Share on Facebook

Main News Page

ਹੁਣ ਚੰਡੀਗੜ੍ਹ ‘ਚ ਕੀਤੀ “ਸਿੱਖ ਕਕਾਰਾਂ” ਦੀ ਬੇਅਦਬੀ

ਚੰਡੀਗੜ੍ਹ 18 ਅਗਸਤ (ਮੇਜਰ ਸਿੰਘ): ਚੰਡੀਗੜ੍ਹ ਦੇ ਵਿਚ ਪਹਿਲਾਂ ਪੰਜਾਬੀ ਬੋਲੀ 'ਤੇ ਕੀਤੇ ਹਮਲੇ ਦੇ ਜਖ਼ਮਾਂ ਤੇ ਅੱਜੇ ਮੱਲਮ ਨਹੀਂ ਲਗੀ ਕਿ ਅੱਜ ਸਿੱਖ ਭਾਈਚਾਰੇ ਨੂੰ ਇਕ ਨਵਾਂ ਜਖੱਮ ਦਿਤੇ ਜਾਣ ਨਾਲ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ। ਜਦੋਂ ਪੀਜੀਆਈ ਵਲੋਂ ਪੈਰਾਮੈਡੀਕਲ ਕੋਰਸਿਜ ਦੇ ਦਾਖਲੇ ਦੇ ਲਈ ਲਏ ਜਾ ਰਹੇ ਐਂਟਰਸ ਟੈਸਟ ਦੋਰਾਨ ਪ੍ਰੀਖਿਆਰਥੀਆਂ ਦੀਆਂ ਬਾਹਾਂ ‘ਚ ਪਾਏ ਕੜੇ ਉਤਰਵਾਏ ਜਾਣ ਤੇ ਰੋਲਾ ਪੈ ਗਿਆ।

ਉਕਤ ਕੋਰਸ ‘ਚ ਦਾਖਲਾ ਲੈਣ ਦੇ ਲਈ ਪੀ ਜੀ ਆਈ ਪ੍ਰਸ਼ਾਸ਼ਨ ਵਲੋਂ ਚੰਡੀਗੜ੍ਹ ਦੇ ਵੱਖੋ ਵੱਖਰੇ ਸੈਕਟਰਾਂ ਦੇ ਸਕੂਲਾਂ ‘ਚ ਸੈਂਟਰ ਬਣਾਏ ਗਏ ਸਨ। ਜਿਥੇ ਸੈਕਟਰ 36 ਸਥਿਤ ਗੁਰੂ ਨਾਨਕ ਪਬਲਿਕ ਸਕੂਲ ਅਤੇ ਸੈਕਟਰ 15 ਸਥਿਤ ਡੀ ਏ ਵੀ ਸਕੂਲ ਦੇ ਪ੍ਰੀਖਿਆ ਕੇਂਦਰਾਂ ਵਿਚ ਤਾਇਨਾਤ ਅਧਿਕਾਰੀਆਂ ਵਲੋਂ ਪ੍ਰੀਖਿਆਰਥੀਆਂ ਦੇ ਕੜੇ ਉਤਰਵਾਏ ਜਾਣ ਦੇ ਕਾਰਨ ਕਾਫੀ ਬਹਿਸਬਾਜੀ ਵੀ ਹੋਈ ਜਿਸ ਕਾਰਨ ਕਈ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ। ਇਥੇ ਜਿਕਰਯੋਗ ਹੈ ਕਿ ਭਾਰਤ ਨੂੰ ਇਕ ਧਰਮ ਨਿਰਪਖਤ ਦੇਸ਼ ਕਿਹਾ ਜਾਂਦਾ ਹੈ ਪਰ ਅੱਜ ਉਸ ਨਿਰਪਖਤਾ ਦਾ ਮੁਖੋਟਾ ਵੀ ਉੁਤਰ ਗਿਆ ,ਜਦੋਂ ਅੰਮ੍ਰਿਤਧਾਰੀ ਪ੍ਰੀਖਿਆਰਥੀਆਂ ਨੂੰ ਕ੍ਰਿਪਾਨਾਂ ਉਤਾਰਨ ਲਈ ਵੀ ਮਜ਼ਬੂਰ ਕੀਤਾ ਜਾਣ ਲਗਾ।

