾ ‘ਨਰਕ ਸਵਰਗ ‘ਰੱਬ ਦਾ ਨਾਮ, ਵੱਖਰਾ ਕਿਉਂ ਹੈ?

ਗੁਰਬਾਣੀ ਵਿੱਚ ਅਵਤਾਰਾਂ ਨੂੰ ਕੋਈ ਮਾਨਤਾ ਨਹੀਂ ਦਿਤੀ ਗਈ। ਜਿਵੇਂ ਜਿਵੇਂ ਦੁਨੀਆਂ ਤੇ ਕਾਲ (ਡਾ: ਦੇ ਕਹਿਣ ਮੁਤਾਬਿਕ, ਗੌਡ ਇਨ ਹਿਸਟਰੀ) ਵੱਧਦੇ ਗਏ, ਦੁਨੀਆਂ ਤੋਂ ਪਿਆਰ ਘੱਟਦਾ ਗਿਆ, ਇਸ ਕਰਕੇ ਹੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਵਤਾਰ ਬਾਦ ਦਾ ਖੰਡਨ ਕੀਤਾ ਹੋਇਆ ਹੈ, ਗੁਰਬਾਣੀ ਅਨੁਸਾਰ ਅਕਾਲ ਦਾ ਅਰਥ ਹੈ ਸਮੇਂ ਤੋਂ ਪਾਰ (ਬਾਹਰ), ਕਾਲ ਦਾ ਅਰਥ ਹੈ ਸਮਾਂ, ਸਮੇਂ ਨੂੰ ਕਦੇ ਮੱਥੇ ਨਹੀਂ ਟੇਕੇ ਜਾਂਦੇ ਹੁੰਦੇ, ਗੁਰਬਾਣੀ’ ਸਮੇਂ ਵਿੱਚ ਰਹਿ ਕੇ ਅਕਾਲ ਨਾਲ ਜੁੜਨ ਦੀ ਪ੍ਰੇਰਨਾਂ ਦਿੰਦੀ ਹੈ, (ਨੋਟ- ਬਚਿਤ੍ਰ ਨਾਟਕ ਗਰੰਥ ਵਿੱਚ ਨਾਂ ਅਕਾਲ ਦੀ ਉਸਤਤ ਹੈ, ਨਾਂ ਕਿਸੇ ਕਾਲ ਦੀ ਉਸਤਤ ਹੈ, ਬਚਿਤ੍ਰ ਨਾਟਕ ਗਰੰਥ ਵਿੱਚ ਸਿਰਫ ਕਿਸੇ ਮਹਾਂਕਾਲ ਦੀ ਉਸਤਤ ਕੀਤੀ ਹੋਈ ਹੈ।

4- ਡਾ: ਹਰਭਜਨ ਸਿੰਘ ਜੀ, ਨੇ ਕਿਹਾ ਕਿ ਬਚਿਤ੍ਰ ਨਾਟਕ ਨਾਮ ਦੀ ਰਚਨਾ ਕਾਲਪਿਤ ਕਹਾਣੀਆਂ ਦਾ ਲਿਖਿਆ ਹੋਇਆ ਇੱਕ ਨਾਟਕ ਹੈ, ਇਸ ਵਿਚੋਂ ਇਤਿਹਾਸਕ ਤੱਥ ਲੱਭਣਾ ਮੂਰਖਤਾ ਹੈ

ਟਿੱਪਣੀ: ਡਾ. ਹਰਭਜਨ ਸਿੰਘ ਜੀ, ਫਿਰ ਇਹ ਕਿਉਂ ਨਹੀਂ ਸੰਗਤਾਂ ਨੂੰ ਦੱਸਦੇ ਕਿ ਹੇਮਕੁੰਟ ਇੱਕ ਝੂਠਾ ਅਸਥਾਨ ਹੈ, ਸਿੱਖ ਇਤਿਹਾਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ, ਤਾਂ ਕਿ ਸਿੱਖਾਂ ਦੇ ਕੀਮਤੀ ਸਮੇਂ ਤੇ ਪੈਸੇ ਦੀ ਬੱਚਤ ਹੋ ਸਕੇ?

