Share on Facebook

Main News Page

ਪ੍ਰੋ. ਇੰਦਰ ਸਿੰਘ ਘੱਗਾ 'ਤੇ ਰੱਖੜੀ ਦੇ ਸੰਬੰਧ 'ਚ ਲਿਖੇ ਲੇਖ ਕਾਰਣ ਧਾਰਾ 295 ਅਧੀਨ ਕੇਸ ਦਰਜ

ਸੂਚਨਾ : ਹੁਣੇ ਹੀ ਖਬਰ ਮਿਲੀ ਹੈ ਕੇ ਘੱਗਾ ਜੀ ਦਾ ਰਖੜੀ ਸਬੰਧੀ ਇਹ ਲੇਖ ਪੰਜਾਬ ਦੇ ਬਾਘਾ ਪੁਰਾਣਾ ਤੋਂ ਛਪਦੇ ਅਖਬਾਰ ਵਿਚ ਲਗਿਆ ਸੀ, ਧਰਮ ਦੇ ਠੇਕੇਦਾਰਾਂ ਹਿੰਦੂ ਜਥੇਬੰਦੀਆਂ ਨੇ ਅਖਬਾਰ ਦੇ ਦਫਤਰ ਦੀ ਭੰਨ ਤੋੜ ਕੀਤੀ, ਘੱਗਾ ਜੀ 'ਤੇ ਪੰਜਾਬ ਸਰਕਾਰ ਵਲੋਂ ਧਾਰਾ 295 ਅਧੀਨ ਕੇਸ ਦਰਜ ਕੀਤਾ ਗਿਆ ਹੈ, ਅਖਬਾਰ ਦਾ ਦਫਤਰ ਸੀਲ ਕਰ ਦਿਤਾ ਗਇਆ ਹੈ | 

ਪੇਸ਼ ਹੈ ਉਹ ਲੇਖ "ਰੱਖੜੀ ਜਾਂ ਮਾਨਸਕ ਗ਼ੁਲਾਮੀ", ਜਿਸ ਕਾਰਣ ਪ੍ਰੋ. ਘੱਗਾ ਜੀ 'ਤੇ ਧਾਰਾ 295 ਅਧੀਨ ਕੇਸ ਦਰਜ ਕੀਤਾ ਗਿਆ।

- ਰੱਖੜੀ ਜਾਂ ਮਾਨਸਕ ਗ਼ੁਲਾਮੀ

ਪੁਜਾਰੀ ਤਬਕੇ ਨੇ ਭਾਰਤੀ ਲੋਕਾਂ ਨੂੰ ਬਹੁਤ ਖੁਆਰ ਕੀਤਾ ਹੈ। ਕੁਰਾਹੇ ਪਾਉਣ ਦੇ ਭੀ ਪੈਸੇ ਵੱਟੇ ਹਨ। ਅਣਹੋਏ ਤੇ ਅਣਜੰਮੇ ਦੇਵੀਆਂ ਦੇਵਤੇ ਕਰੋੜਾਂ ਦੀ ਤਾਦਾਦ ਵਿਚ ਹਨ। ਭਗਤਾਂ ਨੂੰ ਮਨੋਕਾਮ ਨਾਵਾਂ ਪੂਰੀਆਂ ਕਰਨ ਦਾ ਵਿਸ਼ਵਾਸ ਦੁਆਇਆ ਜਾਂਦਾ ਹੈ। ਪਰ ਅੱਧਾ ਹਿੰਦੁਸਤਾਨ ਦੋ ਵਕਤ ਦੀ ਰੱਜਵੀਂ ਰੋਟੀ ਨੂੰ ਤਰਸ ਰਿਹਾ ਹੈ। ਉਂਗਲਾਂ ’ਤੇ ਗਿਣੀਆਂ ਜਾ ਸਕਣ ਵਾਲੀਆਂ ਕੁੱਝ ਕੁ ਤਾਕਤਵਰ ਔਰਤਾਂ ਨੂੰ ਦੇਵੀਆਂ ਮੰਨ ਕੇ ਪੂਜਿਆ ਜਾ ਰਿਹਾ ਹੈ। ਬਹੁ ਗਿਣਤੀ ਇਸਤਰੀਆਂ ਪਸ਼ੂਆਂ ਨਾਲੋਂ ਭੈੜਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। 

ਬੇਗਾਨੇ ਲੋਕ ਕੋਈ ਧੱਕਾ ਕਰਨ ਤਾਂ ਸਬਰ ਦਾ ਘੁੱਟ ਭਰਨਾ ਹੀ ਪੈਂਦਾ ਹੈ। ਇਥੇ ਤਾਂ ਆਪਣੇ ਆਖੇ ਜਾਣ ਵਾਲੇ ਹੀ ਮਾਸ ਨੋਚਦੇ ਹਨ, ਖੂਨ ਪੀਂਦੇ ਹਨ, ਅਪਮਾਨ ਕਰਦੇ ਹਨ, ਮਰਨ ਲਈ ਮਜਬੂਰ ਕਰਦੇ ਹਨ ਜਾਂ ਫਿਰ ਖੁਦ ਹੀ ਕਤਲ ਕਰ ਦਿੰਦੇ ਹਨ। ‘‘ਧਰਮ’’ ਅਧਾਰਤ ਰਿਸ਼ੀਆਂ ਮੁਨੀਆਂ ਦੇਵਤਿਆਂ ਦਾ ਦੇਸ਼ ਜੁ ਹੋਇਆ। ਵਿਸ਼ਨੂੰ ‘‘ਭਗਵਾਨ’’ ਜਲੰਧਰ ਰਾਜੇ ਦੀ ਪਤਨੀ ਵਰਿੰਦਾ ਨਾਲ ਜਬਰ ਜਿਨਾਹ ਕਰ ਕੇ ਭੀ ਭਗਵਾਨ ਹੈ। ਬ੍ਰਹਮਾ ਆਪਣੀ ਹੀ ਬੇਟੀ ਨਾਲ ਸੌ ਸਾਲ ਤੱਕ ਕੁਕਰਮ ਕਰਦਾ ਰਿਹਾ ਤਾਂ ਭੀ ਭਗਵਾਨ ਹੈ। ਸ਼ਿਵਜੀ ਸਾਰੇ ਹੀ ਦੇਵਤਿਆਂ ਦੀਆਂ ਪਤਨੀਆਂ ਨਾਲ ਬਲਾਤਕਾਰ ਕਰ ਕੇ ਭੀ ਭਗਵਾਨ ਹੈ। ਕ੍ਰਿਸ਼ਨ ਜੀ ਜੁਆਨ ਲੜਕੀਆਂ ਨੂੰ ਨੰਗੀਆਂ ਕਰ ਕੇ ਆਪਣੇ ਸਾਹਮਣੇ ਨਚਾਉਂਦੇ ਹੈ, ‘‘ਰਾਸ ਲੀਲਾ’’ (ਭੋਗ ਵਿਲਾਸ ਕਰਦਾ ਹੈ) ਰਚਾਉਂਦਾ ਹੈ, ਤਾਂ ਭੀ ਸੋਲਾਂ ਕਲਾਂ ਸੰਪੂਰਨ ਭਗਵਾਨ ਹੈ। ਇੰਦਰ ਪੁਰੀ ਵਿਚੋਂ ਉਡਾਰੀ ਮਾਰ ਕੇ ਇੰਦਰ ਜੀ ਗੌਤਮ ਦੀ ਪਤਨੀ ਅਹੱਲਿਆ ਨਾਲ ਜਬਰ ਜਿਨਾਹ ਕਰੇ ਤਾਂ ਭੀ ‘‘ਪੂਜਯ ਭਗਵਾਨ’’ ਹੈ। ਸ਼ਰਮ ਹਯਾ ਦੇ ਸਾਰੇ ਪੜਦੇ ਪਾੜ ਕੇ, ਸ਼ਿਵ ਅਤੇ ਪਾਰਬਤੀ ਨੂੰ ਸਾਰੇ ਸੰਸਾਰ ਦੇ ਸਨਮੁੱਖ ਅਲਫ਼ ਨੰਗੇ ਕਰ ਕੇ ਖਲਿਆਰ ਦਿੱਤਾ। ਪੁਜਾਰੀ ਜੀ ਨੇ ਉਪਦੇਸ਼ ਦੇ ਦਿੱਤਾ ਇਨ੍ਹਾਂ ਦੋਵਾਂ ਦੇ ‘‘ਗੁਪਤ ਅੰਗਾਂ’’ ਦੀ ਪੂਜਾ ਕਰੋ। ਮਨ ਇੱਛਤ ਫਲ ਪ੍ਰਾਪਤ ਹੋਣਗੇ। ਮੁਸੀਬਤ ਵਕਤ ਤੁਹਾਡੀ ਰੱਖਿਆ (ਰਾਖੀ) ਕਰਨਗੇ। ‘‘ਸਰਧਾਲੂਆਂ’’ ਨੇ ਇਵੇਂ ਹੀ ਕਰਨਾ ਸ਼ੁਰੂ ਕਰ ਦਿੱਤਾ। ਪੁਜਾਰੀ ਟੋਲੇ ਨੇ ਪਹਿਲਾਂ ਸ਼ਿਵ ਅਤੇ ਪਾਰਬਤੀ ਨੂੰ ਨੰਗੇ ਕਰ ਕੇ ਅਪਮਾਨਤ ਕੀਤਾ ਤਾਂ ਭੀ ਸੇਵਕਾਂ ਦਾ ਰੋਹ ਪ੍ਰਚੰਡ ਨਾ ਹੋਇਆ। ਭੂਤਰੇ ਹੋਏ ਪੁਜਾਰੀਆਂ ਨੇ ਸਾਰੇ ਸੇਵਕਾਂ ਦੀ ਇੱਜ਼ਤ ਮਿੱਟੀ ਵਿਚ ਰੋਲ ਦਿੱਤੀ, ਜਦੋਂ ਆਖਿਆ ਕਿ ਇਨ੍ਹਾਂ ਦੇ ‘‘ਜਨਣ ਅੰਗਾਂ’’ ਦੀ ਪੂਜਾ ਕਰੋ। ਸ਼ਰਧਾ ਵਿਚ ਅੰਨਿਆਂ ਨੇ ਇਸ ‘‘ਪਵਿੱਤਰ ਹੁਕਮ’’ ਨੂੰ ਮੰਨ ਕੇ, ਗੁਪਤ ਅੰਗਾਂ (ਸ਼ਿਵ ਲਿੰਗ ਅਤੇ ਯੋਨਿ ਪੀਠ) ਦੀ ਆਰਤੀ ਉਤਾਰਨੀ ਤੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਪੁਜਾਰੀ ਬਾਗੋ ਬਾਗ ਹੈ, ਕਿਉਂਕਿ ਉਹ ਜਾਣ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਪਣੀ ਅਤੇ ਆਪਣੇ ਦੇਵਤਿਆਂ ਦੀ ਬੇਪਤੀ ਦਾ ਭੀ ਪਤਾ ਨਹੀਂ, ਉਹ ਪੁਜਾਰੀਆਂ ਵਿਰੁਧ ਖੜੇ ਹੋਣ ਦੀ ਹਿੰਮਤ ਸਿਆਣਪ ਗਵਾ ਚੁੱਕੇ ਹਨ।ਮਾਰਚ 2005 ਵਿਚ ਕੁੱਝ ਚੋਣਵੇਂ ਵਿਦਵਾਨਾਂ ਨਾਲ ਬੈਠਾ ਵਿਚਾਰ ਸਾਂਝੇ ਕਰ ਰਿਹਾ ਸਾਂ। ਇਕ ਸਿੱਖ ਭਰਾ ਨੇ ਖਬਰ ਸੁਣਾ ਕੇ ਮਾਹੌਲ ਨੂੰ ਕਾਫ਼ੀ ਉਦਾਸ ਕਰ ਦਿੱਤਾ। ਉਸ ਨੇ ਦੱਸਿਆ ਕਿ ‘‘ਗਿਆਨੀ ਸੰਤ ਸਿੰਘ ਮਸਕੀਨ ਦੀ ਮੌਤ ਹੋ ਗਈ’’ | ਕਾਫ਼ੀ ਦੇਰ ਤੱਕ ਚੁੱਪ ਛਾਈ ਰਹੀ। ਸਾਰੇ ਹੀ ਇਕ ਦੂਜੇ ਨੂੰ ਆਖੀ ਜਾਣ- ‘‘ਪੰਥ ਦਾ ਹੁਣ ਕੀ ਬਣੇਗਾ? ਇਹੋ ਜਿਹਾ ਕਥਾਵਾਚਕ ਕਿਥੋਂ ਲੱਭਣਾ ਹੈ? ਇਹਦੇ ਬਿਨਾਂ ਕੀ ਰੱਬ ਦਾ ਕੰਮ ਰੁਕਿਆ ਪਿਆ ਸੀ?

