Share on Facebook

Main News Page

ਸੰਪਟ ਪਾਠ ਦੇ ਨਾਮ 'ਤੇ ਹੋ ਰਹੀ ਠੱਗੀ
-: ਦਲਜੀਤ ਸਿੰਘ ਇੰਡਿਆਨਾ 317 590 7448

ਪਹਿਲਾਂ ਸਹਿਜ ਪਾਠ ਹੁੰਦੇ ਸਨ, ਓਸ ਤੋਂ ਬਾਅਦ ਅਖੰਡ ਪਾਠ ਸ਼ੁਰੂ ਹੋਏ, ਫੇਰ ਸੰਪਟ ਪਾਠ ਆਏ, ਹੁਣ ਤੁੱਕ ਤੁੱਕ ਵਾਲੇ ਸੰਪਟ ਪਾਠ ਵੀ ਆ ਗਏ ਨੇ ... ਬਹੁਤ ਵੀਰਾਂ ਦਾ ਸਵਾਲ ਆਉਂਦਾ ਹੈ ਕਿ ਸੰਪਟ ਪਾਠ ਕੀ ਹੁੰਦਾ ਅਤੇ ਇਹ ਕਿਓਂ ਕੀਤਾ ਜਾਂਦਾ ਹੈ।

ਸੰਪਟ ਪਾਠ, ਕੁਝ ਨਹੀਂ ਸਿਰਫ ਅਤੇ ਸਿਰਫ ਤੁਹਾਡੇ ਲੁੱਟ ਕਰਨ ਦਾ ਇੱਕ ਵਧੀਆ ਤਰੀਕਾ ਹੈ। ਇਹ ਸੰਪਟ ਪਾਠ ਸਾਧ ਲਾਣੇ ਵਲੋਂ ਪ੍ਰਚਲਤ ਕੀਤਾ ਗਿਆ ਹੈ। ਪਹਿਲਾਂ ਸਹਿਜ ਪਾਠ ਤੋਂ ਬਾਅਦ ਅਖੰਡ ਪਾਠ ਵੀ ਇਨ੍ਹਾਂ ਪ੍ਰਚਲਤ ਕੀਤੇ ਸਨ, ਸਿਰਫ ਪੈਸਾ ਕਮਾਉਣ ਵਾਸਤੇ। ਜਿਵੇਂ ਹਿੰਦੂ ਪੰਡਿਤ ਕਹਿੰਦਾ ਹੁੰਦਾ ਸੀ, ਤੁਸੀਂ ਐਨਾ ਸਮਾਨ ਅਤੇ ਪੈਸਾ ਦੇ ਜਾਵੋ, ਮੈਂ ਤੁਹਾਡੇ ਵਾਸਤੇ ਹਵਨ ਅਤੇ ਮੰਤਰ ਪੜ ਦੇਵਾਂਗਾ... ਅੱਜ ਓਹੀ ਕੰਮ ਇਹਨਾ ਚਿਟੇ ਚੋਲੇ ਵਾਲੇ ਕੇਸਾਧਾਰੀ ਬ੍ਰਾਹਮਣਾਂ ਨੇ ਚਲਾ ਲਿਆ ਹੈ।