5- ਡਾ: ਹਰਭਜਨ ਸਿੰਘ ਜੀ, ਨੇ ਕਿਹਾ ਕਿ ਕ੍ਰਿਸਨਾਂ ਅਵਤਾਰ ਇਸ ਕਰਕੇ ਲਿਖਣ ਦੀ ਲੋੜ ਪਈ ਕਿ ਉਸ ਵਿਚੋ ਇੱਕ ਖੜਗ ਸਿੰਘ ਪੈਦਾ ਕਰਨਾਂ ਸੀ

ਟਿੱਪਣੀ: ਵਾਹ ਡਾਕਟਰ ਜੀ ਵਾਹ, ਤੁਸੀਂ ਤਾਂ ਪਹਿਲੇ ਨੌ ਗੁਰੂਆਂ 'ਤੇ ਪਾਣੀ ਹੀ ਫੇਰ ਦਿਤਾ, ਕੀ ਪਹਿਲੇ ਨੌ ਗੁਰੂ ਇੱਕ ਖੜਗ ਸਿੰਘ ਵੀ ਪੈਦਾ ਨਹੀਂ ਕਰ ਸਕੇ? ਜੇ ਆਪ ਜੀ ਧਿਆਨ ਨਾਲ ਪੜ੍ਹੋ ਤਾਂ ਪਤਾ ਲੱਗੇ ਕਿ ਗੁਰਬਾਣੀ ਦਾ ਇੱਕ ਇੱਕ ਸ਼ਬਦ ਖੜਗ ਸਿੰਘ ਪੈਦਾ ਕਰਨ ਦੇ ਸਮਰੱਥ ਹੈ, ਖੜਗ ਸਿੰਘ ਹਮੇਸਾਂ ਸੱਚ ਵਿਚੋਂ ਹੀ ਪੈਦਾ ਹੁੰਦੇ ਹਨ, ਝੂਠੀਆਂ ਕਹਾਣੀਆਂ ਵਿਚੋ ਨਹੀਂ ਪੈਦਾ ਹੋ ਸਕਦੇ। ਮਹਾਂਭਾਰਤ ਯੁੱਧ ਵਿੱਚ ਕ੍ਰਿਸ਼ਨ ਪੈਰ ਪੈਰ ਤੇ ਝੂਠ ਬੋਲਦਾ ਹੈ, ਪੈਰ ਪੈਰ ਤੇ ਧੋਖਾ ਕਰਦਾ ਹੈ, ਇਹੋ ਜਿਹੀਆਂ ਕਹਾਣੀਆਂ ਵਿਚੋਂ ‘ਜੂਆਰੀ ‘ਬਲਾਤਕਾਰੀ ਜਾਂ ਕਾਤਿਲ ਤਾਂ ਪੈਦਾ ਹੋ ਸਕਦੇ ਹਨ, ਪਰ ਖੜਗ ਸਿੰਘ ਪੈਦਾ ਨਹੀਂ ਹੋ ਸਕਦੇ।

6- ਡਾ: ਹਰਭਜਨ ਸਿੰਘ ਜੀ, ਨੇ ਅੱਗੇ ਆਖਿਆ ਕਿ, ਚਰਿਤ੍ਰੋ ਪਾਖਿਆਨ ਵਿੱਚ ਸਿਖਿਆ ਦਿਤੀ ਹੋਈ ਹੈ ਕਿ ਕਾਮ ਤੋ ਕਿਵੇਂ ਬਚਣਾ ਹੈ

ਟਿੱਪਣੀ: ਚੰਗਾ ਹੁੰਦਾ ਜੇ ਡਾ: ਹਰਭਜਨ ਸਿੰਘ ਜੀ, ਚਰਿਤ੍ਰੋ ਪਾਖਿਆਨ ਜਿਹੇ ਗੰਦ ਵਿਚੋਂ ਕੋਈ ਇੱਕ ਚਰਿਤ੍ਰ ਪ੍ਹੜਕੇ ਉਸ ਦੇ ਅਖਰੀ ਅਰਥ ਸਮਝਾਉਂਦੇ, ਫਿਰ ਉਸ ਦੇ ਭਾਵ ਅਰਥ ਸਮਝਾਉਂਦੇ, ਗੱਲਾਂ ਨਾਲ ਤਾਂ ਹਨੀਂ ਸਿੰਘ ਵਰਗਾ ਸਿੰਗਰ ਵੀ ਬਲਾਤਕਾਰੀ ਜਿਹੇ ਅਸ਼ਲੀਲ਼ ਗਾਣੇ ਗਾਕੇ ਕਹਿੰਦਾ ਹੈ ਕਿ ਮੈਂ ਪੰਜਾਬੀ ਦੀ ਸੇਵਾ ਕਰ ਰਿਹਾ ਹਾਂ। ਦੱਸੋ ਐਸੇ ਕਿਹੜੇ ਮਾਂ ਬਾਪ ਹੋਣਗੇ ਜਿਹੜੇ ਆਪਣੇ ਬੱਚਿਆਂ ਨੂੰ ਚਰਿਤ੍ਰੋ ਪਾਖਿਆਨ ਦੀਆਂ ਸਿਖਿਆਵਾਂ ਦੇਣਗੇ?

