Share on Facebook

Main News Page

ਨੇਤਰਹੀਣ ਵਿਦਿਆਲਾ ਨੇਤਰਹੀਣਾਂ ਨੂੰ ਤੁਰੰਤ ਸੌਂਪਿਆ ਜਾਵੇ
-: ਗਿਆਨੀ ਰਾਮ ਸਿੰਘ

ਅੰਮ੍ਰਿਤਸਰ 17 ਅਗਸਤ (ਜਸਬੀਰ ਸਿੰਘ) ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ (ਸੰਗਰਾਵਾਂ) ਦੇ ਮੁੱਖੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਨੇ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਹਜ਼ੁਰੀ ਰਾਗੀ ਸਿੰਘਾਂ ਤੇ ਨੇਤਰਹੀਣ ਵਿਦਿਆਲਾ ਸ੍ਰੀ ਅਨੰਦਪੁਰ ਸਾਹਿਬ ਦੇ ਵੀਰਾਂ ਵੱਲੋ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਦਮਦਮੀ ਟਕਸਾਲ ਨੇ ਉਨ੍ਹਾਂ ਦੇ ਵਿਦਿਆਲੇ ਤੇ ਕਬਜਾ ਕਰ ਲਿਆ ਹੈ ਜੋ ਬਿਲਕੁਲ ਗਲਤ ਹੈ, ਕਿਉਂਕਿ ਟਕਸਾਲ ਦਾ ਕਾਰਜ ਕਬਜੇ ਕਰਨਾ ਨਹੀਂ ਸਗੋ ਧਰਮ ਪ੍ਰਚਾਰ ਕਰਨਾ ਹੈ।

ਉਹਨਾਂ ਕਿਹਾ ਕਿ ਉਹ ਸ਼ਪੱਸ਼ਟ ਕਰਨਾਂ ਚਾਹੁੰਦੇ ਹਨ ਕਿ ਦਮਦਮੀ ਟਕਸਾਲ ਦਾ ਬਹੁਤ ਵੱਡਾ ਸੁਨਹਿਰੀ ਇਤਿਹਾਸ ਹੈ ਅਤੇ ਸਾਡੇ ਪੁਰਖਿਆਂ ਨੇ ਹਰ ਜਥੇਬੰਦੀ ਦੀ ਮਦਦ ਕੀਤੀ ਹੈ, ਕਿਸੇ ਵੀ ਸਥਾਨ ਤੇ ਕਬਜਾ ਨਹੀਂ ਕੀਤਾ। ਉਹਨਾਂ ਕਿਹਾ ਕਿ ਬੀਤੇ ਸਮੇ ਵਿੱਚ ਜਦ 1984 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਰਾ ਪ੍ਰਬੰਧ ਤਹਿਸ ਨਹਿਸ ਹੋ ਕੇ ਰਹਿ ਗਿਆ ਸੀ ਤਾਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ ਇਕ ਨਿਮਾਣੇ ਸਿੱਖ ਵਾਂਗ ਕਰਵਾਈ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਮੁੱਚਾ ਪ੍ਰਬੰਧ 1997 ਵਿੱਚ ਉਸ ਸਮੇਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਸੌਂਪ ਦਿੱਤਾ ਸੀ।