ਪੰਥ ਦੀ ਬੇੜੀ ਦਾ ਮਲਾਹ ਮਸਕੀਨ ਤਾਂ…’’ | ਸਾਰਿਆਂ ਨੂੰ ਮੁਖਾਤਬ ਹੁੰਦਿਆਂ ਕੁੱਝ ਕਠੋਰ ਭਾਸ਼ਾ ਵਿਚ ਮੈਂ ਆਖਿਆ, ‘‘ਮੌਤ ਅਟੱਲ ਹੈ, ਸਿਆਣਾ ਆਗੂ ਆਪਣੇ ਤੋਂ ਬਾਅਦ, ਸਾਰੇ ਕੰਮਾਂ ਨੂੰ ਨਿਰਬਿਘਨ ਚਲਦਾ ਰੱਖਣ ਲਈ, ਪੂਰੀ ਟੀਮ ਤਿਆਰ ਕਰ ਜਾਂਦਾ ਹੈ, ਤਾਂ ਕਿ ਚੰਗੇ ਕੰਮ ਨਿਰੰਤਰ ਚਲਦੇ ਰਹਿਣ। ਮਹਾਨ ਪਰਉਪਕਾਰੀ, ਅਣਗਿਣਤ ਗੁਣਾਂ ਦੇ ਮੁਜੱਸਮੇ ਬਾਬਾ ਨਾਨਕ ਜੀ, ਸੰਸਾਰ ਤੋਂ ਚਲੇ ਗਏ। ਗੁਰੂ ਅਰਜੁਣ ਸਾਹਿਬ ਆਪਣੀਆਂ ਜਿੰਮੇਵਾਰੀਆਂ ਨਿਭਾ ਕੇ ਚਲੇ ਗਏ। ਗੁਰੂ ਤੇਗ ਬਹਾਦਰ ਜੀ ਸਦਾ ਨਹੀਂ ਬੈਠੇ ਰਹੇ। ਗੁਰੂ ਗੋਬਿੰਦ ਸਿੰਘ ਜੀ ਅਲੋਕਿਕ ਕਾਰਜ ਕਰ ਕੇ ਵਿਦਾ ਹੋ ਗਏ। ਵੱਡੇ ਵੱਡੇ ਸੂਰਮੇ, ਆਪਣੀ ਤੇਗ ਦੇ ਜੌਹਰ ਵਿਖਾ ਕੇ ਵਿੱਛੜ ਗਏ। ਵਿਦਵਾਨ ਤੇ ਫਿਲਾਸਫਰ ਟੁਰ ਗਏ। ਵਿਗਿਆਨੀ ਨਹੀਂ ਰਹੇ। ਡਾਕਟਰ ਅਤੇ ਵੈਦ ਦੂਜਿਆਂ ਦੇ ਇਲਾਜ ਕਰਦੇ ਹੋਏ ਖੁਦ ਫਾਨੀ ਸੰਸਾਰ ਤੋਂ ਕੂਚ ਕਰ ਗਏ। ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਸੰਸਾਰ ਦੇ ਕੰਮ ਰੁਕੇ ਨਹੀਂ, ਉਸ ਤਰ੍ਹਾਂ ਚਲਦੇ ਜਾ ਰਹੇ ਹਨ। ਜੱਗ ਸੁੰਨਾ ਨਹੀਂ ਹੋਇਆ, ਬਥੇਰੀ ਰੌਣਕ ਹੈ। ਜਿਨ੍ਹਾਂ ਵਿਰਲੇ ‘‘ਮਹਾਂਪੁਰਖਾਂ’’ ਨੇ ਆਪਣੇ ਲੋਕਾਂ ਨੂੰ ਅਗਾਂਹ ਵਧਣ ਦੀ ਜਾਚ ਸਿਖਾਈ ਹੈ, ਉਹ ਖੜੋਤ ਦਾ ਸ਼ਿਕਾਰ ਨਹੀਂ ਹੋਣਗੇ। ਜਿਨ੍ਹਾਂ ਮਲਾਹਾਂ ਨੇ ਆਪਣੇ ਲੋਕਾਂ ਨੂੰ ਤਰਨਾ ਸਿਖਾ ਦਿੱਤਾ, ਉਹ ਤੁਫਾਨ ਵਿਚ ਭੀ ਡੁੱਬਣ ਤੋਂ ਬਚ ਜਾਣਗੇ।

ਜੇ ਸੱਚਮੁੱਚ ਹੀ ਮਸਕੀਨ ਅਗਾਂਹ ਵਧੂ ਸੋਚ ਵਾਲਾ ਸੀ ਤਾਂ ਪੰਥ ਲਈ ਕੋਈ ਰਾਹ ਉਲੀਕ ਕੇ ਕਾਫਲਾ ਬਣਾ ਕੇ ਗਿਆ ਹੋਵੇਗਾ। ਇਕ ਵਿਅਕਤੀ ਦੇ ਮਰਨ ’ਤੇ ਉਹ ਲੋਕ ਬੇਚੈਨ ਹੁੰਦੇ ਹਨ ਜਿਨ੍ਹਾਂ ਨੇ ਖੁਦ ਕੁੱਝ ਕਰਨਾ ਨਹੀਂ ਸਿੱਖਿਆ। ਕੋਈ ਹੋਰ ਆ ਕੇ ਸਾਡੇ ਵਿਗੜੇ  ਕਾਰਜ ਸੰਵਾਰੇਗਾ। ਔਖੇ ਵਕਤ ਸਾਡੀ ‘‘ਰਾਖੀ’’ ਕਰੇਗਾ? ਕਾਇਰ ਲੋਕਾਂ ਨੂੰ ਆਪਣੀ ਰਾਖੀ ਦਾ ਸਦਾ ਫਿਕਰ ਲੱਗਿਆ ਰਹਿੰਦਾ ਹੈ। ਮੁਸੀਬਤਾਂ ਤੋਂ ਬਚਣ ਲਈ ਮੰਤਰ ਪੜ੍ਹਦੇ ਹਨ। ਚਲੀਹੇ ਕਟਦੇ ਹਨ। ਤੀਰਥ ਇਸ਼ਨਾਨ ਕਰਦੇ ਹਨ। ਵਰਤ ਰਖਦੇ ਹਨ। ਗਲ ਵਿਚ ਤਵੀਤ ਧਾਗੇ ਪਾਉਂਦੇ ਹਨ। ਦੇਵੀਆਂ ਦੇਵਤਿਆਂ ਨੂੰ ਹਾਕਾਂ ਮਾਰਦੇ ਹਨ। ਰੱਖਿਆ ਦੇ (ਮੰਤਰਾਂ ਵਾਂਗ) ਗੁਰਬਾਣੀ ਸ਼ਬਦਾਂ ਦਾ ਘੋਟਾ ਲਾਉਂਦੇ ਹਨ। ਬੀਬੀਆਂ ਤਾਂ ਬਹੁਤ ਵੇਚਾਰੀਆਂ ਜਿਹੀਆਂ, ਕਮਜ਼ੋਰ ਜਿਹੀਆਂ, ਮਲੂਕ ਜਿੰਦਾਂ, ਪੱਲਾ ਫੜ ਕੇ ਪਿੱਛੇ ਪਿੱਛੇ ਟੁਰਨ ਵਾਲੀਆਂ, ਲੁਕ ਲੁਕ ਕੇ ਦਿਨ ਕੱਟੀ ਕਰਨ ਵਾਲੀਆਂ ਹਨ। ਉਨ੍ਹਾਂ ਵੱਲੋਂ ‘‘ਨਾਮਰਦਾਂ’’ ਨੂੰ ਮਰਦ ਬਣ ਕੇ ਅਬਲਾਵਾਂ ਦੀ ਰਾਖੀ ਕਰਨ ਲਈ ਪੁਕਾਰ ਹੈ, ਤਰਲਾ ਹੈ। ਔਰਤਾਂ ਸਮਝ ਹੀ ਨਹੀਂ ਸਕੀਆਂ ਕਿ ਜਿਹੜੇ ‘‘ਮਰਦ’’ ਸੈਂਕੜੇ ਸਾਲ ਤੋਂ ਵਿਦੇਸ਼ੀਆਂ ਦੇ ਖੁਦ ਗੁਲਾਮ ਹਨ। ਹਾਕਮਾਂ ਅੱਗੇ ਹੱਥ ਜੋੜਦੇ ਹਨ। ਨਚਦੇ ਹਨ, ਉਨ੍ਹਾਂ ਦੀ ਵਡਿਆਈ ਦੇ ਗੀਤ ਲਿਖਦੇ ਅਤੇ ਗਾਉਂਦੇ ਹਨ। ਆਪਣੀਆਂ ਬੇਟੀਆਂ ਨੂੰ ਸਜਾ ਸੰਵਾਰ ਕੇ ਖ਼ੁਦ ਹੀ ਉਨ੍ਹਾਂ ਦੇ ਬੈਡਰੂਮਾਂ ਵਿਚ ਪੁਚਾ ਆਉਂਦੇ ਹਨ। ਜੋ ਆਪਣੇ ਦੇਸ਼ ਦੀ ਰਾਖੀ ਨਹੀਂ ਕਰ ਸਕੇ। ਜੋ ਆਪਣੇ ਧਰਮ ਮੰਦਰਾਂ ਦੀ ਰਾਖੀ ਨਹੀਂ ਕਰ ਸਕੇ। ਜੋ ਆਪਣੇ ਘਰ ਜਮੀਨਾਂ ਦੀ ਰਾਖੀ ਨਹੀਂ ਕਰ ਸਕੇ। ਜੋ ਲੋਕ ਆਪਣੇ ਸਵੈਮਾਣ ਦੀ ਰਾਖੀ ਨਹੀਂ ਕਰ ਸਕੇ। ਭੋਲੀਆਂ ਬੀਬੀਆਂ ਉਨ੍ਹਾਂ ਲੋਕਾਂ ਦੇ ਗੁੱਟਾਂ ’ਤੇ ਗਾਨੇ ਜਾਂ ਰੱਖੜੀਆਂ ਬੰਨ ਕੇ ਹੀਜੜਿਆਂ ਦੇ ਹੱਥਾਂ ਵਿਚ ਤੇਗਾਂ ਫੜਾਉਣੀਆਂ ਚਾਹੁੰਦੀਆਂ ਹਨ। ਬੁਜ਼ਦਿਲਾਂ ਤੋਂ ਬਹਾਦਰੀ ਦੀ ਆਸ ਲਾਈ ਬੈਠੀਆਂ ਹਨ। ਜਦੋਂ ਕੁੱਝ ‘‘ਮਨੁੱਖੀ ਸਰੀਰ’’ ਵਾਲਿਆਂ ਨੂੰ ਕਬਰਾਂ ਜਾਂ ਮੜ੍ਹੀਆਂ ਅੱਗੇ ਸਿਰ ਨਿਵਾਈਂ, ਹੱਥ ਜੋੜੀਂ ਖਲੋਤੇ ਵੇਖੀਦਾ ਹੈ।