7- ਡਾ. ਹਰਭਜਨ ਸਿੰਘ ਜੀ, ਨੇ ਆਖਿਆ ਕਿ ਗੁਰੂ ਗਰੰਥ ਸਾਹਿਬ ਜੀ ਮੱਨੁਖਤਾ ਦਾ ਗਰੰਥ ਹੈ, ਅਤੇ ਦਸਮ ਗਰੰਥ ਸਿੱਖ ਕੌਮ ਦਾ ਗਰੰਥ ਹੈ

ਟਿੱਪਣੀ: ਕੀ ਡਾ. ਹਰਭਜਨ ਸਿੰਘ ਜੀ, ਦੱਸ ਸਕਦੇ ਹਨ ਕਿ ਉਹ ਕਿਹੜਾ ਸਿਧਾਂਤ, ਉਹ ਕਿਹੜਾ ਗੁਣ ਹੈ ਸਿੱਖ ਕੌਮ ਕੋਲ, ਜੋ ਬਚਿਤ੍ਰ ਨਾਟਕ ਗਰੰਥ ਵਿਚੋਂ ਆਇਆ ਹੋਵੇ? ? ਸਿੱਖ ਕੌਮ ਦਾ ਮੁੱਢ ਤਾਂ, ਗੁਰੂ ਨਾਨਕ ਜੀ ਨੇ ਹੀ ਬ੍ਹੰਨ ਦਿਤਾ ਸੀ, ਲੰਗਰ ਗੁਰੂ ਨਾਨਕ ਜੀ ਨੇ ਚਲਾਏ, ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਸਿਧਾਂਤ ਗੁਰੂ ਨਾਨਕ ਜੀ ਨੇ ਦਿਤਾ, ਸ਼ਹੀਦੀਆਂ ਦੀ ਸੁਰੂਆਤ ਗੁਰੂ ਅਰਜਨ ਜੀ ਨੇ ਕੀਤੀ, ਕ੍ਰਿਪਾਨ ਗੁਰੂ ਹਰਗੋਬਿੰਦ ਜੀ ਨੇ ਦਿਤੀ, ਦੂਜਿਆਂ ਦੀ ਅਜਾਦੀ ਲਈ ਸਿਰ ਦੇਣਾ ਗੁਰੂ ਤੇਗ ਬਹਾਦਰ ਜੀ ਨੇ ਸਿਖਾਇਆ, ਸੰਗਤ ਤੇ ਪੰਗਤ ਦੀ ਪ੍ਰਥਾ ਪਹਿਲਾਂ ਹੀ ਗੁਰੂਆਂ ਨੇ ਚਲਾ ਦਿਤੀ ਸੀ, ‘ਖੰਡੇ ਦੀ ਪਾਹੁਲ ‘ਪੰਜ ਕਕਾਰ (ਹਰ ਸਿੱਖ ਲਈ ਜਰੂਰੀ) ‘ਬੋਲੇ ਸੋ ਨਿਹਾਲ ਦਾ ਜੈਕਾਰਾ ‘ਵਾਹਿਗੁਰੂ ਜੀ ਕੀ ਫਤਿਹ, ਇਸ ਦੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, (ਨੋਟ- ਇਹਨਾਂ ਦਾ ਸਰੋਤ ਵੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਹੈ)

ਫਿਰ ਕੀ ਦਿੱਤਾ ਸਿੱਖ ਕੌਮ ਨੂੰ ਬਚਿਤ੍ਰ ਨਾਟਕ ਗਰੰਥ ਨੇ? ? ਨਾ ਇਸ ਵਿੱਚ ਖੰਡੇ ਦੀ ਪਾਹੁਲ ਦਾ ਜਿਕਰ ਹੈ, ਨਾ ਬੋਲੇ ਸੋ ਨਿਹਾਲ ਵਾਲੇ ਜੈਕਾਰੇ ਦਾ ਜਿਕਰ ਹੈ, ਨਾ ਵਾਹਿਗੁਰੂ ਜੀ ਕੀ ਫਤਿਹ ਦਾ ਜਿਕਰ ਹੈ, ਨਾ ਕਿਸੀ ਮਰਿਆਦਾ ਦਾ ਜ਼ਿਕਰ ਹੈ, ਫਿਰ ਇਹ ਕੌਮ ਦਾ ਗਰੰਥ ਕਿਵੇਂ ਹੋਇਆ??