ਇਸ ਮਾੜੀ ਘਟਨਾ ਸ਼ਿਕਾਰ ਹੋਈ ਖਰੜ੍ਹ ਨਿਵਾਸੀ ਅਮ੍ਰਿਤ ਕੌਰ ਪੁਤਰੀ ਸ੍ਰ. ਹਰਜੋਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਜਦੋਂ ਅੱਜ ਸਵੇਰੇ ਉਹ ਐਂਟਰਸ ਟੈਸਟ ਦੇਣ ਲਈ ਪ੍ਰੀਖਿਆ ਕੇਂਦਰ ਸੈਕਟਰ 36 ਗੁਰੂ ਨਾਨਕ ਪਬਲਿਕ ਸਕੂਲ ਪੰਹੁਚੀ ਤਾਂ ਪੀ੍ਰਖਿਆ ਕੇਂਦਰ ਮੁੱਖ ਗੇਟ ਤੇ ਅਧਿਕਾਰੀਆਂ ਵਲੋਂ ਉਸਨੂੰ ਕੜਾ ਅਤੇ ਕ੍ਰਿਪਾਨ ਊਤਾਰਨ ਲਈ ਕਿਹਾ ਗਿਆ ਪਰ ਅਮ੍ਰਿਤ ਕੌਰ ਅੜ ਗਈ ਤੇ ਆਪਣੀ ਮਾਤਾ ਗੁਰਸ਼ਰਨ ਕੌਰ ਨੂੰ ਇਸ ਮੰਦਭਾਗੀ ਘਟਨਾ ਸਬੰਧੀ ਫੋਨ ਤੇ ਜਾਣਕਾਰੀ ਦਿਤੀ। ਜਿਸਤੇ ਪ੍ਰੀਵਾਰਕ ਮੈਂਬਰ ਮੌਕੇ ਤੇ ਪੰਹੁਚ ਗਏ । ਜਿਸਤੇ ਕਾਫੀ ਬਹਿਸਬਾਜ਼ੀ ਬਾਅਦ ਜਦੋਂ ਅਧਿਕਾਰੀਆਂ ਨੂੰ ਕੁੱਝ ਨਾ ਸੁਝਿਆ ਤਾਂ ਅਮ੍ਰਿਤ ਕੌਰ ਨੂੰ ਪ੍ਰੀਖਿਆ ਦੇਣ ਲਈ ਅੰਦਰ ਜਾਣ ਦਿਤਾ ਗਿਆ ਪਰ ਜਿਵੇਂ ਹੀ ਉਹ ਤੀਜੇ ਆਖਰੀ ਗੇਟ ਪ੍ਰੀਖਿਆ ਕਮਰੇ ਦੇ ਬਾਹਰ ਉਸ ਦੀ ਕ੍ਰਿਪਾਨ ਮਿਆਨ ‘ਚੋਂ ਬਾਹਰ ਕਢਵਾ ਕੇ ਅਤੇ ਮਿਆਨ ਨੂੰ ਚੰਗੀ ਤਰਾਂ ਦੇਖ ਪਰਖ ਕੇ ਅਮ੍ਰਿਤ ਕੌਰ ਕੋਲੋਂ ਲਿਖਵਾਇਆ ਗਿਆ ਕਿ ਉਹ ਕ੍ਰਿਪਾਨ ਅਤੇ ਕੜਾ ਪਾ ਕੇ ਅੰਦਰ ਜਾ ਰਹੀ ਹੈ। ਇਸੇ ਤਰਾਂ ਦੀ ਘਟਨਾ ਸੈਕਟਰ 15 ਸਥਿਤ ਡੀ ਏ ਵੀ ਸਕੂਲ ‘ਚ ਵਾਪਰੀ ਜਿਥੇ ਸਿੱਖ ਜਥੇਬੰਦੀਆਂ ਦੇ ਨੂੰਮਾਇਂਦਿਆਂ ਨੇ ਦਖਲ ਅੰਦਾਜੀ ਕਰਕੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੁਆਈ। ਸ੍ਰ. ਗੁਰਨਾਮ ਸਿੰਘ ਸਿੱਧੂ ਅਤੇ ਗੁਰਪ੍ਰਤਾਪ ਸਿੰਘ ਰਿਆੜ ਸਮੇਤ ਪਹੁੰਚੇ ਸਮਰਥਕਾਂ ਵਲੋਂ ਚੰਡੀਗੜ੍ਹ ਦੇ ਸੈਕਟਰ 11ਦੇ ਥਾਣੇ ਵਿਚ ਇਸ ਘਟਨਾ ਸਬੰਧੀ ਲਿਖਤੀ ਸ਼ਿਕਾਇਤ ਦਿਤੀ ਗਈ ਹੈ। ਜਿਸਤੇ ਥਾਣਾ ਮੁੱਖੀ ਨੇ ਭਰੋਸਾ ਦਿਤਾ ਹੈ ਕਿ ਉਹ ਡੀ ਏ ਲੀਗਲ ਦੀ ਸਲਾਹ ਅਨੂਸਾਰ ਕਾਰਵਾਈ ਕਰਨਗੇ। ਇਸ ਸਬੰਧੀ ਪੀ ਜੀ ਆਈ ਦੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