ਉਹਨਾਂ ਕਿਹਾ ਕਿ ਅੱਜ ਜੇਕਰ ਕੋਈ ਵੀਰ ਦਮਦਮੀ ਟਕਸਾਲ ਦਾ ਨਾਮ ਵਰਤ ਕੇ ਨੇਤਰਹੀਣ ਵਿਦਿਆਲਾ ਸ੍ਰੀ ਅਨੰਦਪੁਰ ਸਾਹਿਬ ਤੇ ਕਬਜੇ ਕਰ ਰਿਹਾ ਹੈ ਤਾਂ ਇਹ ਅਤਿ ਨਿੰਦਣਯੋਗ ਕਾਰਵਾਈ ਹੈ ਅਤੇ ਉਨ੍ਹਾਂ ਵੀਰਾਂ ਨੂੰ ਪੁਰਜੋਰ ਸ਼ਬਦਾਂ ਵਿਚ ਅਪੀਲ ਹੈ ਕਿ ਇਹ ਟਕਸਾਲ ਦੀਆਂ ਰਵਾਇਤਾਂ ਨਹੀਂ ਹਨ। ਉਹਨਾਂ ਕਿਹਾ ਕਿ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਨੇਤਰਹੀਣ ਵੀਰਾਂ ਨਾਲ ਧੱਕਾ ਕਰਨਾਂ ਸਿੱਖ ਰਵਾਇਤਾਂ ਅਤੇ ਸਿੱਖ ਪ੍ਰੰਪਰਾਵਾਂ ਦੇ ਵੀ ਉਲਟ ਹੈ। ਉਹਨਾਂ ਕਿਹਾ ਕਿ ਜਿਥੇ ਉਹ ਨੇਤਰਹੀਣ ਵੀਰਾਂ ਨਾਲ ਹਰ ਪ੍ਰਕਾਰ ਦਾ ਸਹਿਯੋਗ ਕਰਨ ਲਈ ਤਿਆਰ ਹਨ ਉਥੇ ਬਾਕੀਆ ਨੂੰ ਉਹ ਵੀ ਅਪੀਲ ਕਰਦੇ ਹਨ ਕਿ ਨੇਤਰਹੀਣਾਂ ਦੀ ਵੱਧ ਤੇਂ ਵੱਧ ਮਦਦ ਕੀਤੀ ਜਾਵੇ।

ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਗਲ ਵੀ ਬੜੇ ਦੁਖੀ ਹਿਰਦੇ ਨਾਲ ਕਹਿਣੀ ਪੈ ਰਹੀ ਹੈ, ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਤ ਕਰਤਾਰ ਸਿੰਘ ਜੀ ਖਾਲਸਾ ਦੀ ਬਰਸੀ ਵਾਲੇ ਦਿਨ ਦਮਦਮੀ ਟਕਸਾਲ ਮੁਰਦਾਬਾਦ ਦੇ ਨਾਅਰੇ ਲਗੇ ਤੇ ਰੋਸ ਮਾਰਚ ਕੱਢੇ ਗਏ, ਜਿਸ ਨਾਲ ਦਮਦਮੀ ਟਕਸਾਲ ਦੇ ਹਿਤੈਸ਼ੀਆਂ ਤੇ ਸਿੰਘਾਂ ਦੇ ਹਿਰਦੇ ਵਲੂੰਧਰੇ ਗਏ, ਜਿਸ ਨਾਲ ਸਾਡੀਆਂ ਪ੍ਰੰਪਰਾਵਾਂ ਤੇ ਰਵਾਇਤਾਂ ਨੂੰ ਢਾਹ ਲਗੀ ਹੈ। ਉਹਨਾਂ ਕਿਹਾ ਕਿ ਨੇਤਰਹੀਣਾਂ ਦੀ ਭਲਾਈ ਕਰਨ ਲਈ ਉਹਨਾਂ ਦੀ ਟਕਸਾਲ ਹਮੇਸ਼ਾਂ ਹੀ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਹਰ ਪ੍ਰਕਾਰ ਦੀ ਸਹਾਇਤਾ ਕਰਦੀ ਰਹੇਗੀ। ਉਹਨਾਂ ਕਿਹਾ ਕਿ ਇਹ ਮਾਮਲਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲ ਵੀ ਪੁੱਜਾ ਹੈ, ਤੇ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ, ਕਿ ਉਹ ਨਿੱਜੀ ਦਖਲਅੰਦਾਜੀ ਕਰਕੇ ਨੇਤਰਹੀਣਾਂ ਦਾ ਵਿਦਿਆਲਾ ਉਹਨਾਂ ਨੂੰ ਦਿਵਾਉਣ ਲਈ ਤੁਰੰਤ ਕਾਰਵਾਈ ਕਰਨ ਤਾਂ ਕਿ ਨੇਤਰਹੀਣਾਂ ਨੂੰ ਹੋਰ ਸੰਘਰਸ਼ ਕਰਨ ਦੀ ਲੋੜ ਨਾ ਪਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top