Share on Facebook

Main News Page

"ਸਤਿਕਾਰ ਮੁਹਿੰਮ ਬਾਰੇ" ਲੋਕ ਕੀ ਸੋਚਦੇ ਹਨ ?
-: ਤਰਲੋਕ ਸਿੰਘ ‘ਹੁੰਦਲ’ ਬਰੈਂਮਟਨ, ਟੋਰਾਂਟੋ, ਕਨੇਡਾ

ਅਸੀਂ ਇਸ ਬਾਰੇ ਕੋਈ ਗੱਲ ਨਹੀਂ ਕਰਨੀਂ ਕਿ ਜਿਲ੍ਹੇ ਮੋਗੇ ਦੇ ਪਿੰਡ ਬੱਧਨੀਂ ਕਲਾਂ ਯਾਨੀਂ ‘ਸੰਤਾਂ ਦੀ ਲੋਪੋ’ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਮਨਾਂਉਂਦੇ ਹੋਏ ਸਿੱਖ ਜਗਤ ਨੂੰ ਸ਼ਰਮਸ਼ਾਰ ਕਰਦਾ ਕੀ ਘਟਨਾ-ਕ੍ਰਮ ਵਾਪਰਿਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਉੱਥੇ ਹਾਜਰ ਠਾਠਾਂ ਮਾਰਦਾ ਸੰਗਤਾਂ ਦਾ ਵਿਸ਼ਾਲ ਇੱਕਠ ਚਸ਼ਮਦੀਦ ਗਵਾਹ ਹੈ ਕਿ ਗੁਰਮਤਿ ਵਿਚਾਰਾਂ ਦੀ ਲੜੀ ਆਖਰੀ ਪੜਾਅ ‘ਤੇ ਸੀ ਜਦੋਂ ਗੁਰਮਤਿ ਸਿਧਾਂਤਾਂ ਦੇ ਉਲਟ ਜਾ ਕੇ ਇੱਕ ਬੀਬੀ ਵਲੋਂ ਡੇਰੇਦਾਰ ਦੇ ਪੈਰੀਂ ਹੱਥ ਲਾਉਂਣ ਤੋਂ ਵਰਜਣ ਦੀ ਸਿਖਿਆਦਾਇਕ ਸਮਝਾਵਣੀ ਦਿੱਤੀ ਸੀ, ਗੁਰਦੁਆਰਾ ਮਸਤੂਆਣਾ ਸਾਹਿਬ ਦੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਜੀ ‘ਮਾਂਝੀ’ ਨੇ।

ਬਸ ਹੰਗਾਮਾਂ ਖੜ੍ਹਾ ਹੀ ਗਿਆ। ਹਲਕੇ ਦੇ ਅਕਾਲੀ ਸੰਸਦ ਮੈਂਬਰ ਦੀ ਮੌਜੂਦੀ ਵਿੱਚ ਡੇਰੇਦਾਰ ਦੇ ਪੈਰੋਕਾਰਾਂ ਵਲੋਂ ਭਾਈ ਸਾਹਿਬ ਨਾਲ ਤੂੰ-ਤੂੰ, ਮੈਂ-ਮੈਂ ਬਹੁਤ ਹੋਈ, ਘਸੁੰਨ-ਮੁੱਕੀ ਚੱਲੀ, ਜਾਨ ਲੇਵਾ ਹਮਲਾ ਕੀਤਾ ਗਿਆ। ਅਣ-ਕਿਆਸੀ ਹੁੱਲੜਬਾਜੀ ਦੌਰਾਨ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਜਸਵੰਤ ਸਿੰਘ ਜੀ ਸਾਬਕਾ ਹੈਡ ਗ੍ਰੰਥੀ ਦਰਬਾਰ ਸਾਹਿਬ ਜੀ ਦੀ ਦਸਤਾਰ ਲਾਹ ਦਿੱਤੀ ਤੇ ਸੱਟ ਵੀ ਮਾਰੀ ਗਈ। ਕੋਈ ਇੱਕ ਗਿਆਨੀ ਅਵਤਾਰ ਸਿੰਘ ਜੀ ਲੋਪੋਂ ਵੀ ਜਖ਼ਮੀਂ ਹੋਏ ਦੱਸੇ ਗਏ ਹਨ। ਮਾੜੀ ਗੱਲ ਹੋਈ, ਡਾਢਾ ਅਫਸੋਸ ਹੈ। ਰਾਜਸੀ ਰੰਗ ਵਿੱਚ ਰੰਗੇ ਅਕਾਲੀਆਂ ਨੂੰ ਇਟਲੀ ਹਵਾਈ ਅੱਡੇ ਉੱਤੇ ਪ੍ਰਧਾਨ ਦੀ ਪੱਗੜੀ ਤਾਂ ਯਾਦ ਰਹੀ, ਪਰ ਇੱਕ ਦਿਨ ਪਹਿਲਾਂ ਲੋਪੋ ਵਿੱਚ ਸਤਿਕਾਰਯੋਗ ਗੁਰਮਤਿ ਪ੍ਰਚਾਰਕ ਦੀ ਲਾਹੀ ਗਈ ਦਸਤਾਰ ਭੁੱਲ ਗਏ!