ਜੋ ਬਚਿਤ੍ਰ ਨਾਟਕ ਗਰੰਥ ਨੇ ਸਿੱਖ ਕੌਮ ਨੂੰ ਦਿਤਾ ਹੈ ਉਸ ਦਾ ਵੀ ਜਿਕਰ ਕਰਨਾ ਜਰੂਰੀ ਬਣਦਾ ਹੈ, ਲਓ ਪੜ੍ਹੋ ਫਿਰ ਕੀ ਦੇਣ ਹੈ ਸਿੱਖ ਕੌਮ ਨੂੰ ਇਸ ਗਰੰਥ ਦੀ।

- ਨਿਹੰਗਾਂ ਨੂੰ ਭੰਗ ਪੀਣ ਦੀ ਖੁੱਲ ਇਸ ਗਰੰਥ ਨੇ ਦਿਤੀ ਹੈ, (ਜੋ ਕਿ ਅੱਜ ਸਿੱਖਾਂ ਦੇ ਜੋੜ ਮੇਲਿਆਂ ਵਿੱਚ ਭੰਗ ਦੀਆਂ ਟਿਕੀਆਂ ਆਮ ਹੀ ਵਰਤ ਰਹੀਆਂ ਹਨ),
- ਹਜੂਰ ਸਾਹਿਬ ਦੇ ਅਸਥਾਨ ਤੇ ਬੱਕਰਿਆਂ ਦੀਆਂ ਬਲ਼ੀਆਂ ਦੇ ਕੇ ਸ਼ਾਸਤਰਾਂ ਨੂੰ ਖੂਨ ਦੇ ਟਿੱਕੇ ਲਗਾ ਕੇ ਪੂਜਾ ਕਰਨੀ ਇਸ ਗਰੰਥ ਨੇ ਸਿਖਾਈ ਹੈ,
- ਨਸ਼ਿਆਂ ਦਾ ਸੇਵਨ ਕਰਨਾਂ ਇਹ ਗਰੰਥ ਸਿਖਾਉਂਦਾ ਹੈ,
- ਡੇਰੇਆਂ ਵਿੱਚ ਗੁਦਾਂ ਭੋਗਣੀਆਂ ਇਸ ਗਰੰਥ ਨੇ ਸਿਖਾਂਈਆਂ ਹਨ, ਮੁਆਫ ਕਰਨਾਂ, ਔਰਤਾਂ ਦੀਆਂ ਝੂੰਆਂ ਮੁੰਨਣ ਦੇ ਢੰਗ ਇਹ ਗਰੰਥ ਸਿਖਾਉਂਦਾ ਹੈ,
-ਯਾਰ ਨਾਲ਼ ਰਲ਼ਕੇ ਘਰਵਾਲੇ ਨੂੰ ਕਿਵੇਂ ਖਤਮ ਕਰਨਾਂ ਹੈ ਇਹ ਗਰੰਥ ਸਿਖਾਉਂਦਾ ਹੈ,
- ਇੱਕ ਔਰਤ ਆਪਣੇ ਭਰਾ ਨੂੰ, ਮਾਂ ਪਿਓ ਨੂੰ, ਕਿਵੇਂ ਧੋਖਾ ਦੇ ਸਕਦੀ ਹੈ, ਘਰਵਾਲੇ ਨੂੰ ਕਿਵੇਂ ਧੋਖਾ ਦੇ ਸਕਦੀ ਹੈ,
- ਔਰਤ ਇਸ ਸੰਸਾਰ ਤੇ ਕਿਨੀ ਕੁ ਮਾੜੀ ਹੈ, ਇਹ ਸੱਭਕੁਝ ਵੀ ਇਸ ਗਰੰਥ ਵਿੱਚ ਲਿਖਿਆ ਹੋਇਆ ਹੈ,

ਇਹ ਦੇਣ ਹੈ ਇਸ ਗਰੰਥ ਦੀ ਸਿੱਖ ਕੌਮ ਨੂੰ।

8- ਡਾ: ਹਰਭਜਨ ਸਿੰਘ ਜੀ ਨੇ ਅੱਗੇ ਆਖਿਆ ਕਿ ਗਿਆਨੀ ਲੋਕ ਗਰੰਥਾਂ ਦਾ ਮੰਡਨ ਕਰਦੇ ਹਨ, ਅਗਿਆਨੀ ਲੋਕ ਗਰੰਥਾਂ ਦਾ ਖੰਡਨ ਕਰਦੇ ਹਨ।