ਇਹ ਵੀ ਆਖ ਦਿੰਦੇ ਨੇ ਇਨੇ ਪੈਸੇ ਜਮਾ ਕਰਵਾ ਦੇਵੋ, ਅਸੀਂ ਤੁਹਾਡੇ ਨਾਮ ਦਾ ਅਖੰਡ ਪਾਠ ਕਰਕੇ ਹੁਕਮਨਾਮਾ ਡਾਕ ਰਾਹੀ ਭੇਜ ਦੇਵਾਂਗੇ। ਪਰ ਇਕ ਗੱਲ ਸਮਝਣ ਵਾਲੀ ਹੈ, ਜੇਕਰ ਮਰੀਜ ਡਾਕਟਰ ਕੋਲ ਜਾਵੇ ਅਤੇ ਡਾਕਟਰ ਦਵਾਈ ਦੇ ਦੇਵੇ ਅਤੇ ਮਰੀਜ ਡਾਕਟਰ ਨੂੰ ਹੀ ਆਖ ਦੇਵੇ ਡਾਕਟਰ ਸਾਹਿਬ ਦਵਾਈ ਵੀ ਤੁਸੀਂ ਖਾ ਲਵੋ .. ਕੀ ਮਰੀਜ ਠੀਕ ਹੋ ਜਾਵੇਗਾ .. ਨਹੀਂ, ਓਸ ਨੂੰ ਠੀਕ ਹੋਣ ਵਾਸਤੇ ਦਵਾਈ ਖਾਣੀ ਪਵੇਗੀ .. ਗੁਰਬਾਣੀ ਕੋਈ ਮੰਤਰ ਨਹੀਂ ਕਿ ਪੜੇ ਕੋਈ ਹੋਰ ਅਤੇ ਅਸਰ ਕਿਸੇ ਹੋਰ ਨੂੰ ਹੋਵੇਗਾ। ਗੁਰਬਾਣੀ ਇਕ ਜੀਵਨ ਜਾਚ ਹੈ, ਜੇਕਰ ਪੜੋਗੇ ਅਤੇ ਵਿਚਾਰੋਗੇ ਤਾਂ ਹੀ ਫਾਇਦਾ ਹੋਵੇਗਾ।

ਹੁਣ ਆਉਂਦੇ ਹਾਂ ਸੰਪਟ ਪਾਠ ਵੱਲ। ਜਦੋਂ ਸਾਧਾਂ ਦੇ ਖਰਚੇ ਵਧ ਗਏ ਅਖੰਡ ਪਾਠਾਂ ਦੇ ਰੇਟ ਓਹੀ ਪੁਰਾਣੇ ਸਨ, ਤਾਂ ਇਹਨਾ ਨੇ ਨਵੀਂ ਕਾਢ ਕਢੀ ... ਸੰਪਟ ਪਾਠ

ਸੰਪਟ ਪਾਠ ਚਾਰ ਤਰ੍ਹਾਂ ਦਾ ਹੁੰਦਾ ਹੈ .. ਜਿਹੜਾ ਨਾਨਕਸਰ ਵਾਲੇ ਸੰਪਟ ਪਾਠ ਕਰਦੇ ਹਨ। ਇਹ ਜਿਥੇ ਪਾਠ ਕਰਦਿਆਂ "ਨਾਨਕ" ਸ਼ਬਦ ਆਇਆ, ਓਥੇ ਜਾਂ ਤਾਂ ਮੂਲ ਮੰਤਰ ਦਾ ਸੰਪਟ ਲਾਉਂਦੇ ਹਨ, ਜਾਂ ਜਿਸ ਕਾਰਨ ਕਰਕੇ ਸੰਪਟ ਪਾਠ ਕੀਤਾ ਜਾ ਰਿਹਾ .. ਜਿਵੇਂ ਜੇਕਰ "ਖੁਸ਼ੀ" ਵਾਸਤੇ ਸੰਪਟ ਪਾਠ ਹੈ, ਤਾਂ ਇਹ ਹਰ "ਨਾਨਕ" ਸ਼ਬਦ ਮਗਰ "ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥" ਦਾ ਸੰਪਟ ਲਾਉਂਦੇ ਹਨ।