ਕੁਝ ਦਹਾਕਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗਾਲੀ-ਗਲੋਚ ਕਰਨਾ, ਪੱਗੋ-ਲੱਥੀ ਹੋਣਾ, ਜੋਰ-ਅਜਮਾਈ ਅਤੇ ਧੱਕਾ-ਮੁੱਕੀ ਚਲਾਉਂਣੀ, ਕਿਰਪਾਨਾਂ ਸੂਤ ਲੈਣੀਆਂ, ਠੂੰ-ਠਾਹ ਵਗੈਰਾ, ਵਗੈਰਾ-ਸਾਡਾ ਸਿੱਖਾਂ ਦਾ ਇਹ ਇੱਕ ਆਮ ਜਿਹਾ ਵਰਤਾਰਾ ਬਣ ਗਿਆ ਹੈ। ਇਸੇ ਲਈ ਇੱਕ ਸਿੱਖ ਵਿਦਵਾਨ ਨੇ ਲਿਖਿਆ ਹੈ ਕਿ ‘ਜਾਤ-ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰ ਤੇ ਮੰਗਾ’। ਸ਼ਾਇਦ ਇਹ ਰੁਝਾਨ ‘ਸਤਿਕਾਰ ਮਰਯਾਦਾ’ ਦੇ ਅਧੀਨ ਨਹੀਂ ਆਉਂਦਾ, ਕਿਉਂਕਿ ਡੇਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਡੇਰਾ-ਮੁੱਖੀ ਸਰਬ-ਉੱਤਮ ਮੰਨਿਆ ਜਾਂਦਾ ਹੈ। ਬਹੁਤੇ ਸੋਝੀ-ਹੀਣ ਲੋਕਾਂ ਦਾ ਵਿਸਵਾਸ਼ ਹੈ ਕਿ ਸੰਤ-ਬਾਬੇ-ਸ੍ਰੀ ਗੁਰੂ ਨਾਨਕ ਨਾਲੋਂ ਵਧੀਆ ਮਨੁੱਖ ਦੀ ਸਿਰਜਣਾ ਕਰ ਸਕਦੇ ਹਨ। ਇਹ ਕਮ-ਅਕਲ ਜੀਊੜੇ, ਗੁਰੂ-ਹਜੂਰ ਨਤਮਸਤਕ ਹੋਣ ਨਾ ਹੋਣ, ਕਿਧਰੇ ਚਿੱਟੇ ਚੋਲੇ ਦਾ ਪ੍ਰਛਾਵਾਂ ਵੇਖ ਲੈਂਣ ਸਹੀ ‘ਬਾਬੇ ਆ ਗਏ..ਓਏ ਬਾਬੇ ਆ ਗਏ’.. ਸ਼ੌਦਾਈਆਂ ਵਾਂਗ ਕੂਕਦੇ ਹੋਏ, ਅੱਖਾਂ ਮੀਟੀ ਧੜੰਮ-ਧੜੰਮ ਕਰਕੇ ਪੈਂਰੀ ਡਿੱਗਦੇ ਆਮ ਵੇਖੇ ਜਾ ਸਕਦੇ ਹਨ। ਮਦਹੋਸ਼ ਹੋਏ ਕਈ ਮਾਈ-ਭਾਈ ਤਾਂ ਸੁਧ-ਬੁਧ ਹੀ ਖੋਹ ਬੈਠਦੇ ਹਨ। ਗੁਰੂ-ਹਜੂਰ ਤਾਂ ਕੇਵਲ ‘ਸੰਗਤਿ’ ਜੁੜਦੀ ਹੈ। ਸਿੱਖ ਵਿਦਵਾਨ ਪ੍ਰੋ: ਜੋਗਿੰਦਰ ਸਿੰਘ ਜੀ ਲਿਖਦੇ ਹਨ ਕਿ ‘ਸੰਗਤਿ’ ਦੀ ਸੁਰਤਿ, ਸੋਚਣੀ, ਆਚਾਰ-ਵਿਵਹਾਰ ਤੇ ਆਦਰਸ਼ “ਪ੍ਰਭੂ-ਕੀਮਤਾਂ” ਨੂੰ ਉਭਾਰਨ ਵਾਲਾ ਹੁੰਦਾ ਹੈ, ਜੇ ਅਜੇਹਾ ਨਹੀਂ ਹੈ ਤਾਂ ਨਿਸ਼ਚੇ ਹੀ ਉਹ ਇੱਕਤ੍ਰਤਾ ‘ਸੰਗਤ’ ਨਹੀਂ, ਐਂਵੇ ਸੰਸਾਰੀ ਮੱਨੁਖਾਂ ਦਾ ਇੱਕ ਇੱਕਠ ਹੈ। ਗੁਰੂ ਬਚਨ ਹਨ:

ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥5॥
(ਸਿਰੀ ਰਾਗੁ ਮਹਲਾ 1, ਘਰੁ 3, ਅੰਕ 72)

ਅਸੀਂ ਇਹ ਵੀ ਗੱਲ ਨਹੀਂ ਕਰਨੀ ਕਿ ਇਸ ਮੰਦਭਾਗੀ ਘਟਨਾਂ ਤੋਂ ਦੋ ਕੁ ਹਫਤੇ ਪਹਿਲਾਂ ਅਮਰੀਕਾ ਤੋਂ ਗਏ ਇੱਕ ਸਿੱਖ ਭਾਈ ਚਰਨਜੀਤ ਸਿੰਘ ਨੇ ਫ਼ਗਵਾੜੇ ਤੋਂ ਆਪਣੇ ਜਾਣੂ ਦੀ ਮਾਰਫਤ ਅਤੇ ਲੁਧਿਆਣੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਦੇ ਉਪਰਾਲੇ ਸਦਕਾ, ਸਿੱਖੀ ਦੇ ਪ੍ਰਚਾਰ ਹਿਤ ਅਮਰੀਕਾ ਲਿਜਾਣ ਲਈ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ, 6400/=ਰੂਪੈ ਭੇਟਾ ਦੇ ਕੇ ਪ੍ਰਾਪਤ ਕਰ ਲਏ ਸਨ। (ਯਾਦ ਕਰਵਾਉਂਦੇ ਹਾਂ ਕਿ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਉਪਲਬੱਧ ਨਹੀਂ ਹਨ। ਕੁਝ ਸਮਾਂ ਪਹਿਲਾਂ ਸ੍ਰੌਮਣੀ ਕਮੇਟੀ ਨੇ ਬੜੇ ਗੱਜ-ਵੱਜ ਕੇ ਭੇਟਾ-ਰਹਿਤ 150 ਕੁ ਸੌ ਬੀੜਾਂ ਵਿਸ਼ੇਸ਼ ਜਹਾਜ ਰਾਹੀਂ ਟਰਾਂਟੋ ਭੇਜੀਆਂ ਸਨ, ਜੋ ਇਥੇ ਆਣ ਕੇ ਅਠਾਈ-ਅਠਾਈ ਸੌ ਡਾਲਰ ਪ੍ਰਤੀ ਬੀੜ, ਇਸ ਸ਼ਰਤ ਉੱਤੇ ਵਿਕੀ ਕਿ ਸਬੰਧਤ ਸ਼ਰਧਾਲੂ ਦੇ ਘਰ ਵਿੱਚ ਪੂਰੀ ਰਜਵੀਂ ਮਾਇਆ ($) ਲੈ ਕੇ ਪਹਿਲਾ ਅਖੰਡ ਪਾਠ, ਉਸ ਸੰਸਥਾ ਦੇ ਪਾਠੀ ਕਰਨਗੇ, ਤਾਂ ਕਿ ਉਸ ਨੂੰ ਮਰਯਾਦਾ ਸਮਝ ਆ ਸਕੇ। ਸੰਨ 1997-8 ਦੇ ਨੇੜੇ ਤੇੜੇ ਵੀ ਇੱਕ ਸਤੋਂ ਦੀ ਗਲੀ ਸ੍ਰੀ ਅੰਮ੍ਰਿਤਸਰ ਵਾਲੇ ਬਾਬੇ ਦੋ ਕੁ ਦਰਜਨ ਨਿੱਕੇ ਨਿੱਕੇ ਬੱਚਿਆਂ ਨਾਲ ਗੁਰੂ ਮਹਾਰਾਜ ਦਾ ਇੱਕ-ਇੱਕ ਸਰੂਪ ਪ੍ਰਤੀ ਬੱਚਾ, ਯਾਨੀਂ ਚੌਵੀ ਕੁ ਬੀੜਾਂ ਲਿਆਏ ਸਨ, ਵਾਪਸ ਜਾਣ ਲੱਗੇ ਉਹ ਤਾਂ ਵਿਚਾਰੇ ਦੋ-ਦੋ ਡਾਲਰਾਂ ਵਿੱਚ ਹੀ ਵੇਚ ਗਏ ਸਨ)।