ਟਿੱਪਣੀ: ਕੀ ਡਾ. ਹਰਭਜਨ ਸਿੰਘ ਜੀ ਦੱਸ ਸਕਦੇ ਹਨ ਕਿ ਜਿਹਨਾਂ ਸਿੱਖਾਂ ਨੇ ਭਨਿਆਰੇ ਵਾਲੇ ਦਾ ਸਮੁੰਦਸਾਗਰ ਗਰੰਥ ਸਾੜਿਆ ਸੀ ਕੀ ਉਹ ਸਿੱਖ ਅਗਿਆਨੀ ਸਨ? ? ਨਰਕਧਾਰੀਆਂ ਦੇ ਦੋ ਗਰੰਥਾਂ (ਅਵਤਰ ਬਾਣੀ ਤੇ ਯੁੱਗ ਪੁਰਸ਼) ਤੇ ਸਿੱਖ ਅੱਜ ਤੱਕ ਇਤਰਾਜ ਕਰ ਰਹੇ ਹਨ, ਕੀ ਸਾਰੇ ਸਿੱਖ ਅਗਿਆਨੀ ਹਨ? ? ਸਿੱਖ ਸਤਿਕਾਰ ਉਹਨਾਂ ਗਰੰਥਾਂ ਦਾ ਕਰਦੇ ਹਨ, ਜੋ ਘਰਾਂ ਦੇ ਵਿੱਚ ਆਪਣੇ ਬੱਚਿਆਂ ਨਾਲ ਬੈਠ ਕੇ ਪ੍ਹੜੇ ਜਾ ਸਕਣ, ਜਿਹਨਾਂ ਗਰੰਥਾਂ ਨੂੰ ਘਰ ਵਿੱਚ ਰਖਿਆ ਵੀ ਨਾ ਜਾ ਸਕੇ, ਇਹੋ ਜਿਹੇ ਗਰੰਥਾਂ ਦਾ ਮੰਡਨ ਤਾਂ ਕੋਈ ਮੂਰਖ ਹੀ ਕਰ ਸਕਦਾ ਹੈ, ਸਮਝਦਾਰ ਲੋਕ ਤਾਂ ਇਹੋ ਜਿਹੇ ਗਰੰਥਾਂ ਦਾ ਖੰਡਨ ਹੀ ਕਰਦੇ ਹਨ।

ਅਖੀਰ ਵਿੱਚ ਮੈ ਸਿੱਖ ਕੌਮ ਨੂੰ (ਆਪਣੀ ਬੁੱਧ ਅਨਸਾਰ) ਸੁਚੇਤ ਕਰ ਦੇਣਾ ਚਾਹੁੰਦਾ ਹਾਂ, ਕਿ ਜੋ ਇਹ ਲੋਕ ਕਹਿੰਦੇ ਹਨ ਕਿ ਗੁਰੂ ਗਰੰਥ ਸਾਹਿਬ ਮੱਨੁਖਤਾ ਦਾ ਅਤੇ ਦਸਮ ਗਰੰਥ ਸਿੱਖਾਂ ਦਾ ਗਰੰਥ ਹੈ, ਇਸ ਦੇ ਪਿਛੇ ਬਹੁਤ ਵੱਡੀ ਸਾਜ਼ਿਸ ਕੰਮ ਕਰ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਇਹਨਾਂ ਲੋਕਾਂ ਨੇ ਇਹ ਕਹਿਣਾ ਹੈ ਕਿ ਸਿੱਖ ਕੌਮ ਗੁਰੂ ਗਰੰਥ ਦੇ ਆਸਰੇ 'ਤੇ ਨਹੀਂ ਹੈ, ਬਲਕਿ ਦਸਮ ਗਰੰਥ ਦੇ ਆਸਰੇ 'ਤੇ ਖੜੀ ਹੈ, ਫਿਰ ਇਹਨਾ ਲੋਕਾਂ ਨੇ ਇਹ ਕਹਿਣਾ ਹੈ ਕਿ ਸਿੱਖ ਕੌਮ ਨੂੰ ਗੁਰੂ ਗਰੰਥ ਦੀ ਲੋੜ ਨਹੀਂ ਹੈ, ਬਲਕਿ ਦਸਮ ਗਰੰਥ ਦੀ ਜਿਆਦਾ ਲੋੜ ਹੈ, ਇਹਨਾ ਲੋਕਾਂ ਦਾ ਨਿਸ਼ਾਨਾਂ ਤਾਂ ਹੌਲੀ ਹੌਲੀ ਗੁਰੂ ਗਰੰਥ ਸਾਹਿਬ ਦੀ ਜਗ੍ਹਾ 'ਤੇ ਦਸਮ ਗਰੰਥ ਦਾ ਪ੍ਰਕਾਸ਼ ਕਰਨਾ ਹੈ, ਜੋ ਕਿ ਪਹਿਲਾਂ ਵੀ ਇਹਨਾ ਲੋਕਾਂ ਦੀ ਸਾਜ਼ਿਸ ਨਾਕਾਮ ਹੋ ਚੁਕੀ ਹੈ।