ਇੱਕ ਹੁਣ ਨਵਾਂ ਸੰਪਟ ਪਾਠ ਆਇਆ ਹੈ, ਤੁੱਕ ਤੁੱਕ ਵਾਲਾ ਸੰਪਟ, ਇਹ ਸੰਪਟ ਹਰ ਇਕ ਤੁੱਕ ਦੇ ਉਪਰ ਲਾਇਆ ਜਾਂਦਾ ਹੈ। ਸੰਪਟ ਪਾਠ ਇਕ ਸੱਤ ਦਿਨ ਵਿਚ ਹੁੰਦਾ, ਇਕ ਦਸ ਦਿਨਾਂ ਵਿੱਚ, ਜੇਕਰ ਕਰਵਾਉਣ ਵਾਲੇ ਦੀ ਜੇਬ੍ਹ ਜਿਆਦਾ ਭਾਰ ਝਲਦੀ ਹੈ, ਫੇਰ ਸੰਪਟ ਪਾਠ ਅਠਾਰਾਂ ਦਿਨਾਂ ਵਿੱਚ ਕੀਤਾ ਜਾਂਦਾ ਹੈ। ਗੱਲ ਕੀ ਵੱਧ ਤੋਂ ਵੱਧ ਸਮਾਂ ਲਾਉਣਾ ਅਤੇ ਵੱਧ ਤੋਂ ਵੱਧ ਪੈਸਾ ਕਢਵਾਉਣਾ ਸੰਪਟ ਪਾਠ ਕਰਵਾਉਣ ਵਾਲੇ ਦੀ ਜੇਬ ਵਿਚੋਂ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਗੁਰੂ ਗਰੰਥ ਸਾਹਿਬ ਜੀ ਘੋਰ ਬੇਅਦਬੀ ਹੈ।

ਹੁਣ ਤੁਸੀਂ ਪੁਛੋਗੇ ਓਹ ਕਿਵੇਂ, ਗੁਰੂ ਸਾਹਿਬ ਨੇ ਕਿਸੇ ਨੂੰ ਅਧਿਕਾਰ ਨਹੀਂ ਦਿਤਾ ਕਿ ਕੋਈ ਵੀ ਬੰਦਾ ਆਪਣੀ ਮਰਜੀ ਨਾਲ ਗੁਰੂ ਗਰੰਥ ਸਾਹਿਬ ਵਿੱਚ ਵੱਧ ਘੱਟ ਸ਼ਬਦ ਪੜੇ ਜਾਂ ਬੋਲੇ। ਜਦੋ ਰਾਮ ਰਾਏ ਨੇ ਔਰੰਗਜੇਬ ਦੇ ਆਖੇ ਗੁਰਬਾਣੀ ਵਿੱਚ "ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ॥" ਦੀ ਜਗਹ ਔਰੰਗਜੇਬ ਨੂੰ ਖੁਸ਼ ਕਰਨ ਦੀ ਖਾਤਿਰ ਸਿਰਫ ਇਨਾ ਪੜਿਆ ਸੀ, "ਮਿਟੀ ਬੇਈਮਾਨ ਕੀ..." ਤਾਂ ਸਤਵੇਂ ਗੁਰੂ ਹਰ ਰਾਇ ਸਾਹਿਬ ਨੇ ਰਾਮ ਰਾਏ ਨੂੰ ਮੱਥੇ ਨਹੀਂ ਲਾਇਆ ਸੀ, ਕਿ ਤੈਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਗੁਰੂ ਨਾਨਕ ਦੇ ਘਰ ਦੀ ਬਾਣੀ ਵਿਚ ਫੇਰਬਦਲ ਕਰਨ ਦਾ, ਅਤੇ ਗੁਰੂ ਸਾਹਿਬ ਨੇ ਕਿਹਾ ਮੈਨੂੰ ਪੁੱਤ ਨਹੀਂ, ਸਿਧਾਂਤ ਪਿਆਰਾ, ਗੁਰਬਾਣੀ ਪਿਆਰੀ ਹੈ। ਪਰ ਜਿਹੜੇ ਆਹ ਸੰਪਟ ਪਾਠ ਵਾਲੇ ਹਨ, ਇਹ ਪਤਾ ਨਹੀਂ ਕਿਨਾਂ ਕੁ ਸੰਪਟ ਪਾਠ ਕਰਵਾਉਣ ਵਾਲੇ ਦੀ ਇਛਾ ਮੁਤਾਬਿਕ ਹੇਰ ਫੇਰ ਕਰੀ ਜਾਂਦੇ ਨੇ.. ਪਰ ਇਹਨਾ ਨੂੰ ਪੁਛਦਾ ਕੋਈ ਨਹੀਂ.. ਕਿਉਂਕਿ ਸਾਨੂੰ ਆਪ ਨੂੰ ਗਿਆਨ ਨਹੀਂ ਹੈ। ਅਸੀਂ ਆਪ ਪੈਸੇ ਖਰਚ ਕੇ, ਆਪਣੇ ਗੁਰੂ ਦੀ ਬੇਅਦਬੀ ਕਰਵਾ ਰਹੇ ਹਾ.. ਸੰਪਟ ਪਾਠ ਕਰਵਾ ਵੀ ਆਪਣੇ ਸਿੱਖ ਹੀ ਰਹੇ ਨੇ। ਜੇਕਰ ਕਿਸੇ ਨੂੰ ਕੋਈ ਵੀ ਸਮਸਿਆ ਹੁੰਦੀ ਹੈ, ਓਹ ਜਾਂ ਸਾਧਾਂ ਕੋਲ ਜਾਂ ਜੋਤਸ਼ੀਆਂ ਕੋਲ ਭਜਦੇ ਨੇ, ਕਿਉਂਕਿ ਸਾਨੂੰ ਆਪਣੇ ਅਸਲੀ ਗੁਰੂ 'ਤੇ ਭਰੋਸਾ ਨਹੀਂ ਰਿਹਾ। ਅੱਗੋਂ ਸਾਧ ਲਾਣਾ ਅਤੇ ਪੁਜਾਰੀ ਲਾਣਾ ਆਖ ਦਿੰਦਾ, ਤੁਸੀਂ ਸੰਪਟ ਪਾਠ ਕਰਵਾਓ.. ਅਸੀਂ ਆਪ ਸੰਪਟ ਪਾਠ 'ਤੇ ਪੈਸੇ ਖਰਚ ਕੇ, ਗੁਰੂ ਦੀ ਬੇਅਦਬੀ ਆਪਣੇ ਹਥੀਂ ਕਰਵਾ ਰਹੇ ਹਾਂ। ਇਸ ਕਰਮਕਾਂਡ ਦੇ ਜਿੰਨੇ ਦੋਸ਼ੀ ਸਾਧ ਨੇ, ਓਨੇ ਹੀ ਦੋਸ਼ੀ ਅਸੀਂ ਹਾਂ।

ਨਾਲ ਲਗਦੇ ਇਸ ਗਪੌੜੀ ਠਾਕੁਰ ਸਿੰਘ ਦੀ ਗੱਪ ਵੀ ਸੁਣ ਲਉ
ਜੇ ਕੋਈ ਕੰਮ ਅੜ ਜਾਵੇ ਤਾਂ ਗੁਰੂ ਸਾਹਿਬ ਨੇ ਆਪ ਕਿਹਾ ਕਿ ਸੰਪਟ ਲਾ ਕੇ ਪਾਠ ਕਰ ਲਿਆ ਕਰੋ

 

ਸਿੱਖੋ ਜਾਗੋ, ਗੁਰਬਾਣੀ ਪੜ੍ਹੋ, ਇਤਿਹਾਸ ਪੜੋ... ਸਾਨੂੰ ਜਾਂ ਕਿਸੇ ਸਾਧ ਨੂੰ ਕੋਈ ਅਧਿਕਾਰ ਨਹੀਂ ਕਿ ਓਹ ਗੁਰਬਾਣੀ ਨਾਲ ਛੇੜਛਾੜ ਕਰੇ। ਜੇਕਰ ਅਸੀਂ ਨਾ ਜਾਗੇ ਇਹਨਾ ਸਾਧਾਂ ਨੇ, ਡੇਰਿਆਂ ਵਾਲਿਆਂ ਨੇ, ਗੁਰੂ ਗਰੰਥ ਸਾਹਿਬ ਵੀ ਆਪਣੀ ਮਰਜੀ ਨਾਲ ਛਪਵਾਉਣ ਲੱਗ ਜਾਣੇ ਨੇ.. ਜਿਸ ਤਰ੍ਹਾਂ ਇਹ ਨਿਤਨੇਮ ਵਾਲੇ ਗੁਟਕੇ, ਆਪਣੀ ਮਰਜੀ ਨਾਲ ਛਾਪੀ ਜਾ ਰਹੇ ਹਨ। ਅੱਜ ਹਰ ਡੇਰੇ, ਹਰ ਸੰਪਰਦਾ ਦਾ ਆਪਣਾ ਹੀ ਗੁਟਕਾ ਹੈ। ਸੋ ਜਾਗੋ, ਕੁੱਝ ਨਹੀਂ ਰਖਿਆ ਇਹਨਾ ਸੰਪਟ ਪਾਠਾਂ ਵਿਚ, ਇਹ ਜਿੱਥੇ ਹੁੰਦਾ ਹੈ, ਇਸ ਦਾ ਵਿਰੋਧ ਕਰੋ । ਜੇਕਰ ਆਪਣਾ ਜੀਵਨ ਸੁਧਾਰਨਾ ਹੈ, ਜੇਕਰ ਆਪਣੇ ਗੁਰੂ ਦੀ ਗੱਲ ਮਨਣੀ ਹੈ, ਤਾਂ ਗੁਰਬਾਣੀ ਆਪ ਪੜੋ, ਕਿਸੇ ਦੇ ਪੜੇ ਪਾਠ ਦਾ ਤੁਹਾਨੂੰ ਕੋਈ ਰਤਾ ਭਰ ਵੀ ਫਾਇਦਾ ਨਹੀਂ ਹੋਣਾ।

ਆਪ ਪਾਠ ਕਰੋ, ਆਪ ਅਰਦਾਸ ਕਰੋ, ਦੇਖਿਓ ਫੇਰ ਗੁਰੂ ਕਿਨਾਂ ਖੁਸ਼ ਹੁੰਦਾ.. ਇਸ ਅੰਧਵਿਸ਼ਵਾਸ ਵਿਚੋਂ ਨਿਕਲੋ। ਸ਼ਿਰੋਮਣੀ ਕਮੇਟੀ ਅਤੇ ਸਾਧਾਂ ਦੇ ਡੇਰੇ, ਪੈਸਿਆਂ ਨਾਲ ਭਰਨੇ ਬੰਦ ਕਰੋ, ਕਿਓਂ ਆਪਣੇ ਪੈਸੇ ਦੀ ਬਰਬਾਦੀ ਕਰਦੇ ਹੋ, ਇਹਨਾ ਪਾਖੰਡੀ ਸਾਧਾਂ ਦੇ ਆਖੇ ਲੱਗ ਕੇ... ਓਹੀ ਪੈਸੇ ਬਚਾ ਕੇ ਕਿਸੇ ਸਮਾਜ ਭਲਾਈ ਦੇ ਕੰਮ 'ਤੇ ਲਾਵੋ... ਸੰਪਟ ਪਾਠ ਅਤੇ ਅਖੰਡ ਪਾਠਾਂ ਦਿਆ ਇਕੋਤਰੀਆਂ 'ਤੇ ਪੈਸੇ ਦੇਣੇ ਬੰਦ ਕਰੋ ... ਸੰਪਟ ਪਾਠ ਧਰਮ ਦੀ ਆੜ ਵਿੱਚ ਬਹੁਤ ਵੱਡੀ ਠੱਗੀ ਹੈ...

ਸੋ ਜਾਗੋ, ਸਿਖੋ ਜਾਗੋ, ਅੰਧਵਿਸ਼ਵਾਸ ਤਿਆਗੋ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top