ਇੱਕ ਖ਼ਬਰ ਮੁਤਾਬਕ ਇਨ੍ਹਾਂ ਸਰੂਪਾਂ ਨੂੰ ਵਿਦੇਸ਼ ਲਿਆਉਂਣ ਲਈ ਬੰਦੋਬਸਤ ਕਰਦੇ ਸਮੇਂ ‘ਸਤਿਕਾਰ ਕਮੇਟੀ ਮੁਹਿੰਮ’ ਦੇ ਸੰਚਾਲਕਾਂ ਆਣ ਦਰਸ਼ਨ ਦਿੱਤੇ ਅਤੇ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪਹੁੰਚ ਗਿਆ ਕਿ ਭਾਰਤੀ ਡੰਡਾਵਲੀ ਦੀ ਧਾਰਾ-295-ਏ ਅਧੀਨ ਮੁਕੱਦਮਾਂ ਦਰਜ ਕਰਵਾਇਆ ਜਾਏ, ਕਿਉਂਕਿ “ਗੁਰੂ ਸਾਹਿਬ ਦੇ ਸਤਿਕਾਰ” ਦੀ ਘੋਰ ਉਲੰਘਣਾ ਹੋਈ ਹੈ। ਭਾਵੇਂ ਇਹ ਸਾਫ਼ ਤੇ ਸਪਸ਼ਟ ਹੈ ਕਿ ਧਾਰਮਿਕ ਮਸਲਿਆਂ ਵਿੱਚ ਕਾਨੂੰਨੀ ਚਾਰਾਗੋਈ ਦਾ ਸਹਾਰਾ ਲੈਂਣਾ, ਆਪਣੀ ਦਾਹੜੀ ਦੂਸਰੇ ਹੱਥ ਫ਼ੜਾਉਂਣ ਦੇ ਤੁਲ ਹੈ।

ਸੰਸਾਰ ਵਿੱਚ ਅਨੇਕਾਂ ਧਰਮ ਹਨ। ਅਧਿਆਤਮਕ ਸਿਖਿਆ ਦਿੰਦੇ ਸਾਰਿਆਂ ਕੋਲ ਆਪੋ-ਆਪਣੇ ਧਾਰਮਿਕ ਗ੍ਰੰਥ ਹਨ। ਸਿੱਖ ਧਰਮ ਦੀ ਵਿਲੱਖਣ ਗੱਲ ਇਹ ਹੈ ਕਿ ਦੁਨੀਆਂ-ਭਰ ਦੇ ਸਾਰੇ ਧਾਰਮਿਕ ਗ੍ਰੰਥਾਂ ਦੇ ਮੁਕਾਬਲੇ ਵਿੱਚ ਸਿੱਖ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਹੀ ਗੰਭੀਰਤਾ ਨਾਲ ਉੱਚਤਮ ਸਤਿਕਾਰ ਕਰਦੇ ਹਨ। ਗਿਰਜੇ-ਘਰ ਜਾਉ, ਪ੍ਰਾਰਥਨਾ ਵਾਸਤੇ ਬਾਈਬਲ ਹਰੇਕ ਡੈਸਕ ਤੇ ਪ੍ਰਕਾਸ਼ਮਾਨ ਮਿਲਦੀ ਹੈ। ਮੁਹੰਮਦ ਸਾਹਿਬ ਦੇ ਬਚਨਾਂ ਦਾ ਪੱਵਿਤਰ ‘ਕੁਰਾਨ-ਸਰੀਫ਼’ਸੌਖ ਨਾਲ ਪੜ੍ਹਨ/ਵਾਚਣ ਨੂੰ ਪ੍ਰਾਪਤ ਹੋ ਜਾਂਦਾ ਹੈ। ਮੰਗੋ ਤਾਂ ਮੁਹੰਮਦ ਸਾਹਿਬ ਦੇ ਅਨੁਆਈ ਤੁਹਾਡੇ ਦਰ/ਘਰ ਤੱਕ ਪਹੁੰਚਾਉਣ ਜਾਂਦੇ ਹਨ। ਸਿੱਖਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬੇ-ਮਿਸਾਲ ਹੈ। ਮਰਯਾਦਾ ਅਨੁਸਾਰ ਅਸੀਂ ਕੀ ਘਰਾਂ’ਚ ਅਤੇ ਕੀ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨ੍ਹੂੰ ਪੰਜ ਸਿੰਘਾਂ ਦੀ ਹਾਜ਼ਰੀ ਵਿੱਚ ਪ੍ਰਕਾਸ਼ ਕਰਦੇ ਅਤੇ ਸੇਵਾ ਨਿਭਾਉਂਦੇ ਹਾਂ। ਮਹਿੰਗੇ ਤੋਂ ਮਹਿੰਗੇ ਰੁਮਾਲੇ ਤੇ ਬਸਤ੍ਰ ਵਿਛਾਉਂਦੇ ਹਾਂ। ਬਹੁਮੁਲੀਆਂ ਤੇ ਸੋਨੇ ਦੀਆਂ ਪਾਲਕੀਆਂ, ਗੁਰਦੁਆਰਿਆਂ ਉੱਤੇ ਸੋਨਾ, ਹੀਰੇ ਸੰਗਮਰਮਰ, ਸਭ ਕੁਝ ਸਤਿਕਾਰ ਵਜੋਂ ਹੀ ਤਾਂ ਹੋ ਰਿਹਾ ਹੈ। ਭਾਵੇਂ ਸਭ ਗ੍ਰੰਥ ਸਤਿਕਾਰਯੋਗ ਹਨ, ਪਰ ਆਪਣੇ ਧਾਰਮਿਕ ਗ੍ਰੰਥ ਦਾ ਮਿਸਾਲੀ ਸਤਿਕਾਰ ਕੇਵਲ ਸਿੱਖਾਂ ਦੇ ਹਿੱਸੇ ਆਇਆ ਹੈ। ਗੁਰੂ ਸਾਹਿਬ ਦੇ ਸਤਿਕਾਰ ਵਿੱਚ ਸਿੱਖ ਨਾ ਕੋਈ ਘਾਟ ਰਹਿਣ ਦਿੰਦਾ ਹੈ ਅਤੇ ਨਾ ਹੀ ਆਪਣੇ ਵਲੋਂ ਕੋਈ ਕਸਰ ਬਾਕੀ ਛੱਡਦਾ ਹੇ।

