Share on Facebook

Main News Page

ਡਾ. ਗੁਰਤੇਜ ਸਿੰਘ ਚੀਮਾ ਵਲੋਂ ਸੈਨਹੋਜ਼ੇ ਵਿਖੇ ਹੋਏ ਸੈਮੀਨਾਰ 'ਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤਾਂ 'ਤੇ ਪੇਸ਼ ਕੀਤੇ ਖੋਜ ਪੱਤਰ 'ਤੇ ਕੁੱਝ ਸਵਾਲ

ਡਾ. ਗੁਰਤੇਜ ਸਿੰਘ ਚੀਮਾ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਵਿਸ਼ਾ:- ਕਰਤਾਰਪੁਰੀ ਬੀੜ

ਡਾ. ਗੁਰਤੇਜ ਸਿੰਘ ਚੀਮਾ ਜੀ, ਪਿਛਲੇ ਦਿਨੀਂ (27 ਜੁਲਾਈ 2013) ਗੁਰਦਵਾਰਾ ਸਾਹਿਬ ਸੈਨਹੋਜੇ ਕੈਲੇਫੋਰਨੀਆਂ ਵਿਖੇ ਤੁਹਾਡੇ ਗੱਰੁਪ ਵੱਲੋਂ ਦਸਮ ਗ੍ਰੰਥ ਸਬੰਧੀ ਇਕ ਸੈਮੀਨਾਰ ਅਜੋਯਿਤ ਕੀਤਾ ਗਿਆ ਸੀ। ਇਸ ਸੈਮੀਨਾਰ `ਚ ਸਾਰੇ ਬੁਲਾਰਿਆਂ ਨੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਾਬਿਤ ਕਰਨ ਦਾ ਹੀ ਯਤਨ ਕੀਤਾ ਸੀ, ਪਰ ਆਪ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤਾਂ ਤੇ ਖੋਜ ਪੱਤਰ ਪੇਸ਼ ਕੀਤਾ ਸੀ ।

 

ਜਿਸ `ਚ ਆਪ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਹੱਥ ਲਿਖਤਾਂ `ਚ ਭਾਈ ਬੰਨੋ ਅਤੇ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਦਾ ਜਿਕਰ ਵਿਸ਼ੇਸ਼ ਤੌਰ ‘ਤੇ ਕੀਤਾ ਸੀ। ਆਪ ਜੀ ਦੀ ਖੋਜ ਮੁਤਾਬਕ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਬੀੜ ਕਰਤਾਰਪੁਰ ਵਿਖੇ ਮੌਜੂਦ ਹੈ, ਜਿਸ ਨੂੰ ਅੱਜ ਕਰਤਾਰਪੁਰੀ ਬੀੜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਸੇ ਬੀੜ ਦਾ ਹੀ ਭਾਈ ਬੰਨੋ ਜੀ ਨੇ 12 ਲਿਖਾਰੀਆਂ ਰਾਹੀ ਬਹੁਤ ਹੀ ਸੀਮਤ ਸਮੇ `ਚ ਉਤਾਰਾ ਕਰਵਾਇਆ ਸੀ ਜਿਸ `ਚ ਕੁਝ ਵਾਧੂ ਰਚਨਾਵਾਂ ਵੀ ਦਰਜ ਕੀਤੀਆਂ ਸਨ। ਡਾ. ਚੀਮਾ ਜੀ, ਭਾਵੇ ਆਪ ਨੇ ਬੀੜ ਦੀ ਜਿਲਦ ਬਨਾਉਣ ਦਾ ਜਿਕਰ ਨਹੀ ਕੀਤਾ ਪਰ ਆਪ ਜੀ ਦਾ ਇਸ਼ਾਰਾ ਉਸੇ ਸਾਖੀ ਦਾ ਸੰਕੇਤ ਕਰਦਾ ਹੈ, ਜਿਸ ਮੁਤਾਬਕ ਬਾਈ ਬੰਨੋ ਜੀ ਨੇ ਲਾਹੌਰ ਵਿਖੇ ਬੀੜ ਦੀ ਜਿਲਦ ਬਨਾਉਣ ਵੇਲੇ ਰਸਤੇ `ਚ ਹੀ 12 ਲਿਖਾਰੀਆਂ ਦੀ ਸਹਾਇਤਾ ਨਾਲ ਇਕ ਹੋਰ ਉਤਾਰਾ ਕਰਵਾ ਲਿਆ ਸੀ, ਜਿਸ `ਚ ਕਈ ਵਾਧੂ ਰਚਨਾਵਾਂ ਦਰਜ ਹੋਣ ਦਾ ਜਿਕਰ ਵੀ ਆਪ ਜੀ ਨੇ ਕੀਤਾ ਸੀ।