Courtesy: Pehredar

ਵਿਦੇਸ਼ਾਂ ਵਿੱਚ ਵੱਖਰੀ ਪਛਾਣ ਦੀ ਲੜਾਈ ਲੜ ਰਹੇ ਸਿੱਖਾਂ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅਪਮਾਨਿਤ ਹੋਣਾ ਪੈ ਰਿਹਾ ਹੈ। ਅਜਿਹੀ ਹੀ ਘਟਨਾ ਪੀ ਜੀ ਆਈ ਵੱਲੋਂ ਪੈਰਾ ਮੈਡੀਕਲ ਕੋਰਸਾਂ ਵਿੱਚ ਦਾਖ਼ਲੇ ਲਈ ਗਈ ਪ੍ਰੀਖਿਆ ਦੇ ਕੇਂਦਰ ਵਿੱਚ ਵਾਪਰੀ ਜਦੋਂ ਅਮਿੰਤਧ੍ਰਾਰੀ ਪ੍ਰੀਖਿਆਰਥੀਆਂ ਦੇ ਹਾਲ ਵਿੱਚ ਜਾਣ ਤੋਂ ਪਹਿਲਾਂ ਸਿੱਖੀ ਚਿੰਨ੍ਹ ਲੁਹਾ ਦਿੱਤੇ ਗਏ। ਵਿਰੋਧ ਕਰਨ ਵਾਲੇ ਕਈ ਵਿਦਿਆਰਥੀਆਂ ਨੂੰ ਇਮਤਿਹਾਨ ਦਿੱਤੇ ਬਿਨਾਂ ਹੀ ਵਾਪਸ ਮੁੜਣਾ ਪਿਆ ਹੈ। ਇੱਕ ਵਿਦਿਆਰਥਣ ਗੁਰਵਿੰਦਰ ਕੌਰ ਨੇ ਪੀ ਜੀ ਆਈ ਪ੍ਰਸ਼ਾਸਨ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਾਈ ਹੈ।
ਉਂਜ ਗੁਰਵਿੰਦਰ ਕੌਰ ਪੌਣੇ ਘੰਟੇ ਦੇ ਸੰਘਰਸ਼ ਪਿੱਛੋਂ ਕੱਕਾਰਾਂ ਸਮੇਤ ਪ੍ਰੀਖਿਆ ਹਾਲ ਵਿੱਚ ਦਾਖ਼ਲ ਹੋਣ ’ਚ ਸਫਲ ਹੋ ਗਈ ਸੀ। ਡੀ ਏ ਵੀ ਸਕੂਲ ਸੈਕਟਰ 15 ਸਥਿਤ ਇਮਤਿਹਾਨ ਕੇਂਦਰ ਦੇ ਇੰਚਾਰਜ ਡਾ. ਗਾਬਾ ਨੂੰ ਬਾਅਦ ’ਚ ਗੁਰਵਿੰਦਰ ਕੌਰ ਨੂੰ ਪੇਪਰ ਹੱਲ ਕਰਨ ਲਈ ਵਾਧੂ ਸਮਾਂ ਵੀ ਦੇਣਾ ਪਿਆ। ਉਸ ਤੋਂ ਪਹਿਲਾਂ ਪ੍ਰੀਖਿਆ ਹਾਲ ਵਿੱਚ ਸਾਰੇ ਸਿੱਖ ਵਿਦਿਆਰਥੀਆਂ ਨੂੰ ਆਪਣੇ ਕੜੇ ਉਤਾਰ ਕੇ ਅੰਦਰ ਜਾਣਾ ਪਿਆ ਹੈ। ਇਸ ਘਟਨਾ ਨੇ ਉਦੋਂ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਇਸ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਸ੍ਰੀ ਸਾਹਿਬ ਦੇ ਨਾਲ ਸਿਰ ਤੋਂ ਕੇਸਕੀ ਉਤਾਰ ਕੇ ਤਲਾਸ਼ੀ ਦੇਣ ਲਈ ਕਹਿ ਦਿੱਤਾ ਗਿਆ ਸੀ। ਉਸ ਨੇ ਸ੍ਰੀ ਸਾਹਿਬ ਤੇ ਕੇਸਕੀ ਲਾਹ ਕੇ ਪ੍ਰੀਖਿਆ ਦੇਣ ਨਾਲੋਂ ਪੇਪਰ ਨਾ ਦੇਣ ਨੂੰ ਪਹਿਲ ਦੇ ਦਿੱਤੀ। ਉਸ ਨੇ ਨਾਲੋਂ-ਨਾਲ ਸਾਰੀ ਜਾਣਕਾਰੀ ਆਪਣੇ ਪਿਤਾ ਜਸਵਿੰਦਰ ਸਿੰਘ ਨੂੰ ਦੇ ਦਿੱਤੀ। ਸੈਕਟਰ 51 ਦੀ ਵਾਸੀ ਗੁਰਵਿੰਦਰ ਕੌਰ ਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ।

ਆਪਣੇ ਬੱਚਿਆਂ ਨਾਲ ਪ੍ਰੀਖਿਆ ਹਾਲ ਤੱਕ ਆਏ ਮਾਪਿਆਂ ਨੇ ਪੀ ਜੀ ਆਈ ਪ੍ਰਸ਼ਾਸਨ ਦੀ ਇਸ ਸਿੱਖ ਵਿਰੋਧੀ ਕਾਰਵਾਈ ਦਾ ਵਿਰੋਧ ਕਰਨਾ ਸ਼ਰੂ ਕਰ ਦਿੱਤਾ। ਏਨੇ ਚਿਰ ਨੂੰ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਉੱਥੇ ਪੁੱਜ ਗਏ ਅਤੇ ਉਨ੍ਹਾਂ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪ੍ਰੀਖਿਆ ਇੰਚਾਰਜ ਡਾ. ਗਾਬਾ ਨੂੰ ਮੁਆਫ਼ੀ ਮੰਗਣੀ ਪਈ। ਦੱਸਣਯੋਗ ਇਹ ਕਿ ਉੱਥੇ ਇਕੱਠੇ ਹੋਏ ਸਿੱਖ ਨਮੁਇੰਦਿਆਂ ਨੇ ਡਾ. ਗਾਬਾ ਨੂੰ ਇਹ ਗੱਲ ਵਾਰ ਵਾਰ ਦੱਸੀ ਕਹੀ ਕਿ ਸਿੰਘਾਂ ਲਈ ਕੱਕਾਰ ਉਨ੍ਹਾਂ ਦੇ ਸਰੀਰ ਦੇ ਅੰਗਾਂ ਬਰਾਬਰ ਹੁੰਦੇ ਹਨ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਪੀ ਜੀ ਆਈ ਵਿੱਚ ਐਮ ਡੀ ਦਾ ਪੇਪਰ ਲੀਕ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਮਤਿਹਾਨ ਹਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਸਖ਼ਤੀ ਨਾਲ ਤਲਾਸ਼ੀ ਲਈ ਜਾਂਦੀ ਹੈ। ਪੀ ਜੀ ਆਈ ਪ੍ਰਸ਼ਾਸਨ ਵੱਲੋਂ ਪ੍ਰੀਖਿਆਰਥੀਆਂ ਨੂੰ ਘੜੀ ਅਤੇ ਗਹਿਣੇ ਆਦਿ ਤਾਂ ਪਹਿਲਾਂ ਵੀ ਲੁਹਾ ਲਏ ਜਾਂਦੇ ਰਹੇ ਹਨ ਪਰ ਸਿੱਖੀ ਚਿੰਨ੍ਹਾਂ ਨੂੰ ਉਤਾਰਨ ਦੀ ਘਟਨਾ ਪਹਿਲੀ ਵਾਰ ਵਾਪਰੀ ਹੈ।

ਚੰਡੀਗੜ੍ਹ ਦੇ ਸਿੱਖ ਨੇਤਾਵਾਂ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਅਮਰਿੰਦਰ ਸਿੰਘ, ਨਵਤੇਜ ਸਿੰਘ ਅਤੇ ਗੁਰਦੁਆਰਾ ਸਾਹਿਬ ਪੀ ਜੀ ਆਈ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਗੁਰਵਿੰਦਰ ਕੌਰ ਦੇ ਹੱਕ ’ਚ ਪ੍ਰੀਖਿਆ ਹਾਲ ਦੇ ਬਾਹਰ ਡੱਟ ਕੇ ਪਹਿਰਾ ਦਿੱਤਾ ਹੈ। ਵਿਦਿਆਰਥਣ ਗੁਰਵਿੰਦਰ ਕੌਰ ਨੇ ਕਿਹਾ ਹੈ ਕਿ ਉਹ ਸਿੱਖੀ ਕੱਕਾਰਾਂ ਨੂੰ ਆਪਣੀ ਜਾਨ ਤੇ ਕਰੀਅਰ ਤੋਂ ਜ਼ਿਆਦਾ ਪਿਆਰ ਕਰਦੇ ਹਨ। ਸੈਕਟਰ 11 ਦੇ ਐੱਸ ਐੱਚ ਓ ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਗੁਰਵਿੰਦਰ ਕੌਰ ਦੀ ਸ਼ਿਕਾਇਤ ’ਤੇ ਡੀ ਡੀ ਆਰ ਲਿਖ ਲਈ ਗਈ ਹੈ ਅਤੇ ਅਗਲੇਰੀ ਕਾਰਵਾਈ ਤੋਂ ਪਹਿਲਾਂ ਕਾਨੂੰਨੀ ਸਲਾਹ ਲਈ ਜਾਵੇਗੀ। ਪੀ ਜੀ ਆਈ ਦੀ ਬੁਲਾਰਾ ਮੰਜੂ ਵਾਡਵੇਲਕਰ ਨੇ ਕਿਹਾ ਹੈ ਕਿ ਬੱਚਿਆਂ ਵੱਲੋਂ ਸਿੱਖੀ ਚਿੰਨ੍ਹਾਂ ਦੀ ਮਹੱਤਤਾ ਬਾਰੇ ਦੱਸਣ ਤੋਂ ਬਾਅਦ ਉਨਾਂ੍ਹ ਨੂੰ ਅੰਦਰ ਜਾਣ ਦੇ ਦਿੱਤਾ ਗਿਆ ਸੀ ਇਸ ਲਈ ਗੱਲ ਇੱਥੇ ਖ਼ਤਮ ਹੋ ਜਾਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਡਾ. ਗਾਬਾ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਇਸ ਨੂੰ ਨਾ ਬਖ਼ਸ਼ਣਯੋਗ ਗੁਸਤਾਖ਼ੀ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀ ਰਾਜਧਾਨੀ ਵਿੱਚ ਅਜਿਹੀ ਘਟਨਾ ਵਾਪਰਨੀ ਇਕ ਬਦਤਮੀਜ਼ੀ ਹੈ ਅਤੇ ਉਹ ਮਾਮਲਾ ਸਰਕਾਰ ਕੋਲ ਵੀ ਉਠਾਣਗੇ। ਉਨਾਂ ਨੇ ਇਹ ਵੀ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

Courtesy: PunjabiTribune:


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top