ਉਸ ਵਕਤ ਮਨ ਵਿਆਕੁਲ ਹੋ ਜਾਂਦਾ ਹੈ। ਬਹੁਤ ਸਮਾਂ ਪਹਿਲਾਂ ਸੰਸਾਰ ਤੋਂ ਜਾ ਚੁੱਕੇ ਸ਼ਹੀਦਾਂ, ਸੰਤਾਂ, ਪੀਰਾਂ ਦੇਵਤਿਆਂ, ਪਰਉਪਕਾਰੀਆਂ ਨੂੰ ਅਰਦਾਸਾਂ ਕਰ ਕੇ ਮੱਦਦ ਕਰਨ ਲਈ ਆਵਾਜ਼ਾਂ ਮਾਰਦੇ ਵੇਖੀਦਾ ਹੈ, ਮਨ ਤੜਪ ਉਠਦਾ ਹੈ। ਜੋ ਵਿਅਕਤੀ ਆਪਣੇ ਜਿੰਮੇ ਲੱਗੀ ਜਿੰਮੇਵਾਰੀ ਨਿਭਾ ਗਿਆ। ਜੋ ਕੁੱਝ ਉਸ ਤੋਂ ਸਰਿਆ ਬਣਿਆ, ਉਸ ਨੇ ਕੀਤਾ। ਉਸ ਦੇ ਅੱਗੇ ਅਰਦਾਸਾਂ ਕਰਨ ਵਾਲੇ ਚਾਹੁੰਦੇ ਹਨ ਕਿ ਉਹ ਬਾਰ ਬਾਰ ਆਉਂਦਾ ਰਹੇ। ਸਾਡੀ ‘‘ਰਾਖੀ’’ ਕਰਦਾ ਰਹੇ। ਖੁਦ ਮੁਸੀਬਤਾਂ ਵਿਚ ਪੈਂਦਾ ਰਹੇ ਤੇ ਸਾਨੂੰ ਮੁਸ਼ਕਲਾਂ ਤੋਂ ਬਚਾ ਲਵੇ। ਉਹ ਮਰਿਆ ਹੋਇਆ ਭੀ ਕੰਮ ਕਰਨ ਦੀ ਸਮਰੱਥਾ ਰਖਦਾ ਹੈ। ਅਸੀਂ ਜਿਉਂਦੇ ਭੀ ਤਾਕਤ ਵਿਹੀਣੇ ਹਾਂ। ਉਹ ਮਰਿਆ ਭੀ ਸਾਡੇ ਲਈ ਜਿਉਂਦਾ ਹੈ। ਵਾਹ! ਸੰਸਾਰ ਦੇ ਲੋਕੋ, ਵਾਹ!! ਅਸੀ ਜਿਉਂਦੇ ਭੀ ਮਰੇ ਹੋਏ ਹਾਂ।