ਜਾਗੋ ਸਿੱਖੋ ਜਾਗੋ, ਵਰਤੋ ਆਪਣੇ ਸਿਰਾਂ ਨੂੰ, ਸੋਚਣਾਂ ਸੁਰੂ ਕਰੋ, ਸਮਝੋ ਇਹਨਾ ਲੋਕਾ ਦੀਆਂ ਚਾਲਾਂ ਨੂੰ,

- ਜਪੁਜੀ ਸਾਹਿਬ ਦੇ ਬਰਾਬਰ ਜਾਪ ਲਿਖ ਦਿਤਾ ਗਿਆ ਹੈ,
- ਆਸਾ ਜੀ ਕੀ ਵਾਰ ਦੇ ਬਰਾਬਰ ਚੰਡੀ ਦੀ ਵਾਰ ਲਿਖ ਦਿਤੀ ਗਈ ਹੈ,
- ਗੁਰਬਾਣੀ ਵਿੱਚ ਆਏ ਚੌਪਦਿਆਂ ਦੇ ਬਰਾਬਰ ਚੌਪਈ ਲਿਖ ਦਿਤੀ ਗਈ ਹੈ,
- ਸਵੱਈਆਂ ਦੇ ਬਰਾਬਰ ਸਵੱਈਏ ਲਿਖ ਦਿਤੇ ਗਏ ਹਨ,
- ਗੁਰੂ ਗਰੰਥ ਸਾਹਿਬ ਜੀ ਦੇ ਪਨਿਆਂ ਬਰਾਬਰ ਪੰਨੇ ਲਿਖ ਦਿਤੇ ਗਏ ਹਨ,
- ਨਾਮ ਬਦਲ ਕੇ ਦਸਮ (ਛੋਟਾ ਜਿਹਾ) ਉਤੇ ਲਿਖਕੇ ਥੱਲੇ (ਵੱਡਾ) ਸ੍ਰੀ ਗੁਰੂ ਗਰੰਥ ਲਿਖ ਦਿਤਾ ਗਿਆ ਹੈ,
- ਹੁਣ ਤਾਂ ਬਚਿਤ੍ਰ ਨਾਟਕ ਦੀਆਂ ਕੁੱਝ ਲਿਖਤਾਂ ਦੇ ਉਤੇ ਗੁਰਬਾਣੀ ਦੀ ਨਕਲ 'ਤੇ ਰਾਗ ਵੀ ਲਿਖ ਦਿਤੇ ਹਨ।

ਆਏ ਦਿਨ ਇਹ ਲੋਕ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਚੈਲਿੰਜ ਕਰ ਰਹੇ ਹਨ, ਹੁਣ ਤਾਂ ਇਹਨਾਂ ਲੋਕਾਂ ਨੇ ਬਚਿਤ੍ਰ ਨਾਟਕ ਗਰੰਥ ਦਾ ਗੰਦ ਲਕਾਉਣ ਦੇ ਲਈ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਅਸ਼ਲੀਲ ਵੀ ਕਹਿਣਾ ਸੁਰੂ ਕਰ ਦਿਤਾ ਹੈ, ਜੇ ਹਾਲੇ ਵੀ ਸਮਝ ਨਹੀਂ ਆ ਰਹੀ, ਫਿਰ ਆਪੇ ਦੀ ਪੜਚੋਲ਼ ਕਰਕੇ ਦੇਖੋ ਕਿ ਅਸੀਂ ਕਿਸ ਦੇ ਸਿੱਖ ਹਾਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top