ਫਿਰ ਵੀ ਕੋਈ ਦਹਾਕਾ ਕੁ ਭਰ ਤੋਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਥਾਂ-ਪੁਰ-ਥਾਂ ਸਤਿਕਾਰ ਕਮੇਟੀਆਂ ਬਣ ਗਈਆਂ ਹਨ। ਬਹੁਤ ਚੰਗੀ ਗੱਲ ਹੈ। ਗੁਰੂ ਸਾਹਿਬ ਦਾ ਲਾ-ਜਵਾਬ ਸਤਿਕਾਰ ਹੋਣਾ ਚਾਹੀਦਾ ਹੈ। ਪੰਥ ਪ੍ਰਮਾਣਿਤ ਰਹਿਤ ਮਰਯਾਦਾ ਵਿੱਚ “ਸਤਿਕਾਰ” ਦੀ ਰੁਪ-ਰੇਖਾ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਾਦ-ਮੁਰਾਦੀ ਅਤੇ ਸਾਫ਼-ਸੁਥਰੇਪਨ ਦੀ ਵੇਰਵਾ ਦਿੰਦੀ ਹੈ। ਸਿੱਖ ਨੂੰ ਆਗਿਆ ਦਿੰਦੀ ਹੈ ਕਿ ‘ਹਰ ਇੱਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਿਵੇਕਲਾ ਸ਼ਥਾਨ ਨਿਯਤ ਕਰਨਾ ਚਾਹੀਏ। ‘(ਸਿਰਲੇਖ ਸਾਧਾਰਨ ਪਾਠ,ੳ)।ਮਨੁੱਖੀ ਜੀਵ ਵਾਂਗ ਸਿੱਖ ਵੀ ਗਲਤੀਆ ਦਾ ਪੁਤਲਾ ਹੈ। ਇਸ ਪ੍ਰਥਾਇ ਗੁਰ ਬਚਨ ਹਨ:

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ”॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥ ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ॥8॥12॥ (ਸਿਰੀ ਰਾਗੁ ਮ:1,ਅੰਕ 61)