ਅੱਜ ਦੇ ਸਮੇਂ ਵਿੱਚ ਭੀ ਮਰਿਆਂ ਦੀ ਪੂਜਾ ਹੋ ਰਹੀ ਹੈ। ਜਿਉਂਦੇ ਅਖਵਾਉਣ ਵਾਲੇ ਲੋਕ ਮਰਿਆਂ ਤੋਂ ਗਏ ਗੁਜਰੇ ਦਿਸਦੇ ਹਨ। ਅਜਿਹੇ ਮਰੇ ਹੋਏ ਲੋਕਾਂ ਦਾ ਵਰਤਮਾਨ ਜਾਂ ਭਵਿੱਖ ਕਿਵੇਂ ਰੋਸ਼ਨ ਹੋ ਸਕਦਾ ਹੈ? ਮੜ੍ਹੀਆਂ ਕਬਰਾਂ ਵਿੱਚ ਲੇਟੇ ਮੁਰਦੇ ਜਿਨ੍ਹਾਂ ਦੀ ‘‘ਰਾਖੀ’’ ਕਰਨਗੇ, ਉਨ੍ਹਾਂ ਨੂੰ ਜਿਉਂਦੇ ਕਿਵੇਂ ਆਖੀਏ?ਅਜਿਹੇ ਪੱਥਰ ਦਿਲ ਵਾਲੇ ਲੋਕਾਂ ਨੂੰ ਗੁਰੂ ਸਾਹਿਬ ਨੇ ਝੰਜੋੜਿਆ, ਕਦੀ ਫਿਟਕਾਰਾਂ ਪਾਈਆਂ। ਕਦੀ ਸ਼ੁਰੂ ਕੁੱਤਾ ਜਾਂ ਡੱਡੂ ਆਖ ਕੇ ਲਾਹਣਤਾਂ ਪਾਈਆਂ। ਕਦੀ ਸਾਬਾਸ਼ੇ ਕਿਹਾ, ਕਦੀ ਪੁੱਤਰ ਤੇ ਮਿੱਤਰ ਬਣਾ ਕੇ ਆਦਰ ਦਿੱਤਾ। ਕਦੀ ਸੰਗੀਤ ਨਾਲ ਮੰਤਰ ਮੁਘਦ ਕੀਤਾ। ਕਦੀ ਵਿਚਾਰਾਂ ਦੁਆਰਾ ਦਸਵੇਂ ਦੁਆਰ ਦੀਆਂ ਚੂਲਾਂ ਜਾ ਪੁੱਟੀਆਂ। ਸੁਲਾਇਆ ਜਗਾਇਆ, ਡੇਗਿਆ ਜਾਂ ਗਲ ਨਾਲ ਲਾਇਆ। ਲੋੜੀਂਦਾ ਹਰ ਢੰਗ ਵਰਤ ਕੇ ਸਤਿਗੁਰੂ ਜੀ ਨੇ ਚਲਦੀ ਫਿਰਦੀ ਲਾਸ਼ ਨੂੰ ਜੀਵਤ ਹੋਣ ਦਾ ਅਹਿਸਾਸ ਕਰਾਇਆ। ਬੇਅੰਤ ਮੌਕਿਆਂ ’ਤੇ ਸਤਿਗੁਰੂ ਜੀ ਨੇ ਖੁਦ ਜੁਲਮ ਦੇ ਵਿਰੁਧ ਹਿੱਕ ਡਾਹੀ। ਤੱਤੀਆਂ ਬਲਦੀਆਂ ਤਵੀਆਂ ’ਤੇ ਬਿਠਾਇਆ ਗਿਆ। ਦਿੱਲੀ ਦੇ ਚਾਂਦਨੀ  ਚੌਕ ਵਿਚ ਸੀਸ ਕਟਵਾਇਆ ਗਿਆ। ਉਹ ਕਿਹੜੀ ਮੁਸੀਬਤ ਸੀ ਜੋ ਗੁਰੂ ਜੀ ਨੇ ਆਪਣੇ ਆਪ ਤੇ ਨਾਂ ਝੱਲੀ ਹੋਵੇ। ਉਨ੍ਹਾਂ ਮਨੁੱਖੀ ‘‘ਧਰਮ’’ ਦੀ ਰਾਖੀ ਕਰਨੀ ਸੀ। ਆਪਣੇ ਜਿਗਰ ਦੇ ਟੁਕੜਿਆਂ ਦੀਆਂ ਜਾਨਾਂ ਵਾਰ ਕੇ ਧਰਮ ਦੀ ਰਾਖੀ ਕੀਤੀ। ਗੁਰੂ ਵਰੋਸਾਇਆ ਸੂਰਮਾ ਭਾਈ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਤੁਫਾਨ ਬਣ ਕੇ ਚੜ੍ਹਿਆ। ਪਾਪੀ ਵਜੀਰ ਖਾਨ ਵਰਗੇ ਕੱਖਾਂ ਕਾਨਿਆਂ ਵਾਂਗ ਉਡਦੇ ਚਲੇ ਗਏ। ਜਾਲਮਾਂ ਨੂੰ ਕਰਾਰੀਆਂ ਸਜਾਵਾਂ ਦੇ ਚੁੱਕਣ ਤੋਂ ਬਾਅਦ ਭਾਈ ਬੰਦਾ ਸਿੰਘ ਨੇ ਪੰਜਾਬ ਵਾਸੀਆਂ ਦੀ ‘‘ਰਾਖੀ’’ ਕਰਨ ਦਾ ਐਲਾਨ ਕਰ ਦਿੱਤਾ। ਸਿੱਖ ਫੌਜ ਦੇ ਦੋ ਚਾਰ ਘੋੜ ਸਵਾਰ ਇਕ ਪਿੰਡ ਵਿਚ ਦਾਖਲ ਹੁੰਦੇ। ਇਕ ਥਾਵੇਂ ਪਿੰਡ ਦੇ ਮੋਹਰੀ ਬੰਦਿਆਂ ਨੂੰ ਇਕੱਠੇ ਕਰਦੇ। ਸਾਰਿਆਂ ਨੂੰ ਦਸਦੇ ਕਿ ‘‘ਖਾਲਸੇ ਦਾ ਧਰਮੀ ਰਾਜ ਸਥਾਪਤ ਹੋ ਗਿਆ ਹੈ। ਜੁਲਮ ਦੀ ਜੜ ਪੁੱਟੀ ਜਾ ਚੁੱਕੀ ਹੈ। ਡੁਹਾਡੇ ਪਿੰਡ ਵਿਚ ਕੋਈ ਧਾੜਵੀ ਦਾਖਲ ਨਹੀਂ ਹੋ ਸਕੇਗਾ। ਸਾਰਿਆਂ ਦੇ ਜਾਨ ਮਾਲ ਦੀ ਅਸੀਂ ਰਾਖੀ ਕਰਨ ਦਾ ਜਿੰਮਾ ਚੁਕਦੇ ਹਾਂ। ਬਹੂ ਬੇਟੀਆਂ ਵੱਲ ਕੋਈ ਕੈਰੀ ਅੱਖ ਨਾਲ ਨਹੀਂ ਵੇਖ ਸਕੇਗਾ, ਅਸੀਂ ਇਨ੍ਹਾ ਦੀ ਰਾਖੀ ਕਰਾਂਗੇ।’’ ਪਿੰਡ ਵਾਲਿਆਂ ਤੋਂ ਰਾਖੀ ਕਰਨ ਦੇ ਇਵਜ ਲਈ ਕੁੱਝ ‘‘ਕਰ’’ (ਟੈਕਸ) ਦੇਣ ਵਾਸਤੇ ਕਹਿੰਦੇ। ਪਿੰਡ ਦੇ ਕਿਸੇ ਬਜ਼ੁਰਗ ਨੇ ਨਿਮਰਤਾ ਵਿਚ ਮੰਦੀ ਹਾਲਤ ਬਿਆਨ ਕਰਨੀ। ‘‘ਸਿੰਘ ਜੀ ਜੁਲਮੀ ਫੌਜ ਨੇ ਸਾਰਾ ਕੁੱਝ ਲੁੱਟ ਲਿਆ ਹੈ। ਸ਼ਾਇਦ ਹੀ ਕਿਸੇ ਦੇ ਘਰ ਵਿਚ ਦਸ ਪੰਦਰਾਂ ਦਿਨਾਂ ਲਈ ਅਨਾਜ ਹੋਵੇ। ਅਸੀਂ ਗਰੀਬ ਤੁਹਾਨੂੰ ਕੀ ਦੇ ਸਕਦੇ ਹਾਂ?ਸਿੱਖ ਸਿਪਾਹੀ ਨੇ ਗੱਲ ਸਪੱਸ਼ਟ ਕਰਦੇ ਆਖਣਾ, ‘‘ਅਸੀ ਸੋਨਾ ਚਾਂਦੀ ਜਾਂ ਕੱਪੜਾ ਲੱਤਾ ਨਹੀਂ ਮੰਗਦੇ। ਕਿਸੇ ਦੇ ਘਰ ਵਿਚ ਬੇਹੀ ਰੋਟੀ ਪਈ ਹੋਵੇ। ਕਿਸੇ ਘਰ ਵਿਚ ਛੋਲਿਆਂ ਦੇ ਭੁੱਜੇ ਦਾਣੇ ਪਏ ਹੋਣ। ਕਿਸੇ ਥਾਂ ਗੁੜ ਦੀ ਰੋੜੀ ਬਚੀ ਪਈ ਹੋਵੇ। ਬਸ ਉਹੀ ਸਾਨੂੰ ਬਖ਼ਸ਼ ਦਿਉ। ਅਸੀ ਪਰਸ਼ਾਦ ਸਮਝ ਕੇ ਪਰਵਾਨ ਕਰ ਲਵਾਂਗੇ। ਫਿਰ ਤੁਹਾਡੇ ਪਿੰਡ ਦੀ ‘‘ਰਾਖੀ’’ ਕਰਦਿਆਂ ਸਿਰ ਭੀ ਕਟਾਉਣਾ ਪੈ ਜਾਵੇ ਪ੍ਰਵਾਹ ਨਹੀਂ। ਆਹ ਲਓ ਸਾਡੀ ਨੰਬਰਦਾਰੀ ਦੀ ਮੋਹਾਰ’’ | ਇਹ ਕਹਿੰਦਿਆਂ ਸਿੱਖ ਫੌਜੀ ਆਪਣੇ ਕਮਰ ਕੱਸੇ ਨਾਲੋਂ ਜਾਂ ਦਸਤਾਰ ਨਾਲੋਂ ਕੁੱਝ ਕੱਪੜਾ ਪਾੜ ਕੇ ਪਿੰਡ ਦੇ ਬਜ਼ੁਰਗਾਂ ਨੂੰ ਸੌਂਪ ਦਿੰਦਾ। ਜੇ ਕੋਈ ਧਾੜਵੀ ਪਿੰਡ ਵਿਚ ਦਾਖਲ ਹੋਵੇ ਤਾਂ ਆਹ ਨਿਸ਼ਾਨੀ (ਕੱਪੜਾ) ਵਿਖਾ ਕੇ ਕਹਿ ਦੇਣਾ ਕਿ ‘‘ਸਾਡਾ ਪਿੰਡ ਸਿੰਘਾਂ ਦੀ ਰਾਖੀ ਵਿਚ ਆ ਗਿਆ ਹੈ’’ |ਹਲ ਵਾਹੁਣ ਵਾਲੇ ਕਿਸਾਨ ਨੂੰ ਆਖਿਆ ਗਿਆ, ਜਿੰਨੀ ਜ਼ਮੀਨ ਤੂੰ ਵਾਹ ਸਕਦਾ ਹੈ, ਸੰਭਾਲ ਲੈ, ਉਹ ਜ਼ਮੀਨ ਤੇਰਾ ਰਾਖੀ ਵਿਚ ਹੋਵੇਗੀ। ਇਸ ਤਰ੍ਹਾਂ ਪੰਜਾਬ ਵਿਚੋਂ ਵੱਡੇ ਜਿੰਮੀਦਾਰਾਂ ਦਾ ਖਾਤਮਾ ਭਾਈ ਬੰਦਾ ਸਿੰਘ ਨੇ ਹੀ ਕਰ ਦਿੱਤਾ ਸੀ। ਮਿਸਲਾਂ ਦੇ ਵਕਤ ਇਹ ਜੰਗ ਚਲਦੀ ਰਹੀ। ਅਣਗਿਣਤ ਬੀਬੀਆਂ ਨੂੰ ਬੰਨ੍ਹ ਕੇ ਕਾਬਲ ਵੱਲ ਲਿਜਾਇਆ ਜਾਂਦਾ।  ਸਿੰਘ ਜਾਨਾਂ ਹੂਲ ਕੇ ਉਨ੍ਹਾਂ ਵਿਚੋਂ ਬਹੁਤ ਸਾਰੀਆਂ ਨੂੰ ਛੁਡਾ ਲਿਆਉਂਦੇ। ਵਾਪਾਸ ਉਨ੍ਹਾਂ ਦੇ ਘਰਾਂ ਵਿਚ ਭੇਜਣ ਦਾ ਪ੍ਰਬੰਧ ਕਰਦੇ।

ਬਿਨਾਂ ਰੱਖੜੀ ਬੰਨ੍ਹੇ ਸਿੱਖਾਂ ਸੂਰਮਿਆਂ ਨੇ ਦੇਸ਼ ਦੀ ਆਬਰੂ ਨੂੰ ਰੁਲਣੋ ਬਚਾਇਆ। ਸਤਲੁਜ ਤੋਂ ਲਹਿੰਦੇ ਵਾਲੇ ਪਾਸੇ ਲੱਖਾਂ ਵਰਗਮੀਲ ਦਾ ਇਲਾਕਾ, ਅਹਿਮਦਸ਼ਾਹ ਅਬਦਾਲੀ ਨੇ ਅਫ਼ਗਾਨਿਸਤਾਨ ਨਾਲ ਰਲਾ ਲਿਆ ਸੀ। ਇਸ ਦਾ ਲਗਾਨ ਦਿੱਲੀ ਨੂੰ ਨਹੀਂ ਕਾਬੁਲ ਨੂੰ ਜਾਣ ਲੱਗ ਪਿਆ ਸੀ। ਸਿੱਖਾਂ ਨੇ ਤੇਗ ਦੇ ਉਹ ਜੌਹਰ ਵਿਖਾਏ ਕਿ ਦੁਸ਼ਮਣ ਦੇ ਹੋਸ਼ ਹਵਾਸ ਗੁੰਮ ਗਏ। ਸਾਰਾ ਜਰਖੇਜ ਇਲਾਕਾ ਵਾਪਸ ਭਾਰਤ ਦਾ ਹਿੱਸਾ ਬਣਾਇਆ। ਸਿੱਖਾਂ ਨੇ ਸਭ ਕੁੱਝ ਕੁਰਬਾਨ ਕਰ ਕੇ ਭਾਰਤ ਦੀ ‘‘ਰਾਖੀ’’ ਕੀਤੀ।ਗੁਰਬਾਣੀ ਨੇ ਮਨੁੱਖ ਨੂੰ ਨਿਰੰਕਾਰ ਤੇ ਵਿਸ਼ਵਾਸ ਰੱਖਣ ਲਈ ਬਾਰ ਬਾਰ ਹੁਕਮ ਕੀਤਾ ਹੈ। ਸਿੱਖ ਅਖਵਾਉਣ ਵਾਲੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੇ ਧਾਗਾ ਬੰਨ੍ਹ, ਬੰਨ੍ਹਵਾਂ ਕੇ, ਰਾਖੀ ਕਰਨ ਦਾ ਪਾਖੰਡ ਕਰ ਰਹੇ ਹਨ। ਔਰਤ ਵਰਗ ਨੂੰ ਹਰ ਰੋਜ਼ ਚੇਤਾ ਕਰਵਾਇਆ ਜਾਂਦਾ ਹੈ ਕਿ ਤੂੰ ਕਮਜ਼ੋਰ ਹੈ, ਨਿਮਾਣੀ ਹੈ। ਬੇਟੀ ਹੋ ਕੇ, ਭੈਣ ਹੋ ਕੇ, ਪਤਨੀ ਬਣ ਕੇ ਜਾਂ ਮਾਂ ਬਣ ਕੇ ਭੀ ਤੂੰ ਆਦਮੀ ਦੀ ‘‘ਰਾਖੀ’’ ਵਿਚ ਰਹਿਣਾ ਹੈ। ਤੂੰ ਉਸ ਦੀ ਪੁੱਤਰ ਭਰਾ ਪਤੀ ਜਾਂ ਪਿਤਾ ਰੂਪ ਵਿਚ ਸਦਾ ਪੂਜਾ ਕਰਨੀ ਹੈ। ਮੇਹਰਵਾਨ ਹੋ ਕੇ ਉਹ ਤੇਰੀ ‘‘ਰਾਖੀ’’ ਕਰਨ ਦਾ ਜਿੰਮਾ ਚੁੱਕ ਲਵੇਗਾ। ਕਿੰਨਾ ਹਾਸੋ ਹੀਣਾ ਮਾਹੌਲ ਹੁੰਦਾ ਹੈ, ਉਸ ਵਕਤ, ਜਦੋਂ ਵੱਡੀਆਂ ਭੈਣਾਂ ਨਿੱਕੇ ਨਿੱਕੇ ਬਾਲਕ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ। ਆਸ ਕਰਦੀਆਂ ਹਨ ਕਿ ਇਹ ਸਾਡੀ ਰਾਖੀ ਕਰੇਗਾ। ਜਿਸ ਨੌਜੁਆਨ ਨੂੰ ਯੋਗ ਜਾਣ ਕੇ ਚੁਣਿਆ ਹੈ। ਲੜਕੀ ਦਾ ਹੱਥ ਉਸ ਨੂੰ ਫੜਾਇਆ ਹੈ। ਕੀ ਉਹ ਇੰਨਾ ਨਾ ਅਹਿਲ ਹੈ ਕਿ ਆਪਣੀ ਪਤਨੀ ਦੀ ‘‘ਰਾਖੀ’’ ਨਹੀਂ ਕਰ ਸਕਦਾ? ਲੜਕੀ ਪਿਤਾ ਦੇ ਘਰ ਤੋਂ ਦੂਰ ਵਿਆਹੀ ਗਈ, ਦੇਸ਼ ਵਿਚ ਜਾਂ ਵਿਦੇਸ਼ ਵਿਚ। ਮੁਸ਼ਕਿਲ ਆ ਪੈਣ ਤੇ ਹਜਾਰਾਂ ਮੀਲ ਦਾ ਸਫਰ ਕਰ ਕੇ ਭਰਾ ਉਸ ਦੀ ਮੱਦਦ ਲਈ ਪਹੁੰਚ ਸਕੇਗਾ?ਸੰਨ 1980 ਵਿਚ ਮੇਰੀ ਭੈਣ ਸਹੁਰੇ ਪਿੰਡ ਤੋਂ ਬੜੇ ਉਚੇਚ ਨਾਲ ਸਾਡੇ ਘਰ ਰੱਖੜੀ ਬੰਨ੍ਹਣ ਵਾਸਤੇ ਆਈ। ਜਲ ਪਾਣੀ ਤੋਂ ਬਾਅਦ ਆਖਣ ਲੱਗੀ-‘‘ਵੀਰ ਜੀ, ਮੈਂ ਰੱਖੜੀ ਲੈ ਕੇ ਆਈ ਹਾਂ, ਗੁੱਟ ਇੱਧਰ ਕਰੋ, ਬੰਨ੍ਹ ਦਿਆਂ।’’ਮੈਂ ਆਖਿਆ, ‘‘ਭੈਣ, ਰੱਖੜੀ ਮੈਨੂੰ ਫੜਾ ਦਿਓ, ਵੇਖ ਤਾਂ ਲਵਾਂ।’’ ਉਸ ਤੋਂ ਰੱਖੜੀ ਲੈ ਕੇ ਮੈਂ ਭੈਣ ਨੂੰ ਆਖਿਆ ਕਿ ‘‘ਆਪਣਾ ਹੱਥ ਮੇਰੇ ਵੱਲ ਕਰੋ।’’ ਉਸ ਨੇ ਅੱਗੇ ਵਧਾ ਦਿੱਤਾ ਤੇ ਮੈਂ ਰੱਖੜੀ ਉਸ ਦੇ ਹੱਥ ’ਤੇ ਬੰਨ੍ਹ ਦਿੱਤੀ। ਭੈਣ ਬੜੀ ਹੈਰਾਨ ਹੋ ਕੇ ਆਖਣ ਲੱਗੀ, ‘‘ਵੀਰ ਜੀ, ਆਹ ਕੀ ਕੀਤਾ?’’ਮੇਰਾ ਉਤਰ, ‘‘ਭੈਣੇ, ਤੂੰ ਸਰਕਾਰੀ ਨੌਕਰੀ ਵਿਚ ਅਧਿਆਪਕਾ ਹੈਂ, ਚੰਗੀ ਚੋਖੀ ਤਨਖਾਹ ਮਿਲਦੀ ਹੈ। ਸਾਡਾ ਭਣਵਈਆ ਭੀ ਸਰਕਾਰੀ ਨੌਕਰੀ ਵਿਚ ਅਧਿਆਪਕ ਹੈ। ਫਿਰ ਤੁਹਾਡੇ ਦਸ ਕਿੱਲੇ ਜ਼ਮੀਨ ਭੀ ਹੈ, ਸੋਹਣਾ ਗੁਜ਼ਾਰਾ ਹੋ ਰਿਹਾ ਹੈ ਨਾ?’’ਆਖਣ ਲੱਗੀ, ‘‘ਹਾਂ ਉਹ ਤਾਂ ਠੀਕ ਹੈ, ਪਰ ਇਸ ਦਾ ਰੱਖੜੀ ਨਾਲ ਕੀ ਸਬੰਧ?’’ਮੈਂ- ‘‘ਦਰਅਸਲ ਗੱਲ ਇਹ ਹੈ ਕਿ ਮੈਂ ਬਹੁਤ ਛੋਟੀ ਨੌਕਰੀ ’ਤੇ ਹਾਂ, ਤਨਖਾਹ ਘੱਟ ਹੈ। ਜ਼ਮੀਨ ਨਾਂਹ ਦੇ ਬਰਾਬਰ ਹੈ।

ਇਸ ਹਾਲਤ ਵਿਚ ਮੈਂ ਕਮਜ਼ੋਰ ਹਾਂ, ਤੂੰ ਤਾਕਤਵਰ ਹੈਂ। ‘‘ਰਾਖੀ’’ ਦੀ ਜ਼ਰੂਰਤ ਤੈਨੂੰ ਨਹੀਂ, ਮੈਨੂੰ ਰਾਖੀ ਦੀ ਲੋੜ ਹੈ। ਮੇਰੀ ਕਮਜ਼ੋਰ ਦੀ ਤੁਸੀ ਮਦਦ ਕਰੋ।’’ ਉਹ ਦਿਨ ਜਾਵੇ ਤੇ ਮੁੜ ਮੇਰੀ ਭੈਣ ਮੇਰੇ ਕੋਲ ਰੱਖੜੀ ਲੈ ਕੇ ਨਹੀਂ ਆਈ। ਉਂਞ ਬੜਾ ਪਿਆਰ ਹੈ, ਪਰ ਰੱਖੜੀ ਵਾਲੇ ਧਾਗੇ ਦਾ ਪਾਖੰਡ ਕੋਈ 30 ਸਾਲ ਤੋਂ ਖਤਮ। ਕਈ ਸਾਰੇ ਰੱਖੜੀ ਦੇ ਹਮਾਇਤੀਆਂ ਦਾ ਤਰਕ ਹੁੰਦਾ ਹੈ- ‘‘ਵੇਖੋ ਜੀ, ਭੈਣ ਭਰਾ ਦਾ ਪਿਆਰ ਪ੍ਰਗਟ ਕਰਨ ਦਾ ਇਕ ਵਧੀਆ ਢੰਗ ਹੈ ਰੱਖੜੀ।’’ ਮੈਂ ਬੇਨਤੀ ਕਰਦਾ ਹਾਂ ਕਿ ਇਸਾਈ, ਬੋਧੀ, ਯਹੂਦੀ ਤੇ ਮੁਸਲਮਾਨ ਰੱਖੜੀ ਵਰਗੇ ਤਿਉਹਾਰ ਨਹੀਂ ਮਨਾਉਂਦੇ, ਕੀ ਉਨ੍ਹਾਂ ਵਿਚ ਭੈਣ ਭਰਾ ਦਾ ਪਿਆਰ ਨਹੀਂ ਹੈ? ਦੁਸ਼ਮਣੀ ਪੈ ਗਈ ਹੈ? ਫਿਰ ਇਹ ਭੈਣ ਭਰਾ ਦਾ ਪਿਆਰ ਇਕੋ ਮਾਤਾ ਪਿਤਾ ਤੋਂ ਜਨਮ ਲੈ ਕੇ, ਖੂਨ ਦੇ ਰਿਸਤੇ ਨਾਲ ਕਾਇਮ ਨਹੀਂ ਹੋਇਆ, ਇਸ ਨੂੰ ਰੱਖੜੀ ਵਾਲਾ ਧਾਗਾ ਪੱਕਾ ਕਰੇਗਾ?