ਡਾ. ਗੁਰਤੇਜ ਸਿੰਘ ਜੀ, ਭਾਈ ਗੁਰਦਾਸ ਜੀ ਵੱਲੋਂ, ਪੋਥੀ ਨੂੰ ਸੰਪੂਰਨ ਕਰਨ ਦੀ ਤਾਰੀਖ ਇਤਿਹਾਸਕਾਰਾਂ ਵੱਲੋਂ ਭਾਦੋਂ ਵਦੀ ਏਕਮ ਮੰਨੀ ਗਈ ਹੈ। ਭਾਈ ਕਾਨ੍ਹ ਸਿੰਘ ਜੀ ਦੇ ਪੱਤਰ (23ਜਨਵਰੀ 1918) ਮੁਤਾਬਕ, ਇਹ ਤਾਰੀਖ ਹੀ ਕਰਤਾਰਪੁਰੀ ਬੀੜ ਦੇ ਅਰੰਭ `ਚ ਦਰਜ ਹੈ, “ਸੰਮਤ 1661 ਮਿਤੀ ਭਾਦੋਂ ਵਦੀ 1 ਪੋਥੀ ਲਿਖ ਪਹੁੰਚੇ। ਸਾਰੇ ਪੱਤਰੇ ਗੁਰੂ ਬਾਬੇ ਦੇ 974” (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ ਅ) ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਏਕਮ ਨੂੰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਤਾਰੀਖਾਂ ਬਾਰੇ ਅੱਜ ਵੀ ਕੋਈ ਮੱਤ ਭੇਦ ਨਹੀ ਹਨ। ਸਾਰੇ ਇਤਿਹਾਸਕਾਰ ਇਨ੍ਹਾਂ ਤਾਰੀਖਾਂ 'ਤੇ ਸਹਿਮਤ ਹਨ।

- ਡਾ. ਚੀਮਾ ਜੀ, ਇਹ ਜਾਣਕਾਰੀ ਦਿਓ ਕਿ, ਸੰਮਤ 1661 ਮਿਤੀ ਭਾਦੋਂ ਵਦੀ ਏਕਮ (31 ਜੂਨ 1604 ਦਿਨ ਮੰਗਲਵਾਰ, ਯੂਲੀਅਨ) ਅਤੇ ਭਾਦੋਂ ਸੁਦੀ ਏਕਮ (16 ਅਗਸਤ 1604 ਦਿਨ ਵੀਰਵਾਰ, ਯੂਲੀਅਨ) ਦੇ ਸਮੇ ਦੌਰਾਨ ਕੀ ਇਹ ਸੰਭਵ ਹੈ ਕਿ ਬੀੜ ਨੂੰ ਰਾਮਸਰ ਤੋਂ ਲਾਹੋਰ ਲੈ ਕੇ ਜਾਣਾ, ਉਤਾਰਾ ਕਰਨਾ, ਦੋਵਾਂ ਬੀੜਾਂ ਦੀ ਜਿਲਦ ਬਣਾਉਣੀ ਅਤੇ ਵਾਪਸ ਬੀੜ ਨੂੰ ਰਾਮਸਰ ਪੁੱਜਦੀ ਕਰਨਾ?

- ਡਾ. ਚੀਮਾ ਜੀ, ਆਪ ਨੇ ਆਪਣੇ ਖੋਜ ਪੱਤਰ ਰਾਹੀ ਇਹ ਸਿੱਧ ਕੀਤਾ ਹੈ ਕਿ ਉਹ ਸਰੂਪ ਜੋ ਅੱਜ ਕਰਤਾਰਪੁਰ ਵਿਖੇ ਮੌਜੂਦ ਹੈ, ਇਹ ਉਹੀ ਇਤਿਹਾਸਿਕ ਬੀੜ ਹੈ ਜਿਸ ਦਾ ਪ੍ਰਕਾਸ਼ ਭਾਦੋਂ ਸੁਦੀ ਏਕਮ ਨੂੰ (16 ਅਗਸਤ 1604) ਦਰਬਾਰ ਸਾਹਿਬ ਵਿਖੇ ਕੀਤਾ ਗਿਆ ਸੀ। ਕਰਤਾਰਪੁਰੀ ਬੀੜ ਬਾਰੇ ਭਾਈ ਜੋਧ ਸਿੰਘ ਜੀ ਦੀ ਕ੍ਰਿਤ, “ਕਰਤਾਰਪੁਰੀ ਬੀੜ ਦੇ ਦਰਸ਼ਨ’ ਸਭ ਤੋਂ ਵੱਧ ਪਰਮਾਣਿਕ ਮੰਨੀ ਗਈ ਹੈ। ਇਸ ਬੀੜ ਦੇ ਦਰਸ਼ਨ ਬਾਈ ਕਾਨ੍ਹ ਸਿੰਘ ਜੀ ਨੇ ਵੀ ਕੀਤੇ ਹਨ ਅਤੇ ਉਨ੍ਹਾਂ ਦਾ ਇਕ ਪੱਤਰ ਵੀ ਪਿਛਲੇ 90 ਸਾਲ ਤੋਂ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਆਓ! ਇਨ੍ਹਾਂ ਦੋਵਾਂ ਵਿਦਵਾਨਾਂ ਦੀ ਕਰਤਾਰਪੁਰੀ ਬੀੜ ਬਾਰੇ ਰਾਏ ਜਾਣ ਲਈਏ।

ਭਾਈ ਕਾਨ੍ਹ ਸਿੰਘ ਜੀ ਦਾ ਪੱਤਰ ਜੋ ‘ਪੰਥ ਸੇਵਕ’ `ਚ 23 ਜਨਵਰੀ 1923 ਨੂੰ ਛਪਿਆ ਸੀ, ਜਿਸ `ਚ ਉਹ ਲਿਖਦੇ ਹਨ, “ਅੱਜ ਕੱਲ੍ਹ ਅਖ਼ਬਾਰਾਂ ਵਿੱਚ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਬਾਰ-ਬਾਰ ਜਿਕਰ ਆਉਂਦਾ ਹੈ, ਅਤੇ ਰਾਗਮਾਲਾ ਨੂੰ ਗੁਰਬਾਣੀ ਸਿੱਧ ਕਰਨ ਵਾਲੇ ਉਸਦਾ ਪ੍ਰਮਾਣ ਪੇਸ਼ ਕਰਦੇ ਹਨ, ਪਰ ਮੈਂ ਬਹੈਸੀਅਤ ‘ਖੋਜੀ’ ਦੇ ਉਨ੍ਹਾਂ ਭਾਈਆਂ ਨੂੰ ਸਲਾਹ ਦੇਦਾ ਹਾਂ ਕਿ ਓਹ ਐਸਾ ਕਰਨ ਤੋਂ ਸੰਕੋਚ ਕਰਨ, ਕਿਉਂਕਿ ਕਰਤਾਰਪੁਰ ਵਾਲੇ ਗ੍ਰੰਥ ਸਾਹਿਬ ਵਿਚ ਰਾਗਮਾਲਾ ਦੇ ਖੰਡਨ ਦਾ ਇੱਕ ਵੱਜਰ ਰੂਪ ਪ੍ਰਮਾਣ ਹੈ” (ਕਰਤਾਰਪੁਰੀ ਬੀੜ ਦੇ ਦਰਸ਼ਨ –ਮੁਖਬੰਧ)

ਭਾਈ ਜੋਧ ਸਿੰਘ ਜੀ ਦੀ ਖੋਜ ਮੁਤਾਬਕ ਕਰਤਾਰਪੁਰੀ ਬੀੜ `ਚ ਰਾਗਮਾਲਾ ਦਰਜ ਹੈ। “ਸਭ ਤੋਂ ਜਰੂਰੀ ਨੋਟ ਇਹ ਗਲ ਕੀਤੀ ਗਈ ਕਿ ਇਸ ਬੀੜ ਦੇ ਅੰਤ ਵਿੱਚ ਰਾਗਮਾਲਾ ਦਰਜ ਹੈ ਅਤੇ ਇਹ ਉਨ੍ਹਾਂ ਹੀ ਦਸਖਤਾਂ ਤੇ ਉਸੇ ਲਿਖਤ ਵਿਚ ਹੈ ਜਿਸ ਨਾਲ ਰਾਗਮਾਲਾ ਤੋਂ ਪਹਿਲਾ ਆਉਣ ਵਾਲੇ ਕਈ ਸਫ਼ੇ ਲਿਖੇ ਹੋਏ ਹਨ” (ਕਰਤਾਰਪੁਰੀ ਬੀੜ ਦੇ ਦਰਸ਼ਨ–ਮੁਖਬੰਧ)

ਭਾਈ ਕਾਨ੍ਹ ਸਿੰਘ ਜੀ ਲਿਖਦੇ ਹਨ, “ਇਸ ਨਿਯਮ ਅਨੁਸਾਰ ਕਰਤਾਰ ਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਦੇ ਅੰਤ ਇਹ ਲਿਖਿਆ ਗਿਆ ਹੈ-ਸੰਮਤ ੧੬੬੧ ਮਿਤੀ ਭਾਦੋਂ ਵਦੀ ੧ ਪੋਥੀ ਲਿਖ ਪਹੁੰਚੇ। ਸਾਰੇ ਪੱਤਰੇ ਗੁਰੂ ਬਾਬੇ ਦੇ ੯੭੪”। (ਮੁਖਬੰਧ)

ਭਾਈ ਜੋਧ ਸਿੰਘ ਜੀ ਲਿਖਦੇ ਹਨ “ਤਤਕਰੇ ਦੇ ਸ਼ੁਰੂ ਵਿਚ ਜਾਂ ਅੰਤ ਵਿਚ ਜਾਂ ਬੀੜ ਵਿਚ ਕਿਸੇ ਹੋਰ ਥਾਂ ਇਹ ਕਿਤੇ ਨਹੀਂ ਲਿਖਿਆ ਹੋਇਆ- ਗੁਰੂ ਬਾਬੇ ਦੇ ਪਤਰੇ ਸਾਰੇ ੯੭੪”। (ਪੰਨਾ 46)

- ਡਾ. ਚੀਮਾ ਜੀ, ਇਹ ਦੋਵੇਂ ਆਪਾ ਵਿਰੋਧੀ ਬਿਆਨ ਸੱਚ ਨਹੀ ਹੋ ਸਕਦੇ। ਆਪ ਦਾ ਇਸ ਬਾਰੇ ਕੀ ਵਿਚਾਰ ਹੈ?

- ਡਾ. ਚੀਮਾ ਜੀ, ਤੁਹਾਡੀ ਖੋਜ ਮੁਤਾਬਕ, ਭਾਈ ਬੰਨੋ ਨੇ ਕੁਝ ਵਾਧੂ ਸ਼ਬਦ ਵੀ ਦਰਜ ਕਰ ਦਿੱਤੇ ਸਨ ਜਿਨ੍ਹਾਂ `ਚ ਮੀਰਾ ਬਾਈ ਦਾ ਸ਼ਬਦ ਵੀ ਸੀ। ਭਾਈ ਜੋਧ ਸਿੰਘ ਜੀ ਮੁਤਾਬਕ ਤਾਂ ਮੀਰਾ ਭਾਈ ਦਾ ਸ਼ਬਦ ਕਰਤਾਰਪੁਰੀ ਬੀੜ `ਚ ਵੀ ਦਰਜ ਹੈ। ਇਹ ਵੱਖਰੀ ਗੱਲ ਹੈ ਕਿ ਪਿਛੋਂ ਇਸ ਸ਼ਬਦ ਨੂੰ ਕੱਟ ਦਿੱਤਾ ਗਿਆ ਹੈ। (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ 106) ਜੇ ਇਹ ਮੰਨ ਲਿਆ ਜਾਵੇ ਕਿ ਇਹ ਸ਼ਬਦ ਗੁਰੂ ਜੀ ਨੇ ਕਟਵਾ ਦਿੱਤਾ ਹੋਵੇਗਾ ਤਾਂ ਵੀ ਇਹ ਤਾਂ ਮੰਨਣਾ ਪਵੇਗਾ ਕਿ ਇਹ ਸ਼ਬਦ ਭਾਈ ਗੁਰਦਾਸ ਜੀ ਨੇ ਦਰਜ ਕੀਤਾ ਹੋਵੇਗਾ, ਕਿਉਂਕਿ ਭਾਈ ਜੋਧ ਸਿੰਘ ਜੀ ਦੀ ਖੋਜ/ਪੜਤਾਲ ਮੁਤਾਬਕ ਸਾਰੀ ਬੀੜ ਦਾ ਲਿਖਾਰੀ ਇਕੋ ਹੀ ਹੈ। ਕੀ ਅਜੇਹਾ ਸੰਭਵ ਹੈ ਕਿ ਭਾਈ ਗੁਰਦਾਸ ਜੀ ਨੇ ਗੁਰੂ ਜੀ ਦੀ ਪ੍ਰਵਾਨਗੀ ਤੋਂ ਬਿਨਾ ਹੀ ਮੀਰਾਬਾਈ ਦਾ ਸ਼ਬਦ ਦਰਜ ਕਰ ਦਿੱਤਾ ਹੋਵੇਗਾ?

- ਡਾ. ਗੁਰਤੇਜ ਸਿੰਘ ਚੀਮਾ ਜੀ, ਕਰਤਾਰਪਰੀ ਬੀੜ ਦੇ ਪੰਨਾ 497/1 ਅਤੇ 497/2 ਉਪਰ ‘ਰਾਗ ਸੋਰਠਿ ਬਾਣੀ ਭਗਤ ਕਬੀਰ ਕੀ॥ ਬੁਤ ਪੂਜ ਪੂਜ ... ਤਉ ਹਰਿ ਜਾਨਿਆ॥੪॥੧੨॥ (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ 83), ਭਾਵ ਭਗਤ ਕਬੀਰ ਜੀ ਦੇ ਕੁਲ 12 ਸ਼ਬਦ ਦਰਜ ਹਨ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ (ਛਾਪੇ ਦੀ ਬੀੜ)`ਚ ਭਗਤ ਕਬੀਰ ਜੀ ਦੇ ਕੁਲ 11 ਸ਼ਬਦ (ਪੰਨਾ 654 ਤੋਂ 656) ਮੌਜੂਦ ਹਨ। ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ?

ਆਪ ਜੀ ਤੋਂ ਉਸਾਰੂ ਸੇਧਾਂ ਦੀ ਉਡੀਕ `ਚ
ਸਰਵਜੀਤ ਸਿੰਘ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top