Share on Facebook

Main News Page

ਕੀ ਬੰਦਾ ਲਾਲ ਬੱਤੀ ਲਗਾ ਕੇ ਹੀ ਵੱਡਾ ਹੁੰਦਾ ਹੈ ?
-: ਜਸਬੀਰ ਸਿੰਘ ਪੱਟੀ 09356024684

ਕੁੱਝ ਹਫ਼ਤੇ ਪਹਿਲਾਂ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਸਤਿਕਾਰ ਕੀਤਾ ਜਾਵੇ ਅਤੇ ਉਹਨਾਂ ਦੀ ਗੱਡੀ ਤੇ ਲਗਾਈ ਜਾਣ ਵਾਲੀ ਲਾਲ ਬੱਤੀ ਮੁੜ ਬਹਾਲ ਕੀਤੀ ਜਾਵੇ ਕਿਉਕਿ ਉਹ ਪੰਥ ਦੇ ਸਤਿਕਾਰਤ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਆਹੁਦੇ ਤੇ ਬਿਰਾਜਮਾਨ ਹਨ।

ਇਸ ਮਾਮਲੇ ਦਾ ਪਿਛੋਕੜ ਇਹ ਸੀ ਕਿ ਭਾਰਤ ਦੇ ਕੇਂਦਰੀ ਅਤੇ ਸੂਬਾਈ ਹਾਕਮ ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਵਾਸਤੇ ਕਾਰ ‘ਤੇ ਲਾਲ ਬੱਤੀ ਲਾਉਣ ਦੀ ਆਗਿਆ ਦੇ ਦਿੰਦੇ ਹਨ, ਨਤੀਜੇ ਵਜੋ ਅਜਿਹੀਆਂ ਅਣਗਿਣਤ ਕਾਰਾਂ ਸੜਕਾਂ ‘ਤੇ ਹਰਲ-ਹਰਲ ਕਰਦੀਆਂ ਫਿਰਦੀਆਂ ਵੇਖੀਆ ਜਾ ਸਕਦੀਆ ਹਨ। ਦੇਸ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਨੇ ਇਸ ਮੁੱਦੇ ਵੱਲ ਧਿਆਨ ਦਿੰਦਿਆਂ ਸਰਕਾਰਾਂ ਤੋ ਰਿਉੜੀਆ ਵਾਂਗ ਵੰਡੀਆ ਗਈਆ ਲਾਲ ਬੱਤੀ ਦੇ ਨੇਮ ਮੰਗ ਲਏ। ਅਦਾਲਤੀ ਝਾੜ-ਝੰਬ ਤੋਂ ਬਚਣ ਵਾਸਤੇ ਸਰਕਾਰਾਂ ਨੇ ਲਾਲ-ਬੱਤੀ ਦੇ ਹੱਕਦਾਰਾਂ ਦੀਆਂ ਸੂਚੀਆਂ ਛਾਂਗਣੀਆਂ ਸ਼ੁਰੂ ਕਰ ਦਿੱਤੀਆਂ।

ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀ ਇਸ ਛਾਨਣੀ ਵਿੱਚ ਸੈਂਕੜੇ ਨਿੱਕੇ-ਮੋਟੇ ਪੁਲੀਸਏ ਅਤੇ ਹਰ ਵਿਭਾਗ ਦੇ ਸਾਧਾਰਨ ਅਧਿਕਾਰੀਆਂ ਦੇ ਨਾਲ ਹੀ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਰਗੜੇ ਗਏ। ਪੰਜਾਬ ਦੀ ਪੰਥਕ ਸਰਕਾਰ ਦੀਆਂ ਵੰਡੀਆਂ ਧਾਰਮਿਕ ਰਿਉੜੀਆਂ ਦਾ ਇਹ ਹਾਲ ਸੀ ਕਿ ਇਹਨੇ ਕਈ ਹੋਰ ਸਾਧਾਰਨ ਸਾਧਾਂ-ਸੰਤਾਂ ਨੂੰ ਵੀ ਲਾਲ ਬੱਤੀ ਦੇਛੱਡੀ ਸੀ। ਇਸੇ ਲੜੀ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸਾਹਿਬ ਨੇ ਬਾਦਲ ਸਾਹਿਬ ਦੇ ਲਿਫ਼ਾਫ਼ੇ ਵਿੱਚੋਂ ਨਿਕਲੇ ਆਪਣੇ ਨਿਰੋਲ ਰਾਜਨੀਤਕ ਅਹੁਦੇ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਉੱਚੀ ਧਾਰਮਿਕ ਪਦਵੀ ਦੇ ਬਰਾਬਰ ਦੇ ਸਤਿਕਾਰ ਦਾ ਹੱਕਦਾਰ ਐਲਾਨਦਿਆਂ ਕਿਹਾ ਕਿ, "ਸਿੱਖ ਕੌਮ ਦੇ ਸਰਬ-ਉੱਚ ਤਖ਼ਤ, ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਾਹਨਾਂ ਉੱਤੇ ਲਾਲ ਬੱਤੀ ਲਾਉਣ ਦੀ ਆਗਿਆ ਹੋਣੀ ਚਾਹੀਦੀ ਹੈ, ਕਿਉਂਕਿ ਇਹ ਕੌਮ ਦੇ ਸਤਿਕਾਰਤ ਅਹੁਦੇ ਹਨ।" ਵੈਸੇ ਮੱਕੜ ਸਾਹਿਬ ਲੋਕਾਂ ਤੋ ਸਤਿਕਾਰ ਲੈਣ ਲਈ ਅਖ਼ਬਾਰਾਂ ਵਿਚ ਛੱਪਦੇ ਸ਼੍ਰੋਮਣੀ ਕਮੇਟੀ ਦੇ ਹਰ ਇਸ਼ਤਿਹਾਰ ਵਿਚ ਵੀ ਆਪਣੀ ਸੋਹਣੀ ਖਿਚਵਾਈ ਹੋਈ ਤਸਵੀਰ ਜ਼ਰੂਰ ਛਪਵਾਉਂਦੇ ਹਨ। ਮੱਕੜ ਸਾਹਿਬ ਨੂੰ ਇੰਨੀ ਜਾਣਕਾਰੀ ਨਹੀਂ ਕਿ ਲੋਕ ਅਹੁਦੇ ਨੂੰ ਨਹੀਂ, ਅਹੁਦੇ ਤੇ ਕਿਰਦਾਰ ਨੂੰ ਦੇਖ ਕੇ ਨਿਰਣਾ ਕਰਦੇ ਹਨ ਕਿ ਸਤਿਕਾਰ ਕਰਨਾ ਹੈ ਜਾਂ ਨਹੀਂ।

ਸ਼੍ਰੋਮਣੀ ਕਮੇਟੀ ਦੇ ਮਰਹੂਮ ਪਰਧਾਨ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਮੋਹਨ ਸਿੰਘ ਨਾਗੋਕੇ, ਊਧਮ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ ਤੇ ਜਥੇਦਾਰ ਗੁਰਬਚਨ ਸਿੰਘ ਟੌਹੜਾ ਵਰਗੇ ਪ੍ਰਧਾਨਾਂ ਨੂੰ ਮੱਕੜ ਜੀ ਵਾਂਗ ਸਤਿਕਾਰ ਮੰਗਣਾ ਨਹੀਂ ਸੀ ਪੈਂਦਾ, ਲੋਕ ਆਪ-ਮੁਹਾਰੇ ਹੀ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਬਾਬਾ ਖੜਕ ਸਿੰਘ ਨੂੰ ਤਾਂ ਸੰਗਤਾਂ ਨੇ ਬੇਤਾਜ ਬਾਦਸ਼ਾਹ ਦਾ ਖਿਤਾਬ ਵੀ ਦਿੱਤਾ ਹੋਇਆ ਸੀ ਅਤੇ ਮਾਸਟਰ ਤਾਰਾ ਸਿੰਘ ਨੂੰ ਵੀ ਪੰਥ ਰਤਨ ਦੇ ਹੀ ਖਿਤਾਬ ਨਹੀਂ ਦਿੱਤਾ ਗਿਆ ਸੀ ਸਗੋ ਉਹਨਾਂ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਘਰੋਂ ਰਿਕਸ਼ੇ ਤੇ ਆਉਦੇ ਸਨ ਪਰ ਲੋਕ ਉਹਨਾਂ ਦਾ ਸਤਿਕਾਰ ਹੀ ਨਹੀਂ ਕਰਦੇ ਸਨ ਸਗੋਂ ਕਈ ਤਾਂ ਉਹਨਾਂ ਦੀਆ ਮੁੱਠੀਆ ਵੀ ਭਰਨ ਤੱਕ ਚੱਲੇ ਜਾਂਦੇ ਸਨ। ਉਹ ਕਿਰਦਾਰ ਪੱਖੋ ਇੰਨੀਆ ਉੱਚੀਆ ਸਖਸ਼ੀਅਤਾਂ ਸਨ ਕਿ ਲੋਕ ਆਪ ਮੁਹਾਰੇ ਉਹਨਾਂ ਦਾ ਸਤਿਕਾਰ ਕਰਦੇ ਸਨ। ਜੇ ਹੁਣ ਵਾਲੇ ਕਲਯੁਗ ਵਿੱਚ ਸ਼੍ਰੋਮਣੀ ਕਮੇਟੀ ਦੀ ਕੋਈ ਪ੍ਰਧਾਨ ਆਪਣੀ ‘ਨੰਨ•ੀ ਛਾਂ’ ਦੀ ਮੌਤ ਦੇ ਸਬੰਧ ਵਿਚ ਸੀਖਾਂ ਪਿੱਛੇ ਪਹੁੰਚ ਜਾਵੇ, ਜੇ ਕਿਸੇ ਪ੍ਰਧਾਨ ਦੀ ਕਾਰ ਦੇ ਪੈਟਰੋਲ ਦਾ ਬਿਲ ਤਿੰਨ ਕਾਰਾਂ ਹਰ ਰੋਜ਼ ਬਿਨਾਂ ਰੁਕੇ ਬਾਰਾਂ ਘੰਟੇ ਚੱਲਣ ਤੋ ਵੱਧ ਪੈਟਰੋਲ ਫੂਕੀ ਜਾਣ ਤਾਂ ਦੁਨੀਆ ਭਰ ਦੇ ਲੋਕ ਨੈੱਟ ਰਾਹੀਂ ਉਹਨੂੰ ਕਿਸੇ ਉੱਚੀ ਧਾਰਮਿਕ ਪਦਵੀ ‘ਤੇ ਰਹੇ ਵਿਅਕਤੀ ਲਈ ‘ਸਾਲਾ ਹਰਾਮੀ ਬਾਹਮਣ’ ਜਿਹੇ ਮਨੋਹਰ ਬਚਨ ਬੋਲਦਾ ਸੁਣਦੇ ਹੋਣ, ਤਾਂ ਪ੍ਰਧਾਨ ਲਈ ਅਹੁਦੇ ਦਾ ਸਦਕਾ ਸਤਿਕਾਰ ਮੰਗ ਕੇ ਮੱਕੜ ਸਾਹਿਬ ਲੋਕਾਂ ਦੀ ਅਕਲ ਨਾਲ ਕਿਤੇ ਕੁੱਝ ਬਹੁਤੀ ਹੀ ਜ਼ਿਆਦਤੀ ਤਾਂ ਨਹੀਂ ਕਰ ਰਹੇ?

ਪੁਰਾਣੀ ਕਹਾਵਤ ਹੈ:- "ਬਿਨ ਮਾਂਗੇ ਮੋਤੀ ਮਿਲੇਂ, ਮਾਂਗੇ ਮਿਲੇ ਨਾ ਭੀਖ!"