ਚਲੋ ਮੰਨ ਲੈਂਦੇ ਹਾਂ ਕਿ ਇਸ ਧਾਗੇ ਨਾਲ ਪਿਆਰ ਪੈਦਾ ਹੁੰਦਾ ਹੈ। ਕੀ ਉਹ ਪੈਦਾ ਹੋਇਆ ਪਿਆਰ ਇਕ ਸਾਲ ਵਿਚ ਪੁਰਾਣਾ ਪੈ ਜਾਂਦਾ ਹੈ? ਉਸ ਦਾ ਕਰੰਟ ਖਤਮ ਹੋ ਜਾਂਦਾ ਹੈ? ਡਰਾਈਵਿੰਗ ਲਾਇਸੰਸ ਵਾਂਗ ਇਹ ਹਰ ਸਾਲ ‘‘ਰਿਨਿਊ’’ ਕਿਉਂ ਕਰਵਾਣਾ ਪੈਂਦਾ ਹੈ? ਵੈਸੇ ਅੱਜ ਕੱਲ ਤਾਂ ਲਾਇਸੰਸ ਭੀ ਵੀਹ ਵੀਹ ਸਾਲ ਦੇ ਬਣਨ ਲੱਗ ਪਏ ਹਨ। ਰੱਖੜੀ ਵਿਚਾਰੀ ਇਕ ਸਾਲ ਦੀ ਹੱਦ ਦੇ ਅੰਦਰ ਹੀ ਬੱਝੀ ਖਲੋਤੀ ਹੈ।ਕਈਆਂ ਦਾ ਮੰਨਣਾ ਹੁੰਦਾ ਹੈ ਕਿ ‘‘ਇਸ ਬਹਾਨੇ ਲੜਕੀਆਂ ਦੀ ਕੁੱਝ ਸਹਾਇਤਾ ਹੋ ਜਾਂਦੀ ਹੈ’’|  ਇਹ ਸਹਾਇਤਾ ਵਾਲਾ ਭੀ ਇਕ ਢਕਵੰਜ ਹੈ। ਦੀਰਘ ਵਿਚਾਰ ਕਰ ਕੇ ਸੋਚਣਾ ਇਹ ਬਣਦਾ ਸੀ ਕਿ ਲੜਕੀ ਨੂੰ ਕਿਸ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੈ। ਪੰਜ ਸੱਤ ਸੌ ਰੁਪਏ ਦੋ ਚਾਰ ਸੂਟ ਇਕ ਦੋ ਮਠਿਆਈ ਦੇ ਡੱਬੇ ਦੇ ਕੇ ਸਮਝ ਲਿਆ ਕਿ ਕਰ ਦਿੱਤੀ ਸਹਾਇਤਾ। ਇਹ ਸਹਾਇਤਾ ਨਹੀਂ ਰਸਮ ਪੂਰਤੀ ਹੈ ਜਾਂ ਮੰਗਤੇ ਨੂੰ ਦਿੱਤੀ ਗਈ ਭੀਖ ਹੈ। ਸਹਾਇਤਾ ਸੀ ਕਿ ਭਰਾ ਹਿੱਸੇ ਆਉਂਦੀ ਜ਼ਮੀਨ ਭੈਣ ਨੂੰ ਦਿੰਦਾ। ਹਿੱਸੇ ਆਉਂਦਾ ਘਰ ਵੰਡ ਕੇ ਦਿੰਦਾ। ਪਿਤਾ ਪੁਰਖੀ ਸਾਰੀ ਜਮ੍ਹਾਂ ਪੂੰਜੀ ਵਿਚੋਂ ਭੈਣ ਨੂੰ ਹਿੱਸਾ ਦਿੰਦਾ। ਹੋ ਕੀ ਰਿਹਾ ਹੈ ਬੱਚਿਆਂ ਵਾਲਾ ਤਮਾਸ਼ਾ। ਸਾਲ ਮਗਰੋਂ ਕੱਝ ਸੂਟ’ਤੇ ਕੁੱਝ ਮਠਿਆਈ ਦੇ ਡੱਬੇ, ਕਰ ਦਿੱਤਾ ਭੈਣ ਭਰਾ ਦਾ ਪਿਆਰ ਪੂਰਾ।

ਅਗਰ ਭਰਾ ਕਿਸੇ ਪੱਖ ਤੋਂ ਪਛੜਿਆ ਹੋਵੇ, ਕਮਜ਼ੋਰ ਹੋਵੇ ਤਾਂ ਭੈਣ ਦਾ ਭੀ ਫ਼ਰਜ਼ ਬਣਦਾ ਹੈ ਕਿ ਭਰਾ ਦੀ ਹਰ ਤਰ੍ਹਾਂ ਸਹਾਇਤਾ ਕਰੇ।ਹਿੰਦੂ ਸਮਾਜ ਵਿਚ ਪਤਨੀਆਂ ਆਪਣੇ ਪਤੀਆਂ ਨੂੰ ਭੀ ਰੱਖੜੀ ਬੰਨਦੀਆਂ ਰਹੀਆਂ ਹਨ। ਕਿਹਾ ਜਾਂਦਾ ਹੈ ਕਿ ਜਦੋਂ ਰਾਜਪੂਤ ਸਿਪਾਹੀ ਜੰਗ ਨੂੰ ਜਾਂਦੇ ਸੀ ਤਾਂ ਉਨ੍ਹਾਂ ਦੀਆਂ ਪਤਨੀਆਂ ਵਿਸ਼ਵਾਸ ਦੁਆਉਂਦੀਆਂ ਸੀ ਕਿ ਤੁਸੀ ਬੇ ਖੌਫ਼ ਹੋ ਕੇ, ਲੜਾਈ ਲੜੋ। ਅਸੀ ਪਿੱਛੇ ਰਹਿ ਕੇ ਤੁਹਾਡੀ ਉਡੀਕ ਕਰਾਗੀਆਂ। ਜਤਸਤ ਵਿਚ ਪੱਕੀਆਂ ਰਹਾਂਗੀਆਂ। ਜੇ ਤੁਸੀ ਵਾਪਸ ਨਾ ਆਏ ਤਾਂ ‘‘ਸਤੀ’’ ਹੋ ਜਾਵਾਂਗੀਆਂ। ਇਤਿਹਾਸ ਵਿਚ ਅਜਿਹੇ ਦੁਖਦਾਈ ਬਿਰਤਾਂਤ ਭੀ ਮਿਲਦੇ ਹਨ ਕਿ ਜੰਗ ਵੱਲ ਜਾ ਰਹੇ ਫੌਜੀਆਂ ਨੇ ਪਹਿਲਾਂ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੁਦ ਕਤਲ ਕੀਤਾ, ਤਾਂ ਕਿ ਜੇਤੂ ਸਿਪਾਹੀ ਇਨ੍ਹਾਂ ’ਤੇ ਕਬਜ਼ਾ ਨਾ ਕਰ ਲੈਣ।ਰੱਖੜੀ ਬੜਾ ਫ਼ਜ਼ੂਲ ਜਿਹਾ ਤਿਉਹਾਰ ਹੈ। ਭਾਰਤ ਦੇ ਉਤਰੀ ਖੇਤਰ ਵਿਚ ਹੀ ਇਸਦੀ ਮਾਨਤਾ ਹੈ, ਹੋਰ ਕਿਧਰੇ ਨਹੀਂ। ਬਾਕੀ ਦੁਨੀਆਂ ਵਿਚ ਇਸ ਨੂੰ ਕੋਈ ਜਾਣਦਾ ਤੱਕ ਨਹੀਂ। ਇੰਨੇ ਸਾਰੇ ਭਰਮ ਜਾਲ ਬ੍ਰਾਹਮਣ ਦੀ ਕਿਰਪਾ ਨਾਲ ਪ੍ਰਚਲਤ ਹੋ ਗਏ ਹਨ। ਇਸ ਦਿਨ ਮੰਦਰਾਂ ਵਿਚ ਉਚੇਚੀ ਪੂਜਾ ਅਰਚਣਾ ਹੁੰਦੀ ਹੈ। ਵੱਡੇ ਲੋਕ, ਮੰਤਰੀ ਅਫ਼ਸਰ ਫਿਲਮੀ ਕਲਾਕਾਰ ਤੇ ਵਾਪਾਰੀ ਮੰਦਰਾਂ ਵਿਚ ਨਮਸ਼ਕਾਰ ਕਰਨ ਪਹੁੰਚਦੇ ਹਨ। ਚੰਗੀ ਚੌਖੀ ਮਾਇਆ ਅਰਪਣ ਕਰਦੇ ਹਨ। ਧਰਮੀ ਹੋਣ ਦਾ ਪਰਮਾਣ ਪੱਤਰ ਲੈਂਦੇ ਹਨ। ਇਸੇ ਤਰ੍ਹਾਂ ਗੁਰਦੁਆਰਿਆਂ ਵੱਲ ਸਿੱਖ ਵਹੀਰਾਂ ਘੱਤ ਕੇ ਪਹੁੰਚਦੇ ਹਨ। ਗੋਲਕ ਵਿਚ ਮਾਇਆ ਪਾਉਂਦੇ ਹਨ। ਲੰਗਰ ਲਈ ਰਸਦਾਂ ਅਰਪਣ ਕਰਦੇ ਹਨ। ਦੇਗਾਂ ਕਰਾਉਂਦੇ ਹਨ। ਮਠਿਆਈ ਦੇ ਡੱਬੇ, ਫੱਲ ਤੇ ਮੇਵੇ ਗੁਰਦਵਾਰੇ ਦੇ ਕੇ ਖੁਸ਼ੀ ਅਨੁਭਵ ਕਰਦੇ ਹਨ।

ਅਸਲ ਵਿਚ ਇਹ ਬਹੁਤ ਵੱਡਾ ਵਾਪਾਰ ਹੈ। ਇਕ ਰੱਖੜੀ  ਦੇ ਬਹਾਨੇ ਬਹੁਤ ਕੁੱਝ ਵਿਕਦਾ ਹੈ। ਬਜਾਰ ਖਾਲੀ ਹੋ ਜਾਂਦੇ ਹਨ। ਲੋਕੀਂ ਖਾਧ ਪਦਾਰਥਾਂ ਨਾਲ ਢਿੱਡ ਭਰਦੇ ਹਨ ਅਤੇ ਸਾਮਾਨ ਨਾਲ ਘਰ ਭਰ ਲੈਂਦੇ ਹਨ। ਦੁਕਾਨਦਾਰ ਗੰਦਾ ਤੇ ਘਟੀਆ ਮਾਲ ਭੀ ਇਨ੍ਹਾਂ ਹੀ ਦਿਨਾਂ ਵਿਚ ਵੇਚ ਲੈਂਦੇ ਹਨ। ਦੁਕਾਨਾਂ ਖਾਲੀ ਤੇ ਤਿਜੋਰੀਆਂ ਭਰ ਜਾਂਦੀਆਂ ਹਨ। ਭੈਣਾਂ ਨੂੰ ਘੱਟ ਆਮਦਨੀ ਹੁੰਦੀ ਹੈ। ਦੁਕਾਨਦਾਰਾਂ ਭਾਈਆਂ ਨੂੰ ਬਹੁਤੀ ਵੱਟਕ ਹੋ ਜਾਂਦੀ ਹੈ। ਰੱਖੜੀ ਬੜੀ ਲਾ ਜੁਆਬ ਚੀਜ਼ ਹੈ। ਅਰਬਾਂ ਖਰਬਾਂ ਦਾ ਵਾਪਾਰ ‘‘ਰੱਖੜੀ ਦੀ ਕਿਰਪਾ’’ ਨਾਲ ਹੋ ਜਾਂਦਾ ਹੈ।ਨਾ ਰੱਖੜੀ ਬੰਨ੍ਹਣ ਵਾਲੀਆਂ ਨੇ ਡੂੰਘਾਈ ਨਾਲ ਸੋਚਿਆ ਨਾ ਬੰਨ੍ਹਾਉਣ ਵਾਲਿਆਂ ਨੇ ਸਮਝਿਆ। ਜਿਹੜੇ ਨੌਜੁਆਨਾਂ ਨੇ ਆਪਣੇ ਧਰਮ ਦੀ ਰਾਖੀ ਕਰਨੀ ਸੀ, ਉਹ ਨਾ ਕਰ ਸਕੇ। ਕੁੱਝ ਮੰਦਰਾਂ ਵਿਚ ਬੈਠ ਕੇ ਦੇਸ਼ ਨੂੰ ਗੁਲਾਮੀ ਵਿਚੋਂ ਕੱਢਣ ਵਾਲੇ ਮੰਤਰ ਪੜ੍ਹਨ ਲੱਗ ਪਏ। ਕੁੱਝ ਸਰੀਰ ਤੇ ਸੁਆਹ ਮਲ ਕੇ ਜਟਾਵਾਂ ਬਣਾ ਕੇ ਜੋਗੀ ਬਣ ਕੇ ਸਭ ਕੁੱਝ ਤਿਆਗ ਕੇ ਜੰਗਲਾਂ ਵਲ ਦੌੜ ਗਏ, ਗੁਫਾਵਾਂ ਵਿਚ, ਚੂਹਿਆਂ ਵਾਂਗ ਲੁਕ ਕੇ ਬੈਠ ਗਏ। ਦੇਸ਼ ਦੀ ਰਾਖੀ ਕਰਨ ਤੋਂ ਜੋ ਲੋਕ ਅੱਖਾਂ ਮੀਟ ਕੇ ਲਾਂਭੇ ਹੋ ਗਏ। ਦੇਸ਼ ਉਜੜਦਾ ਰਿਹਾ, ਲੁਟੀਂਦਾ ਰਿਹਾ। ਬਰਬਾਦ ਹੁੰਦਾ ਰਿਹਾ, ਦੇਸ਼ ਦੇ ਰਾਖੇ ਨਾ ਬਣ ਸਕੇ। ਉਹ ਬੁਜ਼ਦਿਲ ਲੋਕ ਭੈਣਾਂ ਤੋਂ ਰੱਖੜੀ ਬਨ੍ਹਵਾ ਕੇ ਉਨ੍ਹਾਂ ਦੀ ਰਾਖੀ ਕਰਨਗੇ? ਅੱਜ ਦੇ ਦੌਰ ਵਿਚ ਸਿੱਖਾਂ ’ਤੇ ਭੀ ਸਾਰੇ ਇਹੀ ਹਾਲਾਤ ਢੁਕਦੇ ਹਨ। ਪੰਜਾਬ ਦਾ ਪਾਣੀ ਨਹੀਂ ਬਚਾ ਸਕੇ। ਫਸਲਾਂ ਦੇ ਯੋਗ ਮੁੱਲ ਨਹੀਂ ਲੈ ਸਕੇ, ਖੁਦਕੁਸ਼ੀਆਂ ਕਰਦੇ ਕਿਸਾਨਾਂ ਦੀਆਂ ਜਾਨਾਂ ਨਹੀਂ ਬਚਾ ਸਕੇ। ਉਜੜਦੇ ਪੰਜਾਬ ਨੂੰ ਨਹੀਂ ਬਸਾ ਸਕੇ। ਦਰਬਾਰ ਸਾਹਿਬ ’ਤੇ ਹਮਲੇ ਵਕਤ ਅਕਾਲ ਤਖ਼ਤ ਨੂੰ ਨਾ ਬਚਾ ਸਕੇ। ਆਪਣੀ ਧੀਆਂ, ਭੈਣਾਂ ਨਾਲ ਦੁਸ਼ਮਣਾਂ ਵਲੋਂ ਕੀਤੇ ਬਲਾਤਕਾਰ ਨਾ ਬਚਾ ਸਕੇ। ਪੜਤਾਲੀਆ ਕਮਿਸ਼ਨ ਬਣਾ ਕੇ ਸੱਚ ਲੋਕਾਂ ਦੀ ਕਚਿਹਰੀ ਵਿਚ ਨਾ ਰੱਖ ਸਕੇ। ਪੰਜਾਬ ਵਿਚ ਚੰਗੇ ਮਿਆਰੀ ਸਕੂਲ ਕਾਲਜ ਨਾ ਖੋਲ੍ਹ ਸਕੇ। ਧਰਮ ਦੀ ਰਾਖੀ ਨਾ ਕਰ ਸਕੇ। ਬਰਬਾਦ ਹੁੰਦੇ ਕੁਰਾਹੇ ਪੈਂਦੇ ਪੰਥ ਨੂੰ ਨਾ ਬਚਾ ਸਕੇ। ਹੋਰ ਰੱਖੜੀ ਬੰਨ੍ਹ ਕੇ, ਜਾਂ ਬੰਨ੍ਹਵਾ ਕੇ ਕੀਹਦੀ ਰਾਖੀ ਕਰਨਗੇ? ਇਉਂ ਪ੍ਰਤੀਤ ਹੁੰਦਾ ਹੈ ਖਿਡੌਣੇ ਬੰਦੂਕਾਂ, ਹੱਥਾਂ ਵਿਚ ਫੜਾ ਕੇ ਸ਼ੇਰ ਦਾ ਸ਼ਿਕਾਰ ਕਰਨ ਨੌਜੁਆਨ ਭੇਜੇ ਜਾ ਰਹੇ ਹਨ। ਉਹ ਨਾ ਸਮਝ ਖਿਡੌਣਿਆਂ ਨੂੰ ਅਸਲੀ ਹਥਿਆਰ ਮੰਨੀ ਬੈਠੇ ਹਨ। ਨੌਜੁਆਨੋਂ ਰੱਖੜੀ ਬੰਨ੍ਹ ਕੇ ਕੀਹਦੀ ਰਾਖੀ ਕਰੋਗੇ? ਕਦੀ ਸੋਚਿਆ ਹੈ ਅੱਜ ਤੱਕ? ਕਿ ਪਾਗਲ ਹੀ ਹੋਏ ਦਿਨ ਕਟੀ ਕਰ ਕੇ ਸੰਸਾਰ ਤੋਂ ਵਿਦਾ ਹੋ ਜਾਉਗੇ? ਪੰਥ ਦੀ ਤੇ ਪੰਜਾਬ ਦੀ ਰਾਖੀ ਦਾ ਕੋਈ ਪ੍ਰਬੰਧ ਕਰੋ।ਗੁਰਬਾਣੀ ਨੇ ਧਾਗਿਆਂ, ਤਵੀਤਾਂ ਰਾਹੀਂ ਰਾਖੀ ਪ੍ਰਵਾਨ ਨਹੀਂ ਕੀਤੀ। ਸਾਡੀ ਸਾਰਿਆਂ ਦੀ ਰਾਖੀ ਦੇ ਨਿਅਮ ਗੁਰਬਾਣੀ ਵਿਚ ਦਰਜ ਹਨ। ਉਨ੍ਹਾਂ ਨੂੰ ਪੜ੍ਹ ਕੇ ਸਮਝ ਕੇ ਪਤਾ ਲਗੇਗਾ ਕਿ ਸਾਡੀ ਰਾਖੀ ਕਿਨ੍ਹਾਂ ਤਰੀਕਿਆਂ ਨਾਲ ਹੋ ਸਕੇਗੀ।

ਵੈਸੇ ਤਾਂ ਅੱਜ ਰਾਖੀ ਦੇ ਮਾਪਦੰਡ ਬਹੁਤ ਬਦਲ ਗਏ ਹਨ। ਦੂਜੀ ਸੰਸਾਰ ਜੰਗ ਦੌਰਾਨ ਅਮਰੀਕਾ ਸਰਕਾਰ ਨੇ ਇਕ ਉ¤ਚ ਕੋਈ ਦੇ ਵਿਗਿਆਨੀ ਆਈਨ ਸਟਾਈਨ ਨੂੰ ‘‘ਰਾਖੀ’’ ਬੰਨ੍ਹ ਦਿਤੀ। ਉਸ ਵਿਗਿਆਨੀ ਨੇ ਬੜੀ ਮੇਹਨਤ ਨਾਲ ਐਟਮ ਬੰਬ ਬਣਾ ਕੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਭੇਟ ਕਰ ਦਿੱਤਾ। ਰਾਸ਼ਟਰਪਤੀ ਨੇ ਪਾਇਲਟ ਨੂੰ ਬੰਬ ਦੇ ਕੇ ਦੁਸ਼ਮਣਾਂ ’ਤੇ ਸੁੱਟਣ ਲਈ ਦੇ ਦਿੱਤਾ। ਬੰਬ ਡਿੱਗਣ ਦੀ ਦੇਰ ਸੀ ਕਿ ਜਾਪਾਨ ਦਾ ਸੰਘਣੀ ਆਬਾਦੀ ਵਾਲਾ ਸੋਹਣਾ ਸ਼ਹਿਰ ਸਾੜ ਕੇ ਸੁਆਹ ਕਰ ਦਿੱਤਾ। ਹੀਰੋ ਸੀਮਾ ਤੋਂ ਬਾਅਦ ਦੂਜਾ ਬੰਬ ਨਾਗਾਸਾਕੀ ’ਤੇ ਸੁੱਟਿਆ ਗਿਆ। ਅਮਰੀਕਾ ਦੇ ਦੁਸ਼ਮਣਾਂ ਨੇ ਤੁਰੰਤ ਹੱਥ ਖੜੇ ਕਰ ਦਿੱਤੇ, ਹਾਰ ਮੰਨ ਲਈ। ਆਈਨ ਸਟਾਈਨ ਨੇ ਅਮਰੀਕਾ ਦੀ ‘‘ਰਾਖੀ’’ ਕਰ ਵਿਖਾਈ। ਆਉ ਹੁਣ ਗੁਰਬਾਣੀ ਵਿਚੋਂ ਰਾਖੀ ਜਾਂ ਰੱਖਿਆ ਬਾਰੇ ਸ਼ਬਦ ਪੜ੍ਹ ਲਈਏ-ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ॥ਦਰਸ਼ਨ ਭੇਟਤ ਹੋਤ ਅਨੰਦਾ, ਦੂਖੁ ਗਇਆ ਹਰਿ ਗਾਈਐ॥ (630) ਹੇ ਭਾਈ! ਸੁੱਖ ਦੇਣ ਵਾਲਾ ਕੇਵਲ ਨਿਰੰਕਾਰ ਹੈ। ਗੁਰੂ ਤੋਂ ਉ¤ਤਮ ਉਪਦੇਸ਼ ਪ੍ਰਾਪਤ ਕਰ ਕੇ ਗੁਣਾਂ ਦੇ ਧਾਰਨੀ ਬਣੀਏ। ਜਿਸ ਪਰਮੇਸ਼ਰ ਦੇ ਦਰਸ਼ਨ ਕਰਨ ਨਾਲ ਬੇਅੰਤ ਖ਼ੁਸ਼ੀ ਮਿਲਦੀ ਹੈ। ਸਾਰੇ ਦੁੱਖਾਂ ਦਾ ਖਾਤਮਾ ਭੀ ਉਸੇ ਦੀ ਕਿਰਪਾ ਨਾਲ ਹੁੰਦਾ ਹੈ।ਰਾਖਾ ਏਕ ਹਮਾਰਾ ਸੁਆਮੀ॥ ਸਗਲ ਘਟਾ ਕਾ ਅੰਤਰਜਾਮੀ॥ (1136) ਹੇ ਭਾਈ! ਸਾਡਾ ਰਾਖਾ ਕੇਵਲ ਇਕ ਪਰਮੇਸ਼ਰ ਹੈ। ਉਹ ਘਟ ਘਟ ਦੀ ਜਾਣਨ ਵਾਲਾ ਹੈ। ਉਸ ਰੱਬ ਜੀ ਤੋਂ ਸਿਵਾਏ ਅਸੀ ਕਿਸੇ ਨੂੰ ਆਪਣਾ ਰਾਖਾ ਨਹੀਂ ਮੰਨਦੇ।ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥ ‘‘ਤੂੰ ਮੇਰਾ ਰਾਖਾ ਸਭਨੀ ਥਾਈ’’, ਤਾ ਭਉ ਕੇਹਾ ਕਾੜਾ ਜੀਉ॥ (103) ਹੇ ਨਿਰੰਕਾਰ ਜੀ! ਤੂੰ ਸਾਡਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਪਿਤਾ ਹੈਂ। ਤੂੰ ਹੀ ਮਾਂ ਬਣ ਕੇ ਸਾਡੀ ਪਾਲਣਾ ਕਰਦਾ ਹੈਂ। ਤੂੰ ਹੀ ਭਰਾਵਾਂ ਵਾਂਗ ਹਰ ਥਾਂ ਮਦਦ ਗਾਰ ਹੈਂ। ਤੂੰ ਹੀ ਸਾਡਾ ਸਕਾ ਸਬੰਧੀ, ਰਿਸ਼ਤੇਦਾਰ ਹੈਂ। ਤੂੰ ਹੀ ਸਾਡਾ ਸਾਰਿਆਂ ਦਾ ਹਰ ਸਮੇਂ (ਆਪਣੇ ਬਣਾਏ ਸਿਧਾਂਤ ਮੁਤਾਬਕ) ਰਾਖਾ ਹੈਂ। ਸਾਨੂੰ ਹੋਰ ਕਿਸੇ ਦਾ ਡਰ ਨਹੀਂ। ਜਦੋਂ ਲੋੜ ਪਈ ਤੇਰੀ ਸ਼ਰਨ ਤਕਾਂਗੇ, ਹੋਰ ਕਿਸੇ ਦੀ ਸ਼ਰਨ ਵਿਚ ਨਹੀਂ ਜਾਵਾਂਗੇ।

ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ॥ ਕਰਤਾਰਪੁਰਿ ਕਰਤਾ ਵਸੈ ਸੰਤਨ ਕੈ ਪਾਸਿ॥ ਰਹਾਉ॥

ਬਿਘਨੁ ਨ ਕੋਊ ਲਾਗਤਾ, ਗੁਰ ਪਹਿ ਅਰਦਾਸਿ॥ ‘‘ਰਖਵਾਲਾ’’ ਗੋਬਿੰਦ ਰਾਇ ਭਗਤਨ ਕੀ ਰਾਸਿ॥ (816)

ਹੇ ਸਤਸੰਗੀਉ ! ਆਪਣੇ ਪ੍ਰਭੂ ਨੂੰ ਸਦਾ ਯਾਦ ਰੱਖੋ। ਉਹੀ ਸਾਰੇ ਕਾਰਜ ਰਾਸ ਕਰਨ ਦੀ ਸਮਰੱਥਾ ਰਖਦਾ ਹੈ। ਨਿਰੰਕਾਰ ਦੇ ਗੁਣ ਧਾਰਨ ਕਰਨ ਵਾਲੇ ਭਲੇ ਇਨਸਾਨਾਂ ਵਿਚ ਹੀ ਕਰਤਾ ਵਸਦਾ ਹੈ। ਇਸ ਗੋਹਝ ਭੇਦ ਨੂੰ ਗੁਰੂ ਸਮਝਾਉਂਦਾ ਹੈ। ਜਿਹੜੇ ਮਨੁੱਖ ਗੁਰੂ ਦੇ ਬਚਨਾਂ ’ਤੇ ਭਰੋਸਾ ਰਖਦੇ ਹਨ, ਉਨ੍ਹਾਂ ਦੇ ਜੀਵਨ ਵਿਚ ਰੁਕਾਵਟਾਂ ਨਹੀਂ ਪੈਂਦੀਆਂ। ਜੇ ਆ ਜਾਣ ਤਾਂ ਅਡੋਲ ਰਹਿ ਕੇ ਮੁਕਾਬਲਾ ਕਰਦੇ ਹਨ। ਅਕਾਲ ਪੁਰਖ ਸਾਡਾ ਰਖਵਾਲਾ ਹੈ। ਉਸ ਦੇ ਸੇਵਕ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ’ਤੇ ਭਰੋਸਾ ਨਹੀਂ ਕਰਦੇ।


ਟਿੱਪਣੀ:

ਕੀ ਗਲਤ ਲਿਖਿਆ ਹੈ ਇਸ ਲੇਖ 'ਚ, ਇਨ੍ਹਾਂ ਦਾ ਵੱਸ ਚਲੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵੀ ਪਾਬੰਦੀ ਲਗਾ ਦੇਣ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਹਰ ਕਰਮਕਾਂਡ ਬਾਰੇ ਮੱਨੁਖਤਾ ਨੂੰ ਸੁਚੇਤ ਕੀਤਾ ਗਿਆ ਹੈ। ਅਖੌਤੀ ਪੰਥਕ ਸਰਕਾਰ ਥੋੜ੍ਹਾ ਚਿਰ ਹੋਰ ਰਹੀ ਤਾਂ, ਇਹ ਭੀ ਸੰਭਵ ਹੋ ਜਾਵੇਗਾ।

ਅਖੌਤੀ ਪੰਥਕ ਸਰਕਾਰ ਕੋਲ਼ੋਂ ਹੋਰ ਕੀ ਭਾਲਦੇ ਹੋ? ਸੱਚ ਬੋਲਣ 'ਤੇ ਹਮੇਸ਼ਾਂ ਪਾਬੰਦੀ ਲਗੀ ਹੈ, ਤੇ ਖਾਸ ਕਰਕੇ ਸਿੱਖਾਂ 'ਤੇ। ਪਰ ਸੱਚ ਬੋਲਣ ਵਾਲੇ ਧਮਕੀਆਂ, ਅਦਾਲਤੀ ਕੇਸਾਂ, ਛੇਕਣ ਦੇ ਡਰਾਮਿਆਂ ਤੋਂ ਨਹੀਂ ਡਰਦੇ। ਪ੍ਰੋ. ਇੰਦਰ ਸਿੰਘ ਘੱਗਾ ਜੀ, ਨਾਲ ਇਹ ਕਿਹੜਾ ਪਹਿਲੀ ਵਾਰ ਹੋਇਆ ਹੈ, ਕਦੀ ਸ਼ਾਰੀਰਕ ਹਮਲੇ ਜਦੀ ਕੇਸ, ਪਰ ਇਹ ਬਜ਼ੁਰਗ ਵਿਦਵਾਨ ਹਮੇਸ਼ਾਂ ਸੱਚ ਬੋਲਣੋਂ ਝਿਜਕਿਆ ਨਹੀਂ, ਗੁਰੂ ਮਿਹਰ ਰਖੇ, ਅਗੇ ਵੀ ਇਸੇ ਤਰ੍ਹਾਂ ਸੱਚ 'ਤੇ ਪਹਿਰਾ ਦਿੰਦੇ ਰਹਿਣ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top