Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਅਖਵਾਉਣ ਵਾਲਾ, ਅੱਜ ਨਗਾਂ ਵਿੱਚ ਵਿਸ਼ਵਾਸ ਰਖਦਾ ਹੈ !!!
-: ਦਲਜੀਤ ਸਿੰਘ ਇੰਡਿਆਨਾ 317 590 7448

ਅਕਾਲ ਦਾ ਪੁਜਾਰੀ ਸਿੱਖ ..... ਅੱਜ ਪਥਰਾਂ ਦਾ ਪੁਜਾਰੀ (ਨਗਾਂ) ਦਾ ਪੁਜਾਰੀ ਬਣ ਗਿਆ!!! ਜਿਸ ਤਰਾਂ ਗੁਰਬਾਣੀ ਦਾ ਫੁਰਮਾਨ ਹੈ। ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥੨॥ ਇਹ ਪਥਰਾਂ ਨੇ ਕੁਝ ਨਹੀਂ ਬੋਲਣਾ, ਇਹ ਸਾਰੇ ਕਰਮ ਫੋਕੇ ਹਨ।

ਜਿਹੜੇ ਸਿੱਖ ਨੂੰ ਗੁਰੂ ਨਾਨਕ ਸਾਹਿਬ ਨੇ ਵਹਿਮਾਂ ਭਰਮਾਂ ਵਿਚੋਂ ਕੱਢਿਆ ਅਤੇ ਕਿਹਾ ਸੀ ਅਸੀਂ ਸਿਰਫ ਅਕਾਲ ਦੇ ਪੁਜਾਰੀ ਹਾਂ, ਕਿਸੇ ਪੱਥਰ ਦੇ ਪੁਜਾਰੀ ਨਹੀਂ, ਮੂਰਤੀ ਪੂਜਾ ਨੂੰ ਨਕਾਰਿਆ ਸੀ, ਅੱਜ ਓਹੀ ਸਿੱਖ ਅਖਵਾਉਣ ਵਾਲਾ ਵੰਨ ਸੁਵੰਨੇ ਨਗਾਂ ਵਾਲੀਆਂ ਮੁੰਦਰੀਆਂ ਨਾਲ, ਉਂਗਲਾਂ ਭਰੀ ਫਿਰਦਾ ਹੈ। ਜਿਹੜੇ ਨਰਕ ਵਿਚੋਂ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੱਢਿਆ ਸੀ, ਅੱਜ ਅਸੀਂ ਓਸ ਨਰਕ ਵਿੱਚ ਫੇਰ ਗਰਕ ਰਹੇ ਹਾਂ। ਚਲੋ ਆਪਾਂ ਪਿਛਲੇ ਸਮੇਂ ਵਿੱਚ ਤਾਂ ਆਖਦੇ ਸੀ ਲੋਕ ਅਨਪੜ ਸਨ, ਪਰ ਅਜ ਦਾ ਪੜਿਆ ਲਿਖਿਆ ਮਨੁੱਖ ਵੀ ਇਸ ਚੱਕਰ ਵਿੱਚ ਪਹਿਲਾਂ ਨਾਲੋਂ ਵੀ ਵੱਧ ਫਸ ਚੁਕਿਆ ਹੈ। ਪੁਰਾਣੇ ਸਮੇਂ ਵਾਲੇ ਠੱਗ ਪੁਜਾਰੀਆਂ, ਮਹੰਤਾਂ ਦੀ ਹੁੰਦੀ ਸੀ, ਜਨਤਾਂ ਨੂੰ ਅੰਧ-ਵਿਸ਼ਵਾਸੀ, ਵਹਿਮੀ ਭਰਮੀ ਤੇ ਕਰਮਕਾਂਡੀ ਬਣਾ ਕੇ ਉਨ੍ਹਾਂ ਦੀ ਕਮਾਈ 'ਤੇ ਐਸ਼ਾਂ ਕਰਨੀਆਂ।

ਹੁਣ ਤਾਂ ਅਸੀਂ ਸਿੱਖੀ ਸਰੂਪ ਵਿੱਚ ਵੀ ਪੰਡਤ ਨੂੰ ਹੱਥ ਦੀਆਂ ਰੇਖਾਵਾਂ ਵੇਖਣ 'ਤੇ, ਉਂਗਲ ਵਿੱਚ ਨਗ ਪਾਉਣ ਨਾਲ ਭੱਵਿੱਖ ਬਦਲਣ ਦੀਆਂ ਗਰੰਟੀਆਂ ਕਰਦੇ ਦੀਆਂ ਮਸ਼ਹੂਰੀਆਂ ਮੀਡੀਏ ਰਾਹੀਂ ਵੇਖ, ਪੜ੍ਹ ਤੇ ਸੁਣ ਸਕਦੇ ਹਾਂ। ਆਪਣੇ ਆਪ ਨੂੰ ਸੱਚਾ ਸੁੱਚਾ ਹੋਣ ਦਾ ਲੋਕਾਂ ਵਿੱਚ ਪ੍ਰਭਾਵ ਪਾਉਂਣ ਲਈ ਗੁਰਬਾਣੀ ਸੁਣਨ ਦੀ ਗੱਲ ਵੀ ਕਰਦੇ ਹਨ; ਨਾ ਕਿ ਗੁਰਬਾਣੀ ਨੂੰ ਵਿਚਾਰਨ ਦੀ; ਕਿਉਂਕਿ ਇਹ ਚਤੁਰ ਪੰਡਤ ਜਾਣਦੇ ਹਨ, ਕਿ ਜਿਹੜਾ ਸਿੱਖ ਗੁਰਬਾਣੀ ਨੂੰ ਵਿਚਾਰਨ ਲੱਗ ਪਿਆ, ਉਹ ਸਾਡੇ ਜਾਲ ਵਿੱਚ ਕਦੀ ਵੀ ਨਹੀਂ ਫਸੇਗਾ। ਅੱਜ ਦੇਖਣ ਵਿੱਚ ਆਉਂਦਾ ਹੈ ਕਿ ਸ਼ਿਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਸ ਦੇ ਅੰਦਰ ਸ਼ਿਰੋਮਣੀ ਕਮੇਟੀ ਕੰਮ ਕਰਦੀ ਹੈ, ਓਹ ਵੀ ਉਂਗਲਾਂ ਵਿਚ ਨੱਗ ਪਾਈ ਫਿਰਦਾ ਹੈ। ਇਕ ਹੋਰ ਬੜਾ ਨੌਜਵਾਨ ਪੀੜੀ ਨੂੰ ਪਤਾ ਨਹੀਂ ਕੀ ਹੋਇਆ ਹੈ। ਹਰ ਤੀਜਾ ਨੌਜਵਾਨ ਹੱਥਾਂ ਨਾਲ ਮੌਲੀਆਂ ਬੰਨੀ ਫਿਰਦਾ ਹੈ। ਇਨ੍ਹਾਂ ਮੌਲੀਆਂ ਨੇ ਸਾਡੇ ਗੁੱਟਾਂ ਵਿਚ ਪਾਏ ਕੜੇ ਵੀ ਲੁਕੋ ਲਏ ਹਨ।

ਹੈਰਾਨੀ ਹੁੰਦੀ ਹੈ ਅਜਿਹੇ ਪੜ੍ਹੇ ਲਿੱਖੇ ਸਿੱਖੀ ਸਰੂਪ ਵਾਲੇ ਬੰਦਿਆਂ ਨੂੰ ਵੇਖ ਕੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਦਸਤਾਰ ਸਜਾ ਕੇ, ਗੁਰਮਤਿ ਦੇ ਹੀ ਉਲਟ ਪ੍ਰਚਾਰ ਕਰਦੇ ਹਨ। ਲੋਕਾਂ ਦੀ ਕਮਾਈ 'ਤੇ ਐਸ਼ਾਂ ਕਰਨ ਵਾਸਤੇ ਝੂਠ ਦੇ ਪਲੰਦੇ ਬੋਲਕੇ, ਮਾਨਸਿਕ ਮੁਸੀਬਤ ਵਿੱਚ ਫੱਸੇ ਵਿਅਕਤੀਆਂ ਦਾ ਗਲਤ ਫਾਇਦਾ ਉਠਾਉਂਦੇ ਹਨ। ਇਹ ਸਿੱਖੀ ਸਰੂਪ ਵਿੱਚ ਵਿਚਰਨ ਵਾਲੇ ਸੰਤ ਮਹੰਤ ਜਿਹੜੇ ਪੁੱਛਣਾ ਦੱਸਦੇ, ਨੱਗ ਤੇ ਟੇਵੇ ਲਾਉਣ ਦਾ ਰੇਡੀਓ, ਟੀ਼ਵੀ਼ ਤੇ ਪੇਪਰਾਂ ਵਿੱਚ ਮਸ਼ਹੂਰੀਆਂ ਦੇਂਦੇ ਹਨ, ਕੀ ਕਦੀ ਇਹਨਾਂ ਗੁਰਬਾਣੀ ਦੀਆਂ ਇਹ ਪਵਿੱਤਰ ਪੰਗਤੀਆਂ ਨਹੀਂ ਸੁਣੀਆਂ ਜਾਂ ਸੁਣਨੀਆਂ ਨਹੀਂ ਚਾਹੁੰਦੇ :

ਸਾਹਾ ਗਣਹਿ ਨ ਕਰਹਿ ਬੀਚਾਰੁ ॥ ਸਾਹੇ ਊਪਰਿ ਏਕੰਕਾਰੁ ॥ ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥ ਗੁਰਮਤਿ ਹੋਇ ਤ ਹੁਕਮੁ ਪਛਾਣੈ ॥1॥

ਅਰਥ: ਹੇ ਪੰਡਤ ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸ਼ੁਭ ਲਗਨ ਮੁਹੂਰਤ ਗਿਣਦਾ ਹੈ, ਪਰ ਤੂੰ ਇਹ ਵਿਚਾਰ ਨਹੀਂ ਕਰਦਾ ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਅਕਾਲ ਪੁਰਖ (ਆਪ) ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ। ਜਦੋਂ ਮਨੁੱਖ ਨੂੰ ਗੁਰੂ ਦੀ ਸਿਖਿਆ ਪ੍ਰਾਪਤ ਹੋ ਜਾਵੇ ਤਦੋਂ ਉਹ ਅਕਾਲ ਪੁਰਖ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤੇ ਰਜ਼ਾ ਨੂੰ ਸਮਝਦਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ । ਸੋ ਜਾਗੋ ਸਿੱਖੋ ਜਾਗੋ ਦੁਨਿਆ ਅੱਗੇ ਨੂੰ ਜਾ ਰਹੀ ਹੈ, ਅਸੀਂ ਅੰਧ ਵਿਸਵਾਸ ਵਿੱਚ ਫਸ ਕੇ ਪਿਛੇ ਨੂੰ ਜਾ ਰਹੇ ਹਾਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top