ਇਸ ਲਈ ਕਿਸੇ ਸਮੇਂ ਕਿਧਰੇ ਵੀ ਅਣਜਾਣੇ ਵਿੱਚ, ਸਹਿ-ਸਭੋਕੀ, ਜਾ ਪੂਰੀ ਨਾ ਸਮਝ ਹੋਣ ਕਾਰਨ ਕੋਈ ਉਕਾਈ ਹੋਣੀ ਸੁਭਾਵਿਕ ਜਹੀ ਗੱਲ ਹੈ, ਜਾਣਬੁਝ ਕੇ ਕੋਈ ਗਲਤੀ ਨਹੀਂ ਕਰਦਾ ਅਤੇ ਨਾ ਹੀ ਕਰਨਾ ਚਾਹੁੰਦਾ ਹੈ। ਸਾਡੇ ਅਰਦਾਸ ਕਰਦੇ ਸਮੇਂ ਹੋਈਆਂ ਭੁੱਲਾਂ-ਚੁੱਕਾਂ ਦੀ ਖਿਮਾਂ-ਜਾਚਨਾ ਕਰਨ ਦਾ ਵਿਧਾਨ ਪ੍ਰਮਾਣਿਤ ਹੈ। ਪਰ ਸਤਿਕਾਰ ਕਮੇਟੀ ਵਾਲੇ ਬਿਨ੍ਹਾਂ ਦੱਸੇ-ਪੁੱਛੇ ਜ਼ਜਬਾਤੀ ਹੋ ਕੇ ਫੂੰ-ਫੂੰ ਕਰਦੇ ਭਿਆਨਕ ਰੋਹ ਵਿੱਚ ਆ ਜਾਂਦੇ ਹਨ ਅਤੇ ਕੁੱਟ-ਮਾਰ ਤੱਕ ਉਤਰ ਆਉਂਦੇ ਹਨ। ਦੋਸ਼ੀ ਬਣਾਏ ਗਏ ਸਿੰਘ ਨੂੰ ਸ਼ਰੇਆਮ ਬੇ-ਇਜ਼ਤ ਕੀਤਾ ਜਾਂਦਾ ਹੈ। ਡਾਂਗਾਂ ਤੱਕ ਵਰ੍ਹਾਈਆਂ ਜਾਂਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਲਿਆ ਜਾਂਦਾ ਹੈ। ਪਾਠ ਤੱਕ ਬੰਦ ਕਰਵਾ ਦਿੱਤੇ ਜਾਂਦੇ ਹਨ। ਸੂਚਨਾਵਾਂ ਅਨੁਸਾਰ ਇਸ ਨਵੀਂ ਸੰਸਥਾਂ ਦੀਆਂ ਆਪ-ਹੁਦਰੀਆਂ ਰੋਕਣ ਲਈ ਕਈ ਵਾਰ ਤਖਤ ਸਾਹਿਬ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਦਖ਼ਲ਼ ਦੇਣਾ ਪਿਆ ਹੈ। ਆਖਿਰ! ਸਿੱਖ ਧਰਮ ਵਿੱਚ ਇਹ ਕਿਹੜਾ ਕਲਟ (ਛੂਲ਼ਠ) ਪੈਦਾ ਹੋ ਗਿਆ ਹੈ। ਕਦੇ ਕਿਸੇ ਨੇ ਸੋਚਿਆ ਹੈ ਕਿ ਇਹ ਲੋਕ, ਧਰਮ ਦੀ ਕਿਹੜੀ ਸੇਵਾ ਕਰ ਰਹੇ ਹਨ? ਜਾਂ ਫਿਰ ਬਾਣੀ ਦੇ ਸਿਖਿਆਰਥੀਆਂ’ਚ ਭੈਅ ਪੈਦਾ ਕਰਕੇ ਸਿੱਖੀ ਤੋਂ ਦੂਰ ਕਰ ਰਹੇ ਹਨ? ਕੋਈ ਦੱਸੇ ਤਾਂ ਸਹੀ ਕਿ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਦੀ ਇਹ ਕਿਹੜੀ ਵੰਨਗੀ ਹੈ? ਸੂਈ ਦੇ ਨੱਕੇ ’ਚੋ ਲੰਘਾਉਂਣ ਵਾਲੀ ਸਨਸਨੀਖੇਜ ਕਾਰਵਾਈ ਨੂੰ ਕਈ ਸਿਆਣੇ ਔਰੰਗਜੇਬੀ ਚਾਲਾਂ ਨਾਲ ਤੁਲਣਾ ਦੇਣ ਲੱਗ ਪਏ ਹਨ। ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਡਾਂਗੋਕਰੇਸੀ ਨਾਲ ਨਹੀਂ, ਪਿਆਰ ਅਤੇ ਸਤਿਕਾਰ ਨਾਲ ਹੁੰਦਾ ਹੈ। ਮੁਸਲਿਮ ਫਕੀਰ ਹਮਜਾ-ਗੌਂਸ ਨੂੰ ਗੁਰੂ ਨਾਨਕ ਸਾਹਿਬ ਨੇ ਕਿਹੜੀ ਡਾਂਗ ਮਾਰੀ ਸੀ, ਸੱਜਣ-ਠੱਗ, ਕੌਡਾ-ਰਾਕਸ਼, ਵਲੀ ਕੰਧਾਰੀ ਅਤੇ ਮੱਕੇ-ਮਦੀਨੇ ਦੇ ਕਾਜੀ, ਗੁਰੂ ਸਾਹਿਬ ਨੇ ਸਾਰੇ-ਦੇ-ਸਾਰੇ, ਵਿਦਵਤਾ-ਭਰੀ ਦਲੀਲ ਨਾਲ ਕਾਇਲ ਕੀਤੇ ਅਤੇ ਸਿੱਧੇ ਰਾਹ ਪਾਏ ਸਨ।

ਅਜ ਦਾ ਡਰਿਆ ਅਤੇ ਘਬਰਾਇਆ ਹੋਇਆ ਸਾਧਾਰਨ ਸਿੱਖ ਜਾਨਣਾ ਚਾਹੁੰਦਾ ਹੈ ਕਿ ਕੀ ‘ਸਤਿਕਾਰ ਕਮੇਟੀ’- ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਮਾਣਿਤ ਸੰਸਥਾ ਹੈ ਅਤੇ ਉਸ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੰਮ ਕਰ ਰਹੀ ਹੈ? ਕੁਝ ਵਰ੍ਹੇ ਪਹਿਲਾਂ, ਇਹ ਮੁਹਿੰਮ ਕਨੇਡਾ ਵਿੱਚ ਵੀ ਚੱਲੀ ਸੀ। ਬੜੇ ਹੱਲੇ-ਗੁੱਲੇ ਕੀਤੇ ਗਏ। ਕੋਈ ਚੰਗਾ ਤੇ ਸੁਨੱਖਾ ਨਤੀਜਾ ਸਾਹਮਣੇ ਨਹੀਂ ਆਇਆ, ਸਗੋਂ ਗੁਰੂ ਨਾਲ ਪਿਆਰ ਰੱਖਣ ਵਾਲੇ ਬਹੁਤੇ ਵੀਰ ਭੈਅ-ਭੀਤ ਹੋ ਗਏ ਸਨ। ਇਹ ਲੋਕ ਆਪ ਖੁਦ ਜਾਂ ਸਿੱਖ ਵਿਦਵਾਨਾਂ ਦੇ ਸਹਿਯੋਗ ਨਾਲ ਗੁਰੂ-ਸਾਹਿਬ ਦੇ ਸਤਿਕਾਰ ਵਿੱਚ ਕਿਸੇ ਕਿਸਮ ਦੀ ਹੋਈ-ਬੀਤੀ ਅਵਗਿਆ ਬਾਰੇ ਸਮਝਾਉਂਣ/ਬੁਝਾਉਂਣ ਜਾਂ ਗਿਆਨ ਪ੍ਰਦਾਨ ਕਰਨ ਦੀ ਬਜਾਏ ‘ਹੱਲਾ-ਹੂ’ ਨੂੰ ਹੀ ਤਰਜੀਹ ਦਿੰਦੇ ਰਹੇ, ਜੋ ਭਾਰੀ ਨੁਕਸਾਨ-ਦੇਹ ਸਾਬਤ ਹੋਇਆ। ਗੁਰੂ-ਪਿਆਰ ਵਾਲੇ ਜਿਹਨਾਂ ਗੁਰੂ ਸੁਵਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਘਰਾਂ ਵਿੱਚ ਪ੍ਰਕਾਸ਼ ਕੀਤੀਆਂ ਹੋਈਆਂ ਸਨ, ਡਾਢੇ ਘਬਰਾ ਗਏ ਸਨ। ਕਈਆਂ ਧਰਮੀਆਂ ਵੀਰਾਂ ਨੇ ਤਾਂ “ਗੁਰੂ ਗ੍ਰੰਥ ਸਾਹਿਬ” ਦੇ ਸਰੂਪ ਨੇੜਲੇ ਗੁਰਦੁਆਰਿਆਂ ’ਚ ਪਹੁੰਚਾ ਦਿੱਤੇ ਦੱਸੇ ਗਏ ਹਨ। ਖੈਰ! “ਸਤਿਕਾਰ”ਦਾ ਅਸਮਾਨੀ ਚੜ੍ਹਿਆ ਇਹ ਵਾ-ਵਰੋਲਾ ਛੇਤੀ ਹੀ ਲਹਿ ਗਿਆ ਸੀ। ਕਿਸੇ ਕਵੀ ਦੀਆਂ ਨਜ਼ਰਾਂ.ਚੋਂ ਲੰਘੀਏ ਤਾਂ ਅਜ ਇਹ ਹਾਲ ਹੈ:

ਆਇਆ ਬੁੱਲਾ ਪੌਣ ਦਾ, ਕੱਖ ਜਾ ਚੜ੍ਹਿਆ ਆਕਾਸ਼,
ਡਿੱਗਦਾ ਡਿੱਗਦਾ ਡਿੱਗ ਪਿਆ, ਕੱਖ, ਕੱਖਾਂ ਦੇ ਪਾਸ।

‘ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਨੂੰ ਕੋਈ ਖਿਡਾਉਂਣਾ ਨਹੀਂ ਦਿੱਤਾ- ਜੀਵਨ-ਜਾਚ ਦਾ ਭੰਡਾਰ ਦਿੱਤਾ ਹੈ, ਵਿਦਿਆ ਦਾ ਅਨਮੋਲ ਖ਼ਜਾਨਾ ਬਖ਼ਸ਼ਿਸ਼ ਕੀਤਾ ਹੈ। ਜਾਗਤ-ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਵਿਦਿਆ ਵੀਚਾਰੀ ਤਾਂ ਪਰਉਪਕਾਰੀ” ਗੁਰ ਉਪਦੇਸ਼ ਅੰਕਿਤ ਹੈ। ਗੁਰੂ ਬਾਣੀ ਪੜ੍ਹਾਂਗੇ, ਸਿਖਾਂਗੇ, ਸਮਝਾਂਗੇ, ਸੁਣਾਂਗੇ-ਕੁਝ ਸੁਣਾਂਗੇ, ਕੁਝ ਗਾਵਾਂਗੇ, ਵੀਚਾਰਾਂਗੇ, ਰੋਜ਼-ਮਰਾ ਦੀ ਜਿੰਦਗੀ ਵਿੱਚ ਗੁਰੂ-ਗਿਆਨ ਅਪਨਾਵਾਂਗੇ, ਤਾਂ ਜੀਵਨ ਸੁਧਰੇਗਾ ਅਤੇ ਗੁਰਮੁਖੀ ਪੁਰਸ਼ ਬਣਨ ਦਾ ਅਵਸਰ ਮਿਲੇਗਾ। ਗੁਰੂ ਸਿਖਿਆ ਦਾ ਆਨੰਦ ਮਾਨਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਪੋਥੀਆਂ, ਗੁਰ ਇਤਿਹਾਸ ਅਤੇ ਗੁਰਬਾਣੀ ਦੇ ਸਟੀਕ, ਗੁੱਟਕੇ, ਗੁਰਬਾਣੀ ਦਾ ਵਿਆਖਿਆਂ ਸਾਹਿਤ ਅਤੇ ਹੋਰ ਧਾਰਮਿਕ ਸਮਿਗ੍ਰੀ ਹਰ ਸਿੱਖ ਸ਼ਰਧਾਲੂ ਦੀ ਸੁਖੈਣ ਪਹੁੰਚ ਅੰਦਰ ਪ੍ਰਾਪਤ ਹੋਣੀ ਚਾਹੀਦੀ ਹੈ। ਇੱਕਲੇ ‘ਸਤਿਕਾਰ’ ਦੇ ਢੰਡੋਰੇ ਨਾਲ ਸਿੱਖ ਧਰਮ ਨਹੀਂ ਫੈਲ ਸਕਦਾ। ਤੁਹਾਡੀ ਡਾਂਗੋਕਰੇਸੀ ਨਾਲ ਸਿੱਖ ਜਾਤ ਦੀ ਅਥਾਹ ਹਾਨਿ ਹੋਈ ਹੈ। ਪੰਜਾਬ ਵਿੱਚ ਹਜਾਰਾਂ ਡੇਰੇ ਹਨ, ਡੇਰਿਆਂ ਵਿੱਚ ਸੈਂਕੜੇ ‘ਗੁਰੂ ਗ੍ਰੰਥ’ ਸਾਹਿਬ ਦੀਆਂ ਬੀੜਾਂ ਹਨ, ਵੀਹ-ਵੀਹ, ਇਕਵੰਜਾ-ਇਕਵੰਜਾ ਲਾਈਨਾਂ ਵਿੱਚ ਪਾਠਾਂ ਦੀਆਂ ਨਿਰੰਤਰ ਲੜੀਆਂ ਚਲਦੀਆਂ ਰਹਿੰਦੀਆਂ ਹਨ, ਰਾਤਾਂ ਨੂੰ ਜਾਓ ਤੇ ਵੇਖੋ! ਪ੍ਰਕਾਸ਼ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਸਿਰ ਟਿਕਾਈ ਕਿੰਨ੍ਹੇ ਪਾਠੀ ਸੁੱਤੇ-ਘੁਰਾੜੇ ਮਾਰਦੇ ਪਏ ਹਨ। ਕੀ ਇਹ ਸਤਿਕਾਰ ਦੀ ਪ੍ਰੀਭਾਸ਼ਾ ਵਿੱਚ ਨਹੀ ਆਉਂਦਾ? ਢੋਲਕੀਆਂ, ਛੈਣਿਆਂ ਨਾਲ ਕੱਚੀ ਬਾਣੀ ਦੀਆਂ ਧਾਰਨਾਂ ਨਾਲ ਸਾਧ/ਸੰਤ ਕਿਵੇਂ ਝੂੰਮਦੇ ਹਨ, ਇੱਕ ਸੰਪ੍ਰਦਾਇ ਦੇ ਸ਼ਰਧਾਲੂ ਕਿਵੇਂ ਕੂਕਾਂ ਮਾਰਦੇ ਹਨ, ਜਦੋਂ ਕਿ ਗੁਰੂ-ਬਾਣੀ ਨੂੰ ਸਹਿਜ ਦੇ ਘਰ’ਚ ਗਾਉਂਣ ਤੇ ਵੀਚਾਰਨ ਦਾ ਉਪਦੇਸ਼ ਹੈ।

ਸਤਿਕਾਰ ਮੁਹਿੰਮ ਵਾਲਿਓ! ਪੰਥ ਪ੍ਰਮਾਣਿਤ ਰਹਿਤ ਮਰਯਾਦਾ ਦੇ ਪ੍ਰਪੇਖ ਵਿੱਚ ਵੇਖਿਆ ਜਾਏ ਤਾਂ ਪੰਜਾਬ ਵਿੱਚ ਗਿਣਤੀ ਪੱਖੋਂ ਪਿੰਡਾਂ ਨਾਲੋਂ ਦੁਗਣੇ/ਤਿਗਣੇ ਸਾਧ ਡੇਰਿਆ ਵਿੱਚ ਪ੍ਰਕਾਸ਼ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰ ਪ੍ਰਚਾਰ ਵਿਅਕਤੀਗਤ ਬਾਬੇ ਦਾ, ਪ੍ਰਸ਼ਾਦਿ ਇਲਾਚੀਆਂ ਦਾ, ਫ਼ੁੱਲੀਆਂ ਦਾ, ਮਖਾਣਿਆਂ ਦਾ, ਪੁੱਤਰ-ਪ੍ਰਾਪਤੀ ਲਈ ਸੇਬਾਂ ਜਹੇ ਫ਼ਲਾਂ ਦਾ, ਮੁੱਠੀਆਂ-ਚਾਪੀਆਂ ਵੱਖਰੀਆਂ ਅਤੇ ਅਨੇਕਾਂ ਬਿਹੰਗਮ ਬਾਬੇ ਔਲਾਦ ਵੰਡਦੇ ਪੁੱਤਰਾਂ ਦੀਆਂ ਜੋੜੀਆਂ ਵੰਡਦੇ ਫਿਰਦੇ ਹਨ। ਇਹ ਵਰਤਾਰਾ ਜਦੋ ਨੂੰ ਪ੍ਰਤੱਖ ਦਿਸਦਾ ਹੈ ਅਤੇ ਇਸ ਨਸ਼ਿਧਿ ਰੁਝਾਨ ਦੀ ਘਰ-ਘਰ ਚਰਚਾ ਹੂੰਦੀ ਹੈ, ਤਾਂ ਫਿਰ ਇਹ ਤੁਹਾਡੀ ‘ਸਤਿਕਾਰ ਮੁਹਿੰਮ’ ਦੇ ਘੇਰੇ ਵਿੱਚ ਕਿਉਂ ਨਹੀਂ ਆਉਂਦਾ? ਇਸ ਵਿਸ਼ੇ ਉੱਤੇ ਜਦੋਂ ਇੱਕ ਸਿੱਖ ਵਿਦਵਾਨ ਸਾਬਕਾ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਹੋਈ, ਤਾਂ ਉਸ ਦਾ ਕਹਿਣ ਸੀ ਕਿ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਗੁਰੂ ਸਾਹਿਬਾਂਨ ਜੀ ਦੀ ਪਾਵਨ ਬਾਣੀ, ਕਬੀਰ ਬਾਣੀ, ਬਾਬਾ ਫ਼ਰੀਦ ਜੀ ਦੇ ਸਲੋਕ ਵਿਸ਼ੇਸ਼ ਤੌਰ ‘ਤੇ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿੱਚ ਦਰਜ ਹੁੰਦੇ ਸਨ ਅਤੇ ਪੇਪਰਾਂ ਵਿੱਚ ਸੁਵਾਲ ਵੀ ਪੁੱਛੇ ਜਾਂਦੇ ਸਨ। ਅਸੀਂ ਖੁੱਦ ਪੜ੍ਹੇ ਅਤੇ ਅਧਿਆਪਕ ਬਣ ਕੇ ਅਗਾਂਹ ਬੱਚਿਆਂ ਨੂੰ ਪੜ੍ਹਾਏ। ਗੁਰੂ- ਬਾਣੀ ਨਾਲ ਜੁੜੇ ਤੁਸੀਂ ਲੋਕ ਸਕੂਲ਼ਾਂ, ਕਾਲਜਾਂ ਵਿੱਚ ਪੜ੍ਹਾਈ ਤੇ ਵੰਡੀ ਉਸੇ ਧਾਰਮਿਕ ਵਿਦਿਆ ਦੀ ਦੇਂਣ ਹੋ। ਅਗਰ ਇਹੋ ਜਹੀਆਂ ਸਤਿਕਾਰ ਕਮੇਟੀਆਂ ਵਾਲੇ ਹੁੱਲੜਬਾਜ਼, ਉਸ ਜਮਾਨੇ ਵਿੱਚ ਸਰਗਰਮ ਹੁੰਦੇ, ਨਾ ਫਿਰ ਕਿਤਾਬਾਂ’ਚ ਗੁਰਬਾਣੀ ਅੰਕਿਤ ਹੋ ਸਕਣੀ ਸੀ ਅਤੇ ਨਾ ਹੀ ਕਿਸੇ ਪੜ੍ਹਣੀ/ਪੜ੍ਹਾਉਣੀ ਸੀ। ਤਮਾਸ਼ਾਈਆਂ ਵਾਂਗ ਇਹ ਛਾਪੇਖਾਨੇ ਵਾਲਿਆਂ ਨਾਲ ਇੱਟ-ਖੜੱਕਾ ਕਰਦੇ ਸਬੂਤ ਮੰਗਦੇ ਰਹਿੰਦੇ ਕਿ ਤੁਹਾਡੇ ਕਾਮੇਂ ਸ਼ਰਾਬੀ-ਕਬਾਬੀ, ਸਿਗਰਟ-ਨੋਸ਼ੀ, ਨਸ਼ਾ-ਖੋਰ ਤਾਂ ਨਹੀਂ? ਕੀ ਇਹੋ ਗੁਰਸਿੱਖੀ ਦੀ ਨਿਸ਼ਾਨੀ ਹੈ? ਜਿਵੇਂ ਅੱਜ ਤੁਹਾਡੇ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਹਨ, ਬਸ ਤੁਸੀਂ ਵੀ ‘ਠੁਣ-ਠੁਣ ਗੋਪਾਲ’ ਹੀ ਹੋਣਾ ਸੀ। ਇਸੇ ਸਬੰਧ ਵਿੱਚ ਇੱਕ ਹੋਰ ਵਿਦਵਾਨ ਨੇ (English) ਕਿਹਾ ਕਿ

Basically, they want to end Sikhism as such they are natural enemies of sikh. They do more harm than good. They are not spiritual person. He ended his comments by quoting  these words of wisdom that the eastern people pray, but do not read books and the western people do not pray but read books .” and gone.

ਅਸੀਂ ਨਿਜਾਮ ਬਣਾਉਂਣ’ਚ ਮਸ਼ਰੂਫ਼ ਹਾਂ, ਈਮਾਨ ਨਹੀਂ। ਸਮੇਂ ਦੀ ਮੰਗ ਹੈ ਕਿ ਸਿੱਖ, ਗੁਰਮਤਿ ਦੀ ਵਿਦਿਆ ਪ੍ਰਾਪਤ ਕਰਕੇ ਆਲਮ-ਫ਼ਾਜ਼ਲ ਬਣੇ ਅਤੇ ਸਾਹਿਬੇ-ਇਲਮ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਾਸ਼ਮਾਨ ਹੈ ਅਤੇ ਨੇਕ-ਰਾਹ ਤੇ ਚਲਣ ਲਈ ਇਸ ਦੇ ਡੂੰਘੇ ਅਧਿਐਨ ਦੀ ਅਤਿ ਲੋੜ ਹੈ। ਸਿੱਖ ਸਮਾਜ ਨੂੰ ਤਾਕਤਵਰ ਅਤੇ ਨਿਰੋਏ ਪ੍ਰਚਾਰ ਦੀ ਬਹੁਤ ਜਰੂਰਤ ਹੈ, ਕੇਵਲ ਭਾਵਾਂ ਦੇ ਵੱਸ ਹੋ ਕੇ ਕੁਝ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਦੂਸਰੇ ਵੱਲ ਇੱਕ ਉਂਗਲ ਕਰਦੇ ਹਾਂ, ਤਾਂ ਤਿੰਨ ਉਗਲੀਆਂ ਸਾਡੇ ਵੱਲ ਵੀ ਤੱਕਦੀਆਂ ਹਨ। ਨੇਕੀ, ਸਮਝਦਾਰੀ ਅਤੇ ਭਾਵਪੂਰਤ ਕਿਰਦਾਰ ਨਿਭਾਉਂਣ ਵਾਲੇ ‘ਪਰਉਪਕਾਰੀ ਲੱਧੇ’ ਨੂੰ ਅਸੀਂ ਸਦਾ ਯਾਦ ਕਰਦੇ ਹਾਂ। ਮੰਦੇ ਬੋਲ, ਹੂੜਮੱਤ, ਧਿੰਗੋ-ਜੋਰੀ, ਕੱਟੜਵਾਦ, ਹੁੱਲੜਬਾਜ਼ੀ ਤੇ ਜੋਰ-ਅਜ਼ਮਾਈ ਸਣੇ ਕੁੱਟ-ਮਾਰ ਦੀ ਪ੍ਰਦਰਸ਼ਨੀ, ਵੇਖਣ, ਸੁਣਨ ਵਾਲਿਆਂ ਦੇ ਦਿਲਾਂ’ਚ ਨਫ਼ਰਤ ਦੀ ਅੱਗ ਦੇ ਭਾਂਬੜ ਬਾਲਦੀ ਹੈ ਅਤੇ ਲੋਕਾਂ ਨੂੰ ਧਰਮ ਤੋਂ ਦੂਰ ਕਰਦੀ ਹੈ, ਜਦੋਂ ਕਿ ਗੁਰੂ ਨਾਨਕ ਦੇ ਸਿੱਖ ਨੇ ਗੁਰ-ਭਾਈਆਂ ਨੂੰ ‘ਅੰਮ੍ਰਿਤ ਦੇ ਛਿੱਟੇ’ ਮਾਰਨੇ ਹਨ। ਖਰੂਦ-ਭਰੀ ਹਮਲਾਵਰ ਰੁਚੀ ਭੈੜੀ ਵਸਤੂ ਹੈ, ਅਸੀਂ ਸੋਝੀ ਵੰਡਣੀ ਹੈ। ਕਿਧਰੇ ਇਹ ਨਾ ਹੋਵੇ:

ਮੇਰੀ ਕੋਸ਼ਿਸ਼ ਥੀ ਕਿ ਮੇਰੀ ਪੱਗੜੀ ਨਾ ਜਾਏ, ਬਸ, ਇਸੀ ਕੋਸ਼ਿਸ਼ ਮੇਂ ਮੇਰਾ ਸਿਰ ਗਯਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top