Share on Facebook

Main News Page

"ਵਾਹਿਗੁਰੂ" ਸ਼ਬਦ ਨੂੰ ਵਾਰ ਵਾਰ ਰੱਟਣ ਨੂੰ ਹੀ ਸਿਮਰਨ ਪ੍ਰਚਾਰਿਆ ਜਾ ਰਿਹਾ ਹੈ, ਐਸੀ ਧਾਰਣਾ ਗੁਰਬਾਣੀ ਦੇ ਅਨਕੂਲ ਨਹੀਂ
-: ਗੁਰਮੀਤ ਸਿੰਘ ਸਿੱਡਨੀ

“ਗੁਰੂ ਗਰੰਥ ਸਾਹਿਬ” ਦੇ ਪੰਨਾ 356 ਵਿਖੇ: ਗੁਰੂ ਨਾਨਕ ਸਾਹਿਬ ਪੰਡਤ, ਜੋਗੀ-ਜੰਗਮ, ਸੰਨਿਆਸੀ, ਜੈਨੀ, ਆਦਿਕ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ: “ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥ ਅਤੇ ਪੰਨਾ 465: ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥” ਇਹੀ ਉਪਦੇਸ਼ ਸਿੱਖਾਂ ਲਈ ਵੀ ਹੈ ਕਿ ਸਾਨੂੰ ਭੀ ਗੁਰਬਾਣੀ ਨੂੰ ਵਿਚਾਰ ਕਰਕੇ ਪੜ੍ਹਣੀ ਚਾਹੀਦੀ ਹੈ ਅਤੇ ਫਿਰ ਉਸ ਉਪਰ ਅਮਲ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਕਿਉਂਕਿ ਸਾਰੀ ਗੁਰਬਾਣੀ “ਜਪੁ ਜੀ ਸਾਹਿਬ ਤੋਂ ਲੈ ਕੇ ਮੁੰਦਾਵਣੀ ਤੱਕ” ਇਲਾਹੀ ਅਤੇ ਸੰਸਾਰੀ ਗਿਆਨ ਨਾਲ ਭਰਪੂਰ ਹੈ । ਇਵੇਂ ਹੀ, ਗੁਰੂ ਰਾਮਦਾਸ ਸਾਹਿਬ ਵੀ ਸਾਨੂੰ ਉਪਦੇਸ਼ ਕਰਦੇ ਹਨ:

ਗੁਰੂ ਗਰੰਥ ਸਾਹਿਬ - ਪੰਨਾ 732 ॥ ਸੂਹੀ ਮਹਲਾ 4 ॥ ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥ ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥ 1 ॥

ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਐ ਸਤ-ਸੰਗੀਓ, ਜਿਹੜੇ ਪ੍ਰਾਣੀ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਨਹੀਂ ਕਰਦੇ, ਪਰ ਮੂੰਹ-ਜ਼ਬਾਨੀ ਰਾਮ ਰਾਮ / ਵਾਹਿਗੁਰੂ ਵਾਹਿਗੁਰੂ ਉਚਾਰਦੇ ਰਹਿੰਦੇ ਹਨ, ਪਰ ਉਹ ਸਦਾ ਧੋਖਾ-ਫਰੇਬ ਭੀ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਸਚਿਆਰ / ਗੁਰਮੁੱਖ ਨਹੀਂ ਕਿਹਾ ਜਾ ਸਕਦਾ ਹੈ । ਭਾਵੇਂ ਐਸੇ ਇਨਸਾਨ ਰਾਤ-ਦਿਨ ਕਈ ਤਰ੍ਹਾਂ ਦੇ ਧਾਰਮਿਕ ਕਰਮ ਕਰਦੇ ਰਹਿੰਦੇ ਹਨ, ਪਰ ਉਨ੍ਹਾਂ ਨੂੰ ਸੁਪਨੇ ਵਿਚ ਭੀ ਕਦੇ ਆਤਮਿਕ ਆਨੰਦ ਨਹੀਂ ਮਿਲਦਾ । (1)

ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥ ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥ 1 ॥ ਰਹਾਉ ॥

ਅਰਥ: ਆਪਣੇ-ਆਪ ਨੂੰ ਗਿਆਨੀ ਕਹਾਉਂਣ ਵਾਲੇ ਪ੍ਰਾਣੀ, ਇਹ ਸਦਾ ਯਾਦ ਰੱਖਣ ਕਿ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰਨ ਤੋਂ ਬਿਨਾ, ਭਗਤੀ ਨਹੀਂ ਹੋ ਸਕਦੀ । ਹਿਰਦੇ ਉੱਤੇ ਅਕਾਲ ਪੁਰਖ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਭਾਵੇਂ ਕੋਈ ਪ੍ਰਾਣੀ ਤਰਲੇ ਕਰਦਾ ਰਹੇ ਜਿਵੇਂ, ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜ੍ਹਦਾ । (1 - ਰਹਾਉ)

ਜਪੁ ਤਪੁ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥ ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥2॥

ਅਰਥ: ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਪ੍ਰਾਣੀ, ਮੰਤ੍ਰਾਂ ਦਾ ਜਾਪ, ਧੂਣੀਆਂ ਦਾ ਤਪਾਣਾ, ਵਰਤ, ਆਦਿਕ ਕੱਸ਼ਟ ਦੇਣ ਵਾਲੇ ਸਾਧਨ ਕਰਦਾ ਰਹੇ, ਪਰ ਉਸ ਦਾ ਆਪਣਾ ਆਤਮਿਕ ਰੋਗ ਦੂਰ ਨਹੀਂ ਹੋ ਸਕਦਾ ਕਿਉਂਕਿ ਉਸ ਦੇ ਹਿਰਦੇ ਵਿਚ ਅਹੰਕਾਰ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ ਅਤੇ ਉਹ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ/ਦੁਬਧਾ ਵਿਚ ਪਿਆ ਰਹਿੰਦਾ ਹੈ। (2)

ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹਦਿਸਿ ਧਾਵੈ ॥ ਹਉਮੈ ਬਿਆਪਿਆ ਸਬਦੁ ਨ ਚੀਨ੍ਹੈ ਫਿਰਿ ਫਿਰਿ ਜੂਨੀ ਆਵੈ ॥3॥

ਅਰਥ: ਕਈ ਪਾਖੰਡੀ ਪ੍ਰਾਣੀ, ਲੋਕਾਈ ਨੂੰ ਵਿਖਾਉਣ ਲਈ ਕਈ ਤਰ੍ਹਾਂ ਦੇ ਧਾਰਮਿਕ ਭੇਖ ਬਣਾਉਂਦੇ ਅਤੇ ਚਾਲਾਕੀਆਂ ਵਿਖਾਉਂਦੇ ਰਹਿੰਦੇ ਹਨ, ਪਰ ਉਨ੍ਹਾਂ ਦਾ ਕਪਟੀ ਹਿਰਦਾ ਦਸੀਂ ਪਾਸੀਂ ਭਟਕਦਾ ਰਹਿੰਦਾ ਹੈ । ਹਉਮੈ-ਅਹੰਕਾਰ ਵਿਚ ਫਸਿਆ ਹੋਇਆ ਐਸਾ ਪ੍ਰਾਣੀ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿਚ ਗ੍ਰਹਿਣ ਨਹੀਂ ਕਰਦਾ, ਸਗੋਂ ਵਾਰ ਵਾਰ ਦੁਨਿਆਵੀਂ ਤ੍ਰਿਸ਼ਨਾ ਦੇ ਗੇੜ ਵਿਚ ਪਿਆ ਰਹਿੰਦਾ ਹੈ । (3)

ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥ ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥4॥4॥

ਅਰਥ: ਗੁਰੂ ਨਾਨਕ ਸਾਹਿਬ ਦੀ ਇਲਾਹੀ ਗਿਆਨ-ਜੋਤਿ ਸਦਕਾ, ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਐ ਸਤ-ਸੰਗੀਓ, ਜਿਸ ਇਨਸਾਨ ਉੱਤੇ ਅਕਾਲ ਪੁਰਖ ਦੀ ਰਹਿਮਤ ਹੋ ਜਾਏ, ਉਹੀ ਆਤਮਿਕ ਜੀਵਨ ਦੇ ਰਸਤੇ ਨੂੰ ਸਮਝ ਕੇ ਅਕਾਲ ਪੁਰਖ ਦਾ ਨਾਮ ਸਿਮਰਦਾ ਹੈ । ਅਕਾਲ ਪੁਰਖ ਦੀ ਮਿਹਰ ਦੁਆਰਾ ਐਸਾ ਪ੍ਰਾਣੀ ਇੱਕ ਪ੍ਰਮਾਤਮਾ ਨਾਲ ਹੀ ਸਾਂਝ ਬਣਾਈ ਰੱਖਦਾ ਹੈ ਅਤੇ ਹਰ ਸਮੇਂ ਉਸ ਦੀ ਰਜ਼ਾਅ ਅਨੁਸਾਰ ਹੀ ਜੀਵਨ ਬਤੀਤ ਕਰਦਾ ਹੈ । (4 / 4)