ਅਰਥਾਤ, ਜੇ ਬੰਦਾ ਆਪਣੇ ਸ਼ੁਭ ਕਰਮਾਂ ਸਦਕਾ ਹੱਕਦਾਰ ਹੋਵੇ, ਉਸ ਨੂੰ ਕੁੱਝ ਮੰਗਣ ਦੀ ਲੋੜ ਨਹੀਂ, ਆਪਣੇ ਆਪ ਮੋਤੀ ਝੋਲੀ ਪੈ ਜਾਣਗੇ, ਪਰ ਜੇ ਉਹ ਹੱਕਦਾਰ ਨਾ ਹੋਵੇ, ਮੰਗੇ ਤਾਂ ਭੀਖ ਵੀ ਨਹੀਂ ਮਿਲਦੀ। ਮੱਕੜ ਸਾਬ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਤਿਕਾਰ ਵੀ ਕਮਾਇਆ ਜਾਂਦਾ ਹੈ, ਮੰਗਿਆ ਨਹੀਂ ਮਿਲਦਾ। ਮਨੋ ਵਿਗਿਆਨ ਦੀਆਂ ਪੁਸਤਕਾਂ ਇਸ ਸੱਚ ਨਾਲ ਭਰੀਆਂ ਪਈਆਂ ਹਨ ਕਿ ਜਦੋ ਕੋਈ ਸਾਧਾਰਨ ਆਦਮੀ ਕਿਸੇ ਸਬੱਬ ਨਾਲ ਵੱਡਾ ਬਣ ਜਾਵੇ, ਉਹ ਜਾਂ ਤਾਂ ਆਪਣੇ ਪਿੱਛੇ ਨੂੰ ਚੇਤੇ ਰੱਖਦਿਆਂ ਸਨਿਮਰ ਹੋ ਜਾਂਦਾ ਹੈ ਜਾਂ ਅਤੀਤ ਨੂੰ ਆਪਣੇ ਚੇਤੇ ਵਿੱਚੋਂ ਭੁਲਾਉਣ ਅਤੇ ਲੋਕਾਂ ਤੋ ਛੁਪਾਉਣ ਦੇ ਯਤਨ ਵਿਚ ਨਵਾਬ ਬਣ ਜਾਂਦਾ ਹੈ। ਚੰਗਾ ਹੋਵੇ, ਮੱਕੜ ਸਾਹਿਬ ਸਕੂਟਰ ਦੀ ਪਿਛਲੀ ਸੀਟ ਦੀ ਸਵਾਰੀ ਦਾ ਜ਼ਮਾਨਾ ਚੇਤੇ ਰੱਖ ਕੇ ਸਨਿਮਰ ਬਣਨ ਦਾ ਯਤਨ ਕਰਨ ਅਤੇ ਲਾਲ ਬੱਤੀ ਤੋ ਬਿਨਾਂ ਹੀ ਸ਼੍ਰੋਮਣੀ ਕਮੇਟੀ ਦੀ ਮਹਿੰਗੇ ਭਾਅ ਦੀ ਕੈਮਰੀ ਕਾਰ ਦੀਆਂ ਮੌਜਾਂ ਮਾਣਦੇ ਰਹਿਣ। ਸਿੱਖ ਪੰਥ ਦੀ ਮਿਹਰ ਰਹੇ ਨਾ ਰਹੇ, ਜਿੰਨਾ ਚਿਰ ਬਾਦਲ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਰਹੀ, ਰੱਬ ਦੀਆਂ ਦਿੱਤੀਆਂ ਗਾਜਰਾਂ ਰੰਬਾ ਵਿੱਚੇ ਹੀ ਚੱਲਦਾ ਰਹੇਗਾ! ਇਹ ਗੱਲ ਵੀ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਕਿ ਲਾਲ ਬੱਤੀ ਵਾਲੀਆਂ ਕਾਰਾਂ ਆਵਾਜਾਈ ਵਿਚ ਵਿਘਨ ਪਾਉਂਦੀਆਂ ਅਤੇ ਖਾਹਮ-ਖਾਹ ਦੀ ਪ੍ਰੇਸ਼ਾਨੀ ਖੜੀ ਕਰਦੀਆਂ ਹੋਣ ਕਰਕੇ ਲੋਕ ਇਨ੍ਹਾਂ ਕਾਰਾਂ ਨੂੰ ਤੇ ਕਾਰਾਂ ਵਾਲਿਆਂ ਨੂੰ ਸਤਿਕਾਰ ਨਹੀਂ ਦਿੰਦੇ, ਮੰਦਾ ਬੋਲਦੇ ਹਨ। ਹੂਟਰ ਵਾਲੀ ਗੱਡੀ ਨੂੰ ਤਾਂ ਇਥੋ ਤੱਕ ਵੀ ਕਹਿ ਦਿੰਦੇ ਹਨ ਕਿ ਵੇਖੀ ਕਿਹੜੀ ਕੰਪਨੀ ਦੀ ਕਤੀੜ ਆ ਰਹੀ ਹੈ। ਮੱਕੜ ਸਾਬ ਨੂੰ ਚਾਹੀਦਾ ਹੈ ਕਿ ਉਹ ਭੇਸ ਬਦਲ ਕੇ ਇੱਕ ਦਿਨ ਲੋਕਾਂ ਵਿਚ ਖਲੋਣ ਅਤੇ ਕੋਈ ਵੀ ਲਾਲ ਬੱਤੀ ਵਾਲੀ ਕਾਰ ਲੰਘੇ ਤਾਂ ਲੋਕਾਂ ਦੇ ਉਹ ਮਨੋਹਰ ਵਚਨ ਖੁਦ ਸੁਣ ਸਕਦੇ ਹਨ ਕਿ ਲਾਲ ਬੱਤੀ ਵਾਲਿਆ ਦਾ ਲੋਕ ਕਿੰਨਾ ਕੁ ਸਤਿਕਾਰ ਕਰਦੇ ਹਨ।

ਮਰਹੂਮ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਨਾਲ ਉਹਨਾਂ ਦੀ ਮੌਤ ਤੋ ਚਾਰ ਦਿਨ ਪਹਿਲਾਂ ਹੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਜਾਣ ਤੋ ਪਹਿਲਾਂ ਜਦੋ ਇੱਕ ਪੱਤਰਕਾਰ ਨੇ ਉਹਨਾਂ ਨੂੰ ਲਾਲ ਬੱਤੀ ਬਾਰੇ ਪੁੱਛ ਲਿਆ ਤਾਂ ਉਹਨਾਂ ਕਿਹਾ ਕਿ, "ਸਾਨੂੰ ਗੱਡੀ ਤੋਂ ਲਾਲ ਬੱਤੀ ਦੇ ਉਤਰਨ ਜਾਂ ਲੱਗਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਅਸੀਂ ਨਾ ਕਦੀ ਲਾਲ ਬੱਤੀ ਦੀ ਮੰਗ ਕੀਤੀ ਹੈ ਅਤੇ ਨਾ ਹੀ ਹੁਣ ਕਰਦੇ ਹਾਂ।" ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਤਾਂ ਸਦਾ ਸਿੱਖ ਕੌਮ ਦੀ ਚੜਦੀ ਕਲਾ ਲਈ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਲਾਲ ਬੱਤੀ ਸਬੰਧੀ ਲਏ ਗਏ ਫ਼ੈਸਲੇ ਨਾਲ ਕੋਈ ਫ਼ਰਕ ਨਹੀਂ ਪੈਂਣ ਲੱਗਾ, ਕਿਉਂਕਿ ਉਹ ਕੌਮ ਵੱਲੋ ਦਿੱਤੀ ਜ਼ਿੰਮੇਵਾਰੀ ਨੂੰ ਲਾਲ ਬੱਤੀ ਤੋਂ ਬਿਨਾਂ ਵੀ ਨਿਭਾ ਸਕਦੇ ਹਨ। ਲਾਲ ਬੱਤੀ ਬਾਰੇ ਦੋਵਾਂ ਦੇ ਵਿਚਾਰ ਜਾਣ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਗੁਲਾਮਾਂ ਵਾਲੀ ਜਿੰਦਗੀ ਬਸਰ ਕਰਨ ਵਾਲੇ ਮੱਕੜ ਸਾਬ ਧਰਮ ਪ੍ਰਚਾਰ ਕਰਨ ਦੀ ਬਜਾਏ, ਗੁਰੂ ਦੀ ਗੋਲਕ ਤੇ ਅਨੰਦ ਮਈ ਜੀਵਨ ਬਤੀਤ ਕਰਨ ਤੇ ਲਾਲ ਬੱਤੀ ਪਾ ਕੇ ਆਪਣੇ ਆਪ ਨੂੰ ਉੱਚ ਕੱਦ ਬੁੱਤ ਵਾਲਾ ਦੱਸਣ ਦਾ ਯਤਨ ਕਰ ਰਹੇ ਹਨ।

ਜਬਰੀ ਸਤਿਕਾਰ ਦੀ ਇੱਛਾ ਰੱਖਣ ਵਾਲੇ ਮੱਕੜ ਸਾਬ ਦੇ ਮੁਕਾਬਲੇ ਸਤਿਕਾਰ ਮੰਗਣ ਜਿਹੀਆਂ ਛੋਟੀਆਂ ਗੱਲਾਂ ਤੋ ਉੱਚੇ ਗਿਆਨੀ ਤਰਲੋਚਨ ਸਿੰਘ ਜੀ ਦਾ ਕੱਦ ਬੁੱਤ ਵਾਕਿਆ ਮੱਕੜ ਨਾਲੋ ਕਿਤੇ ਉਪਰ ਹੈ, ਜਿਹੜਾ ਆਪਣੇ ਆਪ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਨਾਲ ਪੰਥ ਦੇ ਉਚੇ ਦੁਮਾਲੇ ਵਾਲੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਆਪਣੇ ਆਪ ਤੋ ਬੌਣਾ ਸਮਝਦੇ ਹਨ। ਮੱਕੜ ਨੂੰ ਮੰਗੇ ਹੋਏ ਸਤਿਕਾਰ ਤੇ ਕਮਾਏ ਹੋਏ ਸਤਿਕਾਰ ਵਿਚਲੇ ਫ਼ਰਕ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਇਹ ਵੀ ਸਪੱਸ਼ਟ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕੋਈ ਜ਼ਿੰਮੇਵਾਰੀ ਨਿਭਾਉਣ ਲਈ ਲਾਲ ਬੱਤੀ ਜ਼ਰੂਰੀ ਨਹੀਂ ਸਗੋ ਪੰਥਕ ਕਿਰਦਾਰ ਦਾ ਹੋਣਾ ਜਰੂਰੀ ਹੈ। ਮੱਕੜ ਸਾਹਿਬ ਨੂੰ ਇਹ ਵੀ ਸ਼ਾਇਦ ਜਾਣਕਾਰੀ ਹੋਵੇਗੀ ਕਿ ਬੰਬੇ ਵਿੱਚ ਲਾਲ ਬੱਤੀ ਵਾਲਾ ਕਿਹੜਾ ਏਰੀਆ ਗਿਣਿਆ ਗਿਆ ਹੈ ਜੇਕਰ ਉਹਨਾਂ ਨੂੰ ਜਾਣਕਾਰੀ ਨਾ ਹੋਵੇ ਤਾਂ ਇਸ ਬਾਰੇ ਆਪਣੇ ਨਜਦੀਕੀ ਸ਼ਰੋਮਣੀ ਕਮੇਟੀ ਦੇ ਸਕੱਤਰ ਨੂੰ ਜਰੂਰ ਪੁੱਛ ਲੈਣ ਤਾਂ ਜਾਣਕਾਰੀ ਹੋਣ ਤੋਂ ਬਾਅਦ ਸ਼ਾਇਦ ਮੱਕੜ ਸਾਬ ਕਦੇ ਵੀ ਲਾਲ ਬੱਤੀ ਦੀ ਮੰਗ ਨਹੀਂ ਕਰਨਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top