ਹੋਰ ਦੇਖੋ ਪੰਨਾ 491: ਗੂਜਰੀ ਮਹਲਾ 3 ॥ ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥ 1 ॥

ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਨਿਰਾ ਕਹਿਣ ਨਾਲ ਰਾਮ ਪਰਾਪਤ ਨਹੀਂ ਹੁੰਦਾ; ਗੁਰੂ ਦੀ ਕਿਰਪਾ ਨਾਲ ਰਾਮ ਮਨ ਵਿਚ ਵੱਸੇ ਤਾਂ ਕੋਈ ਕਾਮਯਾਬੀ ਪਰਾਪਤ ਕਰ ਸਕਦਾ ਹੈ ।

ਪੰਨਾ 565, ਵਡਹੰਸੁ ਮਹਲਾ 3 ॥ ਇੱਥੇ ਭੀ ਇਹੀ ਵਿਚਾਰ ਪ੍ਰਗਟ ਕੀਤੀ ਹੋਈ ਹੈ: “ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ ਪਾਇਆ ॥ 8 ॥ 2 ॥

ਪੰਨਾ 656, ਰਾਗੁ ਸੋਰਠਿ ਭਗਤ ਕਬੀਰ ਜੀ ਕੀ ॥ ਹ੍ਰਿਦੈ ਕਪਟੁ ਮੁਖ ਗਿਆਨੀ ॥ ਝੂਠੇ ਕਹਾ ਬਿਲੋਵਸਿ ਪਾਨੀ ॥1॥ ਕਾਂਇਆ ਮਾਂਜਸਿ ਕਉਨ ਗੁਨਾਂ ॥ ਜਉ ਘਟ ਭੀਤਰਿ ਹੈ ਮਲਨਾਂ ॥ 1 ॥ ਰਹਾਉ ॥

ਅਰਥ: ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ ਐ ਪਾਖੰਡੀ ਪ੍ਰਾਣੀ, ਤੇਰੇ ਹਿਰਦੇ ਵਿਚ ਤਾਂ ਠੱਗੀ-ਫ਼ਰੇਬੀ ਹੈ, ਪਰ ਤੂੰ ਮੂੰਹੋਂ ਬਹੁਤ ਗਿਆਨ ਦੀਆਂ ਗੱਲਾਂ ਕਰ ਰਿਹਾ ਹੈਂ । ਤੇਰੇ ਜੈਸੇ ਝੂਠੇ ਪ੍ਰਾਣੀ ਦਾ ਇਸ ਤਰ੍ਹਾਂ ਪਾਣੀ ਰਿੜਕਣ ਦਾ ਕੋਈ ਲਾਭ ਨਹੀਂ ਹੋ ਸਕਦਾ ।1। ਐ ਝੂਠੇ ਪ੍ਰਾਣੀ, ਜਦੋਂ ਤੇਰੇ ਹਿਰਦੇ ਵਿਚ ਕਪਟ ਦੀ ਮੈਲ ਭਰੀ ਹੋਈ ਹੈ ਤਾਂ ਸਰੀਰ ਸ਼ੁੱਧ ਕਰਨ ਦਾ ਕੋਈ ਫਾਇਦਾ ਨਹੀਂ ਹੈ ।1।ਰਹਾਉ। {ਸਿੱਖ ਜਗਤ ਵਿਚ ਭੀ ਐਸੇ ਅਖੌਤੀ ਸੰਤ-ਬਾਬੇ, ਭਾਈ, ਰਾਗੀ, ਕਥਾਕਾਰ ਆਮ ਦੇਖੇ ਜਾਂਦੇ ਹਨ, ਜਿਹੜੇ ਸੰਗਤਾਂ ਨੂੰ ਤਾਂ ਲੋਕ-ਪ੍ਰਲੋਕ ਬਾਰੇ ਉਪਦੇਸ਼ ਦਿੰਦੇ ਰਹਿੰਦੇ ਹਨ, ਪਰ ਆਪ ਗੁਰਬਾਣੀ ਤੋਂ ਸੇਧ ਨਹੀਂ ਲੈਂਦੇ । ਇਵੇ ਹੀ, ਬਾਹਰਲੇ ਭੇਖ, ਸੁੱਚ ਅਤੇ ਪਵਿੱਤ੍ਰਤਾ ਰੱਖਣ ਦਾ ਕੋਈ ਲਾਭ ਨਹੀਂ ।}

ਪੰਨਾ 1375-76 ॥ ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥ 212 ॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥213॥

ਅਰਥ: ਇਹਨਾਂ ਸ਼ਲੋਕਾਂ ਦੁਆਰਾ ਭਗਤ ਕਬੀਰ ਜੀ ਭਗਤ ਤ੍ਰਿਲੋਚਨ ਜੀ ਅਤੇ ਭਗਤ ਨਾਮਦੇਵ ਜੀ ਵਿਚਕਾਰ ਹੋਈ ਮੁਲਾਕਾਤ ਬਾਰੇ ਬਿਆਨ ਕਰਦੇ ਹਨ । ਭਗਤ ਤ੍ਰਿਲੋਚਨ ਆਪਣੇ ਮਿੱਤ੍ਰ ਭਗਤ ਨਾਮਦੇਵ ਨੂੰ ਕਹਿੰਦਾ ਹੈ ਕਿ ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ ਕਿਉਂਕਿ ਤੂੰ ਤਾਂ ਅੰਬਰੇ ਠੇਕਣ ਵਿਚ ਲੱਗਾ ਰਹਿੰਦਾ ਹੈਂ, ਪਰ ਪਰਮਾਤਮਾ ਨਾਲ ਚਿੱਤ ਕਿਉਂ ਨਹੀਂ ਜੋੜਦਾ ? ।212। ਅੱਗੋਂ ਭਗਤ ਨਾਮਦੇਵ ਉੱਤਰ ਦਿੰਦਾ ਹੈ ਕਿ ਐ ਤ੍ਰਿਲੋਚਨ, ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਗ੍ਰਹਿਣ ਕਰੀ ਰੱਖ, ਪਰ ਹੱਥਾਂ-ਪੈਰਾਂ ਨਾਲ ਸਾਰਾ ਕੰਮ-ਕਾਜ ਕਰਦਾ ਰਹਿ ਅਤੇ ਆਪਣਾ ਚਿੱਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜੀ ਰੱਖ ।213।

ਜਪੁ ਜੀ ਸਾਹਿਬ ਦੀ ਪਉੜੀ 32 ਦੁਆਰਾ ਗੁਰੂ ਨਾਨਕ ਸਾਹਿਬ ਭੀ ਸਾਨੂੰ ਹਰ ਰੋਜ਼ ਓਪਦੇਸ਼ ਕਰਦੇ ਹਨ:

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥ 32 ॥

ਅਰਥ: ਜੇ ਕਿਸੇ ਪ੍ਰਾਣੀ ਦੀ ਇਕ ਜੀਭ ਤੋਂ ਅਣਗਿਣਤ ਜੀਭਾਂ ਭੀ ਕਿਉਂ ਨਾ ਹੋ ਜਾਣ । ਇੰਜ, ਹਰੇਕ ਜੀਭ ਨਾਲ ਜੇ ਐਸਾ ਪ੍ਰਾਣੀ ਅਕਾਲ ਪੁਰਖ ਦੇ ਨਾਮ ਨੂੰ ਬੇਅੰਤ ਵਾਰੀ ਜੱਪਦਾ ਰਹੇ । ਪਰ, ਅਕਾਲ ਪੁਰਖ ਨਾਲ ਇਕ-ਮਿਕ ਹੋਣ ਲਈ, ਇਨਸਾਨ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਹੀ, ਭਗਤੀ ਦੇ ਮਾਰਗ ਉੱਪਰ ਚਲਣਾ ਪਵੇਗਾ । ਐਸੀਆਂ ਗਿਣਤੀ -ਮਿਣਤੀ ਦੀਆਂ ਗੱਲਾਂ ਸੁਣ ਕੇ, ਕੀੜੀਆਂ ਨੂੰ ਭੀ ਰੀਸ ਕਰਨ ਦੀ ਸੁੱਝੀ ਕਿ ਅਸੀਂ ਭੀ ਆਕਾਸ਼ ਤੇ ਚੜ੍ਹ ਸਕਦੀਆਂ ਹਾਂ । ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਹੀ, ਉਸ ਨਾਲ ਨੇੜਤਾ ਹਾਸਲ ਹੋ ਸਕਦੀ ਹੈ, ਨਹੀਂ ਤਾਂ ਕਈ ਝੂਠੇ ਪ੍ਰਾਣੀ ਆਪਣੀਆਂ ਝੂਠੀਆਂ ਸ਼ੇਖੀਆਂ ਹੀ ਮਾਰਦੇ ਰਹਿੰਦੇ ਹਨ । 32 । ਇਸ ਤੋਂ ਸਾਨੂੰ ਭੀ ਸੇਧ ਲੈਣੀ ਚਾਹੀਦੀ ਹੈ ਕਿ ਕਿਸੇ ਇਕ ਸ਼ਬਦ ਨੂੰ ਵਾਰ ਵਾਰ ਜੱਪਣ ਨਾਲ ਜਾ ਦਿਖਾਵੇ ਦੇ ਸਿਮਰਨ ਕਰਨ ਨਾਲ, ਕੋਈ ਪ੍ਰਾਣੀ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਨਹੀਂ ਬਣ ਸਕਦਾ !

ਭਾਈ ਗੁਰਦਾਸ ਜੀ ਆਪਣੇ ਕਬਿੱਤ ਸਵੱਯੇ ਦੁਆਰਾ ਭੀ ਆਪਣਾ ਐਸਾ ਹੀ ਖਿਆਲ ਪ੍ਰਗਟ ਕਰਦੇ ਹਨ:

ਜੈਸੇ ਖਾਂਡੁ ਖਾਂਡੁ ਕਹੈ ਮੁਖਿ ਨਹੀ ਮੀਠਾ ਹੋਇ ਜਬ ਲਗੁ ਜੀਭ ਸਵਾਦ ਖਾਂਡੁ ਨਹੀਂ ਪਾਈਐ । ਜੈਸੇ ਰਾਤ ਅੰਧੇਰੀ ਮੈ ਦੀਪਕ ਦੀਪਕ ਕਹੈ ਤਿਮਰ ਨ ਜਾਈ ਜਬ ਲਗੁ ਨ ਜਰਾਈਐ । ਜੈਸੇ ਗਿਆਨੁ ਗਿਆਨੁ ਕਹੈ ਗਿਆਨ ਹੂੰ ਨ ਹੋਤ ਕਛੁ ਜਬ ਲਗੁ ਗੁਰ ਗਿਆਨ ਅੰਤਰਿ ਨ ਪਾਈਐ । ਤੈਸੇ ਗੁਰ ਧਿਆਨ ਕਹੈ ਗੁਰ ਧਿਆਨ ਹੂੰ ਨ ਪਾਵਤ ਜਬ ਲਗੁ ਗੁਰ ਦਰਸਿ ਜਾਇ ਨ ਸਮਾਈਐ ।” ।542 ।

ਅਰਥ: ਭਾਈ ਗੁਰਦਾਸ ਜੀ ਬਿਆਨ ਕਰਦੇ ਹਨ ਕਿ ਜਿਸ ਤਰ੍ਹਾਂ ਖੰਡ ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੁੰਦਾ ਹੈ, ਜਿੰਨਾ ਚਿਰ ਜੀਭ ਨੇ ਖੰਡ ਦਾ ਸਵਾਦ ਨਹੀਂ ਪਾਇਆ ਹੈ । ਜਿਸ ਤਰ੍ਹਾਂ ਕੋਈ ਹਨੇਰੀ ਰਾਤ ਵਿਚ ਦੀਵਾ ਦੀਵਾ ਆਖਿਆਂ ਹਨੇਰਾ ਨਹੀਂ ਮਿਟਦਾ ਹੈ, ਜਿੰਨਾ ਚਿਰ ਦੀਵਾ ਨਾ ਜਗਾ ਲਿਆ ਜਾਵੇ । ਜਿਸ ਤਰ੍ਹਾਂ ਗਿਆਨ ਗਿਆਨ ਆਖਿਆਂ ਕੁਝ ਭੀ ਗਿਆਨ ਨਹੀਂ ਹੁੰਦਾ ਹੈ, ਜਦ ਤਕ ਹਿਰਦੇ ਅੰਦਰ ਗੁਰੂ ਦਾ ਗਿਆਨ ਨਹੀਂ ਪਾਈਦਾ ਹੈ । ਉਸੇ ਤਰ੍ਹਾਂ ਗੁਰੂ ਦਾ ਧਿਆਨ ਆਖਿਆਂ ਗੁਰੂ ਦਾ ਧਿਆਨ ਨਹੀਂ ਪਾਈਦਾ ਹੈ, ਜਦ ਤਕ ਜਾ ਕੇ ਗੁਰੂ ਦੇ ਦਰਸ਼ਨ ਵਿਚ ਨਹੀਂ ਸਮਾਈਦਾ ਹੈ ।542।

ਆਖੀਰ ਵਿਚ ਇਹ ਹੀ ਬੇਨਤੀ ਹੈ, ਕਿ ਸਾਰੇ ਸਿੱਖਾਂ ਨੂੰ ਸੋਚ-ਸਮਝ ਕੇ ਗੁਰਬਾਣੀ ਦਾ ਪਾਠ ਆਪ ਕਰਨਾ ਚਾਹੀਦਾ ਹੈ ਅਤੇ ਫਿਰ ਗੁਰ-ਓਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰੀਏ ਤਾਂ ਜੋ ਸਾਡੀ ਸਚਿਆਰ ਜ਼ਿੰਦਗੀ ਨੂੰ ਦੇਖ ਕੇ, ਹੋਰ ਲੋਕਾਈ ਭੀ ਸਿੱਖ ਮਾਰਗ ਦੇ ਪਾਂਧੀ ਬਣਨ ਦਾ ਸੁਭਾਗ ਪਰਾਪਤ ਕਰ ਸਕਣ । ਸਾਨੂੰ ਹਰ ਸਮੇਂ ਇਹ ਭੀ ਚੇਤੇ ਰੱਖਣਾ ਚਾਹੀਦਾ ਹੈ ਕਿ ਭਾਵੇਂ ਅਣਗਿਣਤ ਧਾਰਮਿਕ ਪੁਸਤਕਾਂ (ਅਸੰਖ ਗਰੰਥ) ਦਾ ਜਪੁ ਜੀ ਸਾਹਿਬ ਦੀ ਪਉੜੀ 17 ਵਿਚ ਜ਼ਿਕਰ ਕੀਤਾ ਹੋਇਆ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ” । ਇਵੇਂ ਹੀ, ਗੁਰੂ ਅਮਰਦਾਸ ਸਾਹਿਬ ਦਾ ਫੁਰਮਾਨ ਹੈ: “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥” (ਗੁਰੂ ਗਰੰਥ ਸਾਹਿਬ ਪੰਨਾ 646) ॥ ਇਸ ਲਈ, ਸਾਡਾ “ਗੁਰੂ” ਭੀ ਇਕ ਹੈ ਅਤੇ ਇਕ ਹੀ ਵਿਚਾਰ ਹੋਣੀ ਚਾਹੀਦੀ ਹੈ ।

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): 7 ਅਪ੍ਰੈਲ 2013


ਬੇਨਤੀ ਹੈ ਕਿ ਕਿਸੇ ਕੋਲ਼ ਗੁਰਬਾਣੀ ਅਨੁਸਾਰ ਕੋਈ ਜਵਾਬ ਹੈ ਤਾਂ ਆਪਣਾ ਪੱਖ ਰੱਖ ਸਕਦਾ ਹੈ, ਐਵੇਂ ਲੇਖਕ 'ਤੇ, ਮਿਸ਼ਨਰੀਆਂ 'ਤੇ ਤਾਨੇ ਕੱਸਣੇ, ਬਦਜ਼ੁਬਾਨੀ ਕਰਨੀ ਕੋਈ ਅਕਲਮੰਦੀ ਨਹੀਂ। ਜੇ ਫਿਰ ਵੀ ਕੋਈ ਕਰਦਾ ਹੈ ਤਾਂ, ਆਪਣੀ ਅਕਲ ਦਾ ਜਨਾਜ਼ਾ ਕੱਢਣ ਦਾ ਆਪ ਜ਼ਿੰਮੇਵਾਰ ਹੋਵੇਗਾ।